Breaking News
Home / ਕੈਨੇਡਾ / ਕਰੋਨਾ ਦੇ ਕਹਿਰ ਦੌਰਾਨ ਓ.ਏ.ਐੱਸ. ਨਾ ਲੈਣ ਵਾਲਿਆਂ ਨੂੰ ਵਿੱਤੀ ਸਹਾਇਤਾ ਦਿਓ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼

ਕਰੋਨਾ ਦੇ ਕਹਿਰ ਦੌਰਾਨ ਓ.ਏ.ਐੱਸ. ਨਾ ਲੈਣ ਵਾਲਿਆਂ ਨੂੰ ਵਿੱਤੀ ਸਹਾਇਤਾ ਦਿਓ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼

ਬਰੈਂਪਟਨ/ਡਾ. ਝੰਡ
ਐਸੋਸੀਏਸ਼ਨ ਆਫ਼ ਸੀਨੀਅਜ਼ ਕਲੱਬਜ਼ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਨੇ ਫ਼ੈੱਡਰਲ ਸਰਕਾਰ ਦੀ ਸੀਨੀਅਰਜ਼ ਮਾਮਲਿਆਂ ਨਾਲ ਸਬੰਧਿਤ ਮੰਤਰੀ ਡੇਬ ਸ਼ੁਲਟੇ ਨੂੰ ਈ-ਮੇਲ ਕੀਤੀ ਹੈ। ਜਿਸ ਵਿਚ ਉਨ੍ਹਾਂ ਨੂੰ ਇਸ ਸਮੇਂ ਓ.ਏ ਐੱਸ. ਨਾ ਲੈਣ ਵਾਲਿਆਂ ਨੂੰ ਵੀ ਵਿੱਤੀ ਰਾਹਤ ਦੇਣ ਲਈ ਕਿਹਾ ਗਿਆ ਹੈ।
ਈ-ਮੇਲ ਵਿਚ ਮੰਤਰੀ ਸਾਹਿਬਾ ਨੂੰ ਆਪਣੀ ਐਸੋਸੀਏਸ਼ਨ ਦੀ ਜਾਣ-ਪਛਾਣ ਕਰਵਾਉਂਦਿਆਂ ਉਨ੍ਹਾਂ ਨੇ ਦੱਸਿਆ ਕਿ ਇਹ ਐਸੋਸੀਏਸ਼ਨ ਬਰੈਂਪਟਨ ਦੇ ਸੀਨੀਅਰਜ਼ ਦੀਆਂ 32 ਕਲੱਬਾਂ ਵਿਚਕਾਰ ਆਪਸੀ ਤਾਲਮੇਲ ਰੱਖਣ ਵਾਲੀ ‘ਛੱਤਰੀ’ ਦਾ ਕੰਮ ਕਰ ਰਹੀ ‘ਅੰਬਰੇਲਾ-ਐਸੋਸੀਏਸ਼ਨ’ ਹੈ ਅਤੇ ਇਹ ਸੀਨੀਅਰਾਂ ਸਬੰਧਿਤ ਮਸਲਿਆਂ ਸਬੰਧੀ ਸਮੇਂ-ਸਮੇਂ ਵੱਖ-ਵੱਖ ਸਰਕਾਰੀ ਤੇ ਗ਼ੈਰ-ਸਰਕਾਰੀ ਪਲੇਟਫ਼ਾਰਮਾਂ ‘ਤੇ ਆਪਣੀ ਆਵਾਜ਼ ਉਠਾਉਂਦੀ ਰਹਿੰਦੀ ਹੈ।
ਮਨਿਸਟਰ ਆਫ਼ ਸੀਨੀਅਰਜ਼ ਨੂੰ ਭੇਜੀ ਇਸ ਈ-ਮੇਲ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੀਨੀਅਰਾਂ ਨੂੰ 300 ਡਾਲਰ ਦੀ ਵਿੱਤੀ ਸਹਾਇਤਾ ਦੇਣ ਅਤੇ ਇਸ ਦੇ ਨਾਲ ਹੀ ਓ.ਏ.ਐਸ. ਲੈਣ ਵਾਲਿਆਂ ਲਈ ਇਸ ਵਿਚ 200 ਡਾਲਰ ਦਾ ਵਾਧਾ ਕਰਨ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਫ਼ੈੱਡਰਲ ਸਰਕਾਰ ਵੱਲੋਂ ਸੀਨੀਅਰਾਂ ਨੂੰ 580 ਡਾਲਰ ਦਾ ਕ੍ਰੈਡਿਟ ਜੋ ਉਹ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਨ, ਦੇਣ ਲਈ ਵੀ ਉਸ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਓਨਟਾਰੀਓ ਸੂਬਾ ਸਰਕਾਰ ਵੀ ਉਨ੍ਹਾਂ ਸੀਨੀਅਰਜ਼ ਨੂੰ ਵਿੱਤੀ ਸਹਾਇਤਾ ਦੇ ਰਹੀ ਹੈ ਜਿਹੜੇ ‘ਗੇਨਜ਼’ (ਜੀਏਆਈਐੱਨਐੱਸ) ਪ੍ਰੋਗਰਾਮ ਰਾਹੀਂ ਓ.ਏ.ਐੱਸ. ਪ੍ਰਾਪਤ ਕਰ ਰਹੇ ਹਨ।
ਜੰਗੀਰ ਸਿੰਘ ਸੈਂਹਬੀ ਨੇ ਕਿਹਾ ਕਿ ਬਦਕਿਸਮਤੀ ਨਾਲ ਸੀਨੀਅਰਾਂ ਦਾ ਇਕ ਅਜਿਹਾ ਵਰਗ ਵੀ ਹੈ ਜਿਹੜਾ 65 ਸਾਲ ਤੋਂ ਉੱਪਰ ਹੈ ਪਰ ਉਹ ਕਿਸੇ ਕਾਰਨ (ਮੁੱਖ ਤੌਰ ‘ਤੇ ਕੈਨੇਡਾ ਵਿਚ 10 ਸਾਲ ਰਹਿਣ ਦੀ ਸ਼ਰਤ ਪੂਰੀ ਨਾ ਕਰ ਸਕਣ ਕਾਰਨ) ਅਜੇ ਪੈੱਨਸ਼ਨ ਲੈਣ ਦਾ ਹੱਕਦਾਰ ਨਹੀਂ ਬਣਿਆਂ। ਉਨ੍ਹਾਂ ਵਿੱਚੋਂ ਕਈ ਸੀਨੀਅਰਜ਼ ਤਾਂ ਕੈਨੇਡਾ ਦੇ ਨਾਗਰਿਕ ਵੀ ਬਣ ਚੁੱਕੇ ਹਨ ਅਤੇ ਉਹ ਵਿੱਤੀ ਪੱਖੋਂ ਆਪਣੇ ਧੀਆਂ-ਪੁੱਤਰਾਂ ਉੱਪਰ ਹੀ ਨਿਰਭਰ ਹਨ। ਕਰੋਨਾ ਵਾਇਰਸ ਦੇ ਇਸ ਚੱਲ ਰਹੇ ਕਹਿਰ ਨੇ ਆਪਣਾ ਮਾਰੂ ਅਸਰ ਸਾਰਿਆਂ ਉੱਪਰ ਹੀ ਛੱਡਿਆ ਹੈ ਅਤੇ ਉਹ ਵੀ ਹੋਰਨਾਂ ਵਾਂਗ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਇਸ ਈ-ਮੇਲ ਵਿਚ ਸੈਂਹਬੀ ਸਾਹਿਬ ਨੇ ਅਜਿਹੇ ਸੀਨੀਅਰਾਂ ਨੂੰ ਵੀ ਵਿੱਤੀ-ਮਦਦ ਦੇਣ ਦੀ ਗੱਲ ਕੀਤੀ ਹੈ ਜਿਹੜੇ ਅਜੇ ਤੱਕ ਪੈੱਨਸ਼ਨ ਨਹੀਂ ਲੈ ਰਹੇ। ਉਨ੍ਹਾਂ ਨੇ ਮਨਿਸਟਰ ਆਫ਼ ਸੀਨੀਅਰਜ਼ ਨੂੰ ਇਨ੍ਹਾਂ ਸੀਨੀਆਂ ਨੂੰ ਵੀ ਵਿੱਤੀ ਸਹਾਇਤਾ ਦੇਣ ਲਈ ਪੁਰਜ਼ੋਰ ਬੇਨਤੀ ਕੀਤੀ ਹੈ। ਉਨ੍ਹਾਂ ਨੂੰ ਪੂਰਨ ਆਸ ਹੈ ਕਿ ਮੰਤਰੀ ਸਾਹਿਬਾ ਉਨ੍ਹਾਂ ਦੀ ਇਨ੍ਹਾਂ ਸੀਨੀਅਰਾਂ ਸਬੰਧੀ ਕੀਤੀ ਗਈ ਇਸ ਜਾਇਜ਼ ਮੰਗ ਵੱਲ ਜ਼ਰੂਰ ਧਿਆਨ ਦੇਣਗੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …