17.1 C
Toronto
Sunday, September 28, 2025
spot_img
Homeਸੰਪਾਦਕੀਭਾਰਤ 'ਚ ਕਰੋਨਾ ਵਾਇਰਸ ਨੇ ਇਕ ਵਾਰ ਮੁੜ ਰਫਤਾਰ ਫੜੀ

ਭਾਰਤ ‘ਚ ਕਰੋਨਾ ਵਾਇਰਸ ਨੇ ਇਕ ਵਾਰ ਮੁੜ ਰਫਤਾਰ ਫੜੀ

ਭਾਰਤ ਵਿਚ ਕਰੋਨਾ ਵਾਇਰਸ ਦੀ ਬਿਮਾਰੀ ਇਕ ਵਾਰ ਮੁੜ ਆਪਣੇ ਫੈਲਾਅ ਵਿਚ ਤੇਜ਼ੀ ਫੜ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਵਿਚ ਇਕ ਵਾਰ ਫਿਰ ਕਰੋਨਾ ਦੇ ਪ੍ਰਭਾਵ ਸਬੰਧੀ ਆਪਣੀ ਚਿੰਤਾ ਜਤਾਈ ਹੈ। ਜਨਵਰੀ ਦੇ ਮਹੀਨੇ ਵਿਚ ਟੀਕਾਕਰਨ ਦਾ ਅਮਲ ਸ਼ੁਰੂ ਹੋ ਗਿਆ ਸੀ। ਹੁਣ ਤੱਕ ਸਾਢੇ ਤਿੰਨ ਕਰੋੜ ਦੇ ਲਗਪਗ ਵਿਅਕਤੀਆਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ ਪਰ 130 ਕਰੋੜ ਦੀ ਆਬਾਦੀ ਵਾਲੇ ਵੱਡੇ ਮੁਲਕ ਵਿਚ ਇਹ ਅੰਕੜੇ ਕਾਫੀ ਘੱਟ ਦਿਖਾਈ ਦਿੰਦੇ ਹਨ। ਕਿਉਂਕਿ ਹੁਣ ਇਹ ਪ੍ਰਭਾਵ ਪ੍ਰਪੱਕ ਹੁੰਦਾ ਜਾ ਰਿਹਾ ਹੈ ਕਿ ਟੀਕਾਕਰਨ ਹੀ ਇਸ ਬਿਮਾਰੀ ਦਾ ਪ੍ਰਭਾਵਸ਼ਾਲੀ ਇਲਾਜ ਸਾਬਤ ਹੋ ਸਕਦਾ ਹੈ, ਪਰ ਹੁਣ ਦੂਸਰੀ ਵਾਰ ਇਸ ਮਹਾਂਮਾਰੀ ਨੇ ਫਿਰ ਹੱਲਾ ਬੋਲਿਆ ਹੈ।
ਅੰਕੜਿਆਂ ਮੁਤਾਬਿਕ ਫਿਰ ਕਰੋਨਾ ਮਰੀਜ਼ਾਂ ਦੀ ਗਿਣਤੀ ਸਵਾ ਕਰੋੜ ਦੇ ਲਗਪਗ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਕ ਲੱਖ 60 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਚਾਹੇ ਵੱਡੀ ਗਿਣਤੀ ਵਿਚ ਮਰੀਜ਼ਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਪਰ ਇਸ ਦੇ ਨਾਲ ਹੀ ਤੇਜ਼ੀ ਨਾਲ ਹੋਰ ਮਰੀਜ਼ ਵਧਣੇ ਵੀ ਚਿੰਤਾਜਨਕ ਗੱਲ ਹੈ। ਪ੍ਰਧਾਨ ਮੰਤਰੀ ਨੇ ਇਸ ਸਬੰਧੀ ਇਕ ਵਾਰ ਫਿਰ ਰਾਜਾਂ ਦੇ ਮੁੱਖ ਮੰਤਰੀਆਂ ਰਾਹੀਂ ਲੋਕਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਬਿਮਾਰੀ ਨੂੰ ਵਧਣ ਤੋਂ ਰੋਕਣ ਲਈ ਤਿੰਨ ਚੀਜ਼ਾਂ ਦੀ ਵਧੇਰੇ ਲੋੜ ਹੈ। ਇਸ ਵਿਚ ਪਰੀਖਣ, ਨਿਗਰਾਨੀ ਅਤੇ ਇਲਾਜ ਆਉਂਦੇ ਹਨ। ਪਿਛਲੇ ਸਮੇਂ ਵਿਚ ਟੈਸਟਾਂ ਵਿਚ ਵੱਡੀ ਕਮੀ ਦੇਖਣ ਨੂੰ ਮਿਲੀ ਹੈ। ਲੋਕ ਵੀ ਆਮ ਤੌਰ ‘ਤੇ ਬੇਪਰਵਾਹ ਜਿਹੇ ਹੋ ਗਏ ਹਨ। ਪਰ ਪੰਜਾਬ ਅਤੇ ਮਹਾਰਾਸ਼ਟਰ ਸਮੇਤ ਜਿਸ ਤਰ੍ਹਾਂ ਹੋਰ ਰਾਜਾਂ ਵਿਚ ਇਸ ਬਿਮਾਰੀ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ, ਉਸ ਨਾਲ ਇਕ ਵਾਰ ਫਿਰ ਹਰ ਪੱਧਰ ‘ਤੇ ਵਧੇਰੇ ਸੁਚੇਤ ਹੋਣ ਦੀ ਲੋੜ ਭਾਸਣ ਲੱਗੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾਉਣ ਦੀ ਗੱਲ ਇਕ ਵਾਰ ਫਿਰ ਦੁਹਰਾਈ ਹੈ ਅਤੇ ਇਨ੍ਹਾਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਹੈ ਪਰ ਸਖ਼ਤ ਤਾਲਾਬੰਦੀਆਂ ਸਮੇਂ ਜਿਸ ਤਰ੍ਹਾਂ ਲੋਕ ਜੀਵਨ ਬਿਖਰ ਗਿਆ ਸੀ, ਆਰਥਿਕਤਾ ਬੇਹੱਦ ਲੜਖੜਾ ਗਈ ਸੀ, ਬੇਰੁਜ਼ਗਾਰੀ ਹੋਰ ਵਧ ਗਈ ਸੀ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਅੰਤਾਂ ਦਾ ਵਾਧਾ ਹੋ ਗਿਆ ਸੀ, ਉਸ ਨੂੰ ਵੇਖਦੇ ਹੋਏ ਤਤਕਾਲੀ ਸਰਕਾਰਾਂ ਨੂੰ ਇਨ੍ਹਾਂ ਰੋਕਾਂ ਨੂੰ ਹਟਾਉਣਾ ਪਿਆ ਸੀ। ਚਾਹੇ ਇਸ ਵਾਰ ਅਜਿਹੇ ਸਖ਼ਤ ਕਦਮ ਚੁੱਕੇ ਜਾਣ ਦੀ ਅਜੇ ਸੰਭਾਵਨਾ ਘੱਟ ਹੀ ਨਜ਼ਰ ਆਉਂਦੀ ਹੈ ਪਰ ਇਸ ਮਹਾਂਮਾਰੀ ਪ੍ਰਤੀ ਸਾਰਿਆਂ ਦਾ ਸੁਚੇਤ ਹੋਣਾ ਸਮੇਂ ਦੀ ਵੱਡੀ ਲੋੜ ਹੈ। ਵੱਡੇ-ਛੋਟੇ ਸ਼ਹਿਰਾਂ ਵਿਚ, ਗਲੀਆਂ, ਬਾਜ਼ਾਰਾਂ ਵਿਚ ਭੀੜਾਂ ਦਾ ਵਧਣਾ, ਹਰ ਤਰ੍ਹਾਂ ਦੇ ਸਮਾਗਮਾਂ ਵਿਚ ਹੁੰਮ-ਹੁਮਾ ਕੇ ਪੁੱਜਣਾ ਵੀ ਇਸ ਬਿਮਾਰੀ ਦੇ ਵਧਣ ਦੇ ਵੱਡੇ ਕਾਰਨ ਹੋ ਸਕਦੇ ਹਨ। ਪਰ ਇਕ ਚਿੰਤਾ ਵਾਲੀ ਗੱਲ ਇਹ ਵੀ ਕਹੀ ਜਾ ਸਕਦੀ ਹੈ ਕਿ ਇਸ ਬਿਮਾਰੀ ਦੇ ਪਿੰਡਾਂ ਵਿਚ ਵੀ ਵਧੇਰੇ ਵਧਣ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਇਸ ਲਈ ਲੋਕ-ਜੀਵਨ ਵਿਚ ਕਿਸ ਤਰ੍ਹਾਂ ਸੰਜਮ ਲਿਆਂਦਾ ਜਾਵੇ, ਇਸ ਬਾਰੇ ਵਿਉਂਤਬੰਦੀ ਕੀਤੀ ਜਾਣੀ ਜ਼ਰੂਰੀ ਜਾਪਣ ਲੱਗੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਬੈਠਕ ਵਿਚ ਆਪਣਾ ਇਹ ਸੁਝਾਅ ਦਿੱਤਾ ਸੀ ਕਿ ਗੁਰਦੇ ਅਤੇ ਜਿਗਰ ਦੀਆਂ ਬਿਮਾਰੀਆਂ ਵਾਲੇ 45 ਸਾਲ ਤੋਂ ਘੱਟ ਉਮਰ ਵਾਲੇ ਲੋਕਾਂ ਦੇ ਜਲਦੀ ਟੀਕਾ ਲਗਾਇਆ ਜਾਣਾ ਚਾਹੀਦਾ ਹੈ। ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੀ ਇਸ ਪ੍ਰਕਿਰਿਆ ਵਿਚੋਂ ਲੰਘਾ ਕੇ ਹੀ ਮੁੜ ਵਿੱਦਿਅਕ ਸਥਾਨ ਖੋਲ੍ਹੇ ਜਾਣੇ ਚਾਹੀਦੇ ਹਨ। ਇਸ ਸਬੰਧੀ ਲੋਕ ਸਭਾ ਵਿਚ ਵੀ ਵਿਸਥਾਰਤ ਚਰਚਾ ਚਲਦੀ ਰਹੀ ਹੈ। ਵਿਰੋਧੀ ਸਿਆਸੀ ਪਾਰਟੀਆਂ ਇਸ ਬਾਰੇ ਸਰਕਾਰ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦੀਆਂ ਰਹੀਆਂ ਹਨ।
ਨਵੀਆਂ ਖੋਜਾਂ ਕਰਕੇ ਇਹ ਪਤਾ ਲੱਗ ਗਿਆ ਕਿ ਸਾਰਸ ਕੋਵ-2 ਸਾਹ ਵਿਚੋਂ ਨਿਕਲੀਆਂ ਬੂੰਦਾਂ ਦੀ ਲਾਗ ਦੁਆਰਾ ਫੈਲਦਾ ਹੈ। ਇਸ ਲਈ ਇਸ ਨੂੰ ਫੈਲਣ ਤੋਂ ਰੋਕਣ ਲਈ ਇਕੱਠਾਂ ਨੂੰ ਘਟਾਉਣਾ, ਸਰੀਰਕ ਦੂਰੀ ਬਣਾਈ ਰੱਖਣਾ, ਮਾਸਕ ਪਹਿਨਣਾ ਅਤੇ ਹੱਥਾਂ ਨੂੰ ਵਾਰ-ਵਾਰ ਧੋਣਾ ਤੇ ਸੈਨੀਟਾਈਜ਼ ਕਰਨਾ ਜ਼ਰੂਰੀ ਹੈ। ਸ਼ੁਰੂਆਤੀ ਕੁਝ ਮਹੀਨਿਆਂ ਵਿਚ ਲੋਕਾਂ ਨੂੰ ਮਾਸਕ ਪਹਿਨਣਾ ਮੁਸ਼ਕਿਲ ਹੋਇਆ ਪਰ ਜਲਦੀ ਹੀ ਉਨ੍ਹਾਂ ਨੂੰ ਇਸ ਦੀ ਆਦਤ ਪੈ ਗਈ। ਸਮੇਂ ਸਿਰ ਸਰਕਾਰ ਦੁਆਰਾ ਤਿਆਰੀਆਂ ਦੀ ਅਣਹੋਂਦ ਵਿਚ, ਸਿਹਤ ਕਰਮਚਾਰੀਆਂ ਨੂੰ ਮਾਸਕ, ਚਿਹਰੇ ਦੀਆਂ ਢਾਲਾਂ ਅਤੇ ਦਸਤਾਨਿਆਂ ਸਮੇਤ ਪਰਸਨਲ ਪ੍ਰੋਟੈਕਟਿਵ ਉਪਕਰਨ (ਪੀ.ਪੀ.ਈ.) ਪ੍ਰਾਪਤ ਕਰਨ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਸਿਹਤ ਕਰਮਚਾਰੀਆਂ ਵਲੋਂ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ। ਹਾਲਾਂਕਿ ਸਮੇਂ ਦੇ ਬੀਤਣ ਨਾਲ ਉਦਯੋਗ ਪੀ.ਪੀ.ਈ. ਤਿਆਰ ਕਰਨ ਲਈ ਅੱਗੇ ਆਏ ਤੇ ਸ਼ੁਰੂਆਤ ਵਿਚ ਇਹ ਸਾਮਾਨ ਉੱਚ ਕੀਮਤ ‘ਤੇ ਵੀ ਵੇਚਦੇ ਰਹੇ। ਜਨਤਕ ਖੇਤਰ ਦੀਆਂ ਇਕਾਈਆਂ ਨੇ ਵੈਂਟੀਲੇਟਰਾਂ ਆਦਿ ਨੂੰ ਤਿਆਰ ਕਰਨ ਵਿਚ ਵੱਡੀ ਭੂਮਿਕਾ ਨਿਭਾਈ।
ਲਗਪਗ 85 ਫ਼ੀਸਦੀ ਕਰੋਨਾ ਪੀੜਤ ਵਿਅਕਤੀਆਂ ਵਿਚ ਕੋਈ ਲੱਛਣ ਨਹੀਂ ਹੁੰਦੇ। ਪਰ ਕੀ ਇਹ ਲੋਕ ਬਿਮਾਰੀ ਫੈਲਾਅ ਸਕਦੇ ਹਨ, ਇਸ ਬਾਰੇ ਅਜੇ ਵੀ ਦੁਚਿੱਤੀ ਹੈ। ਹਾਲਾਂਕਿ ਸਵੀਕਾਰ ਕੀਤਾ ਦ੍ਰਿਸ਼ਟੀਕੋਣ ਇਹ ਹੈ ਕਿ ਉਹ ਬਿਮਾਰੀ ਨੂੰ ਫੈਲਾਅ ਸਕਦੇ ਹਨ। ਫੇਫੜਿਆਂ ‘ਤੇ ਇਸ ਵਾਇਰਸ ਦੇ ਪ੍ਰਭਾਵ ਦਾ ਜਲਦੀ ਹੀ ਪਤਾ ਲੱਗ ਗਿਆ ਸੀ ਪਰ ਮੌਤ ਦੇ ਕਾਰਨਾਂ ਬਾਰੇ ਵੱਖ-ਵੱਖ ਰਾਵਾਂ ਸਨ। ਇਹ ਸਮਝ ਆ ਗਿਆ ਸੀ ਕਿ ਆਕਸੀਜਨ ਦਾ ਪੱਧਰ ਘਟਣ ਨਹੀਂ ਦੇਣਾ ਚਾਹੀਦਾ। ਇਸ ਲਈ ਆਕਸੀਜਨ ਦੇ ਪੱਧਰ ਦੀ ਵਾਰ-ਵਾਰ ਜਾਂਚ ਕਰਨਾ ਬਿਮਾਰੀ ਦੇ ਪੱਧਰ ਦਾ ਮੁਲਾਂਕਣ ਕਰਨ ਦਾ ਤਰੀਕਾ ਬਣ ਗਿਆ। ਡਾਕਟਰ, ਆਕਸੀਜਨ ਪੱਧਰ ਦੀ ਵਾਰ-ਵਾਰ ਜਾਂਚ ਕਰਨ ਦੇ ਸੰਦੇਸ਼ ਨੂੰ ਫੈਲਾਉਣ ਅਤੇ ਆਕਸੀਜਨ ਦਾ ਪੱਧਰ ਡਿਗਣ ਦੀ ਸਥਿਤੀ ਵਿਚ ਹਸਪਤਾਲ ਨੂੰ ਰਿਪੋਰਟ ਕਰਨ ਲਈ ਜਾਣਕਾਰੀ ਦਿੰਦੇ ਰਹੇ। ਇਸ ਨਾਲ ਬਹੁਤ ਸਾਰੀਆਂ ਜਾਨਾਂ ਬਚਾਉਣ ਵਿਚ ਮਦਦ ਮਿਲੀ, ਕਿਉਂਕਿ ਮਰੀਜ਼ ਸਮੇਂ ਸਿਰ ਹਸਪਤਾਲ ਪਹੁੰਚੇ।
ਦਵਾਈਆਂ ਦੀ ਵਰਤੋਂ ਬਾਰੇ ਵੀ ਬਹੁਤ ਸਾਰੇ ਭੰਬਲਭੂਸੇ ਸਨ। ਪਹਿਲਾਂ ਤਾਂ ਕਲੋਰੋਕੁਈਨ ਨੂੰ ਲਾਭਦਾਇਕ ਦੱਸਿਆ ਗਿਆ ਸੀ, ਪਰ ਜਲਦੀ ਹੀ ਇਹ ਪਤਾ ਲੱਗਿਆ ਕਿ ਕੋਵਿਡ ਮਾਮਲਿਆਂ ਵਿਚ ਇਸ ਦਾ ਕੋਈ ਲਾਭ ਨਹੀਂ ਹੈ। ਇਟਲੀ ਅਤੇ ਸਪੇਨ ਦੇ ਡਾਕਟਰਾਂ ਨੇ ਪਾਇਆ ਕਿ ਕਰੋਨਾ ਵਾਇਰਸ ਦੀ ਲਾਗ ਤੋਂ ਬਾਅਦ ਖ਼ੂਨ ਦੇ ਜੰਮਣ ਨਾਲ ਮਰੀਜ਼ ਦੀ ਮੌਤ ਹੁੰਦੀ ਹੈ। ਇਸ ਤਰ੍ਹਾਂ ਦੇ ਮਾਮਲਿਆਂ ਵਿਚ ਐਂਟੀ-ਕੋਗੂਲੈਂਟਸ (ਖੂਨ ਪਤਲਾ ਕਰਨ ਦੀਆਂ ਦਵਾਈਆਂ) ਵਰਤੀਆਂ ਗਈਆਂ। ਸਟੀਰਾਇਡਜ਼ ਦੀ ਵਰਤੋਂ ਦੇ ਨਾਲ ਬਹੁਤ ਸਾਰੇ ਮਰੀਜ਼ਾਂ ਨੂੰ ਬਚਾਇਆ ਗਿਆ। ਪਲਾਜ਼ਮਾ ਥੈਰੇਪੀ ਨਾਲ ਵੀ ਇਲਾਜ ਕੀਤਾ ਗਿਆ।

RELATED ARTICLES
POPULAR POSTS