2.8 C
Toronto
Sunday, April 12, 2026
spot_img
Homeਕੈਨੇਡਾ'ਸਾਡੀ ਪੰਜਾਬੀ ਸੱਥ ਵਿਨੀਪੈਗ' ਵੱਲੋਂ ਪੰਜਾਬੀ ਦਾ ਨਿਰਾਦਰ ਕਰਨ ਵਾਲਿਆਂ ਦੀ ਨਿਖੇਧੀ

‘ਸਾਡੀ ਪੰਜਾਬੀ ਸੱਥ ਵਿਨੀਪੈਗ’ ਵੱਲੋਂ ਪੰਜਾਬੀ ਦਾ ਨਿਰਾਦਰ ਕਰਨ ਵਾਲਿਆਂ ਦੀ ਨਿਖੇਧੀ

ਵਿਨੀਪੈਗ/ਅਮਰਜੀਤ ਦਬੜ੍ਹੀਖਾਨਾ
ਕੈਨੇਡਾ ਦੇ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ਦੇ ਪੱਕੇ ਵਸਨੀਕਾਂ ਵਲੋਂ ਵੱਖੋ ਵੱਖ ਹਲਕਿਆਂ ਵਿਚ ਹਰ ਸਾਲ ਵਿਜ਼ਟਰਾਂ ਦੇ ਸਨਮਾਨ ਵਿਚ ਵਿਦਾਇਗੀ ਪਾਰਟੀ ਕੀਤੀ ਜਾਂਦੀ ਹੈ। ਪੰਜਾਬ ‘ਚੋਂ ਵਿਜ਼ਟਰ ਇਥੇ ਗਰਮੀ ਦੇ ਚਾਰ ਪੰਜ ਮਹੀਨੇ ਆਪਣੇ ਪਰਿਵਾਰਾਂ ਕੋਲ ਬਿਤਾ ਕੇ ਸਤੰਬਰ- ਅਕਤੂਬਰ ਵਿਚ ਫਿਰ ਵਾਪਸ ਆਪਣੀ ਜਨਮ ਭੂਮੀ ਪੰਜਾਬ ਚਲੇ ਜਾਂਦੇ ਹਨ। ਇਸ ਦੀ ਸੁਰੂਆਤ ਇਸ ਵਾਰ ਐਂਬਰ ਟਰੇਲ ਕਮਿਊਨਿਟੀ ਹਾਲ ਵਿਚ ਸਾਡੀ ਸੱਥ ਵਿਨੀਪੈਗ ਦੇ ਮੈਂਬਰਾਂ ਵਲੋਂ ਕੀਤੀ ਗਈ।
ਸਟੇਜ ਸਕੱਤਰ ਦੇ ਫਰਜ਼ ਨਿਭਾਉਂਦਿਆਂ ਕਾਮਰੇਡ ਕਰਮਜੀਤ ਗਿਲ ਬਹੋਨਾ ਵਲੋਂ ਸਭ ਤੋਂ ਪਹਿਲਾਂ ਹਾਜ਼ਰ ਦਰਸ਼ਕਾਂ ਦੇ ਹੱਥ ਖੜ੍ਹੇ ਕਰਵਾ ਕੇ ਪੰਜਾਬ ਵਿਚ ਕੁਝ ਹਿੰਦੂਤਵੀ ਤਾਕਤਾਂ ਵਲੋਂ ਪੰਜਾਬੀ ਭਾਸਾ ਦੀ ਕੀਤੀ ਗਈ ਨਿਰਾਦਰੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਹਨਾਂ ਡਾ: ਤੇਜਵੰਤ ਮਾਨ ਦੇ ਸਟੈਂਡ ਦੀ ਹਮਾਇਤ ਕਰਦਿਆਂ ਕਿਹਾ ਕਿ ਹਿੰਦੂ -ਹਿੰਦੀ ਅਤੇ ਇਕ ਹਿੰਦੀ ਭਾਸ਼ਾ ਦਾ ਫਾਰਮੂਲਾ ਭਾਰਤ ਨੂੰ ਟੁਕੜੇ ਟੁਕੜੇ ਕਰਨ ਵਾਲਾ ਹੈ। ਇਸ ਤੋਂ ਬਾਅਦ ਪਿੰਡ ਭੰਗਚੜੀ (ਮੁਕਤਸਰ ਸਾਹਿਬ ) ਤੋਂ ਆ ਕੇ ਵਿਨੀਪੈਗ ਰਹਿ ਰਹੇ ਅਤੇ ਹਲਕਾ ਬੁਰੋਜ਼ ਤੋਂ ਭਾਰੀ ਮੱਤ ਨਾਲ ਵਿਧਾਇਕ ਬਣੇ ਪ੍ਰੋ: ਦਿਲਜੀਤਪਾਲ ਬਰਾੜ ਨੂੰ ਮੁਬਾਰਕਵਾਦ ਦਿੱਤੀ ਗਈ। ਵਿਧਾਇਕ ਦਿਲਜੀਤ ਬਰਾੜ ਨੇ ਕਿਹਾ ਕਿ ਉਹ ਪੰਜਾਬੀਆਂ ਦੇ ਸਾਰੇ ਮਸਲੇ ਹੱਲ ਕਰਵਾਉਣ ਅਤੇ ਵਿਨੀਪੈਗ ਵਿਚ ਪੰਜਾਬੀ ਭਾਸਾ ਲਾਗੂ ਕਰਵਾਉਣ ਲਈ ਸਿਰਤੋੜ ਯਤਨ ਕਰਦੇ ਰਹਿਣਗੇ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਆਪਣੇ ਬੱਚਿਆਂ ਨਾਲ ਪੰਜਾਬੀ ‘ਚ ਹੀ ਗੱਲ ਕਰਿਆ ਕਰਨ। ਉਹਨਾਂ ਨੂੰ ਪੰਜਾਬੀ ਪੜ੍ਹਣੀ ਅਤੇ ਲਿਖਣੀ ਵੀ ਜ਼ਰੂਰ ਸਿਖਾਉਣ। ਇੰਗਲਿਸ਼ ਤਾਂ ਉਹ ਆਪੇ ਸਕੂਲਾਂ ਵਿਚ ਸਿੱਖ ਹੀ ਜਾਣਗੇ। ਕਾਮਰੇਡ ਕਰਮਜੀਤ ਗਿੱਲ ਨੇ ਕਿਹਾ ਕਿ ਸਾਡੀਆਂ ਜੜ੍ਹਾਂ ਸਾਡੀ ਮਾਤ ਭਾਸ਼ਾ ਵਿਚ ਹੀ ਹੁੰਦੀਆਂ ਹਨ। ਆਪਣੀ ਭਾਸ਼ਾ ਵਿਸਾਰ ਕੇ ਮਨੁੱਖ ਬਿਨਾਂ ਜੜ੍ਹ ਵਾਲੀ ਅੰਬਰ ਵੇਲ ਵਾਂਗ ਹੋ ਜਾਂਦਾ ਹੈ।
ਇਸ ਮੌਕੇ ਉਹਨਾਂ ਆਪਣੀ ਖੂਬਸੂਰਤ ਅਵਾਜ਼ ਵਿਚ ਅਮਰਜੀਤ ਢਿੱਲੋਂ ਦਾ ਲਿਖਿਆ ਗੀਤ ਊਠਾਂ ਵਾਲੇ ਤੁਰ ਜਾਣਗੇ ਫਿਰ ਲੱਭਦੀ ਫਿਰੇਂਗੀ ਹਾਣੀ, ਜੰਤਾ ਪੰਜਾਬ ਦੀਏ ਵੇਲੇ ਸਿਰ ਨਾ ਜੇ ਰਮਜ਼ ਪਛਾਣੀ, ਗਾ ਕੇ ਖੂਬ ਵਾਹ ਵਾਹ ਖੱਟੀ। ਅਮਰਜੀਤ ਦਬੜ੍ਹੀਖਾਨਾ ਨੇ ਵਿਦਾਇਗੀ ਲੈ ਰਹੇ ਵਿਜ਼ਟਰਾਂ ਦੀ ਤਰਫੋਂ ਆਪਣਾ ਗੀਤ ਪੇਸ਼ ਕੀਤਾ ਜਿਸ ਦੇ ਬੋਲ ਸਨ ਵੇਖੀ ਤੇਰੀ ਕੈਨੇਡਾ ਬੜੀ ਹੀ ਸੋਹਣੀ ਹੈ, ਪਰ ਪੰਜਾਬ ਦੀ ਧਰਤੀ ਵੀ ਮਨਮੋਹਣੀ ਹੈ। ਸੁਲਤਾਨਪੁਰ ਲੋਧੀ ਤੋਂ ਆ ਕੇ ਵਿਦਾਇਗੀ ਲੈ ਰਹੇ ਸੁਰਜੀਤ ਸਿੰਘ ਕੌੜਾ ਨੇ ਵਿਨੀਪੈਗ ਦੇ ਸਮੂਹ ਸਿਟੀਜ਼ਨ ਦਾ ਵਿਦਾਇਗੀ ਪਾਰਟੀ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਰਣਜੀਤ ਸਿੰਘ ਸੋਸ਼ਣ ਨੇ ਧਾਰਮਿਕ ਗੀਤ ਪੇਸ਼ ਕੀਤੇ। ਗ਼ਮਦੂਰ ਸਿੰਘ ਵਿਰਕ (ਡੇਹਲੋਂ) ਨੇ ਸਮੁੱਚੇ ਪ੍ਰੋਗ੍ਰਾਮ ਦਾ ਫਿਲਮਾਂਕਨ ਕਰਕੇ ਇਸ ਨੂੰ ਯਾਦਗਾਰ ਸਮਾਗਮ ਬਣਾ ਦਿਤਾ । ਇਸ ਮੌਕੇ ਹਾਜਰ ਸ਼ਖਸੀਅਤਾਂ ਵਿਚ ਮਾ: ਕ ਸਿੰਘ ਝੰਡ, ਦਰਸ਼ਨ ਸਿੰਘ ਖਹਿਰਾ ਤਖਾਣਵੱਧ, ਭਗਵੰਤ ਸਿੰਘ ਮੂਕਰ, ਮਾ: ਸੁਰਜੀਤ ਸਿੰਘ ਬਰਾੜ ਲੱਖੇਵਾਲੀ , ਗੁਰਦੀਪ ਸਿੰਘ ਬਰਾੜ ਬਾਜਾਖਾਨਾ, ਭੁਪਿੰਦਰ ਸਿੰਘ ਕਾਨੂੰਗੋ, ਨਛੱਤਰ ਸਿੰਘ ਬੁੱਟਰ ਸ਼ਰੀਂ, ਮੱਖਣ ਸਿੰਘ ਮਾਨ ਮਰਾਹੜ ਅਤੇ ਜੱਗਾ ਸਿੰਘ ਨਥਾਣਾ ਆਦਿ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹਾਜਰ ਸਾਰੇ ਸੱਜਣਾਂ ਦੇ ਖਾਣ ਪਾਨ ਦਾ ਵੀ ਵਧੀਆ ਇੰਤਜਾਮ ਕੀਤਾ ਗਿਆ।

RELATED ARTICLES
POPULAR POSTS