ਪਾਕਿਸਤਾਨ ਅੱਜ ਬੁਰੀ ਤਰ੍ਹਾਂ ਚਾਰੇ ਪਾਸਿਓਂ ਘਿਰਿਆ ਨਜ਼ਰ ਆ ਰਿਹਾ ਹੈ, ਉਹ ਬੇਹੱਦ ਮੰਦੀ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ, ਉਹ ਦੁਨੀਆ ਭਰ ਦੇ ਅੱਤਵਾਦੀਆਂ ਦਾ ਗੜ੍ਹ ਵੀ ਬਣ ਗਿਆ ਹੈ, ਉਥੋਂ ਦਾ ਸਿਆਸੀ ਦ੍ਰਿਸ਼ ਉਬਾਲੇ ਖਾਣ ਲੱਗਾ ਹੈ, ਉਥੋਂ ਦੀ ਫ਼ੌਜ ਦੇ ਤੇਵਰ ਪੂਰੀ ਤਰ੍ਹਾਂ ਚੜ੍ਹੇ ਦਿਖਾਈ ਦਿੰਦੇ ਹਨ। ਸਮਾਜਿਕ ਅਤੇ ਧਾਰਮਿਕ ਤੌਰ ‘ਤੇ ਇਹ ਮੁਲਕ ਲੀਰੋ-ਲੀਰ ਹੋਇਆ ਦਿਖਾਈ ਦੇ ਰਿਹਾ ਹੈ।
ਜਿਥੋਂ ਤੱਕ ਇਸ ਦੀ ਆਰਥਿਕਤਾ ਦਾ ਸੰਬੰਧ ਹੈ ਬਾਹਰ ਤੋਂ ਬੇਹੱਦ ਜ਼ਰੂਰੀ ਵਸਤਾਂ ਮੰਗਵਾਉਣ ਲਈ ਵੀ ਇਸ ਕੋਲ ਵਿਦੇਸ਼ੀ ਕਰੰਸੀ ਕੁਝ ਹਫ਼ਤਿਆਂ ਤੱਕ ਹੀ ਬਚੀ ਰਹਿ ਗਈ ਹੈ। ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਇਸ ਨੂੰ ਲਗਾਤਾਰ ਚਿਤਾਵਨੀਆਂ ਦਿੱਤੀਆਂ ਹਨ ਕਿ ਉਹ ਅੰਤਰਰਾਸ਼ਟਰੀ ਕਰਜ਼ਾ ਚੁਕਾਉਣ ਲਈ ਮੁਢਲੀਆਂ ਲੋੜਾਂ ਦੀ ਪੂਰਤੀ ਨਹੀਂ ਕਰ ਰਿਹਾ।
ਸਾਰੇ ਹੀ ਵੱਡੇ ਦੇਸ਼ ਅਜਿਹੀ ਸਥਿਤੀ ਵਿਚ ਉਸ ਨੂੰ ਕਿਸੇ ਤਰ੍ਹਾਂ ਦਾ ਵੀ ਫੰਡ ਦੇਣ ਤੋਂ ਕੰਨੀ ਕਤਰਾਉਣ ਲੱਗੇ ਹਨ। ਇਸੇ ਹੀ ਤਰ੍ਹਾਂ ਉਸ ਨੂੰ ਅੰਤਰਰਾਸ਼ਟਰੀ ਕਰਜ਼ਾ ਦੇਣ ਵਾਲੀ ਸੰਸਥਾ ਵਲੋਂ ਚਿਰਾਂ ਤੋਂ ‘ਗ੍ਰੇ ਸੂਚੀ’ ਵਿਚ ਰੱਖਿਆ ਹੋਇਆ ਹੈ। ਉਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਇਹ ਤਰਲੋਮੱਛੀ ਹੁੰਦਾ ਰਿਹਾ ਹੈ। ਸ਼ਹਿਬਾਜ਼ ਸ਼ਰੀਫ਼ ਜੋ ਕਿ 13 ਸਿਆਸੀ ਪਾਰਟੀਆਂ ਦੇ ਸੰਗਠਨ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਵਲੋਂ ਪ੍ਰਧਾਨ ਮੰਤਰੀ ਬਣੇ ਹਨ, ਨੇ ਵੀ ਪਿਛਲੇ ਮਹੀਨਿਆਂ ਵਿਚ ਸਾਊਦੀ ਅਰਬ, ਸੰਯੁਕਤ ਰਾਸ਼ਟਰ ਅਮੀਰਾਤ ਅਤੇ ਕਈ ਹੋਰ ਮੁਲਕਾਂ ਦਾ ਦੌਰਾ ਕੀਤਾ ਹੈ ਤਾਂ ਜੋ ਉਨ੍ਹਾਂ ਦੇਸ਼ਾਂ ਤੋਂ ਕਰਜ਼ਾ ਹਾਸਲ ਕੀਤਾ ਜਾ ਸਕੇ, ਪਰ ਦੂਜੇ ਪਾਸੇ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪ੍ਰਧਾਨ ਇਮਰਾਨ ਖ਼ਾਨ ਨੇ ਆਪਣੀਆਂ ਆਪ-ਹੁਦਰੀਆਂ ਕਾਰਵਾਈਆਂ ਅਤੇ ਬੇਤੁਕੀ ਬਿਆਨਬਾਜ਼ੀ ਨਾਲ ਸਮੁੱਚੇ ਮੁਲਕ ਦਾ ਮਾਹੌਲ ਹੀ ਖ਼ਰਾਬ ਕਰ ਦਿੱਤਾ ਹੈ, ਜਿਸ ਕਰਕੇ ਉਥੇ ਖਾਨਾਜੰਗੀ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਪਿਛਲੇ ਸਾਲ ਅਪ੍ਰੈਲ ਦੇ ਮਹੀਨੇ ਵਿਚ ਇਮਰਾਨ ਖ਼ਾਨ ਦੀ ਸਰਕਾਰ ਨੂੰ ਉਥੋਂ ਦੀ ਪਾਰਲੀਮੈਂਟ ਵਿਚ ਦਰਜਨ ਤੋਂ ਵਧੇਰੇ ਵਿਰੋਧੀ ਸਿਆਸੀ ਪਾਰਟੀਆਂ ਅਤੇ ਉਸ ਦੀ ਆਪਣੀ ਪਾਰਟੀ ਦੇ ਹੀ ਵੱਡੀ ਗਿਣਤੀ ਵਿਚ ਮੈਂਬਰਾਂ ਵਲੋਂ ਉਸ ਖਿਲਾਫ ਬੇਵਸਾਹੀ ਦਾ ਮਤਾ ਪਾਸ ਕਰਕੇ ਉਸ ਨੂੰ ਗੱਦੀਓਂ ਲਾਹ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਬੇਕਾਬੂ ਹੋਇਆ ਵਿਖਾਈ ਦਿੱਤਾ। ਜਿਥੇ ਇਮਰਾਨ ਨੇ ਉਸ ਸਮੇਂ ਦੇ ਫ਼ੌਜ ਮੁਖੀ ਜਨਰਲ ਜਾਵੇਦ ਬਾਜਵਾ ਦੀ ਖੁੱਲ੍ਹ ਕੇ ਆਲੋਚਨਾ ਕੀਤੀ, ਉਥੇ ਗੱਦੀਓਂ ਲਾਹੇ ਜਾਣ ਦਾ ਦੋਸ਼ ਅਮਰੀਕਾ ‘ਤੇ ਵੀ ਲਗਾਇਆ। ਹੁਣ ਵੀ ਲਗਾਤਾਰ ਇਮਰਾਨ ਇਹ ਬਿਆਨ ਦੇ ਰਿਹਾ ਹੈ ਕਿ ਤੱਤਕਾਲੀ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਉਸ ਨੂੰ ਮਾਰਨਾ ਚਾਹੁੰਦਾ ਹੈ। ਬਿਨਾਂ ਸ਼ੱਕ ਫ਼ੌਜ ਨੇ ਪਾਕਿਸਤਾਨ ਨੂੰ ਲੰਮੇ ਸਮੇਂ ਤਕ ਜਕੜੀ ਰੱਖਿਆ ਹੈ। ਇਹ ਸਿਲਸਿਲਾ ਅਯੂਬ ਖ਼ਾਨ ਤੋਂ ਸ਼ੁਰੂ ਹੋ ਕੇ ਜਨਰਲ ਮੁਸ਼ੱਰਫ਼ ਤੱਕ ਚਲਦਾ ਰਿਹਾ ਹੈ। ਇਨ੍ਹਾਂ ਫ਼ੌਜੀ ਤਾਨਾਸ਼ਾਹਾਂ ਨੇ ਦੇਸ਼ ਦੇ ਸੰਵਿਧਾਨ ਵਿਚ ਆਪਣੇ ਮੁਤਾਬਿਕ ਸੋਧਾਂ ਕਰਵਾ ਕੇ ਦੇਸ਼ ‘ਤੇ ਆਪਣੀ ਪਕੜ ਬਣਾਈ ਰੱਖੀ ਅਤੇ ਆਪਣੀ ਮਨਮਰਜ਼ੀ ਮੁਤਾਬਿਕ ਇਸ ਨੂੰ ਚਲਾਇਆ ਅਤੇ ਇਸ ਤਰ੍ਹਾਂ ਉਥੋਂ ਦੇ ਕਰੋੜਾਂ ਲੋਕਾਂ ਦੀ ਜ਼ਬਾਨ ਬੰਦੀ ਕਰ ਦਿੱਤੀ ਗਈ।
ਗੱਦੀਓਂ ਲਹਿਣ ਤੋਂ ਬਾਅਦ ਇਮਰਾਨ ਖਾਨ ਨੇ ਸੰਸਦ ਦੇ ਰਹਿੰਦੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਜ਼ਿੱਦ ਫੜ ਲਈ। ਇਸ ਦੇ ਨਾਲ ਹੀ ਉਸ ਨੇ ਸੂਬਾਈ ਅਸੈਂਬਲੀਆਂ ‘ਚੋਂ ਆਪਣੇ ਮੈਂਬਰਾਂ ਨੂੰ ਅਸਤੀਫ਼ੇ ਦੇਣ ਦੀ ਹਦਾਇਤ ਕਰ ਦਿੱਤੀ ਤਾਂ ਜੋ ਸੂਬਾ ਅਸੈਂਬਲੀਆਂ ਭੰਗ ਹੋ ਜਾਣ ਤੇ ਸਰਕਾਰ ‘ਤੇ ਨਵੀਆਂ ਚੋਣਾਂ ਵਾਸਤੇ ਦਬਾਅ ਪਾਇਆ ਜਾ ਸਕੇ। ਪਰ ਸ਼ਹਿਬਾਜ਼ ਸ਼ਰੀਫ਼ ਦੀ ਸਰਕਾਰ ਜਦੋਂ ਕੌਮੀ ਅਸੈਂਬਲੀ ਦੀਆਂ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣਾ ਨਾ ਮੰਨੀ, ਉਸ ਨੇ ਪੰਜਾਬ ਤੇ ਖ਼ੈਬਰ ਪਖ਼ਤੂਨਖ਼ਵਾ ਵਿਚ ਮੁੜ ਚੋਣਾਂ ਦੀ ਮੰਗ ਸ਼ੁਰੂ ਕਰ ਦਿੱਤੀ। ਉਸ ਦੀਆਂ ਲਗਾਤਾਰ ਬੇਤੁਕੀਆਂ ਕਾਰਵਾਈਆਂ ਕਰਕੇ ਜਿਥੇ ਉਸ ‘ਤੇ ਦੇਸ਼ ਭਰ ਵਿਚ 100 ਤੋਂ ਵਧੇਰੇ ਕੇਸ ਚੱਲ ਰਹੇ ਹਨ, ਉਥੇ ਉਸ ਨੂੰ ਪੁਲਿਸ ਵਲੋਂ ਫੜੇ ਜਾਣ ‘ਤੇ ਉਸ ਨੇ ਆਪਣੇ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਮੈਦਾਨ ਵਿਚ ਉਤਰਨ ਦੀ ਅਪੀਲ ਕੀਤੀ ਸੀ। ਜਿਸ ਨਾਲ ਇਕ ਵਾਰ ਤਾਂ ਸਾਰੇ ਪਾਕਿਸਤਾਨ ਵਿਚ ਭਾਂਬੜ ਮਚਣ ਲੱਗੇ ਸਨ।
ਭੀੜਾਂ ਨੇ ਵੱਡੇ-ਛੋਟੇ ਅਦਾਰਿਆਂ ‘ਤੇ ਹਮਲੇ ਕਰਨ ਦੇ ਨਾਲ-ਨਾਲ ਫ਼ੌਜੀ ਹੈੱਡ ਕੁਆਰਟਰਾਂ ‘ਤੇ ਵੀ ਹਮਲੇ ਕਰਨੇ ਸ਼ੁਰੂ ਦਿੱਤੇ ਸਨ। ਸੁਪਰੀਮ ਕੋਰਟ ਤੇ ਹਾਈ ਕੋਰਟ ਵਲੋਂ ਦਿੱਤੇ ਗਏ ਇਮਰਾਨ ਪੱਖੀ ਫ਼ੈਸਲਿਆਂ ਦੇ ਮੱਦੇਨਜ਼ਰ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਨਾਲ ਸੰਬੰਧਿਤ ਪਾਰਟੀਆਂ ਦੇ ਕਾਰਕੁੰਨ ਸੁਪਰੀਮ ਕੋਰਟ ਸਾਹਮਣੇ ਵੀ ਜਾ ਖੜ੍ਹੇ ਹੋਏ ਸਨ। ਪੈਦਾ ਹੋਏ ਅਜਿਹੇ ਹਾਲਾਤ ਫ਼ੌਜ ਨੂੰ ਸੱਤਾ ਸੰਭਾਲਣ ਦਾ ਸੱਦਾ ਦੇਣ ਵਾਲੇ ਹਨ। ਅਜਿਹੀ ਤਾੜਨਾ ਜਨਰਲ ਅਸੀਮ ਮੁਨੀਰ ਨੇ ਕਰ ਵੀ ਦਿੱਤੀ ਹੈ, ਜਿਸ ਨਾਲ ਹਾਲਾਤ ਦੇ ਹੋਰ ਵੀ ਵਿਗੜਨ ਦੀ ਸੰਭਾਵਨਾ ਬਣ ਗਈ ਹੈ। ਅਜਿਹੀ ਸੂਰਤ ਵਿਚ ਪਾਕਿਸਤਾਨ ਦਾ ਭਵਿੱਖ ਇਕ ਵਾਰ ਫੇਰ ਬੇਹੱਦ ਧੁੰਦਲਾ ਦਿਖਾਈ ਦੇਣ ਲੱਗਾ ਹੈ।
Check Also
ਭਾਰਤ ਵਿਚ ਵਧ ਰਹੀ ਪਾਣੀ ਦੀ ਸਮੱਸਿਆ
ਭਾਰਤ ਸਾਹਮਣੇ ਦੋ ਅਤਿ ਗੰਭੀਰ ਸਮੱਸਿਆਵਾਂ ਖੜ੍ਹੀਆਂ ਹਨ, ਪਹਿਲੀ ਹੈ ਲਗਾਤਾਰ ਵਧਦੀ ਹੋਈ ਆਬਾਦੀ ਅਤੇ …