Breaking News
Home / ਰੈਗੂਲਰ ਕਾਲਮ / ਸਾਹਾਂ ਵਿਚ ਵੱਸਿਆ ਪਿੰਡ-2

ਸਾਹਾਂ ਵਿਚ ਵੱਸਿਆ ਪਿੰਡ-2

ਬੋਲ ਬਾਵਾ ਬੋਲ
ਅੰਤ ਸਮਾਂ ਵੀ ਪਿੰਡ ਵਿੱਚ ਹੀ ਬਿਤਾਵਾਂਗਾ
ਨਿੰਦਰ ਘੁਗਿਆਣਵੀ
94174-21700
ਜੇ ਮੈਨੂੰ ਆਪਣੇ ਪਿੰਡ ਦੀ ਮਿੱਟੀ ਨਾਲ ਮੋਹ ਨਾ ਹੁੰਦਾ ਤਾਂ ਮੈਂ ਕਦੋਂ ਦਾ ਪਿੰਡ ਛੱਡ ਜਾਂਦਾ। ਫਿਲਹਾਲ ਤਾਂ ਮੈਂ ਇਹੋ ਧਾਰ ਲਿਆ ਹੈ ਕਿ ਅੰਤ ਸਮਾਂ ਵੀ ਪਿੰਡ ਵਿੱਚ ਹੀ ਬਿਤਾਵਾਂਗਾ, ਪਰ ਅੱਗੇ ਕੁਦਰਤ ਤੇ ਸਮੇਂ ਨੂੰ ਕੀ ਮਨਜ਼ੂਰ ਹੈ, ਇਹਦਾ ਕਿਸੇ ਨੂੰ ਕੁਛ ਪਤਾ ਨਹੀਂ । ਆਮ ਹੀ ਦੇਖਣ ਵਿਚ ਆਇਆ ਕਿ ਜਿਹੜਾ ਜ਼ਿਆਦਾ ਪੜ੍ਹ ਲਿਖ ਜਾਂਦਾ ਹੈ, ਜਾਂ ਜਿਸਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਹੈ, ਜਾਂ ਸਿੱਧੇ ਸ਼ਬਦਾਂ ਵਿੱਚ ਆਖਾਂ ਕਿ ਜਿਹਨੂੰ ਚਾਰ ਖੰਭ ਲੱਗ ਜਾਂਦੇ ਨੇ, ਉਹ ਪਲ ‘ਚ ਸ਼ਹਿਰ ਵੱਲ ਉਡਾਰੀ ਮਾਰ ਜਾਂਦਾ ਹੈ। ਬਚਪਨ ਤੋਂ ਲੈ ਕੇ ਹੁਣ ਤੀਕ ਮੇਰੇ ਵੇਖਦੇ ਵੇਖਦੇ ਬਥੇਰੇ ਲੋਕ ਪਿੰਡੋਂ ਸ਼ਹਿਰ ਵੱਲ ਵਹੀਰਾਂ ਘੱਤ ਗਏ। ਸਾਡੇ ਮਹਾਜਨਾਂ ਦੇ ਘਰਾਂ ਚੋਂ ਵੀ ਕੁਝ ਲੋਕ ਗਏ ਸ਼ਹਿਰ ਨੂੰ। ਜਦ ਅੱਤਵਾਦ ਦਾ ਵੇਲਾ ਸੀ ਤਦ ਵੀ ਕੋਈ ਨਾ ਗਿਆ।
ਅਕਸਰ ਹੀ, ਗਾਹੇ-ਬਗਾਹੇ ਲੋਕ ਪੁਛਦੇ ਨੇ, ”ਫਰੀਦਕੋਟ ਕੋਠੀ ਪਾ ਲਈ ਹੋਣੀ ਤੈਂ ਹੁਣ ਤੱਕ ਤਾਂ ?” ”ਕਦੋਂ ਸ਼ਿਫਟ ਹੋਣੈ ਸ਼ਹਿਰ ਤੂੰ?” ਬਾਪੂ ਜਗਦੇਵ ਸਿੰਘ ਜੱਸੋਵਾਲ ਆਖੀਰ ਤੱਕ ਆਖਦਾ ਰਿਹਾ, ” ਫਰੀਦਕੋਟ ਰਹਿਣ ਲੱਗ ਜਾ।” ਪਤਾ ਨਹੀਂ ਉਹ ਕਿਉਂ ਕਹਿੰਦਾ ਸੀ ਇਹ ਗੱਲ,ਜਦ ਵੀ ਮਿਲਣਾ, ਉਸ ਇਹੋ ਹੀ ਕਹਿਣਾ।ઠ
ਮੈਂ ਪਿੰਡ ਹੀ ਜੰਮਿਆ-ਪਲਿਆ। ਸਕੂਲ ਦੀ ਰੇਤਾ ਉਤੇ ਲਿਟਿਆ। ਖੇਤਾਂ ਦੇ ਪਹਿਆਂ ਉਤੇ ਦੌੜਿਆ। ਪਿਤਾ ਦੀ ਉਂਗਲੀ ਫੜ ਕੇ ਮੇਲੇ ਦੇਖੇ ਤੇ ਅਖਾੜੇ ਵੀ। ਬਚਪਨ ਬੀਤਿਆ ਸੁਹਣਾ। ਜੁਆਨ ਹੋਇਆ ।
ਪਿੰਡ ਦੇ ਸਾਹਾਂ ‘ਚ ਸਾਹ ਲਿਆ। ਉਸਨੂੰ ਆਪਣੀ ਰਤਾ ਕੁ ਮਸ਼ਹੂਰੀ ਹੋਣ ਨਾਲ ਛੱਡ ਕੇ ਕਿਸੇ ਵੱਡੇ ਸ਼ਹਿਰ ਤੁਰ ਜਾਣਾ ਮੇਰੇ ਵਰਗੇ ਜ਼ਜ਼ਬਾਤੀ ਬੰਦੇ ਲਈ ਸਹਿਜ ਨਹੀਂ ਸੀ। ਦੂਜੀ ਵੱਡੀ ਗੱਲ ਕਿ ਜਿਸ ਪਿੰਡ ਦਾ ਨਾਂ , ਮੈਂ ਆਪਣੇ ਨਾਂ ਨਾਲ ਜੋੜ ਕੇ ਆਪਣੀ ਪਹਿਚਾਣ ਬਣਾਈ ਹੋਵੇ । ਖੈਰ ! ਮੈਂ ਪਿੰਡੋਂ ਹੀ ਪਹਿਲੀ ਵਾਰੀ ਲੁਧਿਆਣੇ ਨੂੰ ਤੁਰਿਆ ਸੀ ਪਿਓ ਦੀ ਉਂਗਲੀ ਫੜ ਕੇ, ਉਸਤਾਦ ਲਾਲ ਚੰਦ ਯਮਲੇ ਜੱਟ ਦਾ ਚੇਲਾ ਬਣਨ।
ੲੲੲઠ
ਨਿਊਯਾਰਕ ਹੋਵਾਂ ਚਾਹੇ ਲੰਡਨ, ਸੁਪਨੇ ਵਿਚ ਪਿੰਡ ਆਉਂਦਾ ਹੈ। ਸੱਤ ਸਮੁੰਦਰੋਂ ਪਾਰ ਜਾ ਕੇ ਆਖਿਰ ਪਿੰਡ ਨੂੰ ਪਰਤ ਆਉਂਦਾ ਹਾਂ। ਪਿੰਡ ਪਰਤਦਿਆਂ ਅਨੋਖਾ ਸਕੂਨ ਹੁੰਦਾ ਹੈ। ਆਖਿਰ ਕੀ ਅਜਿਹੀ ਖਿੱਚ ਹੈ ਆਪਣੇ ਸਾਹਾਂ ਵਿਚ ਵਸੇ ਪਿੰਡ ਅੰਦਰ? ਇਹ ਮਹਿਸੂਸ ਹੀ ਕੀਤੀ ਜਾ ਸਕਦੀ ਹੈ, ਦੱਸੀ-ਪੁੱਛੀ ਨਹੀਂ ਜਾ ਸਕਦੀ। ਇਹ ਗੱਲਾਂ ਕਰਦਿਆਂ-ਕਰਦਿਆਂ ਜੇ ਮੈਂ ਇਸ ਲਿਖਤ ਵਿੱਚ ਆਪਣੇ ਆਲੇ ਦੁਆਲੇ ਦੀ ਗੱਲ ਨਾ ਕਰਾਂ ਤਾਂ ਇਹ ਲਿਖਤ ਅਧੂਰੀ ਹੀ ਰਹੇਗੀ। ਮੇਰੇ ਆਲੇ ਦੁਆਲੇ ਅੱਜ ਵੀ ਅਜਿਹੇ ਲੋਕ ਵਸਦੇ ਨੇ , ਜੋ ਟੂਣੇ-ਟਾਮਣ , ਵਹਿਮਾਂ-ਭਰਮਾਂ, ਚੁਗਲੀਆਂ -ਚਪਟੀਆਂ ਤੇ ਸਾੜੇ ਤੇ ਈਰਖਾ ਵਿੱਚ ਗੋਡੇ-ਗੋਡੇ ਧੱਸੇ ਹੋਏ ਨੇ ਤੇ ਇਸ ਗਾਰੇ ਵਿੱਚੋਂ ਬਾਹਰ ਨਿਕਲਣ ਦਾ ਨਾਂ ਤਾਂ ਕੀ ਲੈਣਾ, ਸਗੋਂ ਸੋਚ ਵੀ ਨਹੀਂ ਰਹੇ ਕਿ ਕਦੋਂ ਬਾਹਰ ਨਿਕਲਣਾ ਇਸ ਗਾਰ ਵਿੱਚੋਂ। ਅਜਿਹੇ ਆਲ-ਦੁਆਲੀਆ ਦੇ ਨਿਆਣੇ ਵੀ ਪੜ੍ਹ ਲਿਖ ਕੇ ਡਿਗਰੀਆਂ ਹਾਸਲ ਕਰ ਗਏ ਹਨ ਤੇ ਰੋਜ਼ਗਾਰ ਪ੍ਰਾਪਤੀ ਵੀ ਹੋ ਗਈ ਹੈ ਪ੍ਰੰਤੂ ਆਪ ਵੀ ਜੀਵਨ-ਜਾਚ ਵਿੱਚ ਜਾਗਰੂਕਤਾ ਲਿਆਉਣ ਵਾਲੇ ਪਾਸੇ ਇੱਕ ਪਲ ਵੀ ਨਹੀਂ ਸੋਚ ਰਹੇ। ਮਾਪਿਆਂ ਦੀ ਵਾਹੀ ਹੋਈ ਲਕੀਰ ਦੇ ਫ਼ਕੀਰ ਬਣੀ ਤੁਰੇ ਜਾ ਰਹੇ ਹਨ। ਪੁੱਛਾਂ-ਗਿੱਛਾਂ ਦੇਣ ਵਾਲੇ ਪਾਂਧਿਆਂ-ਪੰਡਤਾਂ ਤੇ ਡੇਰਿਆਂ ਦੇ ਇਨ੍ਹਾਂ ਲੋਕਾਂ ਨੂੰ ਸੁਫਨੇ ਆਉਂਦੇ ਰਹਿੰਦੇ ਨੇ ਤੇ ਉਧਰੇ ਹੀ ਅੰਤਰ ਧਿਆਨ ਹੋਏ-ਹੋਏ ਨੇ । ਦੁਨੀਆ ਉੱਤੇ ਕੀ ਵਾਪਰ ਰਿਹਾ, ਕਿੱਥੇ ਕੀ ਹੋ ਰਿਹਾ , ਇਹਨਾਂ ਦੀ ਕੋਈ ਰੁਚੀ ਨਹੀਂ ਇਸ ਪਾਸੇ । ਖੂਹ ਦੇ ਡੱਡੂ ਇੱਕ ਦੂਜੇ ਨੂੰ ਵੇਖ-ਵੇਖ ਖਿਝਦੇ-ਖੱਪਦੇ ਰਹਿੰਦੇ ਨੇ।ઠ
ਮੈਂ ਬੜੀ ਮੁਸ਼ਕਿਲ ਨਾਲ ਅਜਿਹੇ ਆਲ-ਦੁਆਲੀਆ ‘ਚ ਦਿਨ ਕਟੀ ਕੀਤੀ ਤੇ ਕਰ ਰਿਹਾ ਹਾਂ। ਜਿਸ ਘਰ ਨੂੰ ਪਹਿਲਾਂ ਦਾਦੇ ਨੇ , ਫਿਰ ਪਿਓ ਨੇ ઠਤੇ ਫਿਰ ਅਸੀਂ ਦੋਵਾਂ ਭਰਾਵਾਂ ਨੇ ਹਮੇਸ਼ਾ ਇੱਟਾਂ-ਵੱਟੇ ਤੇ ਗਾਰੇ-ਗੱਪੇ ਨਾਲ ਸੰਭਾਲ ਕੇ ਰੱਖਿਆ ਤੇ ਲਿੱਪਾ-ਪੋਚੀ ਕਰਦਿਆਂ ਕਦੇ ਘਰ ਦੀ ਨੁਹਾਰ ਤੇ ਬਣਤਰ ਵਿੱਚ ਵਾਧਾ ਕੀਤਾ ਹੈ, ਉਸਨੂੰ ਕਿਵੇਂ ਛੱਡ ਦੇਈਏ? ਇਹ ਸੁਆਲ ਮੈਨੂੰ ਅੱਧੀ-ਅੱਧੀ ਰਾਤ ਤੱਕ ਪ੍ਰੇਸ਼ਾਨ ਕਰੀ ਰੱਖਦਾ ਹੈ। ਨੀਂਦਰ ਟੁੱਟ ਜਾਂਦੀ ਹੈ । ਸਵੇਰੇ ਚਾਹ ਪੀਦਿਆਂ ਕੋਠੇ ਦੀ ਛੱਤ ਉੱਤੇ ਬੈਠਾ ਸੋਚਦਾ ਹਾਂ ਕਿ ਖਵਰੇ ਮੈਂ ਮਾਨਸਿਕ ਰੋਗੀ ਹੋ ਗਿਆ ਹਾਂ ਪਿੰਡ ਦੀ ਆਬੋ ਹਵਾ ਮਾਨਸਿਕ ਰੋਗ ਤੋਂ ਕਿੰਨਾ ਕੁ ਚਿਰ ਬਚਾਈ ਰੱਖੇਗੀ, ਸਮੇਂ ਉਤੇ ਨਿਰਭਰ ਹੈ, ਬੰਦੇ ਦੇ ਹੱਥ ਕੁਛ ਵੀ ਨਹੀਂ।
ੲੲੲ

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …