ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਇਕ ਮਿੰਟ ਦਾ ਮੋਨ ਰੱਖਿਆ ਗਿਆ
ਨਵੇਂ ਸਾਲ ਦੀ ਆਮਦ ਨਾਲ ਸਬੰਧਿਤ ਕਵੀ ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 17 ਜਨਵਰੀ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਹੋਈ ਜ਼ੂਮ-ਮੀਟਿੰਗ ਦਿੱਲੀ ਦੇ ਬਰੂਹਾਂ ‘ਤੇ ਪਿਛਲੇ 54 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਮੱਰਪਿਤ ਰਹੀ। ਮੀਟਿੰਗ ਵਿਚ ਮੈਂਬਰਾਂ ਵੱਲੋਂ ਇਸ ਸੰਘਰਸ਼ ਦੀ ਅਜੋਕੀ ਹਾਲਤ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੇ ਆਰੰਭ ਵਿਚ ਇਸ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਇਕ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਂਟ ਕੀਤੀ ਗਈ।
ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਵੱਲੋਂ ਇਸ ਜ਼ੂਮ-ਮੀਟਿੰਗ ਵਿਚ ਸ਼ਾਮਲ ਹੋਏ ਮੈਂਬਰਾਂ ਤੇ ਮਹਿਮਾਨਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਨੂੰ ਦਿੱਲੀ ਵਿਚ ਚੱਲ ਰਹੇ ਕਿਸਾਨੀ ਅੰਦਲਨ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਬੇਨਤੀ ਕੀਤੀ ਗਈ ਜਿਨ੍ਹਾਂ ਨੇ ਦੱਸਿਆ ਕਿ ਇਹ ਅੰਦੋਲਨ ਹੁਣ ਉਸ ਗੰਭੀਰ ਪੜਾਅ ਵਿਚ ਦਾਖ਼ਲ ਹੋ ਗਿਆ ਹੈ ਜਿੱਥੇ ਭਾਰਤ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਅਜੇ ਤਿਆਰ ਨਹੀਂ ਜਾਪਦੀ ਅਤੇ ਓਧਰ ਕਿਸਾਨ ਵੀ ਇਹ ਮੰਗਾਂ ਮਨਵਾਉਣ ਤੋਂ ਬਿਨਾਂ ਘਰਾਂ ਨੂੰ ਵਾਪਸ ਮੁੜਨ ਵਾਲੇ ਨਹੀਂ ਲੱਗਦੇ। ਪੋੜ੍ਹ-ਲੇਖਕ ਪੂਰਨ ਸਿੰਘ ਪਾਂਧੀ ਨੇ ਆਪਣੇ ਸੰਬੋਧਨ ਵਿਚ ਇਸ ਕਿਸਾਨ ਸੰਘਰਸ਼ ਨੂੰ ਭਵਿੱਖ ਵਿਚ ਕਿਸਾਨਾਂ ਦੀ ਹੋਂਦ ਦਾ ਸੁਆਲ ਦੱਸਿਆ, ਜਦਕਿ ਪਿਆਰਾ ਸਿੰਘ ਕੁੱਦੋਵਾਲ ਨੇ ਇਸ ਅੰਦੋਲਨ ਦੇ ਸ਼ਾਂਤੀ ਪੂਰਵਕ ਰਹਿ ਕੇ ਇਸ ਦੇ ਸਫ਼ਲ ਹੋਣ ਦੀ ਕਾਮਨਾ ਕੀਤੀ।
ਅਮਰੀਕਾ ਦੇ ਸ਼ਹਿਰ ਨੌਰਥ ਕੈਰੋਲੀਨਾ ਤੋਂ ਇਸ ਜ਼ੂਮ-ਮੀਟਿੰਗ ਵਿਚ ਜੁੜੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਕਿਸਾਨ ਅੰਦੋਲਨ ઑਤੇ ਕੇਂਦ੍ਰਿਤ ਆਪਣੀ ਕਵਿਤਾ ”ਇਹ ਜੋ ਬੈਠੇ ਨੇ, ਇਹ ਬੈਠੇ ਨਹੀਂ ਸਗੋਂ ਇਹ ਤਾਂ ਉੱਠੇ ਨੇ, ਮਸਾਂ-ਮਸਾਂ ਜਾਗੇ ਨੇ ਇਹ ਲੋਕ, ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਏ ਨੇ ….।” ਕਵਿੱਤਰੀ ਸੁਰਜੀਤ ਕੌਰ ਨੇ ਇਸ ਕਿਸਾਨੀ ਸੰਘਰਸ਼ ਵਿਚ ਪਾਏ ਜਾ ਰਹੇ ਔਰਤਾਂ ਦੇ ਭਰਪੂਰ ਯੋਗਦਾਨ ਦਾ ਕਾਵਿਕ ਅੰਦਾਜ਼ ਵਿਚ ਬਾਖ਼ੂਬੀ ਜ਼ਿਕਰ ਕੀਤਾ, ਜਦਕਿ ਡਾ. ਸੁਖਦੇਵ ਸਿੰਘ ਝੰਡ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਚਾਰ-ਮੈਂਬਰੀ ਕਮੇਟੀ (ਹੁਣ ਤਿੰਨ-ਮੈਂਬਰੀ) ਰਾਹੀਂ ਇਸ ਅੰਦੋਲਨ ਨੂੰ ਹੋਰ ਲਮਕਾਉਣ ਅਤੇ ਕਿਸਾਨ ਆਗੂਆਂ ਤੇ ਇਸ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਨੂੰ ਭਾਰਤ ਸਰਕਾਰ ਦੀ ਏਜੰਸੀ ਐੱਨ.ਆਈ.ਏ. ਵੱਲੋਂ ਭੇਜੇ ਜਾ ਰਹੇ ਜਾ ਰਹੇ ਗ਼ੈਰ-ਕਾਨੂੰਨੀ ਨੋਟਿਸਾਂ ਬਾਰੇ ਗੱਲ ਕੀਤੀ। ਡਾ. ਜਗਮੋਹਨ ਸਿੰਘ ਸੰਘਾ ਨੇ ਕਈ ਸਥਾਨਕ ਟੀ.ਵੀ. ਚੈਨਲਾਂ ਉੱਪਰ ਇਸ ਸੰਘਰਸ਼ ਦੇ ਵਿਰੋਧ ਵਿਚ ਚੱਲ ਰਹੀਆਂ ਬਹਿਸਾਂ ਬਾਰੇ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਤੋਂ ਇਲਾਵਾ ਇਸ ਗੱਲਬਾਤ ਵਿਚ ਉੱਘੇ ਲੇਖਕ ਤੇ ਚਿੰਤਕ ਡਾ. ਅਮਰਜੀਤ ਸਿੰਘ ਬਨਵੈਤ, ਪੀ.ਐੱਸ.ਬੀ. ਸੀਨੀਅਰਜ਼ ਕਲੱਬ ਦੇ ਸਕੱਤਰ ਹਰਚਰਨ ਸਿੰਘ ਰਾਜਪੂਤ, ਸਮਾਜ-ਸੇਵੀ ਕਰਨੈਲ ਸਿੰਘ ਮਰਵਾਹਾ ਅਤੇ ਹਰਜਸਪ੍ਰੀਤ ਕੌਰ ਗਿੱਲ ਨੇ ਵੀ ਭਾਗ ਲਿਆ।
ਮੀਟਿੰਗ ਦੇ ਦੂਸਰੇ ਭਾਗ ਕਵੀ-ਦਰਬਾਰ ਦੇ ਸੰਚਾਲਕ ਪਰਮਜੀਤ ਢਿੱਲੋਂ ਵੱਲੋਂ ਸੱਭ ਤੋਂ ਪਹਿਲਾਂ ਇਕਬਾਲ ਬਰਾੜ ਨੂੰ ਗੀਤ ਸੁਨਾਉਣ ਦੀ ਬੇਨਤੀ ਕੀਤੀ ਗਈ ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਵਿਚ ਇਕ ਗੀਤ ਗਾਇਆ। ਉਪਰੰਤ, ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਆਪਣੀ ਕਵਿਤਾ ‘ਅੰਨਦਾਤੇ ਦੀ ਬਰਾਤ’ ਪੇਸ਼ ਕੀਤੀ ਗਈ। ਮੀਤਾ ਖੰਨਾ, ਰਿੰਕੂ ਭਾਟੀਆ ਤੇ ਪਰਮਜੀਤ ਗਿੱਲ ਵੱਲੋਂ ਆਪਣੀਆਂ ਖ਼ੂਬਸੂਰਤ ਆਵਾਜ਼ਾਂ ਵਿਚ ਗੀਤ ਸੁਣਾਏ ਗਏ। ਇਸ ਸਿਲਸਿਲੇ ਨੂੰ ਅੱਗੇ ਤੋਰਦਿਆਂ ਹੋਇਆਂ ਸੁਰਜੀਤ ਕੌਰ, ਡਾ. ਜਗਮੋਹਨ ਸੰਘਾ, ਕਰਨ ਅਜਾਇਬ ਸਿੰਘ ਸੰਘਾ, ਮਕਸੂਦ ਚੌਧਰੀ, ਪਿਆਰਾ ਸਿੰਘ ਕੁਦੋਵਾਲ, ਸੁਖਦੇਵ ਝੰਡ, ਤਲਵਿੰਦਰ ਮੰਡ, ਪਰਮਜੀਤ ਢਿੱਲੋਂ, ਪਰਮਜੀਤ ਦਿਓਲ, ਹਰਜਸਪ੍ਰੀਤ ਗਿੱਲ, ਕੁਲਦੀਪ, ਰਮਿੰਦਰ ਵਾਲੀਆ ਤੇ ਅਰੋੜਾ ਸਾਹਿਬ ਵੱਲੋਂ ਕਿਸਾਨ ਅੰਦੋਲਨ ਅਤੇ ਨਵੇਂ ਸਾਲ ਦੀ ਆਮਦ ਨਾਲ ਸਬੰਧਿਤ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਇਸ ਜ਼ੂਮ ਸਮਾਗਮ ਵਿਚ ਭਾਗ ਲੈਣ ਵਾਲਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਜ਼ੂਮ-ਮੀਟਿੰਗ ‘ਚ ਦਿੱਲੀ ਕਿਸਾਨ ਅੰਦੋਲਨ ਦੀ ਤਾਜ਼ਾ ਹਾਲਤ ਬਾਰੇ ਵਿਚਾਰਾਂ
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …