Breaking News
Home / ਰੈਗੂਲਰ ਕਾਲਮ / ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਿੱਖ ਇਤਿਹਾਸਕਾਰ – ਡਾ. ਜਸਬੀਰ ਸਿੰਘ ਸਰਨਾ ਨਾਲ ਇਕ ਮੁਲਾਕਾਤ

ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਿੱਖ ਇਤਿਹਾਸਕਾਰ – ਡਾ. ਜਸਬੀਰ ਸਿੰਘ ਸਰਨਾ ਨਾਲ ਇਕ ਮੁਲਾਕਾਤ

‘ਮੈਂ ਕਸ਼ਮੀਰ ਗਿਆ ਤੇ ਪਿੱਛੋਂ ਸਾਕਾ ਨੀਲਾ ਤਾਰਾ ਅਪ੍ਰੇਸ਼ਨ ‘ਚ ਮੇਰਾ ਹੱਥ ਲਿਖਤ ਫੈਡਰੇਸ਼ਨ ਦਾ ਇਤਿਹਾਸ ਨਸ਼ਟ ਹੋ ਗਿਆ’
ਮੁਲਾਕਾਤ ਕਰਤਾ
ਡਾ.ਦੇਵਿੰਦਰ ਪਾਲ ਸਿੰਘ 416-859-1856
(ਕਿਸ਼ਤ ਪਹਿਲੀ)
ਡਾ. ਜਸਬੀਰ ਸਿੰਘ ਸਰਨਾ, ਜੰਮੂ-ਕਸ਼ਮੀਰ ਸਰਕਾਰ, ਭਾਰਤ ਦੇ ਖੇਤੀਬਾੜੀ ਵਿਭਾਗ ਤੋਂ ਸੇਵਾ ਮੁਕਤ ਅਧਿਕਾਰੀ ਹਨ। ਅਜੋਕੇ ਸਮੇਂ ਵਿਚ ਸ੍ਰੀ ਨਗਰ ਦੇ ਵਾਸੀ, ਡਾ. ਸਰਨਾ ਜਿਥੇ ਖੇਤੀਬਾੜੀ ਵਿਸ਼ੇ ਦੇ ਮਾਹਿਰ ਹਨ, ਉਥੇ ਉਨ੍ਹਾਂ ਦਾ ਪੰਜਾਬੀ ਸਾਹਿਤ ਅਤੇ ਸਿੱਖ ਧਰਮ ਦੇ ਇਤਿਹਾਸ ਨਾਲ ਗਹਿਰਾ ਨਾਤਾ ਰਿਹਾ ਹੈ। ਬਚਪਨ ਦੌਰਾਨ ਘਰ ਵਿਚੋਂ ਹੀ ਮਿਲੇ ਧਾਰਮਿਕ ਸੰਸਕਾਰਾਂ ਨੇ ਡਾ. ਸਰਨਾ ਨੂੰ ਗੁਰੂ ਸਾਹਿਬਾਨ ਦੇ ਜੀਵਨ ਸਬੰਧਤ ਸਥਾਨਾਂ ਦੀ ਨਿਸ਼ਾਨਦੇਹੀ ਅਤੇ ਸਿੱਖ ਇਤਿਹਾਸ ਦੇ ਗਹਿਨ ਅਧਿਐਨ ਵੱਲ ਪ੍ਰੇਰਿਤ ਕੀਤਾ। ਪੰਜਾਬੀ ਸਾਹਿਤ ਅਤੇ ਸਿੱਖ ਚਿੰਤਨ ਦੇ ਵਿਭਿੰਨ ਪੱਖਾਂ ਦੀ ਪੜਚੋਲ ਉਨ੍ਹਾਂ ਦੇ ਜੀਵਨ ਦਾ ਅਹਿਮ ਅੰਗ ਰਹੀ ਹੈ। ਇਨ੍ਹਾਂ ਖੋਜਾਂ ਸੰਬੰਧਤ, ਉਨ੍ਹਾਂ ਦੀਆਂ ਅਨੇਕ ਰਚਨਾਵਾਂ, ਸਮੇਂ ਸਮੇਂ ਦੇਸ਼-ਵਿਦੇਸ਼ ਦੀਆਂ ਸਮਕਾਲੀ ਅਖਬਾਰਾਂ, ਮੈਗਜੀਨਾਂ ਤੇ ਖੋਜ ਪੱਤ੍ਰਿਕਾਵਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਉਨ੍ਹਾਂ ਦੀਆਂ ਹੁਣ ਤਕ 51 ਕਿਤਾਬਾਂ ਅਤੇ ਲਗਭਗ 300 ਸਾਹਿਤਕ ਲੇਖ ਛੱਪ ਚੁੱਕੇ ਹਨ। ਡਾ. ਜਸਬੀਰ ਸਿੰਘ ਸਰਨਾ ਇਕ ਅਜਿਹੀ ਵਿਲੱਖਣ ਸ਼ਖਸ਼ੀਅਤ ਹਨ, ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਸਾਹਿਤਕ ਤੇ ਗੁਰ-ਇਤਿਹਾਸ ਜਾਗਰੂਕਤਾ ਕਾਰਜਾਂ ਲਈ ਅਰਪਣ ਕੀਤਾ ਹੋਇਆ ਹੈ।
ਬਹੁਪੱਖੀ ਸਖਸ਼ੀਅਤ ਦੇ ਮਾਲਕ ਡਾ. ਜਸਬੀਰ ਸਿੰਘ ਸਰਨਾ, ਪਿਛਲੇ ਲਗਭਗ ਚਾਰ ਦਹਾਕਿਆ ਤੋਂ ਹੀ ਉਹ ਖੇਤੀਬਾੜੀ, ਸਾਹਿਤਕ, ਵਾਤਾਵਰਣੀ ਅਤੇ ਸਿੱਖ ਇਤਹਾਸਕਾਰੀ ਕਾਰਜਾਂ ਵਿਚ ਤਹਿ ਦਿਲੋਂ ਜੁੜੇ ਹੋਏ ਹਨ। ਸਾਹਿਤਕ ਖੇਤਰ ਵਿਚ, ਅਨੇਕ ਸੰਚਾਰ ਮਾਧਿਅਮਾਂ ਖਾਸਕਰ ਅਖਬਾਰਾਂ, ਮੈਗਜੀਨਾਂ ਅਤੇ ਕਿਤਾਬਾਂ ਆਦਿ ਰਾਹੀਂ, ਉਹ ਸਮਾਜਿਕ ਤੇ ਸਿੱਖ ਇਤਿਹਾਸ ਨਾਲ ਸਬੰਧਤ ਮਸਲਿਆਂ ਨੂੰ ਉਭਾਰਣ ਤੇ ਉਨ੍ਹਾਂ ਦੇ ਸਹੀ ਹੱਲਾਂ ਬਾਰੇ ਸਾਨੂੰ ਸੱਭ ਨੂੰ ਸੁਚੇਤ ਕਰਦੇ ਰਹੇ ਹਨ। ਉਨ੍ਹਾਂ ਦੇ ਬਹੁ-ਖੇਤਰੀ ਤੇ ਬਹੁ-ਦਿਸ਼ਾਵੀ ਕਾਰਜਾਂ ਵਿਚੋਂ ਉਨ੍ਹਾਂ ਦਾ ਸਿੱਖ ਇਤਿਹਾਸਕਾਰੀ ਪ੍ਰਤਿ ਅਮਲੀ ਸੇਵਾ-ਭਾਵ ਰੱਖਣਾ, ਖਾਸ ਤੌਰ ਉੱਤੇ ਪ੍ਰਭਾਵਿਤ ਕਰਦਾ ਹੈ। ਸਾਹਿਤਕ ਖੇਤਰ ਵਿਚ ਉਨ੍ਹਾਂ ਦੀ ਪਹਿਚਾਣ ਨਾਜ਼ੁਕ ਅਹਿਸਾਸਾਂ ਨਾਲ ਰੱਤੇ ਕਵੀ ਹੋਣ ਦੇ ਨਾਲ ਨਾਲ ਸਿਰਮੋਰ ਵਾਰਤਾਕਾਰ ਵਜੋਂ ਵੀ ਪਰਪੱਕ ਹੈ। ਵਰਨਣਯੋਗ ਹੈ ਕਿ ਉਨ੍ਹਾਂ ਦੀ ਸਮਕਾਲੀ ਸਮਾਜਿਕ, ਧਾਰਮਿਕ, ਵਾਤਾਵਰਣੀ ਤੇ ਇਤਿਹਾਸਕਾਰੀ ਮਸਲਿਆਂ ਸਬੰਧਤ ਪਕੜ੍ਹ ਬਹੁਤ ਹੀ ਪੀਡੀ ਹੈ। ਵਾਰਤਾਕਾਰ ਵਜੋਂ ਜਿਥੇ ਉਹ ਇਸਲਾਮ ਅਤੇ ਸਿੱਖ ਧਰਮ ਦੇ ਅਹਿਮ ਮੁੱਦਿਆ ਬਾਰੇ ਬਹੁਤ ਹੀ ਪਾਰਖੂ ਦ੍ਰਿਸ਼ਟੀਕੋਣ ਦੇ ਧਾਰਣੀ ਹਨ, ਉਥੇ ਉਨ੍ਹਾਂ ਨੇ ਇਨ੍ਹਾਂ ਭਾਈਚਾਰਿਆਂ ਦੇ ਸਮਕਾਲੀ ਸਰੋਕਾਰਾਂ ਨੂੰ ਸੰਚਾਰ ਮਾਧਿਅਮਾਂ ਰਾਹੀਂ ਸੰਬੰਧਤ ਅਧਿਕਾਰੀਆਂ ਤੇ ਸਰਕਾਰਾਂ ਤਕ ਪਹੁੰਚਾਣ ਵਿਚ ਵਿਸ਼ੇਸ਼ ਰੋਲ ਅਦਾ ਕੀਤਾ ਹੈ। ਉਨ੍ਹਾਂ ਦੇ ਨਿੱਜੀ ਤਜਰਬੇ ਅਤੇ ਵਿਚਾਰਾਂ ਨੂੰ ਜਾਨਣ ਦੀ ਉਤਸੁਕਤਾ ਹਰ ਪਾਠਕ ਦੇ ਹਿਰਦੇ ਅੰਦਰ ਠਾਠਾਂ ਮਾਰਦੀ ਹੋਵੇਗੀ। ਇਸੇ ਮੰਤਵ ਦੀ ਪੂਰਤੀ ਲਈ ਡਾ. ਜਸਬੀਰ ਸਿੰਘ ਸਰਨਾ ਜੀ ਵਲੋਂ ਪ੍ਰਸਤੁਤ ਵਿਚਾਰ ਲੜੀ ਪੇਸ਼ ਕੀਤੀ ਜਾ ਰਹੀ ਹੈ;
ਡਾ. ਸਿੰਘ : ਆਪ ਨੂੰ ਸਾਹਿਤਕ ਚੇਟਕ ਕਿਵੇਂ ਲੱਗੀ? ਕੀ ਅਜਿਹਾ ਵਿੱਦਿਅਕ ਪ੍ਰਾਪਤੀ ਸਮੇਂ ਵਾਪਰਿਆ? ਕਿਹੜੇ ਲੇਖਕਾਂ ਨੇ ਪ੍ਰਭਾਵਿਤ ਕੀਤਾ?
ਡਾ. ਸਰਨਾ: ਜਿਥੋਂ ਤੱਕ ਸਾਹਿਤਕ ਚੇਟਕ ਦੇ ਆਗਾਜ਼ ਦੀ ਗੱਲ ਹੈ, ਮੈਂ ਨੌਵੀਂ-ਦਸਵੀਂ ਵਿੱਚ ਸੈਂਟ ਜੋਸਫ ਸਕੂਲ, ਬਾਰਾਮੂਲਾ (ਕਸ਼ਮੀਰ) ਵਿੱਚ ਪੜ੍ਹਦਾ ਸਾਂ, ਤਾਂ ਮੈਨੂੰ ਆਪ ਮੁਹਾਰੇ ਅੰਗਰੇਜ਼ੀ ਕਵਿਤਾ ਲਿਖਣ ਦੀ ਚਪੇਟ ਜਿਹੀ ਲੱਗ ਗਈ। ਉਸ ਸਮੇਂ ਸਕੂਲ ਦੀ ਲਾਇਬ੍ਰੇਰੀ ਵਿੱਚ ਭਾਰਤ ਦਾ ਹਰਮਨ ਪਿਆਰਾ ਮੈਗਜ਼ੀਨ ‘ਸੰਨ ਸ਼ਾਇਨ’ ਆਉਂਦਾ ਸੀ। ਉਹ ਪੜ੍ਹਨ ਉਪਰੰਤ ਮੇਰਾ ਕਵਿਤਾ ਵੱਲ ਹੋਰ ਝੁਕਾਅ ਹੋ ਗਿਆ। ਜਦੋਂ ਮੇਰੇ ਵੱਡੇ ਵੀਰ ਡਾ. ਕੀਰਤ ਸਿੰਘ ਇਨਕਲਾਬੀ (ਜੋ ਆਪ ਵੀ ਚੰਗੇ ਪੰਜਾਬੀ ਕਵੀ ਹਨ) ਜੀ ਨੂੰ ਮੇਰੇ ਕਵਿਤਾ ਲਿਖਣ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਮੈਨੂੰ ਪੰਜਾਬੀ ਕਵਿਤਾ ਲਿਖਣ ਲਈ ਪ੍ਰੇਰਿਤ ਕੀਤਾ, ਕਿਉਂ ਕਿ ਪੰਜਾਬੀ ਵਿੱਚ ਅਸੀਂ ਆਪਣੇ ਖਿਆਲਾਂ ਦਾ ਪ੍ਰਵਾਹ ਚੰਗੇ ਤਰੀਕੇ ਨਾਲ ਨਿਭਾ ਸਕਦੇ ਹਾਂ। ਬਸ ਉਸ ਤੋਂ ਬਾਅਦ ਮੈਂ ਲਗਾਤਾਰ ਪੰਜਾਬੀ ਵਿੱਚ ਲਿੱਖ ਰਿਹਾ ਹਾਂ, ਭਾਵੇਂ ਅੰਗਰੇਜ਼ੀ ਵਿੱਚ ਵੀ ਕੰਮ ਚਲਦਾ ਹੈ। ਜਿਥੋਂ ਤਕ ਲੇਖਕਾਂ ਤੋਂ ਪ੍ਰਭਾਵਿਤ ਹੋਣ ਦਾ ਸੰਬੰਧ ਹੈ, ਮੈਂ ਬਹੁਤਾ ਗੁਰਬਾਣੀ, ਦਸ਼ਮੇਸ਼ ਪਿਤਾ ਦੀ ਬਾਣੀ, ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਡਾ ਜਸਵੰਤ ਸਿੰਘ ਨੇਕੀ ਤੇ ਸੁਰਜੀਤ ਪਾਤਰ ਆਦਿ ਜ਼ਿਕਰੇ-ਖੈਰ ਹਨ।
ਡਾ. ਸਿੰਘ : ਆਪ ਨੇ ਵਿੱਦਿਅਕ ਖੇਤਰ ਵਿਚ ਕੀ ਕੀ ਮੱਲਾਂ ਮਾਰੀਆਂ?
ਡਾ. ਸਰਨਾ : ਮੈਂ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਸੰਨ 1982 ਵਿੱਚ ਬੀ. ਐਸਸੀ. (ਐਗਰੀਕਲਚਰ) ਦੀ ਡਿਗਰੀ ਪ੍ਰਾਪਤ ਕੀਤੀ। ਉਸ ਤੋਂ ਬਾਅਦ, ਸੰਨ 1998 ਵਿੱਚ ਅਮਰੀਕਾ ਦੀ ਇਕ ਯੂਨੀਵਰਸਿਟੀ ਨੇ ਮੇਰੀ ਸਾਹਿਤਕ ਘਾਲਣਾ ਨੂੰ ਮੁੱਖ ਰੱਖ ਕੇ ਮੈਨੂੰ ਪੀਐਚ. ਡੀ. ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਸੀ। ਕਾਲਜ ਸਮੇਂ ਵੀ ਮੈਨੂੰ ਚਾਰ ਸੋਨ ਤਮਗੇ ਹਾਸਲ ਹੋਏ ਸਨ।
ਡਾ. ਸਿੰਘ: ਆਪਣੇ ਪ੍ਰੋਫੈਸ਼ਨਲ ਸਫ਼ਰ ਬਾਰੇ ਜਾਣੂ ਕਰਵਾਓ, ਨੌਕਰੀ ਦੀ ਸ਼ੁਰੂਆਤ ਕਿੱਥੋਂ ਹੋਈ? ਕੀ ਕੀ ਸੇਵਾ ਨਿਭਾਈ ਤੇ ਕਿੱਥੇ ਕਿੱਥੇ?
ਡਾ. ਸਰਨਾ : ਮੈਂ ਜੰਮੂ ਕਸ਼ਮੀਰ ਦੇ ਐਗਰੀਕਲਚਰਲ ਵਿਭਾਗ ਵਿੱਚ ਸੰਨ 1985 ਵਿੱਚ ਦਾਖਲ ਹੋ ਕੇ ਜ਼ਿਲਾ ਕਠੂਆ, ਜੰਮੂ ਦੇ ਇਲਾਕੇ ਮਹਾਨਪੁਰ, ਬਿਲਾਵਰ ਵਿੱਚ ਜੁਆਇਨ ਕੀਤਾ। ਉਥੇ ਪਿੰਡ ਫ਼ਿੰਤਰ ਵਿੱਚ ਰਿਹਾਇਸ਼ ਰੱਖ ਕੇ ਦੂਰ ਦੁਰਾਡੇ ਪਿੰਡਾਂ ਵਿੱਚ ਖੇਤੀਬਾੜੀ ਬਾਰੇ ਜਾਣਕਾਰੀ ਦੇਣ ਲਈ ਸਰਗਰਮ ਹੋ ਗਏ। ਪਿੰਡ ਦੇ ਲਾਗੇ ਹੀ ਖੂਬਸੂਰਤ ਜੰਗਲ ਸੀ ਜਿਸ ਵਿੱਚ ਗੁਲਮੋਹਰ ਦੇ ਰੁੱਖਾਂ ਦੀ ਭਰਮਾਰ ਸੀ। ਮੈਨੂੰ ਉਹ ਗੁਲਮੋਹਰ ਬੜੇ ਪ੍ਰਭਾਵਤਿ ਕਰਦੇ। ਫਿਰ ਮੇਰੀ ਬਦਲੀ ਰਾਮਬਨ ਦੇ ਖਿੱਤੇ ਵਿੱਚ ਹੋ ਗਈ। ਉਥੇ ਟੰਗਰਝੀਰ ਉਹ ਪਹਾੜੀ ਇਲਾਕਾ ਸੀ ਜਿਥੇ ਪਹਿਲੀ ਵਾਰ ਕੋਈ ਸਿੱਖ ਮੁਲਾਜ਼ਮ ਪੁੱਜਿਆ ਸੀ ਜਿਵੇਂ ਕੀ ਉਥੋਂ ਦੇ ਬਜੁਰਗਾਂ ਨੇ ਮੈਨੂੰ ਦੱਸਿਆ । ਉਥੋਂ ਦੇ ਬੱਚੇ ਮੈਨੂੰ ਇੰਝ ਵੇਖਦੇ ਸਨ ਕਿਸੇ ਦੂਸਰੇ ਗ੍ਰਹਿ ਤੋਂ ਆਇਆ ਹੋਵਾਂ । ਉੱਚੀ ਪਹਾੜੀਆਂ ਅਤੇ ਜੰਗਲੀ ਇਲਾਕੇ ਵਾਲਾ ਇਹ ਖਿੱਤਾ ਰਾਮਬਨ ਤੋਂ ਵੀਹ ਕਿਲੋਮੀਟਰ ਦੂਰ ਸੀ। ਇਸ ਉਚਾਈ ਤੇ ਪਹਿਲੀ ਵਾਰ ਹਾਈਬ੍ਰਿਡ ਕਣਕ ਉੱਗਾ ਕੇ ਲੋਕਾਂ ਨੂੰ ਹੈਰਾਨੀ ਹੋਣੀ ਕੁਦਰਤੀ ਸੀ। ਕੁੱਝ ਸਾਲਾਂ ਬਾਅਦ ਮੇਰੀ ਬਦਲੀ ਕਸ਼ਮੀਰ ਦੇ ਕੁਪਵਾੜਾ ਇਲਾਕੇ ਵਿੱਚ ਹੋ ਗਈ। ਐਗਰੀਕਲਚਰ ਐਕਸਟੈਂਸ਼ਨ ਅਫਸਰ ਦੇ ਤੌਰ ਤੇ ਹਰਲ, ਤਾਰਥਪੁਰਾ, ਕਰਾਲਗੁੰਡ ਆਦਿ ਥਾਵਾਂ ਤੇ ਗਤੀਸ਼ੀਲ ਰਹਾ। ਕਸ਼ਮੀਰ ਵਿੱਚ ਹਾਲਾਤ ਖੁਸ਼ਗਵਾਰ ਨਹੀਂ ਸਨ ਪਰ ਵਾਹਿਗੁਰੂ ਦੀ ਕਿਰਪਾ ਨਾਲ ਸੇਵਾਵਾਂ ਤਨਦੇਹੀ ਨਾਲ ਅੰਜਾਮ ਦੇਂਦਾ ਰਿਹਾ। ਫਿਰ ਮੈਨੂੰ ਫਰਟੀਲਾਈਜ਼ਰ ਇੰਸਪੈਕਟਰ ਜ਼ਿਲ੍ਹਾ ਕੁਪਵਾੜਾ ਦੀ ਤਰੱਕੀ ਦਿੱਤੀ ਗਈ। ਇਹ ਕੰਮ ਬੜਾ ਦੋਜ਼ਕ ਭਰਿਆ ਸੀ। ਬੀਜ ਅਤੇ ਖਾਦ ਦੁਕਾਨਾਂ ‘ਤੇ ਛਾਪੇ ਮਾਰ ਕੇ ਉਨ੍ਹਾਂ ਦੇ ਸੈਂਪਲ ਟੈਸਟ ਲਈ ਲੈਬਾਰਟਰੀ ਨੂੰ ਭੇਜਣੇ ਅਤੇ ਫਿਰ ਸੈਂਪਲ ਗਲਤ ਆਉਣ ‘ਤੇ ਉਨ੍ਹਾਂ ਤੇ ਥਾਨਿਆਂ ਵਿੱਚ ਐਫ਼. ਆਈ. ਆਰ. ਦਰਜ ਕਰਨੇ ਅਤੇ ਅਦਾਲਤ ਵਿੱਚ ਚਲਾਨ ਪੇਸ਼ ਕਰਨੇ। ਇਹ ਭਾਵੇਂ ਦੋਜ਼ਕ ਭਰਿਆ ਕੰਮ ਸੀ। ਦੁਕਾਨਾਂ ਵਾਲੇ ਰਿਸ਼ਵਤ ਦੀ ਪੇਸ਼ਕਸ਼ ਕਰਦੇ, ਪਰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਤਾਂ ਇਸ ਤੋਂ ਕਾਫੀ ਦੂਰ ਸਾਂ । ਡਾਇਰੈਕਟਰ ਨੂੰ ਕਹਿ ਕੇ ਮੈਂ ਵਾਪਸ ਅਪਣੇ ਵਿੰਗ ਐਕਸਟੈਨਸ਼ਨ ਵਿੱਚ ਤਬਦੀਲੀ ਕਰਾਈ। ਫਿਰ ਕਾਫ਼ੀ ਅਰਸੇ ਸ਼ੈਰੀ ਅਤੇ ਸ਼ਾਦੀਪੁਰਾ ਥਾਵਾਂ ਤੇ ਗਤੀਸ਼ੀਲ ਰਿਹਾ । ਸ਼ਾਦੀਪੁਰਾ ਵਿੱਚ ਮੈਂ ਇਕ ਵੇਰ ਚੋਰ ਮੋਰੀ ਰਾਹੀਂ ਭਰਤੀ ਹੋਏ ਡੇਲੀਵੇਜਰਾਂ ਨੂੰ ਹਾਜ਼ਰੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਮੈਨੂੰ ਇਸ ਦੇ ਇਵਜ਼ ਵਿੱਚ ਬਾਡਰ ਤੇ ਪੈਂਦੇ ਕੈਰਨ ਸੈਕਟਰ ਵਿੱਚ ਤਬਦੀਲ ਕਰ ਦਿੱਤਾ ਗਿਆ। ਕੁਪਵਾੜਾ ਤੋਂ ਕੈਰਨ ਤਕਰੀਬਨ 80 ਕਿਲੋਮੀਟਰ ਦੂਰ ਹੈ ਅਤੇ ਸਾਰਾ ਰਸਤਾ ਘਣੇ ਜੰਗਲਾਂ ਵਿਚੋਂ ਗੁਜ਼ਰਦਾ ਹੈ। ਉਥੋਂ ਹੀ ਸੰਨ 2012 ਵਿੱਚ ਸੇਵਾ ਮੁਕਤ ਹੋਇਆ।
ਡਾ. ਸਿੰਘ : ਆਪ ਨੇ ਬੀ. ਐਸਸੀ. (ਐਗਰੀਕਲਚਰ) ਦੀ ਪੜ੍ਹਾਈ ਅੰਗਰੇਜ਼ੀ ਵਿਸ਼ੇ ਵਿੱਚ ਕੀਤੀ। ਪਰ ਆਪ ਨੇ ਆਪਣੇ ਰਚਨਾ ਕਾਰਜ ਮੁੱਖ ਤੌਰ ਉੱਤੇ ਪੰਜਾਬੀ ਭਾਸ਼ਾ ਵਿਚ ਹੀ ਕੀਤੇ ਹਨ। ਪੰਜਾਬੀ ਭਾਸ਼ਾ ਵਿਚ ਲੇਖਣ ਕਾਰਜਾਂ ਬਾਰੇ ਸਬੱਬ ਕਿਉਂ ਤੇ ਕਿਵੇਂ ਬਣਿਆ?
ਡਾ. ਸਰਨਾ: ਮੈਂ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਕਵਿਤਾ ਦੀ ਸਿਰਜਣਾ ਕਰ ਰਿਹਾ ਸਾਂ । ਪਹਿਲੇ ਸਾਲ ਵਿੱਚ ਇਕ ਸਬਜੈਕਟ ਪੰਜਾਬੀ ਦਾ ਲੈਣਾ ਜਰੂਰੀ ਸੀ। ਮੈਂ ਅਸਲ ਵਿੱਚ ਪੰਜਾਬੀ ਇਥੋਂ ਹੀ ਲਿਖਣੀ ਸਿੱਖੀ, ਕਿਉਂਕਿ ਮੈਂ ਪਹਿਲਾਂ ਪੰਜਾਬੀ ਉਰਦੂ ਰਸਮੂਲਖਤ (ਸ਼ਾਹਮੁਖੀ) ਵਿੱਚ ਲਿਖਦਾ ਸਾਂ। ਜਦੋਂ ਇਮਤਿਹਾਨ ਹੋਇਆ ਤਾਂ ਪੂਰੀ ਕਲਾਸ ਵਿੱਚੋਂ ਮੈਂ ਪੰਜਾਬੀ ਪਰਚੇ ਵਿੱਚ ਅੱਵਲ ਆਇਆ। ਬਾਅਦ ਵਿੱਚ ਪ੍ਰੋਫੈਸਰ ਕੁਲਵੰਤ ਸਿੰਘ, ਜੋ ਪੰਜਾਬੀ ਪੜ੍ਹਾਉਂਦੇ ਸਨ, ਨੇ ਮੇਰੀ ਖੁਸ਼ਖੱਤ ਲਿਖਾਈ ਬਾਰੇ ਤਾਂ ਖੁਸ਼ ਹੋਏ, ਪਰ ਅਖੱਰਜੋੜ ਦੀਆਂ ਗਲਤੀਆਂ ਸੁਧਾਰਨ ਬਾਰੇ ਤਾਕੀਦ ਕੀਤੀ। ਪੰਜਾਬੀ ਵਿੱਚ ਰਚਨਾ ਕਾਰਜ ਸਹਿਜ ਸਹਿਜ ਹੀ ਵਾਪਰਿਆ ਕਿਉਂਕਿ ਇਸ ਮਿਸ਼ਰੀ ਵਰਗੀ ਭਾਸ਼ਾ ਵਿੱਚ ਅਸੀਂ ਆਪਣੇ ਖਿਆਲਾਂ ਦਾ ਪ੍ਰਵਾਹ ਪਹਾੜਾਂ ‘ਚੋਂ ਨਿਕਲੀ ਆਬਸ਼ਾਰ ਵਾਂਗ ਚੰਗੀ ਤਰ੍ਹਾਂ ਨਿਭਾ ਸਕਦੇ ਹਾਂ।
ਡਾ. ਸਿੰਘ : ਆਪ ਨੇ ਮੌਲਿਕ ਰਚਨਾ ਕਾਰਜ ਵੀ ਕੀਤੇ ਜਾਂ ਸਿਰਫ਼ ਸਿੱਖ ਇਤਿਹਾਸਕਾਰੀ ਹੀ ਆਪ ਦੀ ਦਿਲਚਸਪੀ ਦਾ ਮੁੱਖ ਖੇਤਰ ਰਿਹਾ?
ਡਾ. ਸਰਨਾ : ਜਿਥੋਂ ਤੱਕ ਮੇਰੀਆਂ ਮੋਲਿਕ ਰਚਨਾਵਾਂ ਦਾ ਸੰਬੰਧ ਹੈ ਉਨ੍ਹਾਂ ਦਾ ਘੇਰਾ ਬੜਾ ਵਿਸ਼ਾਲ ਹੈ। ਉਸ ਵਿੱਚ ਮੇਰੇ ਕਾਵਿ ਸੰਗ੍ਰਹਿ, ਜੀਵਨੀਆਂ, ਵਾਰਤਕ ਤੇ ਵਿਗਿਆਨ ਆਦਿ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਸ਼ਾਮਲ ਹਨ। ਜਿਥੋਂ ਤੱਕ ਇਤਿਹਾਸਕ ਪੁਸਤਕਾਂ ਦਾ ਸੰਬੰਧ ਹੈ, ਇਹ ਮੈਨੂੰ ਆਪਣੇ ਪਿਤਾ ਜੀ ਦੀ ਦੇਣ ਹੈ, ਕਿਉਂਕਿ ਉਨ੍ਹਾਂ ਨੇ ਹੀ ਸਿੱਖ ਇਤਿਹਾਸ ਦਾ ਗੋਰਵਮਈ ਬੀਜ ਮੇਰੀ ਚਿੰਤਨ ਦੀ ਜ਼ਮੀਨ ਤੇ ਆਣ ਧਰਿਆ। ਤਵਾਰੀਖੀ ਨੁਕਤੇ ਨਿਗਾਹ ਤੋਂ ਇਤਿਹਾਸ ਵਿੱਚ ਪਹਿਲਾ ਕਦਮ ‘ਸਿੱਖਸ ਇੰਨ ਕਸ਼ਮੀਰ’ (1993) ਸੀ। ਉਸ ਤੋਂ ਬਾਅਦ ‘ਜੰਮੂ-ਕਸ਼ਮੀਰ ਦੀ ਸਿੱਖ ਤਵਾਰੀਖ’ ਆਦਿ ਕਿਤਾਬਾਂ ਲਿਖੀਆਂ।
ਡਾ. ਸਿੰਘ : ਆਪ ਨੇ ਆਪਣੇ ਵਿਚਾਰਾਂ ਦੇ ਪ੍ਰਸਾਰ ਲਈ ਜਨ ਸੰਚਾਰ ਮਾਧਿਅਮਾਂ (ਅਖਬਾਰਾਂ, ਮੈਗਜੀਨਾਂ ਅਤੇ ਕਿਤਾਬਾਂ) ਦੀ ਬਹੁਤ ਹੀ ਸੁਚੱਜੀ ਵਰਤੋਂ ਕੀਤੀ ਹੈ। ਇਨ੍ਹਾਂ ਖੇਤਰਾਂ ਵਿਚ ਆਪ ਵਲੋਂ ਪਾਏ ਪੂਰਨਿਆਂ ਬਾਰੇ ਵਿਸਥਾਰ ਨਾਲ ਦੱਸੋ ਜੀ।
ਡਾ. ਸਰਨਾ : ਮੈਂ ਧਾਰਮਿਕ, ਵਿਗਿਆਨਕ ਤੇ ਸਮਾਜਿਕ ਵਿਸ਼ਿਆਂ ਬਾਰੇ ਲੇਖ ਲਗਾਤਾਰ ਲਿਖਦਾ ਰਿਹਾ ਹਾਂ ਜੋ ਦੇਸ਼-ਵਿਦੇਸ਼ ਦੇ ਪ੍ਰਸਿੱਧ ਅਖਬਾਰਾਂ ਅਤੇ ਮੈਗਜ਼ੀਨਾਂ ਦੀ ਜ਼ੀਨਤ ਬਣਦੇ ਰਹੇ ਹਨ। ਮੈਂ ਵਿਦਿਆਰਥੀ ਜੀਵਨ ਦੌਰਾਨ ਹੀ ‘ਚੜ੍ਹਦੀ ਕਲਾ’ ਅਖਬਾਰ, ਪਟਿਆਲਾ ਦਾ ਸਾਹਿਤਕ ਪੰਨਾ ਸੰਨ 1980 ਤੋਂ ਸੰਨ 1984 ਤਕ ਸੰਪਾਦਕ ਕਰਦਾ ਰਿਹਾ ਸਾਂ। ਸੰਨ 1981-82 ਦੌਰਾਨ, ਖਾਲਸਾ ਕਾਲਜ, ਅੰਮ੍ਰਿਤਸਰ ਦੇ ”ਦਰਬਾਰ” ਮੈਗਜ਼ੀਨ ਦੇ ਧਾਰਮਿਕ ਸੈਕਸ਼ਨ ਦਾ ਐਡੀਟਰ ਵੀ ਰਿਹਾ। ਮੈਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮਾਸਿਕ ਮੈਗਜ਼ੀਨ ”ਸ਼ਮਸ਼ੀਰਿ ਦਸਤ” ਦਾ ਫਾਊਂਡਰ ਐਡੀਟਰ ਬਣਨ ਦਾ ਮਾਣ ਵੀ ਪ੍ਰਾਪਤ ਹੋਇਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਮੈਂ ਇਕ ਵਿਸ਼ੇਸ਼ ਅੰਕ ਸੰਤਾਂ ਬਾਰੇ ਕੱਢਿਆ ਸੀ ਜਿਸ ਵਿੱਚ ਸਰਕਾਰ ਦੀ ਖੂਬ ਨੁਕਤਾਚੀਨੀ ਕੀਤੀ ਗਈ ਸੀ। ਬਸ ਉਸ ਤੋਂ ਬਾਅਦ ਅਸੀਂ ਪੰਜ-ਛੇ ਫ਼ਡਰੈਸ਼ਨ ਵਰਕਰ, ਕਾਲਜ ਦੇ ਬਾਹਰ ਨਿੰਦੀ ਦੀ ਦੁਕਾਨ ਤੋਂ ਚਾਹ ਪੀ ਰਹੇ ਸਾਂ ਕਿ ਅਚਾਨਕ ਪੁਲਿਸ ਦੀ ਜਿਪਸੀਆਂ ਨੇ ਘੇਰਾਬੰਦੀ ਕਰ ਲਈ ਅਤੇ ਮੈਨੂੰ ਚੁਕ ਕੇ ਅਪਣੇ ਨਾਲ ਲੈ ਗਏ। ਆਖਰ ਮੈਨੂੰ ਵੱਖ-ਵੱਖ ਟਾਰਚਰ ਸੈਲਾਂ ਵਿਖੇ ਕਈ ਦਿਨ ਰੱਖ ਕੇ ਕਈ ਮਹੀਨੇ ਤਕ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਰੱਖਿਆ ਗਿਆ। ਉਥੋਂ ਹੀ ਭਾਈ ਅਮਰੀਕ ਸਿੰਘ ਜੀ ਨੇ ਰਿਹਾਈ ਕਰਾਈ। ਸੰਨ 1985-2000 ਦੌਰਾਨ, ਕੈਨੇਡਾ ਤੋਂ ਛਾਪੇ ਜਾਂਦੇ ”ਇੰਟਰਨੈਸ਼ਨਲ ਜਨਰਲ ਆਫ਼ ਸਿੱਖ ਸਟੱਡੀਜ਼” ਦਾ ਐਡੀਟੋਰੀਅਲ ਅਡਵਾਈਜ਼ਰ ਵੀ ਰਹਿ ਚੁੱਕਾ ਹਾਂ। ਜੰਮੂ-ਕਸ਼ਮੀਰ ਵਿਖੇ ਕਈ ਵਰ੍ਹਿਆਂ ਤੋਂ ”ਦਾ ਸਿੱਖ ਰਿਵਿਊ” ਜਨਰਲ, ਜੋ ਕੋਲਕਾਤਾ ਤੋਂ ਛੱਪਦਾ ਹੈ, ਦਾ ਨੁਮਾਇੰਦਾ ਹਾਂ। ਅੱਜਕਲ੍ਹ ਕਸ਼ਮੀਰ ਤੋਂ ਨਿਕਲਦੇ ਤ੍ਰੈਮਾਸਿਕ ਮੈਗਜ਼ੀਨ ”ਜੇਹਲਮ ਦਾ ਪਾਣੀ” ਦੇ ਸਬ-ਐਡੀਟਰ ਦੀ ਸੇਵਾ ਨਿਭਾ ਰਿਹਾ ਹਾਂ।
ਡਾ. ਸਿੰਘ : ਸਾਹਿਤਕ, ਵਾਤਾਵਰਣੀ ਤੇ ਇਤਿਹਾਸਕਾਰੀ ਖੇਤਰਾਂ ਵਿਚ ਪਾਏ ਆਪ ਦੇ ਅਹਿਮ ਯੋਗਦਾਨ ਨੇ ਅਨੇਕ ਕਵੀਆਂ ਤੇ ਵਾਰਤਾਕਾਰਾਂ ਨੂੰ ਉਤਸ਼ਾਹਿਤ ਕੀਤਾ ਹੈ। ਇਨ੍ਹਾਂ ਖੇਤਰਾਂ ਵਿਚ ਵਾਪਰੇ ਕੁਝ ਦਿਲਚਸਪ/ ਯਾਦਗਾਰੀ ਕਿੱਸਿਆਂ ਬਾਰੇ ਜਾਨਣਾ ਚਾਹਾਂਗਾ।
ਡਾ. ਸਰਨਾ : ਜਿਥੋਂ ਤੱਕ ਸਾਹਿਤਕ ਖੇਤਰ ਦੀਆਂ ਦਿਲਚਸਪ / ਯਾਦਗਾਰੀ ਪਲਾਂ ਦਾ ਸੰਬੰਧ ਹੈ, ਉਹ ਬੇਸ਼ੁਮਾਰ ਹਨ। ਸੰਨ 1981-82 ਦੀ ਗੱਲ ਹੈ, ਜਦੋਂ ਮੈਂ ”ਸ਼ਮਸ਼ੀਰਿ ਦਸਤ” ਰਸਾਲੇ ਦਾ ਫਾਊਂਡਰ ਐਡੀਟਰ ਸਾਂ, ਤਾਂ ਖਾਲਸਾ ਕਾਲਜ, ਅੰਮ੍ਰਿਤਸਰ ਦੇ ਬਾਹਰ ਨਿੰਦੀ ਦੀ ਹੱਟੀ ਤੇ ਪੰਜ-ਛੇ ਵਿਦਿਆਰਥੀ ਚਾਹ ਪੀ ਰਹੇ ਸਾਂ। ਤਦ ਹੀ ਕਿਸੇ ਦੀ ਮੁਖਬਰੀ ਕਾਰਨ ਗ੍ਰਿਫਤਾਰ ਕੀਤਾ ਗਿਆ। ਵੱਖ ਵੱਖ ਥਾਣਿਆਂ ਵਿੱਚ ਪੁਲਿਸ ਮੇਰੇ ਉੱਤੇ ਤਸ਼ੱਦਦ ਕਰਦੀ ਰਹੀ ਅਤੇ ਪੁੱਛਦੀ ਰਹੀ ਕਿ ਤੁਸਾਂ ਬੰਬ ਕਿੱਥੇ ਕਿੱਥੇ ਸੁੱਟੇ ਸਨ। ਮੈਂ ਤਾਂ ਸਾਫ਼ ਕਹਿੰਦਾ ਸਾਂ ਜਦੋਂ ਤੱਕ ਮੇਰੇ ਹੱਥ ਵਿਚ ਕਲਮ ਹੈ ਬੰਬ ਚਲਾਉਣ ਦੀ ਜ਼ਰੂਰਤ ਨਹੀਂ। ਇੱਥੇ ਕਾਬਲੇਗੌਰ ਹੈ ਕਿ ਪੁਲਿਸ ਨੇ ਮੇਰੇ ਉੱਤੇ ਬੰਬ ਕੇਸ ਪਾਏ ਸਨ।
ਵਾਤਾਵਰਣ ਦੀ ਦਿਲਚਸਪ ਗੱਲ ਇਹ ਹੈ ਕਿ ਇਕ ਵੇਰ ਡਾ ਗੁਪਾਲ ਸਿੰਘ ਪੁਰੀ (ਪ੍ਰਸਿੱਧ ਲੇਖਕਾ ਕੈਲਾਸ਼ਪੁਰੀ ਦੇ ਪਤੀ) ਨੇ ਖੱਤ ਲਿਖਿਆ ਸੀ ”ਮੈਂ ਅਪਣੀ ਖੁਸ਼ਨਸੀਬੀ ਸਮਝਦਾ ਹਾਂ ਕਿ ਕਿਉਂ ਕਿ ਮੁੱਦਤਾਂ ਹੋਈਆਂ ਮੈਂ ਵੀ ਕਸ਼ਮੀਰ ਦੀ ਵਾਦੀ ਵਿਚ ਕੁਝ ਵਰ੍ਹੇ ਬਿਤਾਏ ਸਨ ਤੇ ਜੰਗਲਾਂ ਤੇ ਕੁਝ ਕੁਝ ਕੰਮ ਕੀਤਾ ਸੀ। ਮੇਰੀ ਪਹਿਲੀ ਜਾਣ-ਪਛਾਣ ”ਕਰੇਵਿਸ ਆਫ ਕਸ਼ਮੀਰ” ਦੇ ਪਹਾੜਾਂ ਨਾਲ ਹੋਈ। ਮੈਂ ਉਥੋਂ ਦੇ ਰੁੱਖਾਂ, ਪੱਤੀਆਂ, ਬੀਜਾਂ, ਫੁੱਲਾਂ ਤੇ ਫਲਾਂ ਦੇ ਪਥਰਾਟਾਂ (Fossils) ‘ਤੇ ਕੰਮ ਕਰ ਰਿਹਾ ਸੀ। ਬਾਰਾਮੂਲਾ ਤੋਂ ਜੰਗਲ ਜੰਗਲ ਘੁੰਮਦਿਆਂ ਲਾਰੀਡੋਰਾ, ਨਿੰਗਲ ਨਾਲਾ, ਮੋਜ਼ਾ ਪਥੱਰੀ, ਗੁਲਮਰਗ ਤੇ ਪੀਰ ਪੰਜਾਲ ਪਹਾੜਾਂ ਦੇ ਨਾਲ ਨਾਲ, ਉਥੇ ਅਫਰਟਡ ਦੀਆਂ ਚੋਟੀਆਂ ਮੈਂ ਕਈ ਵਾਰੀ ਸਰ ਕੀਤੀਆਂ। ਜ਼ਮੀਨ ਵਿੱਚ ਦੱਬੇ ਹੋਏ ਪਥਰਾਟ (Fossils) ਖੋਦ ਖੋਦ ਕੇ ਕੱਢਣਾ ਤੇ ਫਿਰ ਮੈਂ, ਉਨ੍ਹਾਂ ਨੂੰ ਜਿਵੇਂ ਉਹ ਕੋਈ ਪਿਆਰੀਆਂ ਪਿਆਰੀਆਂ ਜ਼ਿੰਦਾ ਹੋਣ, ਨੂੰ ਰੂਈ ਵਿੱਚ ਲਪੇਟ ਕੇ ਰੱਖਣਾ ਤੇ ਕਈ ਕਈ ਦਿਨ ਪਛਾਨਣ ਦੀ ਕੋਸ਼ਿਸ਼ ਕਰਨੀ। ਇਹ ਕੰਮ ਬਾਅਦ ਵਿਚ ਮੇਰੇ ਪੀਐਚ. ਡੀ. ਦੇ ਥੀਸਿਸ ਦਾ ਆਧਾਰ ਬਣਿਆ।” ਇਤਿਹਾਸਕਾਰੀ ਬਾਰੇ ਇਕ ਘਟਨਾ ਯਾਦ ਹੈ। ਸੰਨ 1983 ਦੇ ਅਖੀਰ ਵਿਚ ਮੈਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਇਤਿਹਾਸ ਬੜੀ ਮੁਸ਼ਕਿਲ ਨਾਲ ਵੱਡ ਆਕਾਰੀ ਹੱਥ ਲਿਖਤ ਤਿਆਰ ਕਰਕੇ ਭਾਈ ਅਮਰੀਕ ਸਿੰਘ ਜੀ ਨੂੰ ਨਜ਼ਰਸਾਨੀ ਲਈ, ਮੁੱਖਬੰਦ ਲਿਖਣ ਲਈ ਅਤੇ ਛਾਪਣ ਲਈ ਦੇ ਕੇ ਕਸ਼ਮੀਰ ਆ ਗਿਆ ਸਾਂ। 1984 ਦੇ ਨੀਲਾ ਤਾਰਾ ਉਪਰੇਸ਼ਨ ਸਮੇਂ ਉਹ ਸਾਰੀ ਹੱਥ ਲਿੱਖਤ ਨਸ਼ਟ ਹੋ ਗਈ। ਦੁਬਾਰਾ ਕਸ਼ਮੀਰ ਪਏ ਪੁਰਾਣੇ ਕਾਗਜ਼ਾਂ ਦੀ ਢੂੰਡ ਭਾਲ ਕਰ ਕੇ ਇਕ ਛੋਟੀ ਜਿਹੀ ਕਿਤਾਬ ਬਾਜ਼ਨਾਮਾ ਛਾਪੀ, ਜੋ ਅਸਲੀ ਹੱਥ ਲਿਖਤ ਦਾ ਛੋਟਾ ਜਿਹਾ ਅਕਸ਼ ਹੈ।
ਡਾ. ਸਿੰਘ: ਸਰ! ਆਪ ਜੀ ਦੀਆਂ ਹੁਣ ਤਕ ਕਿੰਨ੍ਹੀਆਂ ਪੁਸਤਕਾਂ ਛਪ ਚੁੱਕੀਆਂ ਹਨ ਤੇ ਕਿਹੜ੍ਹੀਆਂ ਕਿਹੜ੍ਹੀਆਂ? ਕੋਈ ਛਪਾਈ ਅਧੀਨ ਵੀ ਹੈ? ਕ੍ਰਿਪਾ ਕਰ ਕੇ ਵਿਸਥਾਰ ਸਹਿਤ ਦੱਸੋ।
ਡਾ. ਸਰਨਾ: ਮੇਰੀਆਂ ਬੁਹਤ ਸਾਰੀਆਂ ਪੁਸਤਕਾਂ ਛਪ ਚੁੱਕੀਆਂ ਹਨ। ਜਿਨ੍ਹਾਂ ਦੇ ਵਿਭਿੰਨ ਵਿਸ਼ੇ ਅਤੇ ਪਾਸਾਰ ਹਨ । ਜਿਵੇਂ ਕਵਿਤਾ, ਸਿੱਖ ਧਰਮ ਤੇ ਇਤਿਹਾਸ, ਕੋਸ਼ਕਾਰੀ, ਪੰਜਾਬੀ ਸਾਹਿਤ, ਵਿਗਿਆਨ ਆਦਿ।
ਕਵਿਤਾ: ਸ਼ਬਦਨਾਮਾ (1981), ਮੈਨੂੰ ਦੇ ਦਿਉ (1982), ਪ੍ਰਤਿਬੰਬ (1987), ਸੱਚ ਕੀ ਕਾਤੀ (1990), ਸਹਿਜ (2009), ਨਾਮਾ ਏ ਜਸਬੀਰ ਸਿੰਘ (2015)
ਸਿੱਖ ਧਰਮ ਅਤੇ ਇਤਿਹਾਸ : ਕੇਸਰ ਦਾ ਫੁੱਲ (1990), ਜੰਮੂ-ਕਸ਼ਮੀਰ ਦੀ ਸਿਖ ਤਵਾਰੀਖ (2020, ਦੂਜਾ ਐਡੀਸ਼ਨ), ਬਾਜ਼ਨਾਮਾ (2015, ਚੌਥਾ ਐਡੀਸ਼ਨ), ਇਕ ਮਹਿਕ ਦਾ ਸਫ਼ਰਨਾਮਾ (2001), ਤੇਗਜ਼ਨ ਗੁਰੂ ਹਰਿਗੋਬਿੰਦ ਸਾਹਿਬ (2002), ਗੁਰੂ ਹਰਿਕ੍ਰਿਸ਼ਨ ਸਾਹਿਬ (2003), ਜੰਮੂ ਕਸ਼ਮੀਰ ਦੇ ਇਤਿਹਾਸਕ ਗੁਰਦੁਆਰੇ (2005), ਸਿੱਖ ਧਰਮ ਦੇ ਮੁਢਲੇ ਫ਼ਾਰਸੀ ਅਤੇ ਉਰਦੂ ਸਰੋਤ (2008), ਮੋਲਿਕ ਪੈੜਾਂ ਸਿਰਜਦਾ ਸਿਖ ਇਤਿਹਾਸ (2015, ਦੂਜਾ ਐਡੀਸ਼ਨ), ਬਖ਼ਸ਼ ਰਚਨਾਵਲੀ (2015, ਦੂਜਾ ਐਡੀਸ਼ਨ), ਗੁਰੂ ਹਰਿਗੋਬਿੰਦ ਸਾਹਿਬ ਦੇ ਲਾਸਾਨੀ ਸਿੱਖ (2014), ਸਾਬਤ ਸੂਰਿਤ ਦਸਤਾਰ ਸਿਰਾ (2014), ਜੀਵਨ ਪਾਤਸ਼ਾਹੀ ਸਤਵੀਂ ਤੇ ਅਠਵੀਂ (2015), ਸਰਦਾਰ ਹਰੀ ਸਿੰਘ ਨਲਵਾ : ਵਾਰਾਂ ਤੇ ਜੰਗਨਾਮੇ (2016) ਸਹਿ ਸੰ. ਤੇਗ ਏ ਅਤਿਸ਼ਬਾਰ ਬਾਬਾ ਬੰਦਾ ਸਿੰਘ ਬਹਾਦਰ (2018), ਗੁਰੂ ਹਰਿਕ੍ਰਿਸ਼ਨ ਧਿਆਈਏ (2018), Sikhs in Kashmir (1993), The Sikh Shrines in Jammu and Kashmir (2014, 2nd Ed.), Baaznama (2019, 2nd Ed.), A select bibliography of the Kashmir (2002), Ancient Forts of J&K (2010), Some Previous pages of the Sikh History (2011), The Sikhs: Their Kesh and Turban (2018), A Short History of the Dera Santpura Danna (2019).
(ਚਲਦਾ)
ਡਾਇਰੈਕਟਰ, ਸੈਂਟਰ ਫਾਰ ਅੰਡਰਸਟੈਂਡਿੰਗ ਸਿੱਖਇਜ਼ਮ, ਮਿਸੀਸਾਗਾ, ਕੈਨੇਡਾ

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 11ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੇਰੇ ਕਹੇ ਅਨੁਸਾਰ, ਮੇਰਾ ਸਹਾਇਕ …