Breaking News
Home / ਪੰਜਾਬ / ਬਠਿੰਡਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਨਾ ਹੋਣ ਕਾਰਨ ਨਿਰਾਸ਼ਾ ਵਧੀ

ਬਠਿੰਡਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਨਾ ਹੋਣ ਕਾਰਨ ਨਿਰਾਸ਼ਾ ਵਧੀ

ਫਲਾਈ ਬਿੱਗ ਚਾਰਟਰ ਨੇ ਵੀ ਰੁਚੀ ਨਾ ਦਿਖਾਈ
ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਦੇ ਸਿਵਲ ਏਅਰਪੋਰਟ ‘ਤੇ ਤਿੰਨ ਸਾਲ ਬਾਅਦ ਵੀ ਮੁੜ ਜਹਾਜ਼ ਉੱਡਣ ਦੀ ਉਮੀਦ ਮੱਧਮ ਪੈਂਦੀ ਨਜ਼ਰ ਆ ਰਹੀ ਹੈ। ਬਠਿੰਡਾ ਏਅਰ ਪੋਰਟ ਦੇ ਵਧੀਕ ਜਨਰਲ ਮੈਨੇਜਰ ਰਾਕੇਸ਼ ਕੁਮਾਰ ਰਾਵਤ ਨੇ ਕਿਹਾ ਸੀ ਕਿ ਫਲਾਈ ਬਿੱਗ ਚਾਰਟਰ ਏਅਰ ਕੰਪਨੀ ਵੱਲੋਂ ਬਠਿੰਡਾ ਏਅਰਪੋਰਟ ਤੋਂ 26 ਮਈ ਤੱਕ ਉਡਾਣ ਸ਼ੁਰੂ ਹੋ ਜਾਵੇਗੀ ਪਰ ਡੇਢ ਮਹੀਨਾ ਬੀਤਣ ਦੇ ਬਾਵਜੂਦ ਜਹਾਜ਼ ਉਡਾਣ ਨਹੀਂ ਭਰ ਸਕਿਆ। ਗੌਰਤਲਬ ਹੈ ਫਲਾਈ ਬਿਗ ਚਾਰਟਰ ਨੇ ਬਠਿੰਡਾ ਤੋਂ ਗਾਜ਼ੀਆਬਾਦ ਦੇ ਹਿੰਡਨ ਏਅਰਪੋਰਟ ਤਕ ਰੂਟ ਚਾਲੂ ਕਰਨ ਲਈ ਹਾਮੀ ਭਰੀ ਸੀ।
ਜ਼ਿਕਰਯੋਗ ਹੈ ਕਿ ਬਠਿੰਡਾ ਸ਼ਹਿਰ ਤੋਂ ਲਗਪਗ 30 ਕਿਲੋਮੀਟਰ ਦੂਰੀ ‘ਤੇ ਸਥਿਤ ਪਿੰਡ ਵਿਰਕ ਕਲਾਂ ਵਿਚ 2012 ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ਹਵਾਈ ਅੱਡਾ ਸਥਾਪਤ ਕੀਤਾ ਗਿਆ ਸੀ। ਬਠਿੰਡਾ ਸਿਵਲ ਏਅਰਪੋਰਟ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਅਲਾਇੰਸ ਏਅਰ (ਏਏ), ਏਅਰ ਇੰਡੀਆ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਬਠਿੰਡਾ ਦੀ ਇਕੱਲੀ ਸੇਵਾ ਪ੍ਰਦਾਤਾ ਸੀ। ਬਠਿੰਡਾ ਲਈ ਹਵਾਈ ਸੇਵਾ ਕੇਂਦਰ ਦੀ ਦੇਸ਼ ਕਾ ਆਮ ਨਾਗਰਿਕ (ਉਡਾਨ) ਦੀ ਖੇਤਰੀ ਕਨੈਕਟੀਵਿਟੀ ਸਕੀਮ (ਆਰਸੀਐਸ) ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਕਿਰਾਏ ਘੱਟ ਰੱਖੇ ਗਏ ਸਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵਾਲੀ ਏਅਰ ਕੰਪਨੀ ਨੇ ਬਠਿੰਡਾ ਨੂੰ ਨਵੀਂ ਦਿੱਲੀ ਨਾਲ ਹਫ਼ਤੇ ਵਿੱਚ ਤਿੰਨ ਵਾਰ ਸ਼ਡਿਊਲ ਨਾਲ ਜੋੜਿਆ ਸੀ ਅਤੇ ਰੂਟ ਵਿੱਚ ਔਸਤਨ 80% ਮੁਸਾਫਰਾਂ ਦੀ ਆਮਦ ਹੋਣ ਕਾਰਨ ਇਸ ਏਅਰਪੋਰਟ ‘ਤੇ ਰੌਣਕ ਲੱਗਣੀ ਸ਼ੁਰੂ ਹੋ ਗਈ ਸੀ। ਅਲਾਇੰਸ ਏਅਰ ਨੇ 28 ਨਵੰਬਰ, 2020 ਤੋਂ ਦਿੱਲੀ ਰੂਟ ‘ਤੇ ਹਵਾਈ ਸੇਵਾਵਾਂ ਬੰਦ ਕਰ ਦਿੱਤੀਆਂ ਸਨ ਅਤੇ ਜੰਮੂ ਲਈ ਉਡਾਣਾਂ 27 ਅਕਤੂਬਰ, 2019 ਨੂੰ ਬੰਦ ਕਰ ਦਿੱਤੀਆਂ ਸਨ। ਗੌਰਤਲਬ ਹੈ ਕਿ ਉਡਾਣਾਂ ਤੋਂ ਸੱਖਣੇ ਇਸ ਏਅਰਪੋਰਟ ‘ਤੇ ਜਿੱਥੇ 30 ਤੋਂ 35 ਮੁਲਾਜ਼ਮ ਕੰਮ ਕਰ ਰਹੇ ਹਨ ਉਥੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਫੌਜ ਖਾਲੀ ਏਅਰਪੋਰਟ ਦੀ ਰਾਖੀ ਕਰ ਰਹੀ ਹੈ। ਸੂਤਰਾਂ ਅਨੁਸਾਰ ਇਸ ਹਵਾਈ ਅੱਡੇ ਦੇ ਰੱਖ ਰਖਾਓ ਦਾ ਤਕਰੀਬਨ 60 ਤੋਂ 70 ਲੱਖ ਸਾਲਾਨਾ ਖਰਚਾ ਪੈ ਰਿਹਾ ਹੈ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨਾਲ ਬਠਿੰਡਾ ਏਅਰਪੋਰਟ ਤੋਂ ਜਹਾਜ਼ ਨਾ ਉੱਡਣ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਛੇ ਮਹੀਨੇ ਦਾ ਸਮਾਂ ਮੰਗਿਆ ਗਿਆ ਹੈ ਪਰ ਇਸ ਕੰਪਨੀ ਵੱਲੋਂ ਰੁਚੀ ਨਹੀਂ ਦਿਖਾਈ ਗਈ। ਇਸ ਬਾਰੇ ਏਅਰਪੋਰਟ ਅਥਾਰਿਟੀ ਹੀ ਦੱਸ ਸਕਦੀ ਹੈ ਤੇ ਉਹ ਪਤਾ ਕਰਵਾਉਣ ਦੀ ਕੋਸ਼ਿਸ਼ ਕਰਨਗੇ।

 

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤਾ ਤਲਬ

ਅਕਾਲੀ ਸਰਕਾਰ ਸਮੇਂ ਸਿਰਸਾ ਕੋਲ ਵੀ ਸੀ ਕੈਬਨਿਟ ਰੈਂਕ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ …