ਬੋਲ ਬਾਵਾ ਬੋਲ
ਨਿੰਦਰ ਘੁਗਿਆਣਵੀ
94174-21700
ਸਵੇਰ ਦੀ ਸੈਰ ਤੋਂ ਮੁੜਿਆ ਆਉਂਦਾ ਘੁਮੱਕੜ ਦਾਸ ਸਾਹੋ-ਸਾਹ ਹੋਇਆ ਪਿਆ ਸੀ। ਡੇਢ ਫੁੱਟ ਲੰਮਾ ਤੇ ਏਨੇ ਫੁੱਟ ਹੀ ਮੋਟਾ ਡੰਡਾ ਉਹਦੇ ਹੱਥ ਵਿੱਚ ਪਕੜਿਆ ਹੋਇਆ ਸੀ। ਚਿਹਰੇ ਤੋਂ ਡਾਹਢਾ ਪਰੇਸ਼ਾਨ। ਮੈਂ ਪੁੱਛਿਆ ਕਿ ਸਵੇਰ ਦੀ ਸੈਰ ਤਾਂ ਬੰਦੇ ਨੂੰ ਤਰੋ-ਤਾਜ਼ਾ ਕਰਦੀ ਐ ਤੇ ਆਪ ਜੀ ਖਫ਼ਾ ਕਿਉਂ ਹੋਏ ਪਏ ਓ? ਉਹ ਜਿਵੇਂ ਚਿਰਾਂ ਤੋਂ ਭਰਿਆ ਪੀਤਾ ਪਿਆ ਸੀ,ਬੇਰੋਕ ਬੋਲਣ ਲੱਗਿਆ,”ਰਾਹ ਵਿੱਚ ਢਾਣੀ ਵਾਲਿਆਂ ਨੇ ਕਈ ਕੁੱਤੇ ਰੱਖੇ ਹੋਏ ਨੇ, ਠੰਢ ਘਟਣ ਕਰਕੇ ਅੱਜ ਕੁਝ ਹੌਸਲਾ ਜਿਹਾ ਕੀਤਾ ਸੀ ਤੇ ਸੈਰ ਨੂੰ ਨਿਕਲਿਆ ਸਾਂ, ਕੁੱਤੇ ਮੇਰੇ ਮਗਰ ਇਉਂ ਪੈ ਗਏ ਕਿ ਜਿਵੇਂ ਅੱਜ ਕੱਚੇ ਨੂੰ ਹੀ ਖਾ ਜਾਣੈ ਹੁੰਦੈ, ਆਹ ਡੰਡਾ ਨਾ ਹੁੰਦਾ ਤਾਂ ਜਾਨ ਨਾ ਬਚਦੀ, ਨੰਬਰਦਾਰਾਂ ਦਾ ਕੁੱਤਾ ਮੱਝ ਦੇ ਕੱਟੇ ਵਰਗਾ ਐ, ਪਾੜ ਸੁੱਟਣਾ ਸੀ ਮੈਨੂੰ, ਅੱਜ ਤੋਂ ਸੈਰ ਬੰਦ, ਮੈਂ ਨੀ ਆਉਣਾ, ਬੰਦਾ ਤਾਂ ਰਾਹ ‘ਚ ਕੋਈ ਮਿਲਿਆ ਨਹੀਂ, …ਲੋਕ ਕੁੱਤੇ ਈ ਕੁੱਤੇ ਲਈ ਫਿਰਦੇ ਐ, ਜਿਹਦੇ ਹੱਥ ‘ਚ ਦੇਖੋ, ਕੁੱਤੇ ਦੀ ਸੰਗਲੀ, …ਹੁਣ ਬੰਦੇ ਦਾ ਨਹੀਂ, ਕੁੱਤੇ ਦਾ ਜ਼ਮਾਨਾ ਆ ਗਿਆ ਭਾਈ।”
ਘੁਮੱਕੜ ਦਾਸ ਦੀ ਗੱਲ ਸੁਣਨ ਮਗਰੋਂ ਮੈਂ ਵੀ ਆਪਣੀ ਸੈਰ ਅਧਵਾਟੇ ਛੱਡ ਕੇ ਘਰ ਨੂੰ ਮੁੜ ਆਇਆ।
ਅੱਜਕੱਲ ਪੰਜਾਬ ਤੇ ਆਸ-ਪਾਸ ਦੇ ਗੁਆਂਢੀ ਰਾਜਾਂ ਤੋਂ ਇਹ ਖ਼ਬਰਾਂ ਆਮ ਹੀ ਪੜ੍ਹਨ, ਦੇਖਣ ਤੇ ਸੁਣਨ ਨੂੰ ਮਿਲ ਰਹੀਆਂ ਨੇ ਕਿ ਕੁੱਤਿਆਂ ਨੇ ਸਕੂਲ ਜਾਂਦਾ ਬੱਚਾ ਨੋਚ-ਨੋਚ ਕੇ ਖਾਧਾ। ਕਿਤੇ ਕਿਸੇ ਬਜ਼ੁਰਗ ਉਤੇ ਕੁੱਤੇ ਵੱਲੋਂ ਹਮਲਾ, ਅਵਾਰਾ ਕੁੱਤਿਆਂ ਨੇ ਲੋਕਾਂ ਦੀਆਂ ਸਵੇਰੇ ਦੀਆਂ ਸੈਰਾਂ ਬੰਦ ਕਰਵਾਈਆਂ। ਆਵਾਰਾ ਕੁੱਤਿਆਂ ਨੇ ਗਾਵਾਂ ਵੱਢ ਖਾਧੀਆਂ। ਅਜਿਹੀਆਂ ਖਬਰਾਂ ਦੀ ਕੋਈ ਤੋਟ ਨਹੀਂ ਹੈ। ਪਹਿਲੋ ਪਹਿਲ ਪਾਲਤੂ ਕੁੱਤੇ ਰੱਖਣ ਦਾ ਸ਼ੌਕ ਸਿਰਫ਼ ਸ਼ਹਿਰੀ ਲੋਕਾਂ ਵਿੱਚ ਹੀ ਸੀ ਜਾਂ ਫਿਰ ਪਿੰਡਾਂ ਵਿੱਚ ਕੋਈ ਵਿਰਲਾ-ਟਾਵਾਂ ਜਗੀਰਦਾਰ-ਸਰਦਾਰ ਹੀ ਕੁੱਤਾ ਪਾਲਦਾ ਸੀ ਪਰ ਹੁਣ ਤਾਂ ਪਿੰਡਾਂ ਦੇ ਲੋਕ ਮਹਿੰਗੇ ਤੋਂ ਮਹਿੰਗੇ ਕੁੱਤੇ ਰੱਖਣ ਲੱਗੇ ਹਨ, ਏਨੇ ਮਹਿੰਗੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ! ਅੱਜਕੱਲ੍ਹ ਓਨੀ ਟਹਿਲ-ਸੇਵਾ ਪਰਿਵਾਰ ਦੇ ਮੈਂਬਰਾਂ ਦੀ ਨਹੀਂ ਹੋ ਰਹੀ, ਜਿੰਨੀ ਕੁੱਤਿਆਂ ਦੀ ਹੋਣ ਲੱਗੀ ਹੈ।
ਮੈਂ ਰੋਜ਼ ਵਾਂਗ ਆਪਣੇ ਡਾਕਟਰ ਦੋਸਤਾਂ ਦੀ ਅਰੋੜਾ ਕਲੀਨਿਕ ਉਤੇ ਬੈਠੇ ਨੇ ਪ੍ਰਤੱਖ ਰੂਪ ਵਿੱਚ ਦੇਖਿਆ ਹੈ ਕਿ ਕੁੱਤੇ ਨੂੰ ਭੋਰਾ ਜੁਕਾਮ ਵੀ ਲੱਗ ਜਾਵੇ ਸਹੀ, ਫਟਾਫਟ ਮਹਿੰਗੀ ਕਾਰ ਵਿੱਚ ਕੁੱਤੇ ਨੂੰ ਪਲੋਸ ਕੇ ਬਿਠਾਉਂਦੇ ਹਨ ਤੇ ਮੂੰਹ ਮਸੋਸ ਕੇ ਡਾਕਟਰ ਕੋਲ ਆਣ ਖਲੋਂਦੇ ਨੇ, ਆਹ ਦੇਖੋ ਜੀ…ਕੀ ਹੋ ਗਿਐ, ਕਦੋਂ ਠੀਕ ਹੋਊ?
ਆਮ ਹੀ ਦੇਖਣ ਵਿੱਚ ਆਇਆ ਹੈ ਕਿ ਜਿੰਨ੍ਹਾਂ ਲੋਕਾਂ ਕੋਲ ਕਾਰਾਂ ਨਹੀਂ, ਉਹ ਆਪਣੇ ਮੋਟਰ-ਸਾਈਕਲਾਂ ਉਤੇ, ਵਿਚਾਲੇ ਕੁੱਤਾ ਕੰਬਲ ਵਿੱਚ ਲਪੇਟਕੇ (ਜਿਵੇਂ ਨਿੱਕਾ ਨਿਆਣਾ ਲਪੇਟੀਦਾ ਹੈ) ਡਾਕਟਰ ਵੱਲ ਨੂੰ ਦੌੜਦੇ ਹਨ। ਘਰ ਵਿੱਚ ਬੁੱਢਾ-ਬੁੱਢੀ ਬੀਮਾਰੀ ਨਾਲ ਜੂਝਦੇ ਚਾਹੇ ਦਿਵਾਈ ਖੁਣੋਂ ਮਰੀ ਜਾਂਦੇ ਹੋਣ ਪਰ ਕੁੱਤੇ ਦਾ ਸਭ ਨੂੰ ਸਭ ਤੋਂ ਵੱਧ ਫ਼ਿਕਰ ਹੈ।
ਅਜਿਹਾ ਆਮ ਹੀ ਦੇਖਣ ਵਿੱਚ ਆ ਰਿਹਾ ਹੈ ਕਿ ਪਿੰਡਾਂ ਵਿੱਚ ਮੱਧਵਰਗੀ ਤਬਕੇ ਨਾਲ ਸਬੰਧਤ ਲੋਕਾਂ ਨੇ ਵੀ ਮਹਿੰਗੇ ਤੋਂ ਮਹਿੰਗੇ ਕੁੱਤੇ ਸਿਰਫ਼ ਸ਼ੌਕ ਵਜੋਂ ਰੱਖੇ ਹੋਏ ਨੇ। ਲਓ…ਕਿਸਮਾਂ ਵੀ ਸੁਣ ਲਓ, ਪਗ, ਜਰਮਨ ਸ਼ੈਪਰਡ, ਰੌਟ-ਵੀਲਰ, ਬੁਲੀ,ਬੂਲਮਸਟਿਫ, ਲੈਬਰੇ, ਪਿਟ-ਬੁਲ ਤੇ ਅਨੇਕਾਂ ਕਿਸਮਾਂ ਹੋਰ ਵੀ ਹਨ। ਘੱਟ ਤੋਂ ਘੱਟ ਰੇਟ ਪੰਜ ਹਜ਼ਾਰ ਤੇ ਵੱਧ ਤੋਂ ਵੱਧ ਲੱਖਾਂ ਵਿੱਚ ਹੈ। ਇੱਕ ਇੱਕ ਲੱਖ ਤੋਂ ਵੱਧ ਰੁੱਪਏ ਦੇ ਕੁੱਤੇ ਤਾਂ ਮੇਰੇ ਕਈ ਦੋਸਤਾਂ ਪਾਸ ਹਨ। ਕਿਸੇ ਵੇਲੇ ਲੱਖ ਰੁਪੈ ਵਿੱਚ ਕਿੰਨੀਆਂ ਹੀ ਮੱਝਾਂ ਤੇ ਗਾਵਾਂ ਆ ਜਾਂਦੀਆਂ ਸਨ ਤੇ ਸਾਰਾ ਟੱਬਰ ਰੱਜ-ਰੱਜ ਕੇ ਦੁੱਧ ਪੀਂਦਾ ਸੀ। ਵਧਿਆ ਹੋਇਆ ਦੁੱਧ ਡੇਅਰੀ ਵਿੱਚ ਜਾਂ ਦੋਧੀ ਨੂੰ ਵੇਚਕੇ ਕਮਾਈ ਵੀ ਹੁੰਦੀ ਸੀ। ਵਧੇ ਦੁੱਧ ਤੋਂ ਘਿਓ, ਦਹੀਂ, ਲੱਸੀ ਤੇ ਮੱਖਣ ਤੇ ਖੋਆ ਵੀ ਜਿਨ੍ਹਾਂ ਮਰਜ਼ੀ ਚਾੜ੍ਹੋ ਪਰ ਹੁਣ ਦੇਖਣ ਵਿੱਚ ਆਇਆ ਹੈ ਕਿ ਲੋਕ ਮਹਿੰਗੇ ਕੁੱਤੇ ਧੜਾ-ਧੜ ਖਰੀਦ ਰਹੇ ਹਨ। ਪਸ਼ੂ ਰੱਖਣੇ ਛੱਡ ਰਹੇ ਹਨ। ਦੁੱਧ ਦੋਧੀਆਂ ਤੋਂ ਮੁੱਲ ਲੈਣਾ ਸ਼ੁਰੁ ਕਰ ਦਿੱਤਾ ਹੈ। ਕੁੱਿਤਆਂ ਲਈ ਮਹਿੰਗੇ ਤੋਂ ਮਹਿੰਗੇ ਆ ਰਹੇ ਸਮਾਨ ਦੀ ਗੱਲ ਕਰੀਏ ਤਾਂ ਸਾਬਨ, ਸ਼ੈਂਪੂ, ਸਰਦੀ ਤੋਂ ਬਚਾਓ ਲਈ ਕੋਟ, ਗੱਦੇ, ਪਟੇ ਤੇ ਸੰਗਲੀਆਂ ਵੀ ਵੰਨ-ਸੁਵੰਨੇ ਤੇ ਮਹਿੰਗੇ ਤੋਂ ਮਹਿੰਗੇ। ਕੁੱਤਿਆਂ ਲਈ ਬਿਸਕੁਟ, ਮੀਟ ਤੋਂ ਇਲਾਵਾ ਅਨੇਕਾਂ ਕਿਸਮ ਦੀਆਂ ਫੀਡਾਂ ਨਾਲ ਬਜ਼ਾਰ ਭਰੇ ਦਿਸਦੇ ਹਨ। ਇੱਥੇ ਹੀ ਬਸ ਨਹੀਂ, ਕੁੱਤਿਆਂ ਲਈ ਭਾਂਤ-ਭਾਂਤ ਦੇ ਖਿਡਾਉਣੇ, ਛਣਨ-ਛਣਨ ਛਣਕਦੇ ਘੁੰਗਰੂ, ਨਹਾਈ-ਧੁਵਾਈ ਲਈ ਬੁਰਸ਼, ਤੌਲ਼ੀਏ, ਨੇਲ ਕਟਰ, ਛਿੱਕਲੀਆਂ, ਪ੍ਰਫਿਊਮ ਤੇ ਪਾਊਡਰ ਦੁਕਾਨਾਂ ਉਤੇ ਖੂਬ ਫੱਬੇ ਹੋਏ ਹਨ। ਹੋਰ ਤਾਂ ਹੋਰ ਹੁਣ ਫੇਸ ਬੁੱਕ ਅਤੇ ਵੈਟਸ ਐਪ ਉਤੇ ਨਵੇਂ ਖਰੀਦੇ ਗਏ ਕੁੱਤੇ ਦੀ ਫੋਟੋ ਬੜੇ ਚਾਵਾਂ ਨਾਲ ਅਪਲੋਡ ਕਰਨ ਵਾਲਿਆਂ ਦੀ ਗਿਣਤੀ ਸੈਕੜਿਆਂ ਤੋਂ ਹਜ਼ਾਰਾਂ ਵਿੱਚ ਜਾ ਪੁੱਜੀ ਹੈ। ਕਿਸੇ ਸਮੇਂ ਲੋਕ ਗੁਰੂਆਂ-ਪੀਰਾਂ,ਦੇਸ਼ ਭਗਤਾਂ, ਅਧਿਆਪਕਾਂ, ਤੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਆਪਣੇ ਫੋਨ ਦੀ ਸਕਰੀਨ ਉਤੇ ਸ਼ਿੰਗਾਰ ਬਣਾਉਂਦੇ ਸਨ ਪਰ ਹੁਣ ਮੈਂ ਆਪਣੇ ਅਨੇਕਾਂ ਦੋਸਤਾਂ ਦੇ ਫੋਨਾਂ ਦੀਆਂ ਸਕਰੀਨਾਂ ਉਤੇ ਉਹਨਾਂ ਦੇ ਪਾਲਤੂ-ਚਹੇਤੇ ਕੁੱਤਿਆਂ ਨੂੰ ਦੇਖ ਕੇ ਫ਼ਿਕਰਾਂ ਵਿੱਚ ਡੁੱਬ ਜਾਂਦਾ ਹਾਂ ਕਿ ਹੇ ਰੱਬਾ ਸਾਡੇ ਸਮਾਜ ਦਾ ਕੀ ਬਣੂੰ?
ਇਹ ਗੱਲ ਸੁੱਟ੍ਹਣ ਵਾਲੀ ਨਹੀਂ ਹੈ ਕਿ ਅਜੋਕਾ ਮਨੁੱਖ, ‘ਮਨੁੱਖ’ ਨਾਲੋਂ ਟੁੱਟ ਕੇ ‘ਕੁੱਤੇ’ ਨਾਲ ਜੁੜ ਗਿਆ ਹੈ। ਆਪਣੇ ਬਹੁਤ ਸਾਰੇ ਅਜਿਹੇ ਦੋਸਤਾਂ ਨੂੰ ਵੀ ਦੇਖਦਾ ਹਾਂ, ਜੋ ਕੁੱਤੇ ਨਾਲ ਸੌਂਦੇ, ਖਾਂਦੇ, ਖੇਡ੍ਹਦੇ ਤੇ ਲਾਡ-ਲਡਾਉਂਦੇ ਥਕਦੇ ਨਹੀਂ ਤੇ ਬੀਮਾਰੀ ਨਾਲ ਹੂੰਗਰ ਮਾਰ ਰਹੇ ਮਾਂ-ਪਿਓ ਦੀ ਗੱਲ ਸੁਣਨ ਨੂੰ ਰਤਾ ਵੀ ਤਿਆਰ ਨਹੀਂ ਹਨ। ਮੈਂ ਇਸ ਗੱਲ ਦੇ ਵਿਰੋਧ ਵਿੱਚ ਨਹੀਂ ਹਾਂ ਕਿ ਕੁੱਤਿਆਂ ਨਾਲ ਪਿਆਰ ਨਾ ਕਰੋ ਜਾਂ ਇਹਨਾਂ ਨੂੰ ਪਾਲੋ-ਸਾਂਭੋ ਨਾ, ਪਰ ‘ਮਨੁੱਖ ਦਾ ਮਨੁੱਖ ਨਾਲੋਂ ਟੁੱਟਣਾ’, ਪਰਿਵਾਰਾਂ ਵਿੱਚ ਭੈਣਾਂ-ਭਰਾਵਾਂ ਤੋਂ ਮੁੱਖ ਮੋੜ ਕੇ ਕੁੱਤੇ-ਕੁੱਤੀਆਂ ਨਾਲ ਰਿਸ਼ਤੇ ਗੰਢਣੇ ਭਾਰਤੀ ਸਮਾਜ ਦੀ ਅਹਿਮ ਤਬਦੀਲੀ ਤੇ ਮਨੁੱਖੀ ਮਨ ਦੀ ਖੰਿਡਤ ਹੋਈ ਤਾਜ਼ਾ ਮਿਸਾਲ ਹਨ।
ਅੱਜਕੱਲ ਖੇਡ ਮੇਲਿਆਂ ਵਿੱਚ ਮਨੁੱਖ ਨਹੀਂ ਸਗੋਂ ਕੁੱਤੇ ਦੌੜਦੇ ਆਮ ਹੀ ਦੇਖੇ ਜਾ ਸਕਦੇ ਹਨ।ਬੰਦੇ ਨੇ ਦੌੜਨਾ ਸੀ, ਬੰਦਾ ਹੰਭ ਗਿਆ ਤੇ ਕੁੱਤੇ ਬੰਦੇ ਦੀ ਥਾਂ ਮੱਲ ਬੈਠੇ। ਸਾਡਾ ਇੱਕ ਮਿੱਤਰ ਸਾਂਈ ਜੀ ਹੈ, ਹੁਣ ਸੰਗਤਾਂ ਨੂੰ ਕਤੂਰੇ-ਕਤੂਰੀਆਂ ਪ੍ਰਸ਼ਾਦ ਵਜੋਂ ਵੰਡਣ ਲੱਗ ਪਿਆ ਹੈ ਤੇ ਸੰਗਤਾਂ, ਖਾਸ ਕਰ ਨੌਜਵਾਨ ਸੰਗਤਾਂ ਦੀ ਗਿਣਤੀ ਉਸਦੇ ਸ਼ਰਧਾਲੂਆਂ ਵਿੱਚ ਵਧ ਗਈ ਹੈ ਕਿ ਅੱਜ ਬਾਬਾ ਜੀ ਕਤੂਰੇ ਜਾਂ ਕਤੂਰੀ ਦਾ ਪ੍ਰਸ਼ਾਦ ਦੇਣਗੇ। ਕਈ ਸ਼ਰਧਾਲੂ ਬਾਬਾ ਜੀ ਤੋਂ ਇਹ ਪ੍ਰਸਾਦਿ ਲੈ ਕੇ ਅਗਾਂਹ ਮਹਿੰਗੇ ਮੁੱਲ ਵੇਚ ਦਿੰਦੇ ਹਨ। ਖ਼ੈਰ!
ਦੂਸਰੇ ਦਿਨ ਮੈਂ ਘੁਮੱਕੜ ਦਾਸ ਨੂੰ ਆਖਿਆ, ”ਦਿਲ ਛੋਟਾ ਨਾ ਕਰ, ਡੰਡਾ ਥੋੜਾ ਜਿਹਾ ਹੋਰ ਵੱਡਾ ਤੇ ਮੋਟਾ ਰੱਖ ਲੈ, ਸੈਰ ਨਾ ਛੱਡ।” ਉਹ ਕਹਿਣ ਲੱਗਾ ਕਿ ਲੋਕਾਂ ਨੂੰ ਕੀ ਰੋਵਾਂ, ਕੱਲ ਮੇਰਾ ਪੋਤਰਾ ਜਰਮਨ ਸ਼ੈਪਰਿਡ ਕਿਸਮ ਦਾ ਕੁੱਤਾ ਲੈ ਆਇਆ ਐ, ਸਾਰੀ ਰਾਤ ਭੌਂਕੀ ਗਿਆ, ਨਾ ਆਪ ਸੁੱਤਾ ਤੇ ਨਾ ਸਾਰਾ ਟੱਬਰ ਸੌਣ ਦਿੱਤਾ, ਮੈਂ ਤਾਂ ਹੁਣ ਘਰੋਂ ਨਿਕਲਾਂਗਾ ਤੇ ਕਿਸੇ ਆਸ਼ਰਮ ਵਿੱਚ ਥਾਂ ਲੱਭਾਂਗਾ, ਕੁੱਤਿਆਂ ਪਿੱਛੇ ਪਏ ਕਲੇਸ਼ ਨੇ ਘਰਾਂ ਵਿੱਚੋਂ ਟੱਬਰਾਂ ਦੇ ਟੱਬਰ ਭਜਾ ਦਿੱਤੇ ਨੇ ਭਾਈ ਜਾਨ! ਬੰਦੇ ਨੂੰ ਕੌਣ ਪੁਛਦੈ, ਕੁੱਤੇ ਦਾ ਜ਼ਮਾਨਾ ਐ ਭਾਈ! ਚੁੱਪ ਰਹਿ ਤੇ ਢੱਕੀ ਰਿੱਝਣ ਦੇ।”
ਦਿਲ ਹੌਲਾ ਕਰਕੇ ਘੁਮੱਕੜ ਮੱਲ ਆਪਣੇ ਰਾਹੇ ਪੈ ਗਿਆ ਤੇ ਮੈਂ ਆਪਣੇ ਰਾਹੇ!
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …