Breaking News
Home / ਰੈਗੂਲਰ ਕਾਲਮ / ਮੇਰਾ ਅਦਾਲਤਨਾਮਾ-3

ਮੇਰਾ ਅਦਾਲਤਨਾਮਾ-3

ਬੋਲ ਬਾਵਾ ਬੋਲ
ਤੂੰ ਘਰ ਜਾ ਕੇ ਕੀ ਕਰਨਾ ਹੁੰਦਾ
ਨਿੰਦਰ ਘੁਗਿਆਣਵੀ
94174-21700
ਇਕ ਦਿਨ ਸ਼ਾਮਾਂ ਨੂੰ ਕਚਹਿਰੀ ਤੋਂ ਕੋਠੀ ਪਰਤੇ ਸਾਂ, ਮੈਂ ਮਿਸਲਾਂ ਵਾਲਾ ਅਟੈਚੀ ਕਮਰੇ ‘ਚ ਰੱਖਣ ਲੱਗਿਆ ਤਾਂ ਬੀਬੀ ਬੋਲੀ, ”ਅੱਜ ਆਪਣੀ ਕੋਠੀ ਅੱਗਿਉਂ ਦੀ ਇਕ ਕਾਰ ਨੇ ਕਈ ਗੇੜੇ ਕੱਢੇ, ਉਸ ਵਿਚ ਚਾਰ-ਪੰਜ ਲੋਕ ਬੈਠੇ ਦਿਖਦੇ ਸੀ, ਆਪਣੇ ਘਰ ਵੱਲ ਵਾਰ-ਵਾਰ ਦੇਖਦੇ ਤੇ ਅੱਗੇ ਲੰਘ ਜਾਂਦੇ ਰਹੇ।”
ਇਹ ਕੋਠੀ ਅਫ਼ਸਰ ਕਲੋਨੀ ਵਿਚ ਸੀ,ਕੋਠੀ ਸਾਹਮਣੀ ਰੋਡ ਬਹੁਤ ਘੱਟ ਚਲਦੀ ਸੀ, ਇਕ ਨੁੱਕਰੇ ਕੋਠੀ ਹੋਣ ਕਾਰਨ ਜੇਕਰ ਕੋਈ ਇਧਰ ਆਉਂਦਾ ਵੀ ਤਾਂ ਸਮਝੋ ਕਿ ਇਸੇ ਕੋਠੀ ਹੀ ਆਇਆ ਹੋਵੇਗਾ। ਦਿਨ ਵਿੱਚ ਗਿਣਤੀ ਦੇ ਲੋਕ ਹੀ ਆਉਂਦੇ, ਸਵੇਰੇ ਸਭ ਤੋਂ ਪਹਿਲਾਂ ਮੈਂ ਹੀ ਆਉਂਦਾ, ਫਿਰ ਦੋਧੀ, ਫਿਰ ਅਖਬਾਰਾਂ ਸੁੱਟਣ ਵਾਲਾ, ਫਿਰ ਮਾਲੀ ਦੇ ਆਉਣ ਦਾ ਵੇਲਾ ਹੋ ਜਾਂਦਾ। ਗੰਨਮੈਨ ਆਉਂਦਾ, ਉਹੀ ਸਾਹਬ ਦੀ ਕਾਰ ਚਲਾਉਂਦਾ। ਬਾਕੀ ਸਾਰਾ ਦਿਨ ਏਧਰ ਕੋਈ ਨਾ ਆਉਂਦਾ। ਬੀਬੀ ਦੀ ਗੱਲ ਸੁਣ ਕੇ ਸਾਹਬ ਸੋਚਾਂ ਵਿਚ ਪੈ ਗਿਆ ਤੇ ਢਿੱਲੀ ਜਿਹੀ ਸੁਰ ‘ਚ ਬੋਲਿਆ, ”ਕੋਈ ਹੋਣਾ ਕਿਸੇ ਦੇ ਆਇਆ, ਆਪਣੇ ਤਾਂ ਕੋਈ ਆਉਂਦਾ ਈ ਨਹੀਂ।”
”ਨਹੀਂ, ਤੁਸੀਂ ਉਹ ਗਾਰਦ ਵਾਲਿਆਂ ਨੂੰ ਬੁਲਾ ਕੇ ਪੁੱਛੋ ਤਾਂ ਸਈ, ਉਨ੍ਹਾਂ ਦੀ ਡਿਊਟੀ ਬਣਦੀ ਏ।” ਬੀਬੀ ਨੇ ਆਖਿਆ।
ਅਫਸਰ ਕਲੋਨੀ ਵਿੱਚ ਗਾਰਦ ਵਾਲਿਆਂ ਨੇ ਇੱਕ ਸਾਂਝਾ ਤੰਬੂ ਗੱਡਿਆ ਹੋਇਆ ਸੀ। ਉਧਰ ਮੈਨੂੰ ਭੇਜਿਆ ਕਿ ਪਤਾ ਕਰੋ ਕਿ ਉਸ ਸਮੇਂ ਡਿਊਟੀ ਉਤੇ ਕੌਣ ਹਾਜ਼ਰ ਸੀ,ਸੱਦੋ ਉਸਨੂੰ ਮੈਂ ਕਾਹਲੇ ਕਦਮੀਂ ਗਿਆ ਤੇ ਸਕਿਊਰਟੀ ਮੁਲਾਜ਼ਮ ਨੂੰ ਆਪਣੇ ਨਾਲ ਹੀ ਲੈ ਆਇਆ। ਉਸਨੇ ਦੱਸਿਆ, ”ਸਰ, ਕਾਰ ਵਾਲਿਆਂ ਨੇ ਤੁਹਾਡੀ ਹੀ ਕੋਠੀ ਦਾ ਨੰਬਰ ਤੇ ਆਪ ਜੀ ਦਾ ਨਾਂ ਹੀ ਪੁੱਛਿਆ ਸੀ, ਕਿਸੇ ਹੋਰ ਦਾ ਨਹੀਂ ਸਰ…।”
”ਤੁਸੀਂ ਪੂਰੇ ਅਲਰਟ ਰਿਹਾ ਕਰੋ, ਨਾਲੇ ਸਾਡੇ ਤਾਂ ਕੋਈ ਮਿਲਣ-ਗਿਲਣ ਵਾਲਾ ਆਉਂਦਾ ਹੀ ਨਹੀਂ।” ਹਿਦਾਇਤ ਕਰ ਕੇ ਸਾਹਬ ਨੇ ਸਕਿਉਰਟੀ ਵਾਲੇ ਨੂੰ ਤੋਰ ਦਿੱਤਾ। ਸਾਹਬ ਤੇ ਬੀਬੀ ਦੀ ਚਿੰਤਾ ਹੋਰ ਵੀ ਵਧਣ ਲੱਗੀ ਸੀ ਕਿ ਇੱਧਰ ਮਿਲਣ ਆਣ ਵਾਲੇ ਚਾਰ-ਪੰਜ ਜਣੇ ਕੌਣ ਹੋਏ? ਬੀਬੀ ਕਹਿੰਦੀ, ”ਉਹ ਚਾਰੇ-ਪੰਜੇ ਹੀ ਮੁੰਡੇ ਹੀ ਸੀ, ਕੋਈ ਔਰਤ ਜਾਂ ਬੁੱਢਾ-ਬੱਚਾ ਨਾਲ ਨਹੀਂ ਸੀ।” ਉਹ ਸੋਚਣ ਲੱਗੇ ਕਿ ਉਹ ਹੁਣ ਕਿਸ-ਕਿਸ ਰਿਸ਼ਤੇਦਾਰ ਨੂੰ ਫ਼ੋਨ ਕਰ-ਕਰ ਕੇ ਪੁੱਛਣ ਕਿ ਤੁਸੀਂ ਤਾਂ ਨਹੀਂ ਸੀ ਆਏ ਮਿਲਣ ਸਾਨੂੰ…?
ਰਾਤੀਂ ਹਾਲੇ ਰੋਟੀ ਖਾ ਰਹੇ ਸਨ, ਸਾਹਬ ਦਾ ਪੂਾੰਈਵੇਟ ਫ਼ੋਨ ਵੱਜਣ ਲੱਗਿਆ। ਉਹਨਾਂ ਕਾਹਲੀ ਨਾਲ ਚੁੱਕਿਆ ਤੇ ਉਤਸੁਕਤਾ ਨਾਲ ਨੰਬਰ ਦੇਖਣ ਲੱਗੇ। ਅਣਪਛਾਤਾ ਨੰਬਰ ਸੀ ਚੁੱਕਿਆ ਨਹੀਂ। ਅਸਲ ਵਿਚ ਜਦੋਂ ਤੋਂ ਜੱਜ ਦਾ ਅਹੁਦਾ ਮਿਲਿਆ ਸੀ, ਉਨ੍ਹਾਂ ਦਾ ਫ਼ੋਨ ਬਹੁਤ ਘੱਟ ਬੋਲਦਾ ਸੀ। ਸਰਕਾਰੀ ਫ਼ੋਨ ਉਤੇ ਬਹੁਤੇ ਫ਼ੋਨ ਉਨ੍ਹਾਂ ਦੇ ਕੁਲੀਗਜ਼ ਜੱਜਾਂ ਦੇ ਜਾਂ ਬੈਚਮੈਂਟਾਂ ਦੇ ਹੀ ਆਉਂਦੇ ਸਨ। ਉਹ ਸਾਰੇ ਨੰਬਰ ਉਨ੍ਹਾਂ ਸੇਵ ਕਰ ਰੱਖੇ ਸਨ। ਕਾਰ ਵਾਲਿਆਂ ਦੀ ਫੇਰੀ ਤੇ ਅਣਪਛਾਤੇ ਆਏ ਫ਼ੋਨ ਨੇ ਸਾਹਬ ਤੇ ਬੀਬੀ ਨੂੰ ਉਪਰਾਮ ਜਿਹੇ ਕਰ ਦਿੱਤਾ ਸੀ ਤੇ ਮੈਂ ਵੱਖਰਾ ਸੋਚਣ ਲੱਗਿਆ ਸਾਂ ਕਿ ਕੌਣ ਹੋਏ ਉਹ ਬੰਦੇ? ਕੋਈ ਕਲਾਕਾਰ ਜਾਂ ਲਿਖਾਰੀ ਸੱਜਣ ਮੈਨੂੰ ਹੀ ਮਿਲਣ ਲਈ ਨਾ ਲੱਭਦੇ ਫਿਰਦੇ ਹੋਣ!
ਇਉਂ ਹੀ ਇੱਕ ਵਾਰ ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ ਮੈਨੂੰ ਅਦਾਲਤ ਵਿੱਚ ਹੀ ਮਿਲਣ ਆ ਧਮਕਿਆ ਸੀ, ”ਮੇਰੇ ਨਾਲ ਸਭਿਆਚਾਰਕ ਮੇਲੇ ‘ਤੇ ਚੱਲ ਹੁਣੇ ਹੀ, ਜੱਜ ਤੋਂ ਮਿੰਨਤ-ਤਰਲਾ ਕਰ ਕੇ ਛੁੱਟੀ ਲੈ ਲੈ।” ਮੈਂ ਆਪਣੀ ਗੁਲਾਮੀ ਭਰੀ ਨਿੱਕੀ ਨੌਕਰੀ ਦਾ ਵਾਸਤਾ ਪਾ ਕੇ ਰੋ ਪਿਆ ਸਾਂ, ”ਬਾਪੂ ਜੀ, ਏਥੇ ਤਾਂ ਮਰੇ-ਜੰਮੇ ਤੋਂ ਛੁੱਟੀ ਨੀ ਮਿਲਦੀ…ਮੇਲੇ ਜਾਣ ਲਈ ਕਿੱਥੇ ਮਿਲੂ?”
ਰੋਟੀ ਖਾ ਕੇ ਸਾਹਬ ਤੇ ਬੀਬੀ ਨੇ ਅੱਜ ਰੋਜ਼ ਵਾਂਗ ਕੋਠੀ ਮੂਹਰਲੀ ਸੁੰਨੀ ਸੜਕ ਉਤੇ ਸੈਰ ਵੀ ਨਾ ਕੀਤੀ। ਕੋਈ ਫ਼ਿਲਮ ਲਗਾ ਕੇ ਦੇਖਣ ਲੱਗੇ। ਮੈਂ ਘਰ ਨੂੰ ਜਾਣ ਲਈ ਆਪਣਾ ਸਾਈਕਲ ਚੁੱਕਣ ਲੱਗਿਆ ਤਾਂ ਸਾਹਬ ਮੇਰੇ ਪਿੱਛੇ ਹੀ ਆ ਗਿਆ, ”ਤੂੰ ਘਰ ਜਾ ਕੇ ਕੀ ਕਰਨਾ ਹੁੰਦਾ,ਤੂੰ ਏਥੇ ਹੁੰਨਾ ਏਂ ਤਾਂ ਸਾਡਾ ਦਿਲ ਵੀ ਲੱਗਿਆ ਰਹਿੰਦਾ ਐ।” ਕੋਠੀ ਅੰਦਰ ਸੱਜੀ ਨੁੱਕਰ ‘ਤੇ ਦੋ ਨਿੱਕੇ ਕਮਰੇ ਸਨ, ਇੱਕ ਗੰਨਮੈਨਾਂ ਲਈ, ਇੱਕ ਅਰਦਲੀ ਲਈ। ਪਰ ਇੱਥੇ ਰਹਿੰਦਾ ਕੋਈ ਨਹੀਂ ਸੀ। ਦੂਜੇ ਦਿਨ ਮੈਂ ਆਪਣਾ ਬਿਸਤਰਾ ਸਾਈਕਲ ਪਿੱਛੇ ਰੱਖ ਲਿਆਇਆ ਤੇ ਸਾਹਬ ਦੀ ਕੋਠੀ ਰਹਿਣ ਲੱਗਿਆ। ਉਹਨੀਂ ਦਿਨੀਂ ਸਾਹਬ ਕੋਲ ਤਿੰਨ ਗੈਂਗਸਟਰਾਂ ਦੇ ਕੇਸ ਚੱਲ ਰਹੇ ਸਨ। ਕਦੇ ਉਹਦਾ ਧਿਆਨ ਉਨ੍ਹਾਂ ਕੇਸਾਂ ਵੱਲ ਜਾਂਦਾ,ਉਹ ਸੋਚਦਾ ਤੇ ਫਿਰ ਰੀਡਰ ਨੂੰ ਆਖਦਾ, ”ਮੇਰਾ ਨਾਂ ਤੇ ਕੋਠੀ ਨੰਬਰ ਪੁੱਛਣ ਦੀ ਕਿਸੇ ਨੂੰ ਕੀ ਲੋੜ ਹੋਈ ਭਲਾ?” ਰੀਡਰ ਸਾਹਬ ਦੇ ਡਰ ਵਿੱਚ ਘਾਟਾ ਕਰਨ ਦੀ ਬਿਜਾਏ ਹੋਰ ਵਾਧਾ ਕਰ ਦਿੰਦਾ, ”ਸਰ, ਵਕਤ ਬਹੁਤ ਮਾੜਾ ਆ ਗਿਆ, ਪੂਰੀ ਚੌਕਸੀ ਚਾਹੀਦੀ ਆ।”
”ਤੂੰ ਤੁਰਦਾ ਫਿਰਦਾ ਨਿਗਾ ਰੱਖਿਆ ਕਰ, ਆਪਣੀ ਕੋਠੀ ਵੱਲ ਕੋਈ ਓਪਰੇ ਬੰਦੇ…।” ਸਾਹਬ ਨੇ ਮੈਨੂੰ ਹਿਦਾਇਤ ਕੀਤੀ। ਇੱਕ ਦਿਨ ਸਾਹਬ ਨੇ ਆਪਣੇ ਸੈਸ਼ਨ ਜੱਜ ਨਾਲ ਗੱਲ ਕੀਤੀ ਤਾਂ ਸੈਸ਼ਨ ਨੇ ਕਿਹਾ ਕਿ ਜ਼ਿਲ੍ਹੇ ਦੇ ਐਸ.ਐਸ.ਪੀ. ਨੂੰ ਇਕ ਅਰਜ਼ੀ ਪੱਤਰ ਲਿਖੋ, ਕੋਠੀ ਅੱਗੇ ਸਕਿਊਰਿਟੀ ਲਈ, ਮੈਂ ਰਿਕਮੈਂਡ ਕਰ ਦਿੰਨਾ। ਅਰਜ਼ੀ-ਪੱਤਰ ਲੈ ਕੇ ਗੰਨਮੈਨ ਐਸ.ਐਸ.ਪੀ. ਦਫ਼ਤਰ ਗਿਆ। ਦੂਸਰੇ ਦਿਨ ਹੀ ਕੋਠੀ ਅੱਗੇ ਅਸਲੇ ਸਮੇਤ ਸਕਿਊਰਿਟੀ ਮੁਲਾਜ਼ਮ ਤਾਇਨਾਤ ਕਰ ਦਿੱਤਾ ਗਿਆ।
(ਚਲਦਾ)

Check Also

ਪਰਵਾਸੀ ਨਾਮਾ

ਰੱਖੜੀ ਚਾਂਵਾਂ ਨਾਲ ਵੀਰਾਂ ਦੇ ਘਰ, ਚਲ ਕੇ ਭੈਣਾਂ ਅੱਜ ਆਈਆਂ ਨੇ। ਲਿਆਈਆਂ ਨੇ ਪਿਆਰ …