Breaking News
Home / ਰੈਗੂਲਰ ਕਾਲਮ / ਕ੍ਰਿਪਾ ਤੇ ਨਿਮਰਤਾ ਦਾ ਪ੍ਰਸ਼ਾਦ ਮਿਲਿਆ ਟਰੂਡੋ ਨੂੰ ਦਰਬਾਰ ਸਾਹਿਬ ‘ਚੋਂ

ਕ੍ਰਿਪਾ ਤੇ ਨਿਮਰਤਾ ਦਾ ਪ੍ਰਸ਼ਾਦ ਮਿਲਿਆ ਟਰੂਡੋ ਨੂੰ ਦਰਬਾਰ ਸਾਹਿਬ ‘ਚੋਂ

ਦੀਪਕ ਸ਼ਰਮਾ ਚਨਾਰਥਲ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਮੁਲਕ ਵਿਚ ਪੰਜਾਬੀਆਂ ਦੇ ਹਰਮਨ ਪਿਆਰੇ ਹਨ ਤੇ ਉਨ੍ਹਾਂ ਦੀ ਮਕਬੂਲੀਅਤ ਉਸ ਵੇਲੇ ਹੋਰ ਵਧ ਗਈ ਜਦੋਂ ਉਨ੍ਹਾਂ ਆਪਣੇ ਕੈਬਨਿਟ ਵਿਚ ਪੰਜਾਬੀਆਂ ਨੂੰ, ਸਿੱਖ ਭਾਈਚਾਰੇ ਨੂੰ ਤੇ ਦਸਤਾਰਧਾਰੀ ਸੰਸਦ ਮੈਂਬਰਾਂ ਨੂੰ ਵੱਡੇ ਅਹੁਦੇ ਨਿਵਾਜੇ। ਇਸ ਲਈ ਜਸਟਿਨ ਟਰੂਡੋ ਪ੍ਰਤੀ ਇੱਧਰ ਪੰਜਾਬ ਵਸਦੇ ਪੰਜਾਬੀਆਂ ਨਾਲ ਵੀ ਇਕ ਰਿਸ਼ਤਾ ਜਿਹਾ ਜੁੜ ਗਿਆ ਤੇ ਇੱਧਰਲੇ ਲੋਕਾਂ ਨੂੰ ਵੀ ਟਰੂਡੋ ਨਾਲ ਮੋਹ ਹੋ ਗਿਆ। ਫਿਰ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਗਏ ਸਨ ਤਦ ਉਨ੍ਹਾਂ ਟਰੂਡੋ ਨੂੰ ਸੱਦਾ ਦਿੱਤਾ ਸੀ ਕਿ ਭਾਰਤ ਆਉਣਾ। ਟਰੂਡੋ ਨੇ ਭਾਰਤ ਆਉਣਾ ਵੀ ਮੰਨ ਲਿਆ ਤੇ ਇਸ ਦੌਰਾਨ ਪੰਜਾਬ ਆਮਦ ਦਾ ਵੀ ਫੈਸਲਾ ਲਿਆ। ਉਸ ਤੋਂ ਵੀ ਅਗਾਂਹ ਉਨ੍ਹਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਨਤਮਸਤਕ ਹੋਣ ਦਾ ਪ੍ਰੋਗਰਾਮ ਆਪਣੀ ਫੇਰੀ ਦੇ ਤੈਅ ਪ੍ਰੋਗਰਾਮਾਂ ਵਿਚ ਪ੍ਰਮੁੱਖਤਾ ਨਾਲ ਸ਼ਾਮਲ ਕਰ ਲਿਆ। ਉਸੇ ਤੈਅ ਪ੍ਰੋਗਰਾਮ ਤਹਿਤ ਜਸਟਿਨ ਟਰੂਡੋ, ਉਨ੍ਹਾਂ ਦੀ ਧਰਮ ਪਤਨੀ, ਤਿੰਨੋਂ ਜਵਾਕ ਤੇ ਸਮੁੱਚਾ ਕੈਨੇਡੀਅਨ ਵਫਦ 21 ਫਰਵਰੀ ਦੀ ਸਵੇਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜਾਂਦੇ ਹਨ, ਮੱਥਾ ਟੇਕਦੇ ਹਨ, ਹੱਥ ਜੋੜ ਅਰਜੋਈ ਕਰਦੇ ਹਨ, ਬਾਹਰ ਆ ਕੇ ਗਲਿਆਰੇ ਵਿਚ ਖੜ੍ਹ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੀਸ ਝੁਕਾਉਂਦੇ ਹਨ ਤੇ ਫਿਰ ਗੁਰੂ ਰਾਮਦਾਸ ਲੰਗਰ ਹਾਲ ਦਾ ਰੁਖ ਕਰਦੇ ਹਨ, ਜਿੱਥੇ ਪ੍ਰਸਾਦਿਆਂ ਦੀ ਸੇਵਾ ਵੀ ਨਿਭਾਉਂਦੇ ਹਨ। ਕੜਾਹ ਪ੍ਰਸਾਦ ਗ੍ਰਹਿਣ ਕਰਦੇ ਹਨ। ਸਿਰੋਪਾਓ, ਸ੍ਰੀ ਸਾਹਿਬ ਆਦਿ ਦੇ ਰੂਪ ਵਿਚ ਮਿਲੇ ਸਨਮਾਨ ਨੂੰ ਮੱਥੇ ਨਾਲ ਲਾਉਂਦੇ ਹਨ ਤੇ ਫਿਰ ਵਿਜਟਰ ਬੁੱਕ ਵਿਚ ਲਿਖਦੇ ਹਨ ‘ਅਸੀਂ ਕ੍ਰਿਪਾ ਅਤੇ ਨਿਮਰਤਾ ਨਾਲ ਭਰ ਗਏ’। ਹੁਣ ਟਰੂਡੋ ਦੇਸ਼ ਦੇ ਕਿਸੇ ਵੀ ਕੋਨੇ ਵਿਚ ਜਾਣ, ਦੇਸ਼ ਦਾ ਕੋਈ ਵੀ ਸਥਾਨ ਘੁੰਮਣ ਤੇ ਫਿਰ ਵਾਪਸ ਆਪਣੇ ਵਤਨ ਵੀ ਪਰਤ ਜਾਣ, ਪਰ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚੋਂ ਕ੍ਰਿਪਾ ਤੇ ਨਿਮਰਤਾ ਰੂਪੀ ਜੋ ਪ੍ਰਸਾਦ ਲੈ ਕੇ ਗਏ ਹਨ, ਉਹ ਹਮੇਸ਼ਾ ਉਨ੍ਹਾਂ ਦੇ ਨਾਲ ਬਣਿਆ ਰਹੇਗਾ ਤੇ ਵਾਹਿਗੁਰੂ ਉਨ੍ਹਾਂ ਨੂੰ ਬਲ ਬਖਸ਼ੇ ਕਿ ਉਹ ਸੱਚ ‘ਤੇ ਚੱਲਦਿਆਂ ਗੁਰਬਾਣੀ ਦੇ ਬੋਲ ‘ਸਰਬੱਤ ਦਾ ਭਲਾ’ ਮਹਾਂਵਾਕ ਅਨੁਸਾਰ ਆਪਣੇ ਦੇਸ਼ ਕੈਨੇਡਾ ਦੀ ਧਰਤੀ ‘ਤੇ ਵਸਦੇ ਸਮੂਹ ਦੇਸੀ, ਵਿਦੇਸ਼ੀ ਪੰਛੀ ਪਰਿੰਦਿਆਂ ਵਰਗੇ ਮਨੁੱਖਾਂ ਦੇ ਭਲੇ ਲਈ ਕਾਰਜ ਕਰਦੇ ਰਹਿਣ।

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …