-7.8 C
Toronto
Monday, January 19, 2026
spot_img
Homeਕੈਨੇਡਾਰੈਡ ਵਿੱਲੋ ਕਲੱਬ ਮੈਂਬਰਾਂ ਨੇ ਬਲਿਊ ਮਾਊਂਨਟੇਨ ਅਤੇ ਸਨ,ਸੈਟ ਬੀਚ ਦੇ ਕੁਦਰਤੀ...

ਰੈਡ ਵਿੱਲੋ ਕਲੱਬ ਮੈਂਬਰਾਂ ਨੇ ਬਲਿਊ ਮਾਊਂਨਟੇਨ ਅਤੇ ਸਨ,ਸੈਟ ਬੀਚ ਦੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਅਤੀ ਕਾਰਜ਼ਸ਼ੀਲ ਰੈੱਡ ਵਿੱਲੋ ਸੀਨੀਅਰਜ਼ ਕਲੱਬ ਜੋ ਕਿ ਆਪਣੇ ਮੈਂਬਰਾਂ ਦਾ ਰਿਟਾਇਰਮੈਂਟ ਜ਼ਿੰਦਗੀ ਤੇ ਮਨੋਰੰਜਨ ਦਾ ਪੂਰਾ ਖਿਆਲ ਰਖਦੀ ਹੈ ਵਲੋਂ ਵੱਖ ਥਾਵਾਂ ਦੇ ਸਾਂਝੇ ਟਰਿੱਪਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜੋ ਇਸ ਦੇ ਮੈਂਬਰ ਆਪਣਾ ਖੁਸ਼ੀਆਂ ਭਰਪੂਰ ਜੀਵਨ ਜਿਉਣ। ਇਸੇ ਲੜੀ ਵਿੱਚ 19 ਅਗਸਤ ਨੂੰ ਲਗਪਗ 150 ਮੈਂਬਰਾਂ ਨੇ ਬਹੁਤ ਹੀ ਰਮਣੀਕ ਅਸਥਾਨ ਬਲਿਊ ਮਾਊਂਨਟੇਨ ਵਿਲੇਜ ਦਾ ਟਰਿੱਪ ਲਾਇਆ। ਤਿੰਨੇ ਬੱਸਾਂ ਠੀਕ ਸਮੇਂ ਤੇ ਰੈੱਡ ਵਿੱਲੋ ਪਾਰਕ ਵਿੱਚ ਪਹੁੰਚ ਗਈਆਂ। ਸੀਟਾਂ ‘ਤੇ ਨੰਬਰ ਲੱਗੇ ਹੋਣ ਕਾਰਣ ਮੈਂਬਰ ਬਿਨਾਂ ਕਿਸੇ ਹਫੜਾ ਦਫੜੀ ਦੇ ਬੱਸਾਂ ਵਿੱਚ ਸਵਾਰ ਹੋ ਗਏ। ਉਹਨਾਂ ਨੂੰ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਤੋਂ ਬਿਨਾਂ ਕਾਊਂਸਲਰ ਪੈਟ ਫਰੋਟੀਨੀ ਅਤੇ ਮਾਰਟਿਨ ਸਿੰਘ ਨੇ ਸ਼ੁਭ ਇਛਾਵਾਂ ਦਿੰਦੇ ਹੋਏ ਵਿਦਾ ਕੀਤਾ। ਪਹਿਲੀ ਬੱਸ ਦੇ ਇੰਚਾਰਜ ਪਰਮਜੀਤ ਬੜਿੰਗ ਅਤੇ ਜੋਗਿੰਦਰ ਪੱਡਾ, ਦੂਜੀ ਦੇ ਅਮਰਜੀਤ ਸਿੰਘ ਅਤੇ ਸ਼ਿਵਦੇਵ ਰਾਏ ਅਤੇ ਤੀਜੀ ਬੱਸ ਦੇ ਮੋਹਿੰਦਰ ਕੌਰ ਪੱਡਾ, ਨਿਰਮਲਾ ਦੇਵੀ ਅਤੇ ਬਲਜੀਤ ਗਰੇਵਾਲ ਸਨ।
ਸਾਰਾ ਹੀ ਰਸਤਾ ਕੁਦਰਤੀ ਨਜ਼ਾਰਿਆਂ ਅਤੇ ਹਰਿਆਲੀ ਭਰਪੂਰ ਸੀ ਜਿਸ ਦਾ ਆਨੰਦ ਮਾਣਦਾ ਹੋਇਆ ਬੱਸਾਂ ਦਾ ਇਹ ਕਾਫਲਾ ਮੰਜ਼ਿਲ ਵੱਲ ਵਧਣ ਲੱਗਾ। ਨਿਰੋਲ ਬੀਬੀਆਂ ਵਾਲੀ ਬੱਸ ਵਿੱਚ ਗਿੱਧੇ ਨਾਲ ਪੂਰੀ ਰੌਣਕ ਲੱਗੀ ਰਹੀ। ਬਲਿਊ ਮਾਊਂਨਟੇਨ ਪਹੁੰਚ ਕੇ ਬਹੁਤ ਹੀ ਰਮਣੀਕ ਸਥਾਂਨ ਦੇ ਦਰਸ਼ਨ ਕਰਕੇ ਸਾਰੇ ਗਦਗਦ ਹੋ ਉੱਠੇ। ਬੱਸ ਰਾਹੀਂ ਪਹਾੜ ਦੀ ਚੋਟੀ ‘ਤੇ ਪਹੁੰਚ ਕੇ ਆਲੇ ਦੁਆਲੇ ਦੇ ਦ੍ਰਿਸ਼ਾਂ ਦਾ ਖੂਬ ਆਨੰਦ ਮਾਣਿਆ। ਉਪਰੋਂ ਝੀਲ ਦਾ ਨਜ਼ਾਰਾ ਬਹੁਤ ਹੀ ਦਿਲਕਸ਼ ਦਿਖਾਈ ਦੇ ਰਿਹਾ ਸੀ। ਵਾਪਸੀ ‘ਤੇ ਬਹੁਤ ਸਾਰੇ ਮੈਂਬਰ ਗੰਡੋਲੇ ਰਾਹੀਂ ਹੇਠਾਂ ਪਹੁੰਚੇ।
ਇਸ ਉਪੰਤ ਇਹ ਕਾਫਲਾ ਸਨ-ਸੈੱਟ ਪੋਆਇੰਟ ਬੀਚ ਕੌਲਿੰਗਵੁੱਡ ਵੱਲ ਚੱਲ ਪਿਆ। ਧਰਤੀ ਦਾ ਇਹ ਟੁਕੜਾ ਅਤੀ ਖੂਬਸੂਰਤ ਸੀ। ਲੇਕ ਦੁਆਲੇ ਬਹੁਤ ਹੀ ਖੂਬਸੂਰਤ ਕੁਦਰਤ ਰਾਣੀ ਦਾ ਸੁਹੱਪਣ ਦੇਖਕੇ ਮੈਂਬਰ ਅਤੀ ਪਰਸੰਨ ਹੋਏ । ਲੇਕ ਦੇ ਬਹੁਤ ਹੀ ਸਾਫ ਅਤੇ ਨੀਲੇ ਪਾਣੀ ਦੁਆਲੇ ਬੈਠਣ ਲਈ ਬਹੁਤ ਵਧੀਆ ਪਰਬੰਧ ਸੀ। ਜਿੱਥੇ ਬੈਠ ਕੇ ਸਾਰਿਆਂ ਨੇ ਕੁਦਰਤ ਨੂੰ ਨਿਹਾਰਦੇ ਹੋਏ ਰਲ ਮਿਲ ਕੇ ਖਾਣੇ ਦਾ ਆਨੰਦ ਮਾਣਿਆ। ਇੱਥੇ ਵੀ ਬੀਬੀਆਂ ਨੇ ਪੰਜਾਬੀ ਲੋਕ ਨਾਚ ਗਿੱਧੇ ਨਾਲ ਖੂਬ ਰੰਗ ਬੰਨ੍ਹਿਆ। ਇੱਥੇ ਕਾਫੀ ਸਮਾਂ ਬਿਤਾਉਣ ਤੋਂ ਬਾਦ ਵਾਪਸੀ ਹੋ ਗਈ। ਵਾਪਸੀ ਤੇ ਹਸਦੇ ਖੇਡਦੇ ਖੁਸ਼ੀਆਂ ਮਨਾਉਂਦੇ ਮਨ ਵਿੱਚ ਇਸ ਯਾਦਗਾਰੀ ਟਰਿੱਪ ਦੇ ਆਨੰਦਮਈ ਪਲਾਂ ਨੂੰ ਸਮੇਟਦੇ ਹੋਏ ਵਾਪਸ ਘਰਾਂ ਨੂੰ ਚੱਲ ਪਏ। ਕਲੱਬ ਸਬੰਧੀ ਕਿਸੇ ਵੀ ਪਰਕਾਰ ਦੀ ਜਾਣਕਾਰੀ ਲਈ ਗੁਰਨਾਮ ਸਿੰਘ ਗਿੱਲ 416-908-1300, ਜਨਰਲ ਸਕੱਤਰ ਕੁਲਵੰਤ ਸਿੰਘ 647-202-7696, ਅਮਰਜੀਤ ਸਿੰਘ 418-268-6821, ਪਰਮਜੀਤ ਬੜਿੰਗ 647-963-0331 ਜਾਂ ਸੁਖਦੇਵ ਸਿੰਘ ਰਾਏ 647-643-6396 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS