ਔਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਮਈ ਨੂੰ ਕੈਨੇਡਾ ਦੀ ਪਾਰਲੀਮੈਂਟ ਵਿਚ ਖੜ੍ਹੇ ਹੋ ਕੇ ਕਾਮਾਗਾਟਾ ਮਾਰੂ ਦੀ ਮੰਦਭਾਗੀ ਘਟਨਾ ਲਈ ਮੁਆਫੀ ਮੰਗੀ ਸੀ। ਇਸ ਮੌਕੇ ਤੇ ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਵੀ ਉਨ੍ਹਾਂ ਦੇ ਪਿੱਛੇ ਖੜ੍ਹੇ ਸਨ। ਉਨ੍ਹਾਂ ਨੇ ਇਸ ਮੁਆਫੀ ਦਾ ਬੜੀ ਗਰਮਜੋਸ਼ੀ ਨਾਲ ਤਾੜੀਆਂ ਵਜਾ ਕੇ ਸਵਾਗਤ ਕੀਤਾ ਅਤੇ ਕਿਹਾ ਕਿ ਅੱਜ ਦਾ ਇਹ ਦਿਨ ਬੜਾ ਮਹੱਤਵਪੂਰਨ ਦਿਨ ਹੈ ਅਤੇ ਉਨ੍ਹਾਂ ਨੂੰ ਇਸ ਗੱਲ ‘ਤੇ ਮਾਣ ਹੈ ਕਿ ਉਹ ਖੁਦ ਵੀ ਇਹ ਇਤਿਹਾਸਕ ਫੈਸਲਾ ਲੈਣ ਵਾਲੀ ਕੈਨੇਡਾ ਸਰਕਾਰ ਦਾ ਇਕ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇਕ ਕੌਮ ਦੇ ਤੌਰ ‘ਤੇ, ਸਾਨੂੰ ਉਸ ਸਮੇਂ ਦੀ ਕੈਨੇਡੀਅਨ ਸਰਕਾਰ ਵੱਲੋਂ ਸਿੱਖ ਕਮਿਊਨਿਟੀ ਨਾਲ ਕੀਤੇ ਗਏ ਇਸ ਧੱਕੇ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਕਾਮਾਗਾਟਾ ਮਾਰੂ ਦੀ ਇਹ ਘਟਨਾ ਕੈਨੇਡੀਅਨ ਇਤਿਹਾਸ ਦਾ ਇਕ ਅਜਿਹਾ ਧੱਬਾ ਹੈ ਜਿਹੜਾ ਕਾਮਾਗਾਟਾ ਮਾਰੂ ਜਹਾਜ਼ ਤੇ ਕੈਨੇਡਾ ਵਿਚ ਦਾਖਲ ਹੋਣ ਲਈ ਆਏ ਲੋਕਾਂ ਨੂੰ ਕਈ ਮਹੀਨਿਆਂ ਤੱਕ ਜਹਾਜ਼ ਵਿਚ ਹੀ ਡੱਕੀ ਰੱਖਣ, ਖਾਣਾ ਅਤੇ ਪਾਣੀ ਤੱਕ ਵੀ ਉਪਲਬਧ ਨਾ ਕਰਵਾਏ ਜਾਣ ਅਤੇ ਅਖੀਰ ਵਿਚ ਕੈਨੇਡਾ ਦੀ ਧਰਤੀ ਤੇ ਉਤਰਨ ਦੀ ਆਗਿਆ ਦੇਣ ਦੀ ਥਾਂ ਵਾਪਸ ਮੋੜ ਦੇਣ ਦਾ ਉਸ ਸਮੇਂ ਦਾ ਬਿਰਤਾਂਤ ਬਿਆਨ ਕਰਦਾ ਹੈ, ਜਿਸ ਸਮੇਂ ਕੈਨੇਡਾ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦਾ ਸਵਾਗਤ ਕਰਦਾ ਸੀ। ਇਸ ਤਰ੍ਹਾਂ ਉਹ ਕੈਨੇਡਾ ਉਹੋ ਜਿਹਾ ਕੈਨੇਡਾ ਨਹੀਂ ਸੀ, ਜਿਸਨੂੰ ਅਸੀਂ ਅੱਜ ਜਾਣਦੇ ਹਾਂ ਅਤੇ ਪਿਆਰ ਕਰਦੇ ਹਾਂ।
ਬੀਬੀ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਿਬਰਲ ਪਾਰਟੀ ਦੇ ਆਗੂ ਦੇ ਤੌਰ ‘ਤੇ, ਵਿਰੋਧੀ ਧਿਰ ਵਿਚ ਹੁੰਦਿਆਂ ਇਸ ਘਟਨਾ ਦੀ ਮੁਆਫੀ ਮੰਗਣ ਦਾ ਵਾਅਦਾ ਕੀਤਾ ਸੀ ਅਤੇ ਵਿਸਾਖੀ ਦੇ ਨਗਰ ਕੀਰਤਨ ਮੌਕੇ ਇਹ ਸਪਸ਼ਟ ਐਲਾਨ ਕੀਤਾ ਸੀ ਕਿ ਉਹ 18 ਮਈ ਨੂੰ ਕਾਮਾਗਾਟਾ ਮਾਰੂ ਦੀ ਘਟਨਾ ਲਈ ਮੁਆਫੀ ਮੰਗਣਗੇ। ਇਸ ਤਰ੍ਹਾਂ 18 ਮਈ ਨੂੰ ਪ੍ਰਸ਼ਨ ਉਤਰ ਕਾਲ ਉਪਰੰਤ ਉਹ ਆਪਣੀ ਸੀਟ ਤੋਂ ਉਠੇ ਅਤੇ ਉਨ੍ਹਾਂ ਨੇ ਗੈਲਰੀਆਂ ਵਿਚ ਬੈਠੇ ਇਸ ਘਟਨਾ ਨਾਲ ਸਬੰਧਿਤ ਵਿਅਕਤੀਆਂ ਦੀ ਔਲਾਦ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਅਤੇ ਪਾਰਲੀਮੈਂਟ ਦੇ ਮੈਂਬਰਾਂ ਦੀ ਤਾੜੀਆਂ ਦੀ ਗੂੰਜ ਵਿਚ ਇਹ ਮੁਆਫੀ ਮੰਗ ਕੇ ਆਪਣਾ ਵਾਅਦਾ ਪੂਰਾ ਕੀਤਾ। ਸੋਨੀਆ ਸਿੱਧੂ ਦਾ ਕਹਿਣਾ ਹੈ ਕਿ ਕਾਮਾਗਾਟਾ ਮਾਰੂ ਦੀ ਇਸ ਘਟਨਾ ਦੇ ਬਾਵਜੂਦ ਵੀ, ਸਾਡੀ ਸਿੱਖ ਕਮਿਊਨਿਟੀ ਕੈਨੇਡਾ ਵਿਚ ਵਧੀ ਫੁੱਲੀ ਹੈ ਅਤੇ ਕੈਨੇਡੀਅਨ ਸਿੱਖਾਂ ਨੇ ਇਸ ਦੇਸ਼ ਦੀ ਤਰੱਕੀ ਵਿਚ ਭਰਵਾਂ ਯੋਗਦਾਨ ਪਾਇਆ ਹੈ। ਇਸ ਤਰ੍ਹਾਂ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਇਹ ਕਾਰਵਾਈ ਸਮੇਂ ਅਨੁਸਾਰ ਅਤੇ ਪ੍ਰਸੰਸਾਯੋਗ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਮੁਆਫੀ ਨਾਲ ਉਸ ਘਟਨਾ ਤੋਂ ਪ੍ਰਭਾਵਿਤ ਲੋਕਾਂ ਵੱਲੋਂ ਸਹੇ ਗਏ ਦੁੱਖਾਂ ਤਕਲੀਫਾਂ ਦੇ ਦਾਗ ਮਿਟ ਨਹੀਂ ਸਕਦੇ ਪਰ ਫਿਰ ਵੀ ਮੁਆਫੀ ਮੰਗੀ ਜਾਣੀ ਜ਼ਰੂਰੀ ਸੀ ਅਤੇ ਇਹ ਮੁਆਫੀ ਮੰਗਣ ਲਈ ਪਾਰਲੀਮੈਂਟ ਹੀ ਯੋਗ ਸਥਾਨ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੁਆਫੀ ਮੰਗ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਇਕ ਯੋਗ ਆਗੂ ਹਨ ਅਤੇ ਸਾਡੇ ਸਾਡੇ ਸਾਰਿਆਂ ਦੇ ਸਤਿਕਾਰ ਦੇ ਪਾਤਰ ਹਨ। ਅੰਤ ਵਿਚ ਉਨ੍ਹਾਂ ਕਿਹਾ ਕਿ ਇਹ ਮੁਆਫੀ ਮੰਗੇ ਜਾਣ ਸਮੇਂ ਪ੍ਰਧਾਨ ਮੰਤਰੀ ਦੇ ਨਾਲ ਖੜ੍ਹ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਅਤੇ ਉਨ੍ਹਾਂ ਦੀ ਸਰਕਾਰ ਦਾ ਹਿੱਸਾ ਹੋਣ ‘ਤੇ ਉਹ ਮਾਣ ਮਹਿਸੂਸ ਕਰਦੇ ਹਨ।
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …