ਅਖੀਰ ਵਿਜੀਲੈਂਸ ਵਿਭਾਗ ਨੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕਰ ਹੀ ਲਿਆ। ਆਸ਼ੂ ‘ਤੇ ਕਾਰਵਾਈ ਹੋਣ ਦੀ ਚਰਚਾ ਪਿਛਲੇ ਕਾਫ਼ੀ ਦਿਨਾਂ ਤੋਂ ਚੱਲ ਰਹੀ ਸੀ। ਕਾਂਗਰਸ ਦੀ ਸਰਕਾਰ ਸਮੇਂ ਉਹ ਖੁਰਾਕ ਤੇ ਸਪਲਾਈ ਮਹਿਕਮੇ ਦੇ ਮੰਤਰੀ ਸਨ, ਜਦੋਂ ਤੋਂ ਉਹ ਮੰਤਰੀ ਬਣੇ ਸਨ, ਉਨ੍ਹਾਂ ਬਾਰੇ ਕਈ ਤਰ੍ਹਾਂ ਦੇ ਅਜਿਹੇ ਚਰਚੇ ਅਕਸਰ ਚਲਦੇ ਰਹਿੰਦੇ ਸਨ, ਜਿਸ ਨਾਲ ਉਸ ਸਮੇਂ ਵੀ ਉਨ੍ਹਾਂ ਦਾ ਅਕਸ ਕਾਫ਼ੀ ਧੁੰਦਲਾ ਹੋ ਗਿਆ ਸੀ। ਹੁਣ ਜਿਹੜੇ ਕਾਰਨਾਂ ਕਰਕੇ ਉਨ੍ਹਾਂ ਨੂੰ ਫੜਿਆ ਗਿਆ ਹੈ ਉਨ੍ਹਾਂ ਦੀ ਚਰਚਾ ਤਾਂ ਗਲੀ-ਗਲੀ ਸੀ। ਉਨ੍ਹਾਂ ਨੂੰ ਖੁਰਾਕ ਦੀ ਢੋਆ-ਢੁਆਈ ਦੇ ਟੈਂਡਰ ਵਿਚ ਹੋਈ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਵਿਚ ਫੜਿਆ ਗਿਆ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਵਿਭਾਗ ਨੇ ਉਨ੍ਹਾਂ ਨਾਲ ਸੰਬੰਧਿਤ ਠੇਕੇਦਾਰਾਂ ਨੂੰ ਫੜਿਆ ਸੀ, ਜਿਨ੍ਹਾਂ ਵਲੋਂ ਕਰੋੜਾਂ ਦੀ ਘਪਲੇਬਾਜ਼ੀ ਕੀਤੀ ਗਈ ਸੀ।
ਇਸ ਸਾਰੇ ਕੰਮ ਵਿਚ ਖੁਰਾਕ ਮਹਿਕਮੇ ਦਾ ਇਕ ਅਧਿਕਾਰੀ ਵੀ ਸ਼ਾਮਿਲ ਸੀ, ਜੋ ਕਿ ਰਕਮ ਦਾ ਇਕ ਵੱਡਾ ਹਿੱਸਾ ਮੰਤਰੀ ਦੇ ਸਕੱਤਰ ਨੂੰ ਪਹੁੰਚਾਉਂਦਾ ਸੀ, ਜਿਸ ਰਾਹੀਂ ਇਹ ਮੰਤਰੀ ਕੋਲ ਪਹੁੰਚਦੀ ਸੀ। ਮੰਤਰੀ ਦਾ ਇਹ ਸਕੱਤਰ ਤਾਂ ਹਾਲੇ ਤੱਕ ਫਰਾਰ ਹੈ, ਪਰ ਪੁਖ਼ਤਾ ਸਬੂਤਾਂ ਦੇ ਆਧਾਰ ‘ਤੇ ਮੰਤਰੀ ‘ਤੇ ਸ਼ਿਕੰਜਾ ਕੱਸਿਆ ਗਿਆ ਹੈ। ਇਸ ਸੰਬੰਧੀ ਰਵਨੀਤ ਸਿੰਘ ਬਿੱਟੂ ਅਤੇ ਰਾਜਾ ਵੜਿੰਗ ਸਮੇਤ ਬਹੁਤ ਸਾਰੇ ਕਾਂਗਰਸੀਆਂ ਨੇ ਖ਼ੂਬ ਰੌਲਾ ਰੱਪਾ ਮਚਾਇਆ ਅਤੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਕਿ ਆਸ਼ੂ ਤਾਂ ਪੂਰੀ ਤਰ੍ਹਾਂ ਦੁੱਧ ਧੋਤੇ ਹਨ। ਜਦੋਂ ਕਿ ਇਸ ਸੰਬੰਧੀ ਪੂਰਾ ਵੇਰਵਾ ਸਭ ਦੇ ਸਾਹਮਣੇ ਆ ਚੁੱਕਾ ਹੈ ਤਾਂ ਵੀ ਕਾਂਗਰਸੀ ਆਗੂ ਇਸ ਨੂੰ ਬਦਲਾਖ਼ੋਰੀ ਦੀ ਭਾਵਨਾ ਦੱਸ ਰਹੇ ਹਨ, ਜਦੋਂ ਕਿ ਭਾਰਤ ਭੂਸ਼ਣ ਆਸ਼ੂ ਸੰਬੰਧੀ ਕੋਈ ਅਜਿਹਾ ਮਸਲਾ ਸਾਹਮਣੇ ਨਹੀਂ ਆਇਆ, ਜਿਸ ਦੇ ਆਧਾਰ ‘ਤੇ ਕੋਈ ਅਧਿਕਾਰੀ ਜਾਂ ਸਰਕਾਰ ਉਸ ਤੋਂ ਬਦਲਾ ਲੈਣਾ ਚਾਹੁੰਦੀ ਹੋਵੇ। ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਲੁੱਟਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਹ ਉਸੇ ਦਾ ਹੀ ਸਿੱਟਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਅਸੀਂ ਕੋਈ ਸਿਆਸੀ ਬਦਲਾਖ਼ੋਰੀ ਨਹੀਂ ਕਰ ਰਹੇ ਤੇ ਨਾ ਹੀ ਸਬੂਤਾਂ ਤੋਂ ਬਿਨਾਂ ਕੋਈ ਕਾਰਵਾਈ ਕਰਦੇ ਹਾਂ।
ਗੱਲ ਇਥੇ ਹੀ ਖ਼ਤਮ ਨਹੀਂ ਹੁੰਦੀ ਸਾਨੂੰ ਤਾਂ ਪੰਜਾਬ ਦੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਦਾ ਆਵਾ ਹੀ ਊਤਿਆ ਜਾਪਦਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਬੜੇ ਚਹੇਤੇ ਸਨ। ਉਨ੍ਹਾਂ ‘ਤੇ ਮੰਤਰੀ ਰਹਿੰਦਿਆਂ ਜਿੰਨੇ ਇਲਜ਼ਾਮ ਲੱਗੇ ਅਤੇ ਹਰ ਪੱਧਰ ‘ਤੇ ਉਸ ਦੀ ਜਿੰਨੀ ਆਲੋਚਨਾ ਹੋਈ ਉਸ ਨੂੰ ਵੇਖਦਿਆਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਅੱਖਾਂ ਮੀਟੀ ਰੱਖੀਆਂ। ਉਸ ਸਮੇਂ ਸਕਾਲਰਸ਼ਿਪ ਘੁਟਾਲੇ ਵਿਚ ਉਨ੍ਹਾਂ ‘ਤੇ ਕਰੋੜਾਂ ਰੁਪਏ ਹੜੱਪਣ ਦੇ ਦੋਸ਼ ਲਗਦੇ ਰਹੇ ਪਰ ਕੈਪਟਨ ਸਾਹਿਬ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦੇ ਰਹੇ, ਸਗੋਂ ਉਨ੍ਹਾਂ ਨੂੰ ਇਸ ਮਾਮਲੇ ਵਿਚ ਉਨ੍ਹਾਂ ਨੇ ਕਲੀਨ ਚਿੱਟ ਵੀ ਦੇ ਦਿੱਤੀ ਸੀ। ਹੁਣ ਉਹ ਇਸ ਲਈ ਜੇਲ੍ਹ ਵਿਚ ਹਨ ਕਿ ਜੰਗਲਾਤ ਮੰਤਰੀ ਹੁੰਦਿਆਂ ਉਨ੍ਹਾਂ ‘ਤੇ ਖ਼ੈਰ ਦੇ ਦਰੱਖਤ ਵਢਾਉਣ ਦਾ, ਅਫ਼ਸਰਾਂ ਦੀਆਂ ਬਦਲੀਆਂ ਵਿਚ ਪੈਸੇ ਲੈਣ ਦਾ ਅਤੇ ਸਾਮਾਨ ਦੀ ਖ਼ਰੀਦ ਵਿਚ ਕਰੋੜਾਂ ਰੁਪਏ ਹੜੱਪਣ ਦਾ ਦੋਸ਼ ਲੱਗਿਆ ਹੋਇਆ ਹੈ। ਕਾਂਗਰਸ ਦੀ ਹੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਜੰਗਲਾਤ ਮੰਤਰੀ ਬਣੇ ਸੰਗਤ ਸਿੰਘ ਗਿਲਜੀਆਂ ਵੀ ਜੰਗਲਾਤ ਸੰਬੰਧੀ ਕਈ ਘੁਟਾਲਿਆਂ ਵਿਚ ਘਿਰ ਗਏ ਹਨ।
ਲੁਧਿਆਣਾ ਦਾ ਇੰਪਰੂਵਮੈਂਟ ਟਰੱਸਟ ਦਾ ਸਾਬਕਾ ਚੇਅਰਮੈਨ, ਜੋ ਭਾਰਤ ਭੂਸ਼ਣ ਆਸ਼ੂ ਦਾ ਨੇੜਲਾ ਸਾਥੀ ਸੀ, ਵੀ ਪਲਾਟਾਂ ਦੀ ਵਿਕਰੀ ਵਿਚ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦਾ ਸਾਬਕਾ ਚੇਅਰਮੈਨ ਵੀ ਜ਼ਮੀਨੀ ਘਪਲਿਆਂ ਵਿਚ ਜੇਲ੍ਹ ਦੀ ਹਵਾ ਖਾ ਰਿਹਾ ਹੈ। ਇਥੇ ਹੀ ਬਸ ਨਹੀਂ ਕਾਂਗਰਸ ਦੇ ਕਈ ਹੋਰ ਮੰਤਰੀਆਂ ਦੇ ਆਪਣੇ ਵਿਭਾਗਾਂ ਵਿਚ ਕੀਤੀਆਂ ਘਪਲੇਬਾਜ਼ੀਆਂ ਦੇ ਕਿੱਸੇ ਬਾਹਰ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਚ ਘਿਰੇ ਮੰਤਰੀਆਂ, ਅਫ਼ਸਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਰੁੱਧ ਕੀਤੀ ਜਾ ਰਹੀ ਲਗਾਤਾਰ ਕਾਰਵਾਈ ਨੇ ਇਸ ਗੱਲ ਨੂੰ ਜ਼ਰੂਰ ਸਿੱਧ ਕਰ ਦਿੱਤਾ ਹੈ ਕਿ ਅੱਜ ਬਹੁਤੇ ਸਿਆਸਤਦਾਨ ਪੰਜਾਬ ਨੂੰ ਘੁਣ ਵਾਂਗ ਖਾ ਰਹੇ ਹਨ, ਉਨ੍ਹਾਂ ਦਾ ਮੁੱਖ ਉਦੇਸ਼ ਆਪਣੀਆਂ ਲਾਲਸਾਵਾਂ ਦੀ ਪੂਰਤੀ ਹੈ ਇਸ ਤੋਂ ਬਗ਼ੈਰ ਸੂਬੇ ਨਾਲ ਉਨ੍ਹਾਂ ਦੀ ਕੋਈ ਪ੍ਰਤੀਬੱਧਤਾ ਨਹੀਂ ਹੈ। ਜੇਕਰ ਸੂਬਾ ਪਿਛਲੇ ਕੁਝ ਦਹਾਕਿਆਂ ਵਿਚ ਲਗਾਤਾਰ ਨਿਘਾਰ ਵੱਲ ਗਿਆ ਹੈ ਤਾਂ ਉਸ ਵਿਚ ਵੀ ਇਨ੍ਹਾਂ ਲਾਲਸਾ ਭਰਪੂਰ ਵਿਅਕਤੀਆਂ ਦਾ ਹੀ ਵੱਡਾ ਯੋਗਦਾਨ ਮੰਨਿਆ ਜਾ ਸਕਦਾ ਹੈ।
Check Also
ਪੰਜਾਬ ਲਈ ਹਰ ਤਰ੍ਹਾਂ ਦਾ ਪ੍ਰਦੂਸ਼ਣ ਬਣਿਆ ਸਰਾਪ
ਲਗਭਗ ਪਿਛਲੇ 4 ਦਹਾਕਿਆਂ ਤੋਂ ਲੁਧਿਆਣੇ ਦੇ ਬੁੱਢੇ ਨਾਲੇ ਦੀ ਚਰਚਾ ਹੁੰਦੀ ਆ ਰਹੀ ਹੈ। …