ਬਰੈਂਪਟਨ/ਡਾ. ਝੰਡ : ਲੰਘੇ ਸ਼ੁੱਕਰਵਾਰ ਪੰਜਾਬੀ ਕਮਿਊਨਿਟੀ ਹੈੱਲਥ ਸਰਵਿਸਿਜ਼ ਦੇ ਸ਼ੁੱਕਰਵਾਰ ਵਾਲੇ ਸੀਨੀਅਰਜ਼ ਗਰੁੱਪ ਨੇ ਗਰੁੱਪ-ਕੋਆਰਡੀਨੇਟਰ ਆਸ਼ਾ ਅਸ਼ਵਾਲ ਨਾਲ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬੜੇ ਉਤਸ਼ਾਹ ਨਾਲ ਮਨਾਇਆ। ਗਰੁੱਪ ਦੀ ਇਕੱਤਰਤਾ ਦੇ ਸਵੇਰੇ 10.00 ਵਜੇ ਤੋਂ ਪਹਿਲਾਂ ਹੀ ਆਸ਼ਾ ਅਸ਼ਵਾਲ ਨੇ ਕਮਰਾ ਨੰਬਰ 109 ਦੀ ਇੱਕ ਨੁੱਕਰ ਵਿਚ ਲਗਾਏ ਹੋਏ ਸਾਈਨ-ਬੋਰਡ ਉੱਪਰ ਖ਼ੂਬਸੂਰਤ ਰੰਗਦਾਰ ਅੰਗਰੇਜ਼ੀ ਅੱਖਰਾਂ ਵਿਚ ”ਹੈਪੀ ਗੁਰਪੁਰਬ ਆਫ਼ ਗੁਰੂ ਨਾਨਕ ਦੇਵ ਜੀ” ਲਿਖ ਕੇ (ਕਿਉਂਕਿ ਉਨ੍ਹਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ) ਇਸ ਦੇ ਦੋਵੇਂ ਪਾਸੇ ਅਤੀ ਸੁੰਦਰ ਰੰਗਦਾਰ ਫੁੱਲ ਬਣਾਏ ਹੋਏ ਸਨ ਅਤੇ ਗਰੁੱਪ ਦੇ ਮੈਂਬਰਾਂ ਦੇ ਆਉਣ ‘ਤੇ ਉਨ੍ਹਾਂ ਵੱਲੋਂ ਸਾਰਿਆਂ ਨੂੰ ‘ਹੈਪੀ ਗੁਰਪੁਰਬ’ ਕਿਹਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਸਾਰੇ ਮੈਂਬਰਾਂ ਨੂੰ ਗੁਰਪੁਰਬ ਦੀ ਮੁਬਾਰਕਬਾਦ ਦੇਣ ਤੋਂ ਬਾਅਦ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਗਰੁੱਪ ਵਿਚ ਹਾਜ਼ਰ ਮੈਂਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਇਸ ਨਾਲ ਸਬੰਧਿਤ ਮੁੱਖ ਘਟਨਾਵਾਂ ਤੋਂ ਭਲੀ-ਭਾਂਤ ਜਾਣੂੰ ਹਨ, ਇਸ ਲਈ ਇਸ ਸੱਭ ਦੇ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ ਹੈ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ 20 ਰੁਪਇਆਂ ਨਾਲ ਭੁੱਖੇ ਸਾਧੂਆਂ ਦੇ ਰੂਪ ਵਿਚ ਬੈਠੇ ‘ਲੋੜਵੰਦ ਮਨੁੱਖਾਂ’ ਨੂੰ ਭੋਜਨ ਛਕਾਉਣ ਨੂੰ ਉਨ੍ਹਾਂ ਦੇ ਵੱਲੋਂ ਕੀਤੇ ਗਏ ‘ਸੱਚ ਦੇ ਵਿਓਪਾਰ’ ਦੀ ਉਨ੍ਹਾਂ ਦੇ ਸਮਕਾਲੀ 1460 ਵਿੱਚ ਜਨਮੇਂ ਪੁਰਤਗਾਲ-ਵਾਸੀ ‘ਵਾਸਕੋਡੇ ਗਾਮਾ’ ਜੋ ਭਾਰਤ ਵਿਚ ਵਿਓਪਾਰ ਕਰਨ ਦੇ ਨਿਸ਼ਾਨੇ ਨਾਲ ਆਇਆ ਸੀ ਅਤੇ ਜਿਸ ਨੇ ‘ਕਾਰੋਬਾਰੀ ਵਰਗ’ (ਕਾਰਪੋਰੇਟ ਜਗਤ) ਨੂੰ ਜਨਮ ਦਿੱਤਾ, ਵੱਲੋਂ ਕੀਤੇ ਗਏ ਦੁਨਿਆਵੀ ਵਿਓਪਾਰ ਨਾਲ ਬਾਖ਼ੂਬੀ ਤੁਲਨਾ ਕੀਤੀ। ਉਨ੍ਹਾਂ ਕਿਹਾ ਕਿ ਦੋਹਾਂ ਵੱਲੋਂ ਕੀਤੇ ਗਏ ਵਿਓਪਾਰ ਦਾ ਨਿਸ਼ਾਨਾ ਅਤੇ ਮੰਤਵ ਬਿਲਕੁਲ ਵੱਖਰਾ ਸੀ। ਇੱਕ ਦਾ ‘ਦੁਨਿਆਵੀ ਵਿਓਪਾਰ’ ਸੀ ਤੇ ਦੂਸਰੇ ਦਾ ਲੋਕਾਈ ਵਿਚ ‘ਸੱਚ ਦਾ ਪ੍ਰਚਾਰ’ ਸੀ।
ਡਾ. ਸੁਖਦੇਵ ਸਿੰਘ ਝੰਡ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸੁਲਤਾਪੁਰ ਲੋਧੀ ਵਿੱਖੇ ‘ਗਿਆਨ ਦੀ ਚੁੱਭੀ’ ਲਗਾਉਣ ਤੋਂ ਬਾਅਦ ਉੱਤਰ, ਦੱਖਣ, ਪੂਰਬ ਤੇ ਪੱਛਮ ਚਾਰੇ ਹੀ ਦਿਸ਼ਾਵਾਂ ਵਿੱਚ ਭਾਰਤ ਸਮੇਤ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ 36,000 ਮੀਲ ਦਾ ਲੰਮਾ ਪੈਂਡਾ ਤੈਅ ਕਰਕੇ ਤਰਕ ਅਤੇ ਸੰਵਾਦ ਦੀ ਵਰਤੋਂ ਕਰਕੇ ਪ੍ਰਾਪਤ ਗਿਆਨ ਅਤੇ ਆਪਣੇ ਤਿੰਨਾਂ ਸਿਧਾਂਤਾਂ ”ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ” ਨੂੰ ਲੋਕਾਈ ਵਿੱਚ ਬਾਖ਼ੂਬੀ ਪ੍ਰਚਾਰਿਆ ਗਿਆ। ਇੱਥੇ ਹੀ ਬੱਸ ਨਹੀਂ, ਉਨ੍ਹਾਂ ਅਮਲੀ ਤੌਰ ‘ਤੇ ‘ਸੱਚ ਦਾ ਵਿਓਪਾਰ’ ਕੀਤਾ-ਸੁਲਤਾਨਪੁਰ ਲੋਧੀ ਵਿਖੇ ਮੋਦੀਖ਼ਾਨੇ ਵਿਚ ਹੁੰਦੀ ਧਾਂਦਲੀ ਨੂੰ ਠੀਕ ਕਰਕੇ ਆਮ ਲੋਕਾਂ ਤੇ ਗ਼ਰੀਬ-ਗੁਰਬਿਆਂ ਨੂੰ ਰਾਸ਼ਨ ਦੀ ਸਹੀ ਵੰਡ ਕੀਤੀ, ਉਦਾਸੀਆਂ ਦੌਰਾਨ ਭਾਈ ਲਾਲੋ ਵਰਗੇ ਕਿਰਤੀਆਂ ਦੇ ਘਰ ਠਹਿਰੇ ਤੇ ਉਸ ਦੀ ਮਿਹਨਤ ਨਾਲ ਕਮਾਈ ਹੋਈ ‘ਕੋਧਰੇ ਦੀ ਰੋਟੀ’ ਨੂੰ ਉੱਤਮ ਮੰਨਦਿਆਂ ਮਲਿਕ ਭਾਗੋ ਦੇ ‘ਖੀਰਾਂ-ਪੂੜਿਆਂ’ ਨੂੰ ਨਕਾਰਿਆ ਅਤੇ ਚੌਹਾਂ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਵਿਖੇ ਆਪਣੇ ਹੱਥੀਂ ਖੇਤੀਬਾੜੀ ਦਾ ਮੁਸ਼ਕਲ ਕੰਮ ਵੀ ਕੀਤਾ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਇਸ ਕਲਯੁਗੀ ਸੰਸਾਰ ਦੇ ਅਜੋਕੇ ਹਾਲਾਤ ਬਾਰੇ ਆਪਣੀ ਇੱਕ ਕਵਿਤਾ ਵੀ ਸੁਣਾਈ।
ਹਰੀਸ਼ ਚੌਹਾਨ ਅਤੇ ਸਾਧੂ ਰਾਮ ਕਾਲੀਆ ਨੇ ਗੁਰੂ ਸਾਹਿਬ ਦੇ ਜੀਵਨ ਦੀਆਂ ਕੁਝ ਮਹੱਤਵਪੂਰਨ ਘਟਨਾਵਾਂ ਦਾ ਵਰਨਣ ਕਰਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚੱਲਣ ਦੀ ਗੱਲ ਕੀਤੀ। ਪ੍ਰਿਤਪਾਲ ਸਿੰਘ ਘੁੰਮਣ ਨੇ ਕਰਨਾਟਕਾ ਸੂਬੇ ਵਿੱਚ ਬਿਦਰ ਇਲਾਕੇ ਦਾ ਹੇਠਲਾ ਪਾਣੀ ਕੌੜਾ ਹੋਣ ਕਰਕੇ ਉੱਥੋਂ ਦੇ ਲੋਕਾਂ ਦੀ ਭਾਰੀ ਮੰਗ ‘ਤੇ ਗੁਰੂ ਸਾਹਿਬ ਵੱਲੋਂ ਉਸ ਸਥਾਨ ‘ਤੇ ਗੁਰੂ ਜੀ ਵੱਲੋਂ ਮਿੱਠੇ ਪਾਣੀ ਦਾ ਚਸ਼ਮਾ ਚਲਾਉਣ ਬਾਰੇ ਦੱਸਿਆ ਜੋ ਅੱਜ ਵੀ ਓਸੇ ਤਰ੍ਹਾਂ ਚੱਲ ਰਿਹਾ ਹੈ। ਸਮਾਗਮ ਵਿਚ ਬਲਦੇਵ ਸਿੰਘ ਧਾਲੀਵਾਲ, ਕੁਲਦੀਪ ਸਿੰਘ ਛਾਬੜਾ ਅਤੇ ਹਰਜੀਤ ਸਿੰਘ ਗਰੇਵਾਲ, ਹਰਭਜਨ ਕੌਰ ਗੁਲਾਟੀ, ਜਗਦੀਸ਼ ਕੌਰ ਝੰਡ ਅਤੇ ਸਰਬਜੀਤ ਕੌਰ ਕਾਹਲੋਂ ਵੱਲੋਂ ਵੀ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਦੌਰਾਨ ਕੰਵਲ ਪੁਰੀ, ਹਰਭਜਨ ਗੁਲਾਟੀ ਤੇ ਕਈ ਹੋਰਨਾਂ ਵੱਲੋਂ ਸ਼ਬਦ ਅਤੇ ਗੁਰੂ ਸਾਹਿਬ ਨਾਲ ਸਬੰਧਿਤ ਧਾਰਮਿਕ ਗੀਤ ਵੀ ਸੁਣਾਏ ਗਏ।
ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਇਕ ਰੈਸਟੋਰੈਂਟ ਤੋਂ ਲਿਆਂਦਾ ਗਿਆ ਭੋਜਨ ਲੰਗਰ ਦੇ ਰੂਪ ਵਿੱਚ ਸਾਰੇ ਮੈਂਬਰਾਂ ਨੇ ਮਿਲ ਕੇ ਛਕਿਆ। ਗਰੁੱਪ-ਕੋਆਰਡੀਨੇਟਰ ਆਸ਼ਾ ਅਸ਼ਵਾਲ, ਕੰਵਲ ਪੁਰੀ ਅਤੇ ਜਗੀਰ ਸਿੰਘ ਕਾਹਲੋਂ ਵੱਲੋਂ ਗੁਰਪੁਰਬ ਨਾਲ ਸਬੰਧਿਤ ਇਸ ਸਮਾਗਮ ਦੀ ਸਫ਼ਲਤਾ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
Home / ਕੈਨੇਡਾ / ਪੀਸੀਐੱਚਐੱਸ ਦੇ ਸ਼ੁੱਕਰਵਾਰ ਵਾਲੇ ਗਰੁੱਪ ਨੇ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਆਗਮਨ-ਪੁਰਬ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …