Breaking News
Home / ਕੈਨੇਡਾ / ਕੈਨੇਡਾ ਦੇ ਮੂਲ-ਵਾਸੀ ਬੱਚਿਆਂ ਨੂੰ ਸਮੱਰਪਿਤ ਐੱਨਲਾਈਟ ਕਿੱਡਜ਼ ਦੀ ਚੌਥੀ ਸਲਾਨਾ ਰੱਨ ਫ਼ਾਰ ਐਜੂਕੇਸ਼ਨ ਬੇਹੱਦ ਸਫ਼ਲ ਰਹੀ

ਕੈਨੇਡਾ ਦੇ ਮੂਲ-ਵਾਸੀ ਬੱਚਿਆਂ ਨੂੰ ਸਮੱਰਪਿਤ ਐੱਨਲਾਈਟ ਕਿੱਡਜ਼ ਦੀ ਚੌਥੀ ਸਲਾਨਾ ਰੱਨ ਫ਼ਾਰ ਐਜੂਕੇਸ਼ਨ ਬੇਹੱਦ ਸਫ਼ਲ ਰਹੀ

ਈਵੈਂਟ ਵਿਚ 100 ਦੇ ਕਰੀਬ ਦੌੜਾਕਾਂ ਤੇ ਵਾੱਕਰਾਂ ਨੇ ਲਿਆ ਹਿੱਸਾ
ਬਰੈਂਪਟਨ/ਡਾ. ਝੰਡ : ‘ਐੱਨਲਾਈਟ ਕਿੱਡਜ਼’ ਵੱਲੋਂ ਲੰਘੇ ਐਤਵਾਰ 3 ਅਕਤੂਬਰ ਨੂੰ ਬਰੈਂਪਟਨ ਦੇ ਚਿੰਗੂਆਕੂਜੀ ਪਾਰਕ ਵਿਚ ਕਰਵਾਈ ਗਈ ਚੌਥੀ ਰੱਨ ਫ਼ਾਰ ਐਜੂਕੇਸ਼ਨ ਵਿਚ 100 ਤੋਂ ਵਧੀਕ ਦੌੜਾਕਾਂ ਤੇ ਵਾੱਕਰਾਂ ਨੇ 5 ਅਤੇ 10 ਕਿਲੋਮੀਟਰ ਰੱਨ-ਕਮ-ਵਾਕ ਵਿਚ ਹਿੱਸਾ ਲਿਆ। ਇਸ ਵਿਚ ਇਕੱਤਰ ਹੋਈ ਰਕਮ ਅਤੇ ਦਾਨੀ ਸੱਜਣਾਂ ਤੇ ਸੰਸਥਾਵਾਂ ਵੱਲੋਂ ਆਈ ਡੋਨੇਸ਼ਨ ਨਾਲ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਵਿਚ ਸਹਾਇਤਾ ਕੀਤੀ ਜਾਂਦੀ ਹੈ। ਇਸ ਸਾਲ ਪ੍ਰਬੰਧਕਾਂ ਵੱਲੋਂ ਇਸ ਰਕਮ ਨਾਲ ਕੈਨੇਡਾ ਦੇ ਮੂਲ-ਵਾਸੀਆਂ ਦੇ ਬੱਚਿਆਂ ਦੇ ਲਈ ਸਕਾਲਰਸ਼ਿਪ ਆਰੰਭ ਕਰਨ ਦੀ ਯੋਜਨਾ ਉਲੀਕੀ ਗਈ ਹੈ।
ਇਸ ਈਵੈਂਟ ਨੂੰ ਇੰਡੀਜੀਨੀਅਸ ਐਜੂਕੇਸ਼ਨ ਨੂੰ ਸਮੱਰਪਿਤ ਚੈਰਿਟੀ ਆਰਗੇਨਾਈਜ਼ੇਸ਼ਨ ‘ਇੰਡਸਪਾਇਰ’, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਅਤੇ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀਪੀਏਆਰ ਕਲੱਬ) ਦੇ ਮੈਂਬਰਾਂ ਸਹਿਯੋਗ ਨਾਲ ਸਫਲਤਾ ਪੂਰਵਕ ਕਰਵਾਇਆ ਗਿਆ। ਪੰਜ ਤੇ ਦਸ ਲਿਕੋਮੀਟਰ ਦੌੜ ਅਤੇ ਵਾੱਕ ਦਾ ਇਹ ਈਵੈਂਟ ‘ਹਾਈਬਰਿੱਡ’ ਕਿਸਮ ਦਾ ਸੀ ਜਿਸ ਵਿਚ ਦੌੜਾਕਾਂ ਵੱਲੋਂ ਨਿੱਜੀ ਅਤੇ ਵਰਚੂਅਲ ਦੋਹਾਂ ਰੂਪਾਂ ਵਿਚ ਸ਼ਮੂਲੀਅਤ ਕੀਤੀ ਗਈ। ਈਵੈਂਟ ਵਿਚ ਨਿੱਜੀ ਤੌਰ ‘ઑਤੇ ਸ਼ਿਰਕਤ ਕਰਨ ਵਾਲੇ ਮੈਂਬਰ ਪੌਣੇ ਨੌਂ ਵਜੇ ਚਿੰਗੂਆਕੂਜ਼ੀ ਪਾਰਕ ਦੇ ਸਿੰਥੈਟਿਕ ਐਸਟ੍ਰੋਟਰਫ਼ ਸਟੇਡੀਅਮ ਵਿਚ ਇਕੱਤਰ ਹੋਣੇ ਸ਼ੁਰੂ ਹੋ ਗਏ ਜਿੱਥੇ ਪ੍ਰਬੰਧਕਾਂ ਵੱਲੋਂ ਚਾਹ-ਪਾਣੀ ਅਤੇ ਗਰਮ-ਗਰਮ ਪਕੌੜਿਆਂ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ।
ਸਵਾ ਕੁ ਨੌਂ ਵਜੇ ਇਕ ਬੈਂਚ ਦੀ ਸਹਾਇਤਾ ਨਾਲ ਬਣਾਈ ਗਈ ਕੰਮ ਚਲਾਊ ਸਟੇਜ ਤੋਂ ਐੱਨਲਾਈਟ ਕਿੱਡਜ਼ ਦੇ ਮੁੱਖ-ਆਯੋਜਿਕ ਨਰਿੰਦਰਪਾਲ ਬੈਂਸ ਨੇ ਨਵਦੀਪ ਛੱਤਵਾਲ ਦੀ ਲਿਖੀ ਹੋਈ ਉਤਸ਼ਾਹ ਵਧਾਊ ਤੇ ਪ੍ਰੇਰਨਾ ਨਾਲ ਭਰਪੂਰ ਸਪੀਚ ਸਾਂਝੀ ਕੀਤੀ ਅਤੇ ਉਨ੍ਹਾਂ ਦੇ ਸਹਿਯੋਗੀ ਪਰਮਜੀਤ ਸਿੰਘ ਢਿੱਲੋਂ ਵੱਲੋਂ ਇਸ ਈਵੈਂਟ ਦੀ ਅਹਿਮੀਅਤ ਅਤੇ ਇਸ ਦੀ ਰੂਪ-ਰੇਖਾ ਬਾਰੇ ਸੰਖੇਪ ਗੱਲ ਕਰਦਿਆਂ ਦੱਸਿਆ ਗਿਆ ਕਿ ਇੰਡੀਜੀਨੀਅਸ ਬੱਚਿਆਂ ਨੂੰ ਸਮੱਰਪਿਤ ਇਸ ਦੌੜ ਲਈ 5 ਕਿਲੋਮੀਟਰ ਦੌੜਨ ਵਾਲੇ ਜਾਂ ਪੈਦਲ ਚੱਲਣ ਵਾਲੇ ਸਿੰਥੈਟਿਕ ਟਰੈਕ ਦਾ ਇਕ ਚੱਕਰ ਲਗਾ ਕੇ ਪੂਰੇ ਪਾਰਕ ਦੇ ਦੋ ਵੱਡੇ ਚੱਕਰ ਲਗਾਉਣ ਤੋਂ ਬਾਅਦ ਫਿਰ ਇਕ ਚੱਕਰ ਇਸ ਟਰੈਕ ਦਾ ਲਾਉਣਗੇ, ਜਦਕਿ 10 ਕਿਲੋਮੀਟਰ ਦੌੜਨ ਜਾਂ ਪੈਦਲ ਚੱਲਣ ਵਾਲੇ ਪਾਰਕ ਦੇ ਚਾਰ ਚੱਕਰ ਅਤੇ ਟਰੈਕ ਦੇ ਦੋ ਚੱਕਰ ਲਗਾਉਣਗੇ। ਇਸ ਮੌਕੇ ਡਰੱਗ ਅਵੇਅਰਨੈੱਸ ਸੋਸਾਇਟੀ ਦੇ ਆਗੂ ਸੰਦੀਪ ਸੰਘਾ ਅਤੇ ਪੱਤਰਕਾਰ ਡਾ. ਸੁਖਦੇਵ ਸਿੰਘ ਝੰਡ ਵੱਲੋਂ ਨਸ਼ਿਆਂ ਤੋਂ ਦੂਰ ਰਹਿਣ, ਸਰੀਰਕ ਤੰਦਰੁਸਤੀ ਅਤੇ ਇਸ ਈਵੈਂਟ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ਮੁੱਖ-ਪ੍ਰਬੰਧਕ ਪਰਮਜੀਤ ਸਿੰਘ ਢਿੱਲੋਂ ਵੱਲੋ 10 ਵਜੇ ਸਾਰਿਆਂ ਨੂੰ ਟਰੈਕ ਦੀ ਸਟਾਰਟਿੰਗ-ਲਾਈਨ ਉੱਪਰ ਖੜ੍ਹੇ ਕਰਨ ਤੋਂ ਬਾਅਦ ਵਿਸਲ ਵਜਾ ਕੇ ਇਹ ਦੌੜ-ਕਮ ਵਾੱਕ ਆਰੰਭ ਕਰਨ ਦਾ ਇਸ਼ਾਰਾ ਦਿੱਤਾ ਗਿਆ। ਸਾਰੇ ਦੌੜਾਕਾਂ ਤੇ ਪੈਦਲ ਚੱਲਣ ਵਾਲਿਆਂ ਨੇ ਨਿਰਧਾਰਿਤ ਹਦਾਇਤਾਂ ਦੀ ਪੂਰਨ ਪਾਲਣਾ ਕਰਦੇ ਹੋਏ ਲੋੜੀਂਦੇ ਚੱਕਰ ਲਗਾ ਕੇ ਇਸ ਈਵੈਂਟ ਦੀ ਸਫ਼ਲਤਾ ਵਿਚ ਆਪਣਾ ਯੋਗਦਾਨ ਪਾਇਆ।
ਦੌੜਨ ਵਾਲਿਆਂ ਵਿਚ ਮੈਰਾਥਨ ਦੌੜਾਕ ਧਿਆਨ ਸਿੰਘ, ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਪ੍ਰਧਾਨ ਹਰਭਜਨ ਸਿੰਘ ਗਿੱਲ, ਸਕੱਤਰ ਡਾ. ਜੈਪਾਲ ਸਿੰਘ ਸਿੱਧੂ, ਸਮਾਜ-ਸੇਵੀ ਭਜਨ ਸਿੰਘ ਥਿੰਦ, ਉੱਘੇ ਮੈਰਾਥਨ ਦੌੜਾਕ ਕਰਮਜੀਤ ਸਿੰਘ, ਰਾਸ਼ੀ ਪੰਧੇਰ, ਲੱਖਾ ਸਿੰਘ, ਹਰਦੇਵ ਸਮਰਾ, ਮਨਜੀਤ ਸਿੰਘ, ਜਗਤਾਰ ਸਿੰਘ ਗਰੇਵਾਲ, ਕੁਲਦੀਪ ਸਿੰਘ ਗਰੇਵਾਲ, ਜੀਤ ਲੋਟੇ, ਮਹਿੰਦਰ ਘੁੰਮਣ, ਰਵੀ ਧਾਲੀਵਾਲ, ਹਰਮਿੰਦਰ ਅੜੈਚ, ਕੇਸਰ ਸਿੰਘ ਬੜੈਚ, ਯੋਗੀ ਗੁਲਿਆਨੀ, ਬਲਕਾਰ ਸਿੰਘ ਖਾਲਸਾ, ਨਰਿੰਦਰ ਕੌਰ ਖਾਲਸਾ, ਪਰਦੀਪ ਬਾਸੀ, ਜਸਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਝੰਡ ਸਮੇਤ ਬਹੁਤ ਸਾਰੇ ਸ਼ਾਮਲ ਸਨ। ਈਵੈਂਟ ਦੀ ਸਮਾਪਤੀ ઑਤੇ ਸਾਰਿਆਂ ਨੂੰ ਸ਼ਾਨਦਾਰ ਰਿਫ਼ਰੈੱਸ਼ਮੈਂਟ ਦਿੱਤੀ ਗਈ ਅਤੇ ਨਰਿੰਦਰਪਾਲ ਬੈਂਸ, ਸੰਧੂਰਾ ਸਿੰਘ ਬਰਾੜ ਅਤੇ ਪਰਮਜੀਤ ਸਿੰਘ ਢਿੱਲੋਂ ਵੱਲੋਂ ਉਨ੍ਹਾਂ ਦਾ ਅਤੇ ਮੀਡੀਆ-ਕਰਮੀਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਇਸ ਮੌਕੇ ਐੱਨਲਾਈਟ ਕਿੱਡਜ਼ ਸੰਸਥਾ ਵੱਲੋਂ 10,000 ਡਾਲਰ ਦਾ ਚੈੱਕ ਇੰਡੀਜੀਨੀਅਸ ਬੱਚਿਆਂ ਦੀ ਭਲਾਈ ਬਣੀ ਸੰਸਥਾ ઑਇੰਡਸਪਾਇਰ਼ ਨੂੰ ਭੇਂਟ ਕੀਤਾ ਗਿਆ।

Check Also

ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਤੇ ਉਨਟਾਰੀਓ ਸਿੱਖ ਐਂਡ ਗੁਰਦਵਾਰਾ ਕੌਂਸਲ ਵਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਵਲੋਂ ਅਤੇ ਪੰਜਾਬੀ ਕਲਮਾਂ …