4.3 C
Toronto
Friday, November 7, 2025
spot_img
Homeਸੰਪਾਦਕੀਦੁਨੀਆ ਦੀ ਵਧਦੀ ਆਬਾਦੀ ਦੀ ਚੁਣੌਤੀ

ਦੁਨੀਆ ਦੀ ਵਧਦੀ ਆਬਾਦੀ ਦੀ ਚੁਣੌਤੀ

ਪਿਛਲੇ ਦਿਨੀਂ ਦੁਨੀਆ ਦੀ ਆਬਾਦੀ 8 ਅਰਬ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਸੰਯੁਕਤ ਰਾਸ਼ਟਰ ਨੇ ਇਸ ਦਿਨ ਦਾ ਵਿਖਿਆਨ ਕਰਦਿਆਂ ਕਿਹਾ ਹੈ ਕਿ ‘8 ਅਰਬ ਉਮੀਦਾਂ, 8 ਅਰਬ ਸੁਪਨੇ ਤੇ 8 ਅਰਬ ਸੰਭਾਵਨਾਵਾਂ’। ਸੰਯੁਕਤ ਰਾਸ਼ਟਰ ਨੇ ਇਸ ਨੂੰ ਇਸ ਤਰ੍ਹਾਂ ਬਿਆਨਦਿਆਂ ਹੋਇਆਂ ਇਹ ਵੀ ਕਿਹਾ ਹੈ ਕਿ ਪਿਛਲੇ 6 ਦਹਾਕਿਆਂ ਵਿਚ ਇਸ ਧਰਤੀ ਦੀ ਆਬਾਦੀ ਦੁੱਗਣੀ ਹੋ ਗਈ ਹੈ, ਭਾਵ ਸਾਲ 1974 ਵਿਚ ਇਹ 400 ਕਰੋੜ ਸੀ ਤੇ 2022 ਵਿਚ ਇਹ 800 ਕਰੋੜ ਨੂੰ ਟੱਪ ਗਈ ਹੈ। ਅੰਦਾਜ਼ੇ ਅਨੁਸਾਰ ਸਾਲ 2300 ਵਿਚ ਇਹ 10 ਅਰਬ 40 ਕਰੋੜ ਦੇ ਲਗਭਗ ਹੋ ਜਾਏਗੀ। ਬਿਨਾਂ ਸ਼ੱਕ ਜਿਹੜਾ ਬੱਚਾ ਵੀ ਪੈਦਾ ਹੁੰਦਾ ਹੈ ਉਸ ਨਾਲ ਉਮੀਦਾਂ, ਸੁਪਨੇ ਤੇ ਸੰਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਪਰ ਇਸ ਪੱਖੋਂ ਭਾਰਤ ਦੀ ਸਥਿਤੀ ਅਜੀਬੋ-ਗਰੀਬ ਰਹੀ ਹੈ।
ਇਸ ਦੇਸ਼ ਦੀ ਬਦਕਿਸਮਤੀ ਇਹ ਰਹੀ ਹੈ ਕਿ ਸਦੀਆਂ ਦੇ ਸਫ਼ਰ ਵਿਚ ਇਸ ਦੀ ਆਬਾਦੀ ਇਸ ਦੀ ਉਤਪਾਦਕਤਾ ਤੋਂ ਕਿਤੇ ਵੱਧ ਰਹੀ ਹੈ। ਬਹੁਤੇ ਲੋਕ ਤਾਂ ਸੰਭਾਵਨਾਵਾਂ ਨੂੰ ਤਲਾਸ਼ਦੇ ਹੋਏ ਹੀ ਆਪਣੀ ਉਮਰ ਹੰਢਾ ਕੇ ਤੁਰ ਜਾਂਦੇ ਹਨ। ਇਸੇ ਲਈ ਹੀ ਇਸ ਦੇਸ਼ ਦੇ ਲੰਮੇ ਸਫ਼ਰ ਵਿਚ ਗੁਰਬਤ ਅਤੇ ਮੰਦਹਾਲੀ ਵਿਚ ਜੀਵਨ ਬਸਰ ਕਰਨ ਵਾਲੇ ਲੋਕਾਂ ਦਾ ਘੇਰਾ ਹਮੇਸ਼ਾ ਵੱਡਾ ਹੀ ਰਿਹਾ ਹੈ। ਇਥੇ ਸਦੀਆਂ ਤੋਂ ਹਮਲਾਵਰਾਂ ਅਤੇ ਕਾਇਮ ਵਿਦੇਸ਼ੀ ਹਕੂਮਤਾਂ ਨੇ ਇਥੇ ਦੇ ਬਹੁਤੇ ਲੋਕਾਂ ਨੂੰ ਕਿਸੇ ਪੱਤਣ ਨਹੀਂ ਲੱਗਣ ਦਿੱਤਾ। ਅੰਗਰੇਜ਼ੀ ਸਾਮਰਾਜ ਦਾ 200 ਸਾਲ ਦਾ ਇਤਿਹਾਸ ਤਾਂ ਹਾਲੇ ਨਵਾਂ ਹੀ ਹੈ। ਇਸ ਸਮੇਂ ਵਿਚ ਆਮ ਲੋਕਾਂ ਦੀ ਬਦਹਾਲੀ ਕਿਸੇ ਤੋਂ ਛੁਪੀ ਹੋਈ ਨਹੀਂ ਸੀ। ਲੱਖਾਂ ਦੀ ਗਿਣਤੀ ਵਿਚ ਲੋਕ ਭੁੱਖ ਅਤੇ ਬਿਮਾਰੀਆਂ ਦਾ ਲਗਾਤਾਰ ਸ਼ਿਕਾਰ ਹੁੰਦੇ ਰਹੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਉਮੀਦ ਜ਼ਰੂਰੀ ਬਣੀ ਸੀ ਕਿ ਹੇਠਲੇ ਪੱਧਰ ਤੱਕ ਦੇ ਜਨਜੀਵਨ ਦੀ ਦਿਸ਼ਾ ਸੰਵਾਰਨ ਅਤੇ ਲੋਕਾਂ ਦੀ ਪੁੱਛ-ਪ੍ਰਤੀਤ ਕਰਨ ਵਾਲੇ ਹਾਕਮ ਸੱਤਾ ਸੰਭਾਲਣਗੇ ਪਰ ਕਰੋੜਾਂ ਹੀ ਲੋਕਾਂ ਨੂੰ ਇਸ ਬੇਚਾਰਗੀ ਤੋਂ ਕੱਢਣ ਲਈ ਨਵੇਂ ਹਾਕਮ ਵੀ ਕੋਈ ਠੋਸ ਪ੍ਰਬੰਧ ਕਰਨ ਤੋਂ ਅਸਮਰਥ ਰਹੇ ਹਨ। ਜੇਕਰ ਕੋਈ ਦੇਸ਼ ਜਾਂ ਧਰਤੀ ਆਪਣੇ ਬਹੁ ਗਿਣਤੀ ਲੋਕਾਂ ਨੂੰ ਮੁਢਲੀਆਂ ਸੁੱਖ ਸਹੂਲਤਾਂ ਪ੍ਰਦਾਨ ਨਹੀਂ ਕਰ ਸਕਦੀ ਤਾਂ ਇਸ ਦਾ ਦੋਸ਼ ਸਮੇਂ ਦੇ ਨੀਤੀ ਘਾੜਿਆਂ ਸਿਰ ਹੀ ਆਉਂਦਾ ਹੈ। ਜੇ ਆਮ ਲੋਕਾਂ ਨੂੰ ਅਜਿਹੀਆਂ ਸਹੂਲਤਾਂ ਦੇਣ ਵਿਚ ਅਸੀਂ ਅਸਮਰਥ ਰਹੇ ਹਾਂ ਤਾਂ ਘੱਟੋ-ਘੱਟ ਲਗਾਤਾਰ ਵਧਦੀ ਆਬਾਦੀ ਨੂੰ ਕਾਬੂ ਵਿਚ ਰੱਖਣ ਲਈ ਤਾਂ ਕੋਈ ਪ੍ਰਭਾਵਸ਼ਾਲੀ ਹੀਲਾ-ਵਸੀਲਾ ਕੀਤਾ ਹੀ ਜਾ ਸਕਦਾ ਸੀ। ਅਗਲੇ ਸਾਲ ਭਾਰਤ ਦੀ ਆਬਾਦੀ ਚੀਨ ਦੀ ਆਬਾਦੀ ਨੂੰ ਪਾਰ ਕਰ ਜਾਏਗੀ ਅਤੇ ਇਹ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਵੇਗਾ। ਹੁਣ ਤੱਕ ਦੇ ਤਜਰਬੇ ਤੋਂ ਇਸ ਦਾ ਸਿੱਧਾ ਪ੍ਰਭਾਵ ਇਹੀ ਲਿਆ ਜਾ ਸਕਦਾ ਹੈ ਕਿ ਕਰੋੜਾਂ ਹੀ ਹੋਰ ਲੋਕ ਗੁਰਬਤ ਅਤੇ ਤੰਗਦਸਤੀਆਂ ਵਿਚ ਧੱਕ ਦਿੱਤੇ ਜਾਣਗੇ। ਅੱਜ ਦੁਨੀਆ ਦਾ ਹਰ 6ਵਾਂ ਵਿਅਕਤੀ ਭਾਰਤੀ ਹੈ ਪਰ ਇਸ ਕੋਲ ਧਰਤੀ ਦਾ ਸਿਰਫ਼ 2 ਫੀਸਦੀ ਟੁਕੜਾ ਹੀ ਹੈ। ਜਦੋਂ ਕਿ ਰੂਸ ਕੋਲ ਧਰਤੀ ਦਾ 11ਵਾਂ ਹਿੱਸਾ, ਕੈਨੇਡਾ ਅਤੇ ਚੀਨ ਕੋਲ 6 ਫੀਸਦੀ ਤੋਂ ਵੀ ਜ਼ਿਆਦਾ ਰਕਬਾ ਹੈ। ਚੀਨ ਨੇ ਦਹਾਕਿਆਂ ਪਹਿਲਾਂ ਦੇਸ਼ ਦੀ ਇਹ ਦੁਖਦੀ ਰਗ ਪਛਾਣ ਲਈ ਸੀ। ਉਸ ਨੇ ਤਰਤੀਬਵਾਰ ਆਬਾਦੀ ਨੂੰ ਕਾਬੂ ਰੱਖਣ ਦੀਆਂ ਸਕੀਮਾਂ ਘੜੀਆਂ ਅਤੇ ਆਪਣੀ ਇਸ ਪਹੁੰਚ ਵਿਚ ਉਹ ਵੱਡੀ ਹੱਦ ਤੱਕ ਕਾਮਯਾਬ ਹੋਇਆ। ਚੀਨ ਕੋਲ ਭਾਰਤ ਨਾਲੋਂ ਤਿੰਨ ਗੁਣਾ ਤੋਂ ਵੀ ਵਧੇਰੇ ਧਰਤੀ ਦਾ ਰਕਬਾ ਹੈ ਪਰ ਉਸ ਨੇ ਆਬਾਦੀ ਦੇ ਪੱਖੋਂ ਇਕ ਜ਼ਾਬਤਾ ਜ਼ਰੂਰ ਬਣਾਇਆ ਹੈ। ਜਦੋਂ ਕਿ ਭਾਰਤ ਇਸ ਮਸਲੇ ਵਿਚ ਬੁਰੀ ਤਰ੍ਹਾਂ ਪਛੜ ਗਿਆ ਹੈ।
ਅਸੀਂ ਇਸ ਗੱਲ ਦੇ ਕਾਇਲ ਹਾਂ ਕਿ ਅੱਜ ਭਾਰਤੀਆਂ ਦੀਆਂ 80 ਫ਼ੀਸਦੀ ਸਮੱਸਿਆਵਾਂ ਦਾ ਵੱਡਾ ਕਾਰਨ ਆਬਾਦੀ ਸੰਬੰਧੀ ਜ਼ਾਬਤਾ ਨਾ ਬਣਾ ਸਕਣਾ ਹੈ। ਜੇ ਅਗਲੇ ਸਾਲ ਭਾਰਤ ਦੀ ਆਬਾਦੀ ਚੀਨ ਤੋਂ ਵਧ ਗਈ ਤਾਂ ਇਸ ਦਾ ਪਹਿਲੇ ਨੰਬਰ ‘ਤੇ ਆਉਣਾ ਕੋਈ ਪ੍ਰਾਪਤੀ ਨਹੀਂ ਹੋਵੇਗੀ ਸਗੋਂ ਇਹ ਇਕ ਅਜਿਹੀ ਵੱਡੀ ਚੁਣੌਤੀ ਹੋਵੇਗੀ ਜੋ ਸਾਡੇ ਸਾਹਮਣੇ ਅਨੇਕਾਂ ਸਵਾਲ ਖੜ੍ਹੇ ਕਰੇਗੀ ਅਤੇ ਹੋਰ ਸਮੱਸਿਆਵਾਂ ਪੈਦਾ ਕਰੇਗੀ, ਜਿਸਦਾ ਹੱਲ ਤਲਾਸ਼ ਸਕਣਾ ਸਾਡੇ ਸਮਾਜ ਲਈ ਬੇਹੱਦ ਮੁਸ਼ਕਿਲ ਹੋਵੇਗਾ।

RELATED ARTICLES
POPULAR POSTS