ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ ਗੜਬੜ ਰੁਕਣ ਦਾ ਨਾਂਅ ਨਹੀਂ ਲੈ ਰਹੀ। ਇਹ ਗੜਬੜ ਮਈ, 2023 ‘ਚ ਸ਼ੁਰੂ ਹੋਈ ਸੀ, ਜਦੋਂ ਉੱਥੋਂ ਦੀ ਹਾਈ ਕੋਰਟ ਨੇ ਬਹੁਗਿਣਤੀ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ (ਐੱਸ.ਟੀ.) ਦਾ ਦਰਜਾ ਦੇਣ ਦਾ ਫ਼ੈਸਲਾ ਸੁਣਾਇਆ ਸੀ, ਇਸ ਨਾਲ ਉਥੋਂ ਦੇ ਪਹਾੜਾਂ ਵਿਚ ਰਹਿੰਦੇ ਕੁਕੀ ਭਾਈਚਾਰੇ ਦੇ ਲੋਕਾਂ ਨੂੰ ਡਰ ਪੈਦਾ ਹੋ ਗਿਆ ਕਿ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਅਧਿਕਾਰ ਵੱਡੀ ਹੱਦ ਤੱਕ ਘੱਟ ਜਾਣਗੇ। ਉੱਤਰ-ਪੂਰਬ ਦੇ ਅਨੇਕਾਂ ਛੋਟੇ-ਛੋਟੇ ਰਾਜ ਗੜਬੜ ਗ੍ਰਸਤ ਰਹਿੰਦੇ ਹਨ। ਇਨ੍ਹਾਂ ਸਾਰੇ ਰਾਜਾਂ ਦੇ ਵੱਖਵਾਦੀ ਹਥਿਆਰਬੰਦ ਹੋ ਕੇ ਦਹਾਕਿਆਂ ਤੋਂ ਇੱਥੇ ਚੁਣੌਤੀ ਪੇਸ਼ ਕਰਦੇ ਆ ਰਹੇ ਹਨ। ਮਨੀਪੁਰ ਵਿਚ ਬਹੁਗਿਣਤੀ ਮੈਤੇਈ ਹਿੰਦੂ ਭਾਈਚਾਰੇ ਨਾਲ ਅਤੇ ਕੁਕੀ ਵੱਡੀ ਹੱਦ ਤੱਕ ਇਸਾਈ ਭਾਈਚਾਰੇ ਨਾਲ ਸੰਬੰਧਿਤ ਹਨ। ਇੱਥੇ ਭਾਜਪਾ ਦੀ ਸਰਕਾਰ ਹੈ। ਐਨ. ਬਿਰੇਨ ਸਿੰਘ ਇਥੋਂ ਦੇ ਮੁੱਖ ਮੰਤਰੀ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਮੈਤੇਈ ਫਿਰਕੇ ਨੂੰ ਆਪਣੇ ਨਾਲ ਜੋੜਨ ਲਈ ਫਿਰਕੂ ਪੱਤਾ ਵੀ ਖੇਡਿਆ ਸੀ। 60 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਦੇ 37 ਵਿਧਾਇਕ ਹਨ, ਜਿਨ੍ਹਾਂ ਵਿਚੋਂ 7 ਵਿਧਾਇਕ ਕੁਕੀ ਫਿਰਕੇ ਨਾਲ ਵੀ ਸੰਬੰਧ ਰੱਖਦੇ ਹਨ। ਡੇਢ ਸਾਲ ਤੋਂ ਇੱਥੇ ਬਣੀ ਗ੍ਰਹਿ ਯੁੱਧ ਦੀ ਸਥਿਤੀ ਵਿਚ ਹੁਣ ਤੱਕ 300 ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ। ਵੱਡੀ ਪੱਧਰ ‘ਤੇ ਘਰਾਂ ਅਤੇ ਜਾਇਦਾਦਾਂ ਨੂੰ ਅੱਗਾਂ ਲਗਾਈਆਂ ਜਾ ਚੁੱਕੀਆਂ ਹਨ। ਇਹ ਦੋਵੇਂ ਫਿਰਕੇ ਇਕ-ਦੂਸਰੇ ਦੇ ਕੱਟੜ ਵਿਰੋਧੀ ਹੀ ਨਹੀਂ, ਸਗੋਂ ਦੁਸ਼ਮਣ ਬਣੇ ਨਜ਼ਰ ਆਉਂਦੇ ਹਨ। ਇਸ ਲਈ ਆਪੋ-ਆਪਣੇ ਪਿੰਡਾਂ ਵਿਚ ਇਨ੍ਹਾਂ ਵਲੋਂ ਆਪਣੇ-ਆਪਣੇ ਪਹਿਰੇ ਲਗਾ ਰੱਖੇ ਹਨ। ਹਥਿਆਰਬੰਦ ਦਸਤੇ ਇਕ-ਦੂਸਰੀ ਬਰਾਦਰੀ ‘ਤੇ ਹਮਲੇ ਕਰਦੇ ਹਨ।
ਹੁਣ ਵੀ ਇਕ ਸ਼ਰਨਾਰਥੀ ਕੈਂਪ ਵਿਚੋਂ ਕੁੱਝ ਵਿਅਕਤੀਆਂ ਨੂੰ ਅਗਵਾ ਕੀਤਾ ਗਿਆ ਅਤੇ ਜਦੋਂ ਉਨ੍ਹਾਂ ਨੂੰ ਕੋਹ-ਕੋਹ ਕੇ ਮਾਰਨ ਦੀ ਗੱਲ ਸਾਹਮਣੇ ਆਈ ਤਾਂ ਇਹ ਦੰਗੇ ਮੁੜ ਤੋਂ ਭੜਕ ਗਏ। ਖਾਨਾਜੰਗੀ ਦੀ ਹਾਲਤ ਹੋਰ ਵੀ ਤੇਜ਼ ਹੋ ਗਈ। ਇੱਥੋਂ ਤੱਕ ਕਿ ਦੋਹਾਂ ਫਿਰਕਿਆਂ ਨੇ ਚਰਚਾਂ ਅਤੇ ਮੰਦਰਾਂ ਦੀ ਵੀ ਭੰਨ-ਤੋੜ ਕੀਤੀ ਅਤੇ ਉਨ੍ਹਾਂ ਨੂੰ ਅੱਗਾਂ ਵੀ ਲਗਾਈਆਂ। ਕੇਂਦਰ ਵਿਚ ਭਾਜਪਾ ਦੇ ਵੱਡੇ ਆਗੂ ਹਮੇਸ਼ਾ ‘ਡਬਲ ਇੰਜਨ’ ਦੀ ਸਰਕਾਰ ਦੀ ਗੱਲ ਕਰਦੇ ਹਨ, ਪਰ ਮਨੀਪੁਰ ਵਿਚ ‘ਡਬਲ ਇੰਜਨ’ ਦੀ ਇਹ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਘਟਨਾਕ੍ਰਮ ਦੀਆਂ ਕੁੱਝ ਹੈਰਾਨ ਕਰਨ ਵਾਲੀਆਂ ਗੱਲਾਂ ਹਨ। ਜਦੋਂ ਇਹ ਦੰਗੇ ਭੜਕੇ ਸਨ ਅਤੇ ਅਜਿਹਾ ਗ੍ਰਹਿ ਯੁੱਧ ਸ਼ੁਰੂ ਹੋਇਆ ਸੀ ਤਾਂ ਇਨ੍ਹਾਂ ਨੂੰ ਨਾ ਸੰਭਾਲ ਸਕਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਬਿਰੇਨ ਸਿੰਘ ‘ਤੇ ਪਾਈ ਗਈ ਸੀ। ਉਦੋਂ ਇਹ ਵੀ ਖ਼ਬਰਾਂ ਆਉਣ ਲੱਗੀਆਂ ਸਨ ਕਿ ਸਥਿਤੀ ਨੂੰ ਚੰਗੀ ਤਰ੍ਹਾਂ ਨਾ ਸੰਭਾਲ ਸਕਣ ਅਤੇ ਇਸ ਹੱਦ ਤੱਕ ਵਿਗੜਨ ਦੇਣ ਕਰਕੇ ਮੁੱਖ ਮੰਤਰੀ ਤੋਂ ਅਸਤੀਫ਼ਾ ਲੈ ਲਿਆ ਜਾਵੇਗਾ ਪਰ ਕੇਂਦਰ ਸਰਕਾਰ ਨੇ ਉਥੇ ਖ਼ਤਰਨਾਕ ਹਾਲਾਤ ਪੈਦਾ ਹੋ ਜਾਣ ਤੋਂ ਬਾਅਦ ਵੀ ਕੋਈ ਕਦਮ ਨਹੀਂ ਚੁੱਕਿਆ। ਇਸ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਭਿਆਨਕ ਘਟਨਾਵਾਂ ਦੇ ਵਾਪਰਨ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਰਾਜ ਦਾ ਦੌਰਾ ਨਹੀਂ ਕੀਤਾ। ਇਥੋਂ ਤੱਕ ਕਿ ਉਨ੍ਹਾਂ ਨੇ ਇਸ ਸਥਿਤੀ ਬਾਰੇ ਅੱਜ ਤੱਕ ਕੋਈ ਬਿਆਨ ਵੀ ਨਹੀਂ ਦਿੱਤਾ। ਪ੍ਰਧਾਨ ਮੰਤਰੀ ਦੇ ਧਾਰਨ ਕੀਤੇ ਅਜਿਹੇ ਵਤੀਰੇ ਨੇ ਵੱਡੀ ਹੱਦ ਤੱਕ ਨਿਰਾਸ਼ਾ ਪੈਦਾ ਕੀਤੀ ਹੈ।
ਹੁਣ ਜਦੋਂ ਇਹ ਹਿੰਸਾ ਖ਼ਤਮ ਨਹੀਂ ਹੋ ਰਹੀ ਤਾਂ ਲੋਕਾਂ ਨੇ ਗ਼ੁੱਸੇ ਵਿਚ ਭਾਜਪਾ ਵਿਧਾਇਕਾਂ, ਵਜ਼ੀਰਾਂ ਅਤੇ ਮੁੱਖ ਮੰਤਰੀ ਤੱਕ ਦੇ ਘਰਾਂ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਉਨ੍ਹਾਂ ਨੇ ਉੱਥੋਂ ਦੇ ਕਾਂਗਰਸੀ ਆਗੂਆਂ ਨੂੰ ਵੀ ਨਹੀਂ ਬਖ਼ਸ਼ਿਆ। ਗੱਲ ਇਕੱਲੇ ਮਨੀਪੁਰ ਦੀ ਨਹੀਂ ਹੈ, ਗੱਲ ਦੇਸ਼ ਦੇ ਇਸ ਸਾਰੇ ਉੱਤਰ-ਪੂਰਬੀ ਖਿੱਤੇ ਦੀ ਹੈ, ਜਿੱਥੇ ਪਹਿਲਾਂ ਹੀ ਲਗਾਤਾਰ ਗੜਬੜ ਹੋਣ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ। ਲੋਕਾਂ ਵਿਚ ਵੱਡੀਆਂ ਵੰਡੀਆਂ ਪਈਆਂ ਨਜ਼ਰ ਆਉਂਦੀਆਂ ਹਨ, ਜਿਨ੍ਹਾਂ ਨੂੰ ਖ਼ਤਮ ਕਰਨ ਲਈ ਕੋਈ ਵੱਡੇ ਯਤਨ ਨਹੀਂ ਕੀਤੇ ਗਏ। ਮਨੀਪੁਰ ਇਕ ਛੋਟਾ ਰਾਜ ਹੈ ਪਰ ਇਸ ਦਾ ਅਨੇਕਾਂ ਤਰ੍ਹਾਂ ਤੋਂ ਦੇਸ਼ ਦੀ ਸਮੁੱਚੀ ਮਾਨਸਿਕਤਾ ‘ਤੇ ਅਸਰ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਿਆਸੀ ਤੌਰ ‘ਤੇ ਮਨੀਪੁਰ ਵਿਚ ਭਾਜਪਾ ਦੀ ਭਾਈਵਾਲ ਨੈਸ਼ਨਲ ਪੀਪਲਜ਼ ਪਾਰਟੀ ਨੇ ਇਸ ਤੋਂ ਨਾਤਾ ਤੋੜਨ ਦਾ ਐਲਾਨ ਕਰ ਦਿੱਤਾ ਹੈ। ਕੁਕੀ ਭਾਈਚਾਰੇ ਦੇ ਵੀ 7 ਵਿਧਾਇਕ ਭਾਜਪਾ ਨਾਲ ਸੰਬੰਧਿਤ ਹਨ ਪਰ ਇਸ ਦੇ ਬਾਵਜੂਦ ਵੀ ਹਾਲੇ ਇੱਥੋਂ ਦੀ ਸਰਕਾਰ ਦੇ ਟੁੱਟਣ ਦਾ ਕੋਈ ਵੱਡਾ ਖ਼ਤਰਾ ਨਜ਼ਰ ਨਹੀਂ ਆ ਰਿਹਾ ਪਰ ਸਰਕਾਰ ਟੁੱਟਣ ਨਾਲੋਂ ਵੀ ਵੱਡਾ ਮਸਲਾ ਭਾਈਚਾਰਕ ਸਾਂਝ ਦਾ ਹੈ, ਜਿਸ ਦਾ ਅਸਰ ਕਿਸੇ ਨਾ ਕਿਸੇ ਰੂਪ ਵਿਚ ਸਮੁੱਚੇ ਦੇਸ਼ ‘ਤੇ ਪਵੇਗਾ। ਮਾਹੌਲ ਨੂੰ ਸੰਭਾਲਣ ਅਤੇ ਇਕਸੁਰ ਕਰਨ ਦੀ ਜ਼ਿੰਮੇਵਾਰੀ ਇਸ ਸਮੇਂ ਭਾਜਪਾ ਦੀ ਹੈ, ਜਿਸ ਨੂੰ ਆਉਂਦੇ ਸਮੇਂ ਵਿਚ ਮਨੀਪੁਰ ਸੰਬੰਧੀ ਆਪਣੀਆਂ ਨੀਤੀਆਂ ‘ਤੇ ਮੁੜ ਸੋਚਣ ਅਤੇ ਹਾਲਾਤ ਨੂੰ ਸੁਧਾਰਨ ਲਈ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਹੋਵੇਗੀ।
ਭਾਰਤ ਵਿਚ ਵਧਦੀ ਫਿਰਕੂ ਹਿੰਸਾ
RELATED ARTICLES

