Breaking News
Home / ਸੰਪਾਦਕੀ / ਸ਼੍ਰੋਮਣੀ ਕਮੇਟੀ ਦੀ ਸਾਲਾਨਾ ਪ੍ਰਧਾਨਗੀ ਚੋਣ ਲਈ ਸਰਗਰਮੀਆਂ ਤੇਜ਼

ਸ਼੍ਰੋਮਣੀ ਕਮੇਟੀ ਦੀ ਸਾਲਾਨਾ ਪ੍ਰਧਾਨਗੀ ਚੋਣ ਲਈ ਸਰਗਰਮੀਆਂ ਤੇਜ਼

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਦੇ ਅਗਲੇ ਪ੍ਰਧਾਨੀ ਚੋਣ ਇਜਲਾਸ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਸਿੱਖ ਗੁਰਦੁਆਰਾ ਐਕਟ-1925 ਅਨੁਸਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨਗੀ ਚੋਣ ਇਜਲਾਸ ਹਰ ਸਾਲ ਨਵੰਬਰ ਮਹੀਨੇ ਹੁੰਦਾ ਹੈ। ਇਸ ਸਾਲ ਦਾ ਇਹ ਸਾਲਾਨਾ ਇਜਲਾਸ 27 ਨਵੰਬਰ ਨੂੰ ਹੋਣਾ ਤੈਅ ਹੋਇਆ ਹੈ। ਸਿੱਖ ਗੁਰਦੁਆਰਾ ਐਕਟ-1925 ਅਨੁਸਾਰ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਦਾ ਵਕਫਾ 5 ਸਾਲ ਅਤੇ ਪ੍ਰਧਾਨਗੀ ਚੋਣ ਦਾ ਵਕਫਾ 1 ਸਾਲ ਹੈ। ਹਰ ਸਾਲ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ 21 ਦਿਨਾਂ ਦੇ ਅਗਾਊਂ ਨੋਟਿਸ ‘ਤੇ ਨਵੰਬਰ ਮਹੀਨੇ ਚੋਣ ਇਜਲਾਸ ਕਰਵਾਇਆ ਜਾਂਦਾ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ 185 ਮੈਂਬਰੀ ਹਾਊਸ ਵਲੋਂ ਪ੍ਰਧਾਨ ਸਮੇਤ 15 ਮੈਂਬਰੀ ਕਾਰਜਕਾਰਨੀ ਕਮੇਟੀ ਚੁਣੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਹਾਊਸ ਵਿਚ ਬਹੁਮਤ ਸ਼੍ਰੋਮਣੀ ਅਕਾਲੀ ਦਲ ਕੋਲ ਹੈ, ਇਸ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਦੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੋਲ ਹੁੰਦੇ ਹਨ। ਸਭ ਤੋਂ ਵੱਧ ਸਮਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਰਹਿਣ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਨ, ਜੋ 25 ਸਾਲ ਤੋਂ ਜ਼ਿਆਦਾ ਸਮਾਂ ਪ੍ਰਧਾਨ ਰਹੇ। ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਹਨ, ਜੋ ਪਿਛਲੇ ਦੋ ਸਾਲਾਂ ਤੋਂ ਪ੍ਰਧਾਨ ਚਲੇ ਆ ਰਹੇ ਹਨ।
ਨਿਰਸੰਦੇਹ ਅੱਜ ਦ੍ਰਿੜ੍ਹ ਇੱਛਾ-ਸ਼ਕਤੀ ਦੀ ਘਾਟ ਅਤੇ ਸਪੱਸ਼ਟ ਨਿਸ਼ਾਨਿਆਂ ਦੀ ਅਣਹੋਂਦ ਕਾਰਨ ਸ਼੍ਰੋਮਣੀ ਕਮੇਟੀ ਦੀ ਤਾਕਤ ਨੂੰ ਸਿਆਸੀ ਹਿੱਤਾਂ ਲਈ ਵਰਤਿਆ ਜਾਣ ਲੱਗਾ ਹੈ ਪਰ ਇਕ ਗੱਲ ਸਪੱਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦਾ ਇਕ ਸ਼ਕਤੀਸ਼ਾਲੀ ਮੰਚ ਹੈ, ਜਿਸ ਰਾਹੀਂ ਵਿਸ਼ਵ-ਵਿਆਪੀ ਸਿੱਖ ਕੌਮ ਆਪਣੇ ਧਾਰਮਿਕ, ਸਮਾਜਿਕ, ਸੱਭਿਆਚਾਰਕ, ਰਾਜਨੀਤਕ ਅਤੇ ਆਰਥਿਕ ਸਰੋਕਾਰਾਂ ਅਤੇ ਨਿਸ਼ਾਨਿਆਂ ਦੀ ਪੂਰਤੀ ਕਰ ਸਕਦੀ ਹੈ। ਸ਼੍ਰੋਮਣੀ ਕਮੇਟੀ ਦੇ ਵਿਸ਼ਾਲ ਸੰਵਿਧਾਨਕ ਆਧਾਰ, ਢਾਂਚੇ, ਸਿੱਖ ਸਰੋਕਾਰਾਂ ਵਿਚ ਸਰਗਰਮ ਭੂਮਿਕਾ, ਇਤਿਹਾਸਕ ਮਹੱਤਤਾ ਅਤੇ ਪ੍ਰਭੂਸੱਤਾ ਕਾਰਨ ਹੀ ਇਸ ਨੂੰ ਸਿੱਖਾਂ ਦੀ ਪਾਰਲੀਮੈਂਟ ਆਖਿਆ ਜਾਂਦਾ ਹੈ।
ਬਾਕਾਇਦਾ ਇਕ ਪ੍ਰਭਾਵੀ ਪਾਰਲੀਮੈਂਟ ਵਜੋਂ ਕਾਰਜਸ਼ੀਲ ਹੋਣ ਲਈ ਸ਼੍ਰੋਮਣੀ ਕਮੇਟੀ ਨੂੰ ਨਵੇਂ ਪ੍ਰਸੰਗਾਂ ‘ਚ ਆਪਣੀ ਭੂਮਿਕਾ ਨੂੰ ਵਧੇਰੇ ਉਤਰਦਾਈ ਅਤੇ ਸਾਰਥਿਕ ਬਣਾਉਣ ਦੇ ਬਹੁਮੁਖੀ ਉਪਰਾਲਿਆਂ ਅਤੇ ਸੁਧਾਰਾਂ ਦੀ ਲੋੜ ਹੈ। ਸਭ ਤੋਂ ਜ਼ਰੂਰੀ ਸ਼੍ਰੋਮਣੀ ਕਮੇਟੀ ਦੀਆਂ 5 ਸਾਲ ਬਾਅਦ ਹੋਣ ਵਾਲੀਆਂ ਆਮ ਚੋਣਾਂ ਨੂੰ ਸਮੇਂ ਸਿਰ ਕਰਵਾਉਣਾ ਹੈ। ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਤਿਆਰੀਆਂ ਅਤੇ ਵਿਵਸਥਾ ਕੇਂਦਰ ਸਰਕਾਰ ਵਲੋਂ ਸਥਾਪਿਤ ਕੀਤਾ ਗਿਆ ਗੁਰਦੁਆਰਾ ਚੋਣ ਕਮਿਸ਼ਨ ਕਰਦਾ ਹੈ, ਜਿਸ ਦੀਆਂ ਸਿਫ਼ਾਰਿਸ਼ਾਂ ‘ਤੇ ਕੇਂਦਰੀ ਗ੍ਰਹਿ ਵਿਭਾਗ ਦੇ ਨੋਟੀਫ਼ਿਕੇਸ਼ਨ ਤੋਂ ਬਾਅਦ ਚੋਣਾਂ ਹੁੰਦੀਆਂ ਹਨ। ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਸ਼੍ਰੋਮਣੀ ਕਮੇਟੀ ਵਿਚ ਦਖ਼ਲਅੰਦਾਜ਼ੀ ਕਰਦਿਆਂ ਦੇਰ-ਦੇਰ ਤੱਕ ਚੋਣਾਂ ਨਹੀਂ ਕਰਵਾਉਂਦੀਆਂ। ਸ਼੍ਰੋਮਣੀ ਕਮੇਟੀ ਦੇ 98 ਸਾਲਾਂ ਦੇ ਇਤਿਹਾਸ ਦੌਰਾਨ ਇਸ ਦੇ ਪੰਜ ਸਾਲਾ ਹਾਊਸ ਦੀਆਂ 14 ਵਾਰ ਚੋਣਾਂ ਹੋਈਆਂ, ਜਦੋਂਕਿ ਨਿਯਮਾਂ ਮੁਤਾਬਕ ਹੁਣ ਤੱਕ 18 ਵਾਰ ਚੋਣਾਂ ਹੋਣੀਆਂ ਚਾਹੀਦੀਆਂ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਇਕ ਸਾਲ ਦਾ ਕਾਰਜਕਾਲ ਵੀ ਏਨੀ ਵੱਡੀ ਅਤੇ ਜ਼ਿੰਮੇਵਾਰ ਸੰਸਥਾ ਨੂੰ ਬਿਹਤਰੀਨ ਤਰੀਕੇ ਨਾਲ ਚਲਾਉਣ ਲਈ ਨਾਕਾਫ਼ੀ ਹੈ। ਅਕਸਰ ਪ੍ਰਧਾਨਗੀ ਅਹੁਦੇ ‘ਤੇ ਬੈਠਣ ਵਾਲੇ ਕਿਸੇ ਵੀ ਸ਼ਖ਼ਸ ਨੂੰ ਇਸ ਸੰਸਥਾ ਦੇ ਸਰੋਕਾਰਾਂ ਅਤੇ ਕਾਰਜਪ੍ਰਣਾਲੀ ਨੂੰ ਚੰਗੀ ਤਰ੍ਹਾਂ ਸਮਝਦਿਆਂ 5 -6 ਮਹੀਨੇ ਲੰਘ ਜਾਂਦੇ ਹਨ ਅਤੇ ਬਾਕੀ ਰਹਿੰਦੇ 5-6 ਮਹੀਨਿਆਂ ਵਿਚ ਵੀ ਉਹ ਵਿਸ਼ੇਸ਼ ਪ੍ਰਾਪਤੀਆਂ ਨਹੀਂ ਦਿਖਾ ਸਕਦਾ। ਇਹੀ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਸੇਵਾ-ਸੰਭਾਲ ਦੇ ਪ੍ਰਬੰਧਾਂ ਵਿਚ ਵਧੇਰੇ ਸੁਧਾਰ ਅਤੇ ਧਰਮ ਪ੍ਰਚਾਰ ਲਈ ਸਿੱਟਾਮੁਖੀ ਨਤੀਜੇ ਹਾਸਲ ਨਹੀਂ ਕਰ ਸਕੀ। ਜੇਕਰ ਸਿੱਖ ਗੁਰਦੁਆਰਾ ਐਕਟ ਵਿਚ ਸੋਧ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਕਾਰਜਕਾਲ ਇਸ ਦੇ 5 ਸਾਲਾ ਹਾਊਸ ਮੁਤਾਬਕ ਢਾਈ ਸਾਲ ਦਾ ਕਰ ਦਿੱਤਾ ਜਾਵੇ ਤਾਂ ਕਿਸੇ ਵੀ ਪ੍ਰਧਾਨ ਅਤੇ ਉਸ ਦੀ ਕਾਰਜਕਾਰਨੀ ਨੂੰ ਜ਼ਿਆਦਾ ਜ਼ਿੰਮੇਵਾਰੀ ਅਤੇ ਸ਼ਿੱਦਤ ਨਾਲ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ। ਕਿਉਂਕਿ ਇਸ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਐਕਟ ਵਿਚ ਵੀ ਸੋਧ ਕਰਵਾ ਕੇ 4 ਸਾਲਾ ਹਾਊਸ ਮੁਤਾਬਕ ਪ੍ਰਧਾਨਗੀ ਕਾਲ 1 ਸਾਲ ਤੋਂ ਵਧਾ ਕੇ 2 ਸਾਲ ਕਰਵਾਇਆ ਹੈ। ਇਸੇ ਤਰ੍ਹਾਂ ਕਿਸੇ ਵੀ ਸ਼ਖ਼ਸੀਅਤ ਦੇ ਪ੍ਰਧਾਨਗੀ ਅਹੁਦੇ ‘ਤੇ ਵੱਧ ਤੋਂ ਵੱਧ ਸਮਾਂ ਰਹਿਣ ਦੀ ਵੀ ਇਕ ਮਿਆਦ ਤੈਅ ਹੋਣੀ ਚਾਹੀਦੀ ਹੈ, ਇਸ ਨਾਲ ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿਚ ਪਾਰਦਰਸ਼ਤਾ ਅਤੇ ਨਿਰਪੱਖਤਾ ਆਵੇਗੀ, ਉਥੇ ਨਵੀਆਂ ਸ਼ਖ਼ਸੀਅਤਾਂ ਨੂੰ ਵੀ ਸੇਵਾ ਕਰਨ ਦਾ ਮੌਕਾ ਮਿਲੇਗਾ।
ਹਾਲਾਂਕਿ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਸੁਧਾਰ ਲਈ ਬਹੁਤਾ ਕੁਝ ਨਹੀਂ ਕਰ ਸਕੇ ਪਰ ਉਹ ਨਿਯੁਕਤੀਆਂ/ ਬਦਲੀਆਂ ਵਿਚ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦੇ ਵਿਵਾਦਾਂ ਤੋਂ ਬਚੇ ਰਹੇ।
ਗੰਭੀਰ ਪੰਥਕ ਮਸਲਿਆਂ ਤੇ ਵਿਵਾਦਾਂ, ਜਿਨ੍ਹਾਂ ਵਿਚ ‘ਸਿੱਖ ਰਹਿਤ ਮਰਿਯਾਦਾ’ ਨੂੰ ਲੈ ਕੇ ਵਖਰੇਵਿਆਂ, ਨਾਨਕਸ਼ਾਹੀ ਕੈਲੰਡਰ ਵਿਵਾਦ ਅਤੇ ਦਸਮ ਗ੍ਰੰਥ ਵਿਵਾਦ ਦਾ ਸਰਬਪ੍ਰਵਾਨਿਤ ਹੱਲ ਕਰਨ, ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਕੀ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਪ੍ਰਤੀ ਪੰਥ ‘ਚ ਪੈਦਾ ਹੋਈ ਬੇਵਿਸ਼ਵਾਸੀ ਦੂਰ ਕਰਨ ਅਤੇ ਤਖ਼ਤ ਸਾਹਿਬਾਨ ਤੇ ਇਨ੍ਹਾਂ ਦੇ ਜਥੇਦਾਰਾਂ ਪ੍ਰਤੀ ਪੰਥਕ ਸਨਮਾਨ ਬਹਾਲ ਕਰਨ ਵਿਚ ਸ਼੍ਰੋਮਣੀ ਕਮੇਟੀ ਕੋਈ ਉਚੇਰੀ ਪ੍ਰਾਪਤੀ ਨਹੀਂ ਦਿਖਾ ਸਕੀ। ਇਸ ਦੇ ਬਾਵਜੂਦ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਪੰਥਕ ਹਲਕਿਆਂ ਵਿਚ ਬਣੇ ਬੇਵਿਸ਼ਵਾਸੀ ਅਤੇ ਵਿਰੋਧ ਦੇ ਮਾਹੌਲ ਦੌਰਾਨ ਵੀ ਸ਼੍ਰੋਮਣੀ ਕਮੇਟੀ ਨੂੰ ਕਿਸੇ ਵੱਡੇ ਵਿਰੋਧ ਦਾ ਨਿਸ਼ਾਨਾ ਬਣਨੋਂ ਬਚਾਉਣ ਵਿਚ ਕਾਮਯਾਬ ਰਹੇ। ਠੰਢੀ ਸੀਰਤ ਹੋਣ ਕਾਰਨ ਉਹ ਸਿਆਸੀ ਵਿਰੋਧੀਆਂ ਖ਼ਿਲਾਫ਼ ਤਾਬੜਤੋੜ ਬਿਆਨਬਾਜ਼ੀਆਂ ਤਾਂ ਨਹੀਂ ਕਰ ਸਕੇ ਪਰ ਉਹ ਆਪਣੀ ਪਾਰਟੀ ਦੇ ਸਿਆਸੀ ਹਿੱਤਾਂ ਤੋਂ ਵੀ ਉੱਪਰ ਨਹੀਂ ਉਠ ਸਕੇ। ਭਾਵੇਂਕਿ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਬਣਨ ਦੇ ਦਾਅਵੇਦਾਰਾਂ ਵਿਚ, ਆਪਣੀ ਕਾਰਗੁਜ਼ਾਰੀ ਦੇ ਆਧਾਰ ‘ਤੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੁੱਖ ਗਿਣੇ ਜਾਂਦੇ ਹਨ ਪਰ ਉਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਦੇ ਦਾਅਵੇਦਾਰਾਂ ਵਿਚ ਜਥੇਦਾਰ ਤੋਤਾ ਸਿੰਘ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਬੀਬੀ ਜਗੀਰ ਕੌਰ ਵੀ ਦੱਸੇ ਜਾਂਦੇ ਹਨ। ਸ਼੍ਰੋਮਣੀ ਕਮੇਟੀ ਦੇ ਅਗਲੇ ਪ੍ਰਧਾਨ ਦਾ ਸਿਰੋਪਾ ਕਿਸ ਦੇ ਗਲ ਪਵੇਗਾ, ਇਸ ਸਵਾਲ ਦਾ ਜਵਾਬ ਤਾਂ ਅਜੇ ਸਮੇਂ ਦੇ ਗਰਭ ਵਿਚ ਲੁਕਿਆ ਹੈ ਪਰ ਸ਼੍ਰੋਮਣੀ ਕਮੇਟੀ ਅੱਗੇ ਮੌਜੂਦਾ ਚੁਣੌਤੀਆਂ ਦੇ ਸੰਦਰਭ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਦਰਪੇਸ਼ ਗੰਭੀਰ ਸਿਆਸੀ ਸੰਕਟ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਲਈ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਕਰਨੀ ਵੀ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੈ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …