Breaking News
Home / ਸੰਪਾਦਕੀ / ਭਾਰਤ-ਪਾਕਿ ਵਿਚਾਲੇ ਵੱਧ ਰਹੇ ਤਣਾਅ ਦੇ ਭਿਆਨਕ ਸਿੱਟਿਆਂ ਦੀ ਪੇਸ਼ੀਨਗੋਈ

ਭਾਰਤ-ਪਾਕਿ ਵਿਚਾਲੇ ਵੱਧ ਰਹੇ ਤਣਾਅ ਦੇ ਭਿਆਨਕ ਸਿੱਟਿਆਂ ਦੀ ਪੇਸ਼ੀਨਗੋਈ

ਹਾਲ ਹੀ ਦੌਰਾਨ ਅਮਰੀਕਾ ਦੀ ਇਕ ਯੂਨੀਵਰਸਿਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ-ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਛਿੜਦੀ ਹੈ ਤਾਂ ਇਸ ਨਾਲ 10 ਕਰੋੜ ਤੋਂ ਜ਼ਿਆਦਾ ਮੌਤਾਂ ਹੋਣ ਦਾ ਖ਼ਦਸ਼ਾ ਹੈ। ਅਮਰੀਕੀ ਦੀ ਰਟਗਰਸ ਯੂਨੀਵਰਸਿਟੀ ਦੇ ਖੋਜੀ ਏਲਨ ਰੋਬਕ ਮੁਤਾਬਕ, ‘ਜੇਕਰ ਪ੍ਰਮਾਣੂ ਜੰਗ ਹੋਈ ਤਾਂ ਇਹ ਕਿਸੇ ਖ਼ਾਸ ਥਾਂ ‘ਤੇ ਨਹੀਂ ਹੋਵੇਗੀ। ਪ੍ਰਮਾਣੂ ਬੰਬ ਦੁਨੀਆ ‘ਚ ਕਿਤੇ ਵੀ ਸੁੱਟਿਆ ਜਾ ਸਕਦਾ ਹੈ।’ ਇਹ ਰਿਪੋਰਟ ਜਨਰਲ ‘ਸਾਇੰਸ ਐਡਵਾਂਸਿਸ’ ਵਿਚ ਪ੍ਰਕਾਸ਼ਿਤ ਹੋਈ ਹੈ। ਇਸ ਖੋਜ ਮੁਤਾਬਕ 2025 ‘ਚ ਭਾਰਤ-ਪਾਕਿਸਤਾਨ ਦਰਮਿਆਨ ਜੰਗ ਛਿੜ ਸਕਦੀ ਹੈ। ਦੋਵਾਂ ਦੇਸ਼ਾਂ ਵਿਚਾਲੇ ਜੰਗ ਹੋਣ ਦੀ ਸੂਰਤ ਵਿਚ 10 ਕਰੋੜ ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਹਨ ਅਤੇ ਇਸ ਦੇ ਨਾਲ ਹੀ ਦੁਨੀਆ ਭਰ ‘ਚ ਭੁੱਖਮਰੀ ਵੀ ਆਵੇਗੀ।
ਪਿਛਲੇ ਮਹੀਨੇ ਭਾਰਤ ਵਲੋਂ ਜੰਮੂ-ਕਸ਼ਮੀਰ ਕੋਲੋਂ ਵਿਸ਼ੇਸ਼ ਰਾਜ ਦਾ ਰੁਤਬਾ ਵਾਪਸ ਲੈਂਦਿਆਂ ਉਥੇ ਧਾਰਾ-370 ਨੂੰ ਰੱਦ ਕਰਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਿਆ ਹੋਇਆ ਹੈ ਅਤੇ ਦੋਵਾਂ ਦੇਸ਼ਾਂ ਦੇ ਸੱਤਾਧਾਰੀਆਂ ਵਲੋਂ ਜੰਗ ਦੀਆਂ ਧਮਕੀਆਂ ਦਾ ਸਿਲਸਿਲਾ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਵੀ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਰਾਬਤਾ ਭੰਗ ਹੋ ਗਿਆ ਸੀ। ਭਾਰਤ ਨੇ ਪਾਕਿਸਤਾਨ ‘ਤੇ ਇਹ ਹਮਲਾ ਕਰਵਾਉਣ ਦਾ ਦੋਸ਼ ਲਾਉਂਦਿਆਂ ਪਾਕਿਸਤਾਨ ਨਾਲ ਦੁਵੱਲੀ ਗੱਲਬਾਤ ਨੂੰ ਬੰਦ ਕਰਕੇ ਉਸ ਕੋਲੋਂ ‘ਸਭ ਤੋਂ ਤਰਜੀਹੀ ਮੁਲਕ’ ਦਾ ਦਰਜਾ ਵੀ ਵਾਪਸ ਲੈ ਸੀ। ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ‘ਚ ਧਾਰਾ-370 ਨੂੰ ਹਟਾ ਕੇ ਉਥੇ ਲੋਕਾਂ ਉੱਤੇ ਅਣਐਲਾਨੀ ਨਜ਼ਰਬੰਦੀ ਤੋਂ ਬਾਅਦ ਪਾਕਿਸਤਾਨ ਕਾਫ਼ੀ ਬੁਖ਼ਲਾਹਟ ਵਿਚ ਨਜ਼ਰ ਆ ਰਿਹਾ ਹੈ। ਪਾਕਿਸਤਾਨ ਨੇ ਭਾਰਤ ਨਾਲੋਂ ਸਾਰੇ ਵਪਾਰਕ ਸਬੰਧ ਤੋੜਦਿਆਂ ਕੂਟਨੀਤਕ ਸੰਪਰਕ ਵੀ ਘਟਾਉਣ ਦਾ ਐਲਾਨ ਕੀਤਾ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੋਵਾਂ ਦੇਸ਼ਾਂ ਵਿਚਾਲੇ ਭਿਆਨਕ ਜੰਗ ਹੋਣ ਦੀਆਂ ਪੇਸ਼ੀਨਗੋਈਆਂ ਵੀ ਕਰ ਚੁੱਕੇ ਹਨ ਅਤੇ ਜੰਗ ਦੀ ਸੂਰਤ ਵਿਚ ਉਨ੍ਹਾਂ ਨੇ ਪਾਕਿਸਤਾਨ ਵਲੋਂ ਪ੍ਰਮਾਣੂ ਤਾਕਤ ਦੀ ਵਰਤੋਂ ਕਰਨ ਬਾਰੇ ਵੀ ਚਿਤਾਵਨੀਆਂ ਦਿੱਤੀਆਂ ਸਨ। ਇਸੇ ਤਰ੍ਹਾਂ ਦੇ ਹੀ ਬਿਆਨ ਭਾਰਤ ਦੀ ਮੋਦੀ ਸਰਕਾਰ ਵਲੋਂ ਵੀ ਦਿੱਤੇ ਜਾ ਚੁੱਕੇ ਹਨ। ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਭਰੇ ਮਾਹੌਲ ਦੌਰਾਨ ਅਮਰੀਕਾ ਨੇ ਕੀਤੀ ਆਪਣੀ ਖੋਜ ਵਿਚ ਕਿਹਾ ਹੈ ਕਿ, ਦੋਵੇਂ ਦੇਸ਼ ਕਸ਼ਮੀਰ ਮੁੱਦੇ ਨੂੰ ਲੈ ਕੇ ਕਈ ਵਾਰ ਆਹਮੋ-ਸਾਹਮਣੇ ਆ ਚੁੱਕੇ ਹਨ। ਸੰਨ 2025 ਤੱਕ ਭਾਰਤ ਤੇ ਪਾਕਿਸਤਾਨ ਕੋਲ ਕੁੱਲ 400-500 ਪ੍ਰਮਾਣੂ ਹਥਿਆਰ ਹੋਣਗੇ। ਇਨ੍ਹਾਂ ਦਾ ਧੂੰਆਂ ਕੁਝ ਹੀ ਹਫਤਿਆਂ ‘ਚ ਪੂਰੀ ਦੁਨੀਆ ‘ਚ ਫੈਲ ਜਾਵੇਗਾ, ਜਿਸ ਨਾਲ ਹਵਾ ਦਾ ਤਾਪਮਾਨ ਵਧੇਗਾ ਤੇ 10 ਕਰੋੜ ਤੋਂ ਜ਼ਿਆਦਾ ਜਾਨਾਂ ਜਾ ਸਕਦੀਆਂ ਹਨ।
ਭਾਰਤ-ਪਾਕਿ ਵਿਚਾਲੇ ਪਿਛਲੇ 71 ਸਾਲਾਂ ਦੌਰਾਨ ਤਿੰਨ ਵਾਰ ਸਿੱਧੀ ‘ਜੰਗ’ ਹੋ ਚੁੱਕੀ ਹੈ ਪਰ ਭਵਿੱਖ ਵਿਚ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਜੰਗ ਪਿਛਲੀਆਂ ਜੰਗਾਂ ਵਰਗੀ ਨਹੀਂ ਹੋਵੇਗੀ। ਇਹ ਵੀ ਸਾਰੇ ਦੇਸ਼ਾਂ ਨੂੰ ਪਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ, ਪ੍ਰਮਾਣੂ ਸਮਰੱਥਾ ਰੱਖਣ ਵਾਲੇ ਦੇਸ਼ ਹਨ ਅਤੇ ਇਨ੍ਹਾਂ ਵਿਚਾਲੇ ਭਵਿੱਖ ਵਿਚ ਛਿੜਨ ਵਾਲੀ ਕੋਈ ਵੀ ਜੰਗ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਤੋਂ ਬਗ਼ੈਰ ਸਮਾਪਤ ਨਹੀਂ ਹੋਵੇਗੀ। ਪ੍ਰਮਾਣੂ ਜੰਗ ਕਿੰਨੀ ਭਿਆਨਕ ਅਤੇ ਤਬਾਹਕੁੰਨ ਨਤੀਜਿਆਂ ਵਾਲੀ ਹੋਵੇਗੀ, ਇਸ ਦੇ ਸਬਕ ਵਜੋਂ ਦੁਨੀਆ ਕੋਲ 1945 ‘ਚ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਹੋਏ ਪ੍ਰਮਾਣੂ ਹਮਲੇ ਦੇ ਸਿੱਟੇ ਅਜੇ ਮੌਜੂਦ ਹਨ। ਜਪਾਨ ਦੇ ਸ਼ਹਿਰ ਹੀਰੋਸ਼ੀਮਾ ਵਿਚ 6 ਅਗਸਤ 1945 ਦੀ ਸਵੇਰ ਨੂੰ 580 ਮੀਟਰ ਦੀ ਉਚਾਈ ਤੋਂ ਦੁਨੀਆ ਦਾ ਪਹਿਲਾ ਪ੍ਰਮਾਣੂ ਬੰਬ ਸੁੱਟਿਆ ਗਿਆ ਸੀ। ਇਸ ਬੇਕਾਬੂ ਵਿਸਫੋਟ ਨਾਲ ਇਕ ਸੈਕੰਡ ਤੋਂ ਵੀ ਘੱਟ ਸਮੇਂ ਵਿਚ ਤਕਰੀਬਨ 10,00,000 ਡਿਗਰੀ ਤਾਪਮਾਨ ਹੋ ਗਿਆ। ਮਨੁੱਖ ਨੂੰ ਅੰਨ੍ਹਾ ਕਰ ਦੇਣ ਵਾਲੀ ਰੌਸ਼ਨੀ ਪੈਦਾ ਹੋਈ ਅਤੇ ਇਸ ਖੇਤਰ ਵਿਚ ਸਭ ਕੁਝ ਪਿਘਲ ਗਿਆ। ਲੋਕਾਂ ਨੇ ਪਹਿਲਾਂ ਆਪਣੇ ਕੱਪੜੇ ਅਤੇ ਫਿਰ ਚਮੜੀ ਸੜ ਕੇ ਪਿਘਲਦੀ ਹੋਈ ਦੇਖੀ। ਪਲਾਂ ਅੰਦਰ ਹੀ 1,40,000 ਲੋਕ ਮੁਰਦਾ ਲੋਥਾਂ ਬਣ ਗਏ। ਰੇਡੀਓ ਐਕਟਿਵ ਕਿਰਨਾਂ ਨਾਲ ਹਰ ਕਿਸਮ ਦੇ ਬਿਜਲਈ ਯੰਤਰ, ਆਵਾਜਾਈ, ਪਦਾਰਥੀ ਸਰੋਤ ਅਤੇ ਜੀਵਨ ਤਬਾਹ ਹੋ ਗਿਆ।
8 ਅਗਸਤ ਨੂੰ ਮੁੜ ਅਜਿਹਾ ਹੀ ਹਮਲਾ ਨਾਗਾਸਾਕੀ ‘ਤੇ ਕੀਤਾ ਗਿਆ, ਜਿਸ ਦੌਰਾਨ 70,000 ਲੋਕ ਮਾਰੇ ਗਏ। ਅਜੇ ਤੱਕ ਵੀ ਇਨ੍ਹਾਂ ਦੋਵਾਂ ਸ਼ਹਿਰਾਂ ‘ਚ ਰੇਡੀਓ ਐਕਟਿਵ ਕਿਰਨਾਂ ਦੇ ਅਸਰ ਕਾਰਨ ਬੱਚੇ ਜਮਾਂਦਰੂ ਅੰਗਹੀਣ ਪੈਦਾ ਹੁੰਦੇ ਹਨ। ਅੱਜ ਤੱਕ ਇਨ੍ਹਾਂ ਸ਼ਹਿਰਾਂ ਦੇ ਜਲਵਾਯੂ ਵਿਚ ਰੇਡੀਓ ਐਕਟਿਵ ਕਿਰਨਾਂ ਦਾ ਭਿਆਨਕ ਅਸਰ ਮੌਜੂਦ ਹੈ, ਜਿਸ ਕਾਰਨ ਇੱਥੇ ਜਦੋਂ ਵੀ ਮੀਂਹ ਵਰ੍ਹਦਾ ਹੈ ਤਾਂ ਉਸ ਦੇ ਨਾਲ ਚਮੜੀ ਦੇ ਰੋਗ ਫ਼ੈਲਦੇ ਹਨ।
ਡੇਢ ਕੁ ਦਹਾਕਾ ਪਹਿਲਾਂ ‘ਦੱਖਣੀ ਏਸ਼ੀਆ ‘ਚ ਪ੍ਰਮਾਣੂ ਜੰਗ’ ਨਾਂਅ ਦੇ ਇਕ ਪਰਚੇ ਵਿਚ ਚਾਰ ਵਿਗਿਆਨੀਆਂ, ਨੈਚੂਰਲ ਰੀਸੋਰਸਜ਼ ਡੀਫੈਸ ਕੌਂਸਲ ਵਾਸ਼ਿੰਗਟਨ ਦੇ ਮੈਥੀਓ ਮੈਕਿਨਜੀ, ਕਾਅਦੇ ਆਜ਼ਮ ਯੂਨੀਵਰਸਿਟੀ ਇਸਲਾਮਾਬਾਦ ਦੇ ਏ.ਐਚ. ਨਈਅਰ ਅਤੇ ਪਰਿੰਸਟੌਨ ਯੂਨੀਵਰਸਿਟੀ ਦੇ ਐਮ.ਵੀ. ਰਾਮੰਨਾ ਤੇ ਜ਼ਿਆ ਮੀਆਂ ਨੇ, ਭਾਰਤ-ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਦੇ ਸੰਭਾਵੀ ਹਮਲਿਆਂ ਸਬੰਧੀ ਰੌਂਗਟੇ ਖੜ੍ਹੇ ਕਰਨ ਵਾਲੇ ਤੱਥ ਜ਼ਾਹਰ ਕੀਤੇ ਸਨ ਕਿ; ‘ਪ੍ਰਮਾਣੂ ਬੰਬ ਸੁੱਟੇ ਜਾਣ ਦੀ ਸੂਰਤ ‘ਚ ਭਾਰਤ ਦੇ ਮੁੰਬਈ ‘ਚ 11,83,000, ਬੰਗਲੌਰ ‘ਚ 8,00,000, ਚੇਨਈ ‘ਚ 10,09,000, ਕੌਲਕਾਤਾ ‘ਚ 10,21,000, ਦਿੱਲੀ ‘ਚ 4,88,000, ਪਾਕਿਸਤਾਨ ਦੇ ਇਸਲਾਮਾਬਾਦ ‘ਚ 3,51,000, ਲਾਹੌਰ ‘ਚ 7,62,000, ਫ਼ੈਜ਼ਲਾਬਾਦ ‘ਚ 8,84,000, ਕਰਾਚੀ ‘ਚ 6,50,000 ਅਤੇ ਰਾਵਲਪਿੰਡੀ ਵਿਚ 5,02,000 ਲੋਕ ਤੁਰੰਤ ਹੀ ਮਰ-ਮੁੱਕ ਜਾਣਗੇ।’ ਇਨ੍ਹਾਂ ਭਿਆਨਕ ਸਿੱਟਿਆਂ ਤੋਂ ਅਸੀਂ ਇਹ ਅੰਦਾਜ਼ਾ ਤਾਂ ਸਹਿਜੇ ਹੀ ਲਗਾ ਸਕਦੇ ਹਾਂ ਕਿ ਭਾਰਤ-ਪਾਕਿਸਤਾਨ ਦੇ ਸਰਹੱਦੀ ਸੂਬੇ ਪੰਜਾਬ ਦੇ ਚੰਡੀਗੜ੍ਹ, ਅੰਮ੍ਰਿਤਸਰ ਜਾਂ ਪਟਿਆਲਾ ਵਰਗੇ ਸ਼ਹਿਰ ਤਾਂ ਬੰਬ ਡਿੱਗਣ ਦੀ ਹਾਲਤ ‘ਚ ਬਿਲਕੁਲ ਖ਼ਤਮ ਹੋ ਜਾਣਗੇ। ਪ੍ਰਮਾਣੂ ਹਮਲਾ ਕਰਨ ਵਾਲਾ ਦੇਸ਼ ਖੁਦ ਵੀ ਇਸ ਦੇ ਕਹਿਰ ਤੋਂ ਬਚ ਨਹੀਂ ਸਕੇਗਾ। ਭਾਰਤ ਤੇ ਪਾਕਿਸਤਾਨ ਵਿਚਾਲੇ ਸਿਰਫ਼ ਦੋ ਦਿਨਾਂ ਦੀ ਪ੍ਰਮਾਣੂ ਜੰਗ ਦੌਰਾਨ ਹੀ 1 ਕਰੋੜ 20 ਲੱਖ ਲੋਕ ਮਾਰੇ ਜਾਣਗੇ। 80 ਲੱਖ ਅੰਗਹੀਣ ਹੋ ਜਾਣਗੇ। ਘੱਟੋ-ਘੱਟ 20 ਸਾਲ ਤੱਕ ਅਨਾਜ ਪੈਦਾ ਨਹੀਂ ਹੋਵੇਗਾ। ਬ੍ਰਹਿਮੰਡ ਦੀ ਓਜੋਨ ਪਰਤ ਵਿਚ ਪਿਆ ਖੱਪਾ 4 ਫ਼ੀਸਦੀ ਤੋਂ ਵੱਧ ਕੇ 35 ਫ਼ੀਸਦੀ ਹੋ ਜਾਵੇਗਾ। ਅੰਟਾਰਕਟਿਕਾ ਅਤੇ ਹਿਮਾਲਿਆ ਦੀ ਬਰਫ਼ ਪਿਘਲਣ ਨਾਲ ਉੱਤਰੀ ਭਾਰਤ ‘ਚ ਹੜ੍ਹਾਂ ‘ਚ ਡੁੱਬ ਜਾਵੇਗਾ।
‘ਪ੍ਰਮਾਣੂ ਹਥਿਆਰਾਂ’ ਦੀ ਜੰਗ ਵਿਚ ਕੋਈ ਜਿੱਤ ਸਕਦਾ ਹੈ, ਇਹ ਸੋਚਣਾ ਮੂਰਖਤਾ ਹੋਵੇਗੀ। ਸੋ, ਭਾਰਤ-ਪਾਕਿ ਵਿਚਾਲੇ ਹਥਿਆਰਾਂ ਦੀ ‘ਜੰਗ’ ਦੀ ਥਾਂ ‘ਅਮਨ’ ਲਈ ਪ੍ਰਭਾਵੀ ਯਤਨ ਹੋਣੇ ਚਾਹੀਦੇ ਹਨ। ਦੋਵਾਂ ਦੇਸ਼ਾਂ ਨੂੰ ਜੰਗ ਦੀ ਬਜਾਇ ਦਹਿਸ਼ਤ, ਬੇਵਿਸ਼ਵਾਸੀ ਅਤੇ ਨਫ਼ਰਤ ਦੇ ਖ਼ਾਤਮੇ, ਅੱਤਵਾਦ, ਗਰੀਬੀ, ਅਨਪੜ੍ਹਤਾ, ਜਹਾਲਤ ਅਤੇ ਮਾਨਸਿਕ ਪੱਛੜੇਪਨ ਨੂੰ ਦੂਰ ਕਰਨ ਦੇ ਸਾਂਝੇ ਯਤਨ ਕਰਨੇ ਚਾਹੀਦੇ ਹਨ। ਵਿਸ਼ਵ ਭਾਈਚਾਰੇ ਨੂੰ ਵੀ ਦੱਖਣੀ ਏਸ਼ੀਆ ‘ਚ ਸਦੀਵੀ ਅਮਨ ਤੇ ਸ਼ਾਂਤੀ ਬਹਾਲ ਕਰਨ ਲਈ ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਨੂੰ ਸੁਖਾਵੇਂ ਤਰੀਕੇ ਨਾਲ ਦੂਰ ਕਰਕੇ ਦੋ ਗੁਆਂਢੀ ਮੁਲਕਾਂ ਵਿਚਾਲੇ ਆਪਸੀ ਮਿਲਵਰਤਨ, ਵਪਾਰਕ-ਸੱਭਿਆਚਾਰਕ ਆਦਾਨ-ਪ੍ਰਦਾਨ ਵਧਾਉਣ ਦੀ ਦਿਸ਼ਾ ‘ਚ ਸਾਰਥਿਕ ਭੂਮਿਕਾ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …