ਸਰੀ/ਡਾ ਗੁਰਵਿੰਦਰ ਸਿੰਘ : ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਵੱਲੋਂ 24 ਨਵੰਬਰ ਨੂੰ ਭਾਰਤੀ ਕੌਂਸਲਰ ਕੈਂਪ ਦੇ ਲਾਈਫ ਸਰਟੀਫਿਕੇਟ ਵਾਲੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੰਦਿਰ ਦੇ ਪ੍ਰਧਾਨ ਸਤੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਹ ਪ੍ਰੋਗਰਾਮ ਕੈਂਸਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਇਸ ਬਾਰੇ ਹੋਰ ਗੱਲਬਾਤ ਕਰਦਿਆਂ ਕਿਹਾ ਕਿ ਲਕਸ਼ਮੀ ਨਰਾਇਣ ਮੰਦਿਰ ਵੱਲੋਂ ਭਾਈਚਾਰਕ ਸਾਂਝ ਲਈ ਸਦਾ ਪਹਿਲ ਕਦਮੀ ਕੀਤੀ ਜਾਂਦੀ ਹੈ। ਇਸੇ ਅਧੀਨ ਸਰੀ ਵਿੱਚ ਭਾਈਚਾਰਕ ਮੇਲ-ਮਿਲਾਪ ਰੱਖਣ ਲਈ ਸੁਹਿਰਦਤਾ ਨਾਲ ਅਜਿਹਾ ਕੀਤਾ ਜਾ ਰਿਹਾ ਹੈ। ਉਹਨਾਂ ਆਸ ਪ੍ਰਗਟਾਈ ਕਿ ਸਰੀ ਵਿੱਚ ਵਸਦੇ ਸਿੱਖ ਹਿੰਦੂ ਅਤੇ ਸਮੇਤ ਸਾਰੇ ਭਾਈਚਾਰੇ ਇੱਕ ਦੂਜੇ ਪ੍ਰਤੀ ਸਤਿਕਾਰ ਦੀ ਭਾਵਨਾ ਕਾਇਮ ਰੱਖਣਗੇ ਅਤੇ ਮੇਲ ਮਿਲਾਪ ਨਾਲ ਸਹਿਯੋਗ ਦੇਣਗੇ। ਸਰੀ ਦੇ ਲਕਸ਼ਮੀ ਨਰਾਇਣ ਮੰਦਿਰ ਦੇ ਇਸ ਫੈਸਲੇ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਸਮੇਂ ਭਾਰਤੀ ਕੌਂਸਲਰ ਕੈਂਪ ਕਈ ਮੰਦਿਰਾਂ ਤੇ ਗੁਰਦੁਆਰਿਆਂ ਵਿੱਚ ਲਗਾਏ ਜਾ ਰਹੇ ਹਨ ਜਿਨ੍ਹਾਂ ਨੂੰ ਲੈ ਕੇ ਪੰਥਕ ਹਲਕਿਆਂ ਵਿੱਚ ਇਹਨਾਂ ਦਾ ਵਿਰੋਧ ਹੋ ਰਿਹਾ ਹੈ, ਜਿਸ ਕਾਰਨ ਕੈਨੇਡਾ ਵਿੱਚ ਹਾਲਾਤ ਪਿਛਲੇ ਕੁਝ ਹਫਤਿਆਂ ਤੋਂ ਨਾਸਾਜ਼ ਹਨ। ਪਿਛਲੇ ਹਫਤੇ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਅਤੇ ਖਾਲਸਾ ਦੀਵਾਨ ਸੁਸਾਇਟੀ ਸਾਊਥ ਫਰੇਜ਼ਰ ਵੇਅ ਐਬਸਫੋਰਡ ਵਿਖੇ ਭਾਰਤੀ ਕੌਂਸਲਰ ਕੈਂਪ ਲੱਗੇ ਸਨ, ਜਿਨ੍ਹਾਂ ਦਾ ਉਥੇ ਪਹੁੰਚ ਕੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …