ਬਰੈਂਪਟਨ : ਮਿਤੀ 28, 29 ਅਤੇ 30 ਜੂਨ 2019 ਨੂੰ ਬਰੈਂਪਟਨ ਵਿਚ ਹੋਈ ਵਰਲਡ ਪੰਜਾਬੀ ਕਾਨਫਰੰਸ ਦੇਖਣ ਦਾ ਮੌਕਾ ਮਿਲਿਆ।ਕਾਨਫਰੰਸਾਂ ਤਾਂ ਕਈ ਦੇਖੀਆਂ ਪਰ ਕੈਨੇਡਾ ਵਿਚ ਆਉਣ ਦਾ ਪਹਿਲਾ ਮੌਕਾ ਸੀ।ਪ੍ਰਬੰਧਕਾਂ ਨੇ ਏਅਰਪੋਰਟ ਤੋਂ ਲੈ ਕੇ ਰਹਿਣ ਤੱਕ ਦਾ ਪ੍ਰਬੰਧ ਕਰ ਦਿੱਤਾ। ਹਰ ਰੋਜ਼ ਕਾਨਫਰੰਸ ‘ਤੇ ਲੈ ਕੇ ਜਾਣ ਦੀ ਜੁੰਮੇਵਾਰੀ ਵੀ ਸੰਤੋਖ ਸਿੰਘ ਸੰਧੂ ਦੀ ਸੀ। ਅਨੁਸਾਸ਼ਨ ਪੱਖੋਂ ਕਾਨਫਰੰਸ ਕਾਮਯਾਬ ਸੀ। ਦਿੱਤੇ ਸਮੇਂ ਮੁਤਾਬਿਕ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਫੀਤਾ ਕੱਟ ਕੇ ਕਾਨਫਰੰਸ ਦੀ ਸ਼ੁਰੂਆਤ ਕਰ ਦਿੱਤੀ ਤੇ ਆਰੰਭਕ ਸੈਸ਼ਨ ਵਿਚ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਬੁਲਾਰੇ ਵੀ ਬਹੁਤ ਸਨ। ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਸੁਨੇਹਾ, ਓਂਟਾਰੀਓ ਦੇ ਪ੍ਰੀਮੀਅਰ ਦਾ ਸੁਨੇਹਾ, ਪੀ.ਸੀ. ਪਾਰਟੀ ਦੇ ਲੀਡਰ ਦਾ ਸੁਨੇਹਾ, ਓਂਟਾਰੀਓ ਦੀ ਐਮ.ਡੀ.ਪੀ. ਪਾਰਟੀ ਦੀ ਲੀਡਰ ਦਾ ਸੁਨੇਹਾ ਵੀ ਪੜ੍ਹ ਕੇ ਸੁਣਾਇਆ ਗਿਆ। ਕਈ ਐਮ.ਪੀ., ਐਮ.ਪੀ.ਪੀ. ਤੇ ਹੋਰ ਬੁਲਾਰੇ ਵੀ ਥੋੜੇ ਸਮੇਂ ਵਿਚ ਵਧੀਆ ਬੋਲੇ।ਪਹਿਲਾ ਸੈਸ਼ਨ ਨਿਸ਼ਚਤ ਸਮੇਂ ਮੁਤਾਬਿਕ ਇਕ ਵਜੇ ਪੂਰਾ ਹੋ ਗਿਆ।ਹਰੇਕ ਸੈਸ਼ਨ ਹੀ ਦਿੱਤੇ ਸਮੇਂ ਮੁਤਾਬਿਕ ਹੀ ਸ਼ੁਰੂ ਹੁੰਦਾ ਸੀ ਅਤੇ ਦਿੱਤੇ ਸਮੇਂ ਮੁਤਾਬਿਕ ਹੀ ਖਤਮ ਹੁੰਦਾ ਸੀ। ਨਾ ਤਾਂ 5 ਮਿੰਟ ਪਹਿਲਾਂ ਮੁੱਕਦਾ ਸੀ ਅਤੇ ਨਾ ਹੀ 5 ਮਿੰਟ ਬਾਅਦ ਵਿਚ।ਸਾਰੇ ਹੀ ਬੁਲਾਰੇ ਦਿੱਤੇ ਵਿਸ਼ੇ ਉੱਪਰ ਹੀ ਬੋਲੇ, ਜ਼ੋ ਕਾਨਫਰੰਸ ਦੀ ਵੱਡੀ ਪ੍ਰਾਪਤੀ ਸੀ।ਬਹੁਤ ਹੀ ਉੱਚ ਕੋਟੀ ਦੇ ਬੁਲਾਰਿਆਂ ਨੇ ਕਾਨਫਰੰਸ ਵਿਚ ਹਿੱਸਾ ਲਿਆ, ਜਿਨ੍ਹਾਂ ਵਿਚ ਡਾ. ਸ਼ਿੰਦਰਪਾਲ ਸਿੰਘ ਸਾਬਕਾ ਰਜਿਸਟਰਾਰ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ, ਡਾ.ਐਸ.ਐਸ. ਗਿੱਲ ਸਾਬਕਾ ਵਾਈਸ ਚਾਂਸਲਰ, ਡਾ.ਜਤਿੰਦਰ ਸਿੰਘ ਬੱਲ ਵਾਈਸ ਚਾਂਸਲਰ ਬਾਬਾ ਭਾਗ ਸਿੰਘ ਯੂਨੀਵਰਸਿਟੀ, ਸ੍ਰ ਅਰਸ਼ਇੰਦਰ ਸਿੰਘ ਚਾਵਲਾ ਏ.ਡੀ.ਜੀ.ਪੀ.ਹਰਿਆਣਾ, ਪਰਮਜੀਤ ਸਿੰਘ ਵਿਰਕ ਐਸ.ਐਸ.ਪੀ. ਲੁਧਿਆਣਾ, ਕੁਲਵਿੰਦਰ ਰਾਏ ਯੂ.ਕੇ., ਅਫਜ਼ਲ ਰਾਜ਼ ਪਾਕਿਸਤਾਨ, ਮਨਰੀਤ ਕੌਰ ਗਰੇਵਾਲ ਯੂ.ਐਸ.ਏ., ਬਲਵਿੰਦਰ ਸਿੰਘ ਚੱਠਾ ਯੂ.ਐਸ.ਏ., ਜਤਿੰਦਰ ਸਿੰਘ ਧਾਲੀਵਾਲ ਇਟਲੀ, ਡਾ. ਸਰਬਜਿੰਦਰ ਸਿੰਘ, ਡਾ. ਸੁਖਪਾਲ ਸਿੰਘ ਲੁਧਿਆਣਾ, ਸੁਰਿੰਦਰ ਸਿੰਘ ਔਜਲਾ, ਡਾ. ਜਸਵਿੰਦਰ ਸਿੰਘ ਦਿੱਲੀ, ਡਾ. ਆਸਾ ਸਿੰਘ ਘੁੰਮਣ, ਅਮਰਜੀਤ ਸਿੰਘ ਚਾਹਲ, ਅਰਵਿੰਦਰ ਢਿਲੋਂ, ਡਾ.ਰਮਿੰਦਰ ਕੌਰ ਅੰਮ੍ਰਿਤਸਰ, ਡਾ. ਦਰਿਆ, ਡਾ. ਗੁਰਸੇਵਕ ਲੰਬੀ, ਡਾ.ਪ੍ਰਵੀਨ, ਡਾ. ਅਵਤਾਰ ਸਿੰਘ, ਡਾ. ਨਰਿੰਦਰਜੀਤ ਕੌਰ ਲੁਧਿਆਣਾ, ਕੁਲਜੀਤ ਸਿੰਘ ਮਾਨ, ਪ੍ਰੋ.ਰਾਮ ਲਾਲ ਭਗਤ, ਤਾਹਿਰ ਅਸਲਮ ਗੋਰਾ, ਅਮਰ ਸਿੰਘ ਭੁੱਲਰ, ਡਾ. ਗੁਰਪ੍ਰੀਤ ਕੌਰ ਅੰਮ੍ਰਿਤਸਰ, ਹਰਪ੍ਰੀਤ ਸਿੰਘ ਦਰਦੀ (ਚੜ੍ਹਦੀਕਲਾ ਟਾਈਮ ਟੀ.ਵੀ.)ਗੁਰਪ੍ਰੀਤ ਕੌਰ, ਡਾ. ਰਵਿੰਦਰ ਦਿੱਲੀ, ਜਸਬੀਰ ਸਿੰਘ ਗੁਲਾਟੀ, ਮਹਿੰਦਰ ਸਿੰਘ ਕੈਂਥ, ਪ੍ਰਿੰਸੀਪਲ ਕਿਰਨਪ੍ਰੀਤ ਕੌਰ ਧਾਮੀ ਵਰਗੇ ਵੱਡੇ ਵਿਦਵਾਨ ਸਨ। ਸਭ ਤਿਆਰੀ ਕਰਕੇ ਆਏ ਸਨ। ਕੁੱਲ 10 ਸੈਸ਼ਨ ਸਨ। ਮੌਜੂਦਾ ਹਾਲਾਤ ‘ਤੇ 6 ਮਤੇ ਪਾਸ ਹੋਏ, ਜਿਨ੍ਹਾਂ ਵਿਚ ਪੰਜਾਬ, ਭਾਰਤ, ਪਾਕਿਸਤਾਨ ਵਿਚ ਵਿਦਿਆ ਦਾ ਮੁੱਢੋਂ ਢਾਂਚਾ ਬਦਲਣ ਦੀ ਸਿਫਾਰਿਸ਼ ਕੀਤੀ ਗਈ ਤਾਂ ਜ਼ੋ ਤਕਨੀਕੀ ਸਿੱਖਿਆ ਲੈ ਕੇ ਪੰਜਾਬੀ ਸਵੈ ਰੁਜ਼ਗਾਰ ਨਾਲ ਵਧੀਆ ਜਿੰਦਗੀ ਗੁਜਾਰ ਸਕਣ। ਹਰ ਸ਼ਾਮ ਨੂੰ ਵਧੀਆ ਕਲਚਰਲ ਪ੍ਰੋਗਰਾਮ ਹੋਇਆ।ਵਿਦਵਾਨਾਂ ਦੇ ਆਪਸੀ ਸਬੰਧ ਬਣੇ।ਸੁਨਣ ਵਾਲਿਆਂ ਦੇ ਗਿਆਨ ਵਿਚ ਵਾਧਾ ਹੋਇਆ।ਸੰਸਾਰ ਦੀਆਂ 52 ਪ੍ਰਭਾਵਸ਼ਾਲੀ ਪੰਜਾਬੀ ਸਖਸ਼ੀਅਤਾਂ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।ਚੌਹਾਂ ਧਰਮਾਂ ਵਿਚ ਨੈਤਿਕ ਸਿੱਖਿਆ ਬਾਰੇ ਕਿਤਾਬ ਰਿਲੀਜ਼ ਹੋਈ। ਪਹਿਲੀਆਂ ਕਾਨਫਰੰਸਾਂ ਦਾ ਕਿਤਾਬਚਾ ਰਿਲੀਜ਼ ਹੋਇਆ। ਇਹ ਵੱਡਾ ਸਮਾਗਮ ਮੇਲੇ ਵਰਗਾ ਸੀ।ਬੈਨਰਾਂ ਨਾਲ ਸ਼ਿੰਗਾਰਿਆ ਹਾਲ ਵਿਆਹ ਵਰਗੇ ਸਮਾਗਮ ਦਾ ਭੁਲੇਖਾ ਪਾਉਂਦਾ ਸੀ।ਸਰੋਤਿਆਂ ਨਾਲ ਹਾਲ ਤਿੰਨੇ ਦਿਨ ਹੀ ਭਰਿਆ ਰਿਹਾ।ਖਾਣ ਪੀਣ ਦਾ ਚੰਗਾ ਪ੍ਰਬੰਧ ਸੀ। ਮੈਂ ਇਸ ਕਾਨਫਰੰਸ ਵਰਗੀ ਪਹਿਲਾਂ ਕਦੇ ਵੀ ਕਾਨਫਰੰਸ ਨਹੀਂ ਦੇਖੀ। ਇਸ ਕਾਨਫਰੰਸ ਵਿਚ ਵਧੀਆ ਬੁਲਾਰੇ ਸੀ, ਜ਼ੋ ਵਿਸ਼ੇ ਉੱਪਰ ਹੀ ਰਹੇ ਤੇ ਸਮੇਂ ਦੀ ਹੱਦ ਵਿਚ ਵੀ ਰਹੇ। ਵਧੀਆ ਸਰੋਤੇ ਸੀ, ਜਿਨ੍ਹਾਂ ਨੇ ਸ਼ਾਂਤੀ ਨਾਲ ਸੁਣਿਆ। ਮੈਂ ਆਖ ਸਕਦੀ ਹਾਂ ਕਿ ਸਾਰੀ ਪ੍ਰਬੰਧਕ ਟੀਮ ਨੇ ਹੀ ਬਹੁਤ ਸਿਰੜਤਾ ਨਾਲ ਕੰਮ ਕੀਤਾ। ਸ੍ਰ. ਅਜੈਬ ਸਿੰਘ ਚੱਠਾ ਦੁਨੀਆਂ ਦਾ ਇਕ ਨੰਬਰ ਦਾ ਪ੍ਰਬੰਧਕ ਹੈ। ਚੱਠਾ ਸਾਹਿਬ ਦੀ ਮੌਜੁਦਗੀ ਤੇ ਵਿਉਂਤਬੰਦੀ ਕਾਰਨ ਸਾਰੀ ਕਾਰਵਾਈ ਸਹੀ ਸਮੇਂ ਤੇ ਸਹੀ ਰਫਤਾਰ ਨਾਲ ਚੱਲੀ। ਕਾਨਫਰੰਸ ਦੌਰਾਨ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇਣ ਦਾ ਸਾਰਾ ਪ੍ਰਬੰਧ ਡਾ. ਰਮਨੀ ਬਤਰਾ ਅਤੇ ਬਲਵਿੰਦਰ ਕੌਰ ਚੱਠਾ ਨੇ ਸਹੀ ਢੰਗ ਨਾਲ ਨਿਭਾਇਆ।ਮੇਰੀ ਦੁਆ ਹੈ ਕਿ ਇਸ ਕਾਨਫਰੰਸ ਦਾ ਰਿਕਾਰਡ ਖੁਦ ਹੀ ਕਿਸੇ ਅਗਲੇ ਸਮਾਗਮ ਵਿਚ ਆਪ ਹੀ ਤੋੜਨ। ਪ੍ਰਮਾਤਮਾਂ ਇਨ੍ਹਾਂ ਨੂੰ ਹੋਰ ਤਾਕਤ ਦੇਵੇ ਤਾਂ ਜ਼ੋ ਅਜਿਹੇ ਸਮਾਗਮ ਕਰਵਾਉਂਦੇ ਰਹਿਣ। ਆਮੀਨ
ਜਗਦੀਸ਼ ਕੌਰ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …