8.1 C
Toronto
Friday, May 15, 2026
spot_img
Homeਕੈਨੇਡਾ'ਅੰਤਰਰਾਸ਼ਟਰੀ ਸਾਹਿਤਕ ਸਾਂਝਾਂ' ਵੱਲੋਂ ਮਾਂ ਦਿਵਸ ਨੂੰ ਸਮਰਪਿਤ (ਕਾਵਿ ਮਿਲਣੀ) ਸੰਵਾਦ ਤੇ...

‘ਅੰਤਰਰਾਸ਼ਟਰੀ ਸਾਹਿਤਕ ਸਾਂਝਾਂ’ ਵੱਲੋਂ ਮਾਂ ਦਿਵਸ ਨੂੰ ਸਮਰਪਿਤ (ਕਾਵਿ ਮਿਲਣੀ) ਸੰਵਾਦ ਤੇ ਕਵਿਤਾ ਦਾ ਸੁਚੱਜਾ ਸੁਮੇਲ ਹੋ ਨਿੱਬੜਿਆ

ਬਰੈਂਪਟਨ/ਰਮਿੰਦਰ ਵਾਲੀਆ : ਰਮਿੰਦਰ ਰੰਮੀ ਫਾਊਂਡਰ ਅਤੇ ਪ੍ਰਬੰਧਕ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਤੇ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਕਾਵਿ ਮਿਲਣੀ ਦਾ 10 ਮਈ ਨੂੰ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰਮਿੰਦਰ ਰੰਮੀ ਨੇ ਸਾਰਿਆਂ ਨੂੰ ਜੀ ਆਇਆਂ ਕਹਿੰਦਿਆਂ ਕੀਤੀ। ਸ੍ਰੀਮਤੀ ਰਿੰਟੂ ਭਾਟੀਆ ਨੇ ਮਾਂ ਨੂੰ ਸੰਘਣੀ ਛਾਂ, ਦੁੱਖ ਸੁੱਖ ਦਾ ਸਿਰਨਾਵਾਂ ਦੱਸਦਿਆਂ ਕਿਹਾ ਕਿ ਸਾਡੀ ਜ਼ਿੰਦਗੀ ਵਿੱਚ ਮਾਂ ਦਾ ਅਹਿਮ ਯੋਗਦਾਨ ਹੈ। ਉਹਨਾਂ ਰਮਿੰਦਰ ਰੰਮੀ ਅਤੇ ਸਮੁੱਚੀ ਪ੍ਰਬੰਧਕੀ ਟੀਮ ਨਾਲ ਜਾਣ ਪਛਾਣ ਕਰਾਉਂਦਿਆਂ ਦੱਸਿਆ ਲਗਾਤਾਰ ਪੰਜ ਸਾਲਾਂ ਤੋਂ ਪ੍ਰੋਗਰਾਮ ਕਰ ਰਹੇ ਹਾਂ, ਹੁਣ ਤੱਕ 900 ਦੇ ਕਰੀਬ ਕਵੀ ਸ਼ਿਰਕਤ ਕਰ ਚੁੱਕੇ ਹਨ। ਉਹਨਾਂ ਨੇ ਰਮਿੰਦਰ ਰੰਮੀ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਸੁਰਜੀਤ, ਜੋ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਰਪ੍ਰਸਤ ਨੇ ਕਿਹਾ ਕਿ ਮਾਂ ਸ਼ਬਦ ਭਾਵੇਂ ਛੋਟਾ ਹੈ ਪਰ ਵਿਸ਼ਾਲ ਅਰਥ ਹਨ ਉਹਨਾਂ ਦੁਨੀਆਂ ਦੀਆਂ ਸਮੁੱਚੀਆਂ ਮਾਵਾਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਪ੍ਰੋਗਰਾਮ ਵਿੱਚ ਸ਼ਾਮਲ ਸਾਰੀਆਂ ਸ਼ਖਸੀਅਤਾਂ ਦਾ ਤੁਆਰਫ ਕਰਾਉਂਦਿਆਂ, ਸਭ ਦਾ ਨਿੱਘਾ ਸਵਾਗਤ ਕਰਦਿਆਂ ਪ੍ਰੋਗਰਾਮ ਦਾ ਸੰਚਾਲਣ ਸ਼ੁਰੂ ਕੀਤਾ। ਉਹਨਾਂ ਨੇ ਸਭ ਤੋ ਪਹਿਲਾਂ ਵਿਦਵਾਨ ਪੈਨਲ ਨੂੰ ਜਿਸ ਵਿੱਚ ਅਰਤਿੰਦਰ ਸੰਧੂ, ਡਾ. ਕੰਵਲਜੀਤ ਢਿੱਲੋਂ ਤੇ ਡਾ. ਸਾਇਮਾ ਇਰਮ ਸ਼ਾਮਿਲ ਹਨ, ਨੂੰ ਮਾਂ ਦੀ ਇੱਕੀਵੀਂ ਸਦੀ ਵਿਚ ਰੂਪਾਂਤਰਿਤ ਭੂਮਿਕਾ, ਮਾਂ ਵਿਸ਼ੇ ਨਾਲ ਜੁੜੇ ਹੋਰ ਅਹਿਮ ਪਹਿਲੂਆਂ ‘ਤੇ ਸੰਵਾਦ ਰਚਾਉਣ ਦਾ ਸੱਦਾ ਦਿੱਤਾ। ਸਭ ਤੋਂ ਪਹਿਲਾਂ ਉਹਨਾਂ ਅਰਤਿੰਦਰ ਸੰਧੂ, ਜੋ ਅਧਿਆਪਨ ਵਿੱਚ ਸੇਵਾ ਨਿਭਾਅ ਚੁੱਕੇ ਹਨ, ਸੁਪ੍ਰਸਿੱਧ ਸ਼ਾਇਰਾ ਹੋਣ ਦੇ ਨਾਲ ਸਾਹਿਤਕ ਰਸਾਲੇ ‘ਏਕਮ’ ਦੇ ਸੰਪਾਦਕ ਹਨ, ਨੂੰ ਵਿਚਾਰ ਚਰਚਾ ਲਈ ਸੱਦਾ ਦਿੱਤਾ। ਅਰਤਿੰਦਰ ਸੰਧੂ ਨੇ ਤਿੰਨ ਪੀੜ੍ਹੀਆਂ ਦੇ ਹਵਾਲੇ ਨਾਲ ਮਾਂ ਦੀ ਭੂਮਿਕਾ ਨੂੰ ਬਿਆਨਦਿਆਂ ਕਿਹਾ ਕਿ ਉਹਨਾਂ ਨੇ ਘਰ ਦਾ ਕੰਮ ਕਾਜ ਸੰਭਾਲਦੀ ਆਪਣੀ ਮਾਂ ਵੀ ਦੇਖੀ ਤੇ ਨੌਕਰੀ ਕਰਦਿਆਂ ਮਾਂ ਦੇ ਫਰਜ਼ ਨਿਭਾਉਣ ਦੇ ਨਾਲ-ਨਾਲ ਬੱਚਿਆਂ ਦੀ ਪੜ੍ਹਾਈ ਵਿੱਚ ਪੂਰਾ ਯੋਗਦਾਨ ਪਾਉਣ ਵਾਲੀ ਮਾਂ ਦਾ ਰੋਲ ਵੀ ਨਿਭਾਇਆ ਹੈ ਤੇ ਹੁਣ ਮਾਂ ਦੀ ਭੂਮਿਕਾ ਬਿਲਕੁਲ ਵੱਖਰੀ ਹੈ ਕਿਉਂਕਿ ਪਹਿਲਾ ਜੋ ਮਾਂ ਸਿਖਾਉਂਦੀ ਸੀ ਹੁਣ ਇੰਟਰਨੈਟ ਸਿਖਾ ਰਿਹਾ ਹੈ ਤੇ ਬੱਚਾ ਮਾਂ ਨੂੰ ਕਹਿ ਰਿਹਾ ਹੈ, ਇਹ ਉਸਦੀ ਜ਼ਿੰਦਗੀ ਹੈ। ਅਜਿਹੀ ਸਥਿਤੀ ਵਿੱਚ ਮਾਂ ਦੀ ਭੂਮਿਕਾ ਬਦਲ ਰਹੀ ਹੈ ਤੇ ਚੁਣੌਤੀਪੂਰਨ ਹੋ ਰਹੀ ਹੈ ਤੇ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਵਧ ਰਹੀ ਹੈ। ਡਾ. ਸ਼ਾਇਮਾ ਇਰਮ ਜੋ ਕਿ ਪੰਜਾਬੀ ਦੇ ਪ੍ਰੋਫੈਸਰ ਤੇ ਲੇਖਿਕਾ ਹਨ ਨੇ ਮਾਂ ਦਿਵਸ ਦੀ ਸਾਰਥਕਤਾ ਦੱਸਦਿਆਂ ਕਿਹਾ ਕਿ ਸਾਰੀ ਦੁਨੀਆ ਤੋਹਫੇ ਲੈ ਕੇ ਖੁਸ਼ ਹੁੰਦੀ ਹੈ ਸਿਰਫ ਮਾਂ ਹੀ ਹੈ ਜੋ ਬੱਚੇ ਨੂੰ ਤੋਹਫੇ ਪਿੱਛੇ ਝਿੜਕਦੀ ਕਹਿੰਦੀ ਹੈ ਕਿ ਇਸਦੀ ਕੀ ਲੋੜ ਸੀ ਤੇ ਉਹਨਾਂ ਨਵੀਂ ਪੀੜ੍ਹੀ ਤੇ ਚਿੰਤਾ ਜ਼ਾਹਿਰ ਕੀਤੀ ਜੋ ਕਿਸੇ ਤੋ ਕੁਝ ਸੁਣਨਾ ਪਸੰਦ ਨਹੀਂ ਕਰਦੀ ਤੇ ਇਹ ਪੀੜ੍ਹੀ ਆਪਣੇ ਬੱਚਿਆਂ ਨੂੰ ਕੀ ਦੱਸੇਗੀ? ਤਕਨਾਲੋਜੀ ਦੇ ਯੁੱਗ ਵਿੱਚ ਬੱਚਿਆਂ ਦਾ ਪਿੱਛਾ ਕਰਨਾ ਮਾਂ ਲਈ ਔਖਾ ਹੀ ਨਹੀਂ ਅਸੰਭਵ ਵੀ ਹੈ ਪਰ ਔਲਾਦ ਤੇ ਮਾਂ ਦਾ ਰਿਸ਼ਤਾ ਹਮੇਸ਼ਾ ਰਹੇਗਾ ਤੇ ਅੱਜ ਪੰਜਾਬੀ ਸੱਭਿਆਚਾਰ ਦਾ ਘੇਰਾ ਵੀ ਵਿਸ਼ਾਲ ਹੋ ਰਿਹਾ ਹੈ।
ਡਾ. ਕੰਵਲਜੀਤ ਢਿੱਲ਼ੋਂ ਜੋ ਕਿ ਇੱਕ ਬੁੱਧੀਜੀਵੀ ਸਖਸੀਅਤ ਹੋਣ ਦੇ ਨਾਲ ਨਾਲ ਔਰਤ ਦੇ ਹੱਕਾਂ ਲਈ ਇੱਕ ਸੰਘਰਸ਼ ਕਰਦੇ ਰਹੇ ਹਨ, ਬਹੁਤ ਸਾਰੀਆਂ ਜਥੇਬੰਦੀਆਂ ਦੀ ਨੁਮਾਇੰਦਗੀ ਕੀਤੀ ਹੈ ਤੇ ਅਧਿਆਪਨ ਨੂੰ ਸਮਰਪਿਤ ਰਹੇ ਹਨ, ਨੇ ਕੈਨੇਡਾ ਵਿੱਚ ਔਰਤਾਂ ਦੀ ਜਥੇਬੰਦੀ ‘ਦਿਸ਼ਾ’ ਦੇ ਸੰਸਥਾਪਕ ਹਨ ਨੇ ਮਾਂ ਦਿਵਸ ਸ਼ੁਰੂ ਹੋਣ ਦੇ ਪਿਛੋਕੜ ‘ਤੇ ਝਾਤ ਪੁਆਉਂਦਿਆਂ ਦੱਸਿਆ, 1905 ਵਿੱਚ ਪਹਿਲੀ ਵਾਰੀ ਇਹ ਦਿਵਸ ਮਨਾਇਆ ਗਿਆ। ਅੱਜ ਦੇ ਅਸ਼ਾਂਤੀ ਤੇ ਜੰਗ ਦੇ ਯੁੱਗ ਤੇ ਦਹਿਸ਼ਤ ਦੇ ਯੁੱਗ ਵਿੱਚ ਵਿਚਰ ਰਹੀਆਂ ਮਾਵਾਂ ਨੂੰ ਚਿੰਤਨ ਦਾ ਵਿਸ਼ਾ ਬਣਾਇਆ ਕਿ ਅੱਜ ਦੇ ਤਕਨਾਲੋਜੀ ਤੇ ਪਿੱਤਰੀ ਸੱਤਾ ਦੇ ਯੁੱਗ ਵਿੱਚ ਰਿਸ਼ਤਿਆਂ ਦੀ ਪਾਕੀਜ਼ਗੀ ਤੇ ਰੁਪਾਤਰਣ ਦੇ ਸੰਦਰਭ ਵਿੱਚ ਮਾਂ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਅਨਿਸ਼ਚਤਾ ਦੇ ਦੌਰ ਵਿਚ ਮਾਂਵਾਂ ਮਨੋਸੰਤਾਪ ਝੱਲ ਰਹੀਆਂ ਹਨ। ਸੁਰਜੀਤ ਨੇ ਵਿਚਾਰ-ਚਰਚਾ ਨੂੰ ਸਮੇਟਦਿਆਂ ਕਿਹਾ ਕਿ ਭਾਵੇਂ ਹਰ ਦਿਨ ਮਾਂ ਦਾ ਹੈ ਪਰ ਮਾਵਾਂ ਅੱਜ ਵੀ ਰੁਲ ਰਹੀਆਂ ਹਨ। ਬੱਚਿਆਂ ਦੇ ਰਹਿਮੋ ਕਰਮ ‘ਤੇ ਹਨ ਤੇ ਜਾਂ ਦੇਸ਼ ਵਿੱਚ ਮਾਪੇ ਇਕਲਾਪਾ ਕੱਟ ਰਹੇ ਹਨ ਜਾਂ ਬਜ਼ੁਰਗ ਘਰਾਂ ਦੀ ਹੋਂਦ ਸਾਡੇ ਲਈ ਸੁਆਲੀਆ ਚਿੰਨ੍ਹ ਹੈ। ਮਾਂ ਦਿਵਸ ਆਪਣੇ ਫਰਜ਼ਾਂ ਪ੍ਰਤੀ ਸੁਚੇਤਤਾ ਦਾ ਅਹਿਸਾਸ ਕਰਾਉਂਦਾ ਹੈ।
ਪ੍ਰੋਗਰਾਮ ਦੇ ਦੂਜੇ ਭਾਗ ਵਿੱਚ ਕਵੀ ਦਰਬਾਰ ਦਾ ਆਗਾਜ਼ ਕਰਦਿਆਂ ਡਾ. ਪ੍ਰਭਜੋਤ ਕੌਰ ਜੋ ਕਿ ਪੰਜਾਬ ਯੂਨੀਵਰਸਿਟੀ ਵਿੱਚ ਗਣਿਤ ਦੇ ਪ੍ਰੋਫੈਸਰ ਹਨ ਨੂੰ ਸੱਦਾ ਦਿੱਤਾ ਗਿਆ ਤੇ ਉਹਨਾਂ ਨੇ ਆਪਣੀ ਕਵਿਤਾ ‘ਮਾਂ ਤੇ ਰੁੱਖ’ ਸੁਣਾਈ ਜੋ ਕਿ ਮਾਂ ਤੇ ਰੁੱਖਾਂ ਦੀ ਸਮਾਨਤਾ ਨੂੰ ਦਰਸਾਉਂਦੀ ਮਾਂ ਨੂੰ ਰੁੱਖਾਂ ਦੀ ਜੀਰਾਂਦ ਨਾਲ ਮੇਲਦੀ ਖੂਬਸੂਰਤ ਰਚਨਾ ਸੀ। ਪ੍ਰੋ. ਡਾ. ਜਸਪਾਲ ਸਿੰਘ (ਇਟਲੀ ) ਨੇ ਮਾਂ ਬਾਰੇ ਬੋਲਦਿਆਂ ਕਿਹਾ ਕਿ ਰੱਬ ਦੇ ਵੀ ਵੱਖ-ਵੱਖ ਨਾਂ ਹਨ ਪਰ ਦੁਨੀਆਂ ਵਿੱਚ ਮਾਂ ਦਾ ਨਾਂ ਇੱਕੋ ਹੈ ਉਹਨਾਂ ਨੇ ਆਪਣੀ ਖੂਬਸੂਰਤ ਨਜ਼ਮ ‘ਮਾਂ ਸਿਰਫ ਇੱਕ ਰਿਸ਼ਤਾ ਨਹੀਂ ਹੈ ਇਹ ਇੱਕ ਅਹਿਸਾਸ ਦਾ ਨਾਂ ਹੈ’ ਸਾਂਝੀ ਕੀਤੀ। ਅਜ਼ੀਮ ਕਾਜ਼ੀ, ਜੋ ਕਿ ਉਰਦੂ ਤੇ ਪੰਜਾਬੀ ਵਿੱਚ ਲਿਖਦੇ ਹਨ, ਉਹਨਾਂ ਨੇ ਆਪਣੀ ਗਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ। ਕੁਲਵਿੰਦਰ ਕੌਰ ਨੰਗਲ ਨੇ ‘ਮੇਰੀ ਸੱਸ ਹੈ ਕੁਝ ਵਿਸ਼ੇਸ਼ ਜਿਹੀ’ ਤੇ ਮਾਂ ਸਬੰਧੀ ਰਚਨਾ ਸੁਣਾ ਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਅਮਰ ਕੌਰ ਬੇਦੀ ਨੇ ਅਜੋਕੀ ਪੀੜ੍ਹੀ ਦੇ ਮਾਂ ਪ੍ਰਤੀ ਰਵੱਈਏ ਤੇ ਮਾਂ ਬਣ ਕੇ ਫ਼ਰਜ਼ਾਂ ਤੋਂ ਭੱਜਣ ਦੀ ਸਥਿਤੀ ਨੂੰ ਪੇਸ਼ ਕਰਦੀ ਕਵਿਤਾ ਸੁਣਾਈ। ਮੁੱਖ ਮਹਿਮਾਨ ਡਾ. ਅਮਰਜੀਤ ਕੌਂਕੇ ਜੋ ਕਿ ਕਵਿਤਾ ਦੀਆਂ ਅੱਠ ਕਿਤਾਬਾਂ ਦੇਣ ਦੇ ਨਾਲ-ਨਾਲ ਤੇ 20 ਤੋਂ ਵੱਧ ਪੁਸਤਕਾਂ ਦੇਣ ਦਾ ਅਨੁਵਾਦ ਕਰ ਚੁੱਕੇ ਹਨ, ਨੇ ਮਾਂ ਦਿਵਸ ਸੰਬੰਧੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਮੰਚ ਦੀ ਸੁਚੱਜੀ ਵਿਉਂਤ ਦੀ ਸਰਾਹਨਾ ਕਰਦਿਆਂ ਦੱਸਿਆ ਕਿ ਉਹਨਾਂ ਦੇ ਹਰ ਕਾਵਿ ਸੰਗ੍ਰਹਿ ਵਿੱਚ ਉਹਨਾਂ ਨੇ ਮਾਂ ਪ੍ਰਤੀ ਆਭਾਰ ਤੇ ਸੰਵੇਦਨਾ ਨੂੰ ਜ਼ਰੂਰ ਪ੍ਰਗਟਾਇਆ ਹੈ ਤੇ ਇਹ ਵਿਸ਼ਾ ਸਦੀਵੀ ਰਹਿਣ ਵਾਲਾ ਹੈ ਕਿਉਂਕਿ ਮਾਂ ਮਨੁੱਖੀ ਜ਼ਿੰਦਗੀ ਸਿਰਜਦੀ ਹੈ। ਉਹਨਾਂ ਆਪਣੀਆਂ ਦੋ ਖੂਬਸੂਰਤ ਨਜ਼ਮਾਂ ਜੋ ਮਾਂ ਨੂੰ ਸਮਰਪਿਤ ਸਨ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਹਰਭਜਨ ਕੌਰ ਨੇ ਮਾਂ ਸਬੰਧੀ ਕਵਿਤਾ ਸਾਂਝੀ ਕੀਤੀ। ਗੁਰਚਰਨ ਜੋਗੀ ਨੇ ਵੀ ਮਾਂ ਸਬੰਧੀ ਸ਼ੇਅਰ ਹਾਜ਼ਰੀਨ ਨਾਲ ਸਾਂਝਾ ਕੀਤਾ। ਸੁਰਜੀਤ ਨੇ ਆਪਣੀ ਨਜ਼ਮ ‘ਧੀ ਤੋਂ ਮਾਂ ਬਣਨ ਦਾ ਸਫ਼ਰ’ ਸਾਂਝੀ ਕੀਤੀ ਜਿਸ ਵਿੱਚ ਹਰ ਧੀ ਜਦ ਮਾਂ ਬਣਦੀ ਹੈ ਤਾਂ ਮਾਂ ਦੇ ਫਰਜ਼ ਯਾਦ ਆਉਂਦੇ ਹਨ। ਇਸ ਯਾਦਗਾਰੀ ਤੇ ਖੂਬਸੂਰਤ ਪ੍ਰੋਗਰਾਮ ਦੇ ਅੰਤ ਤੇ ਚੇਅਰਮੈਨ ਪਿਆਰਾ ਸਿੰਘ ਕੁੱਦੋਵਾਲ ਨੇ ਆਪਣੇ ਵਿਲੱਖਣ ਤੇ ਵਿਸਤ੍ਰਿਤ ਅੰਦਾਜ਼ ਸਮੁੱਚੇ ਪ੍ਰੋਗਰਾਮ ਦਾ ਕੰਜੀਵਤ ਰੂਪ ਵਿੱਚ ਸਾਰਾਂਸ਼ ਪੇਸ਼ ਕੀਤਾ ਅਤੇ ਪ੍ਰੋਗਰਾਮ ਦੀ ਸੁਚੱਜੀ ਵਿਉਂਤ ਲਈ ਰਮਿੰਦਰ ਵਾਲੀਆ ਦੀ ਸਰਾਹਨਾ ਕੀਤੀ। ਸੋ ਇਹ ਪ੍ਰੋਗਰਾਮ ਸੰਵਾਦ ਤੇ ਕਵਿਤਾ ਦਾ ਸੁਚੱਜਾ ਸੁਮੇਲ ਹੋ ਨਿੱਬੜਿਆ। ਨਾਮਵਰ ਸ਼ਾਇਰਾ ਸੁਰਜੀਤ ਨੇ ਬਾਖੂਬੀ ਇਸ ਪ੍ਰੋਗਰਾਮ ਦਾ ਸੰਚਾਲਣ ਕੀਤਾ। ਦੇਸ਼ ਵਿਦੇਸ਼ ਤੋਂ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਧੰਨਵਾਦ ਸਹਿਤ। ਇਹ ਰਿਪੋਰਟ ਡਾ. ਪੁਸ਼ਵਿੰਦਰ ਕੌਰ ਖੋਖਰ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।
ਰਮਿੰਦਰ ਰੰਮੀ ਫਾਊਂਡਰ, ਪ੍ਰਧਾਨ ਤੇ ਪ੍ਰਬੰਧਕ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।

 

 

RELATED ARTICLES
POPULAR POSTS