Breaking News
Home / ਸੰਪਾਦਕੀ / ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਿਆ ਜਾਣਾ ਚਾਹੀਦੈ

ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਿਆ ਜਾਣਾ ਚਾਹੀਦੈ

ਜਿਥੇ ਭਾਰਤ ਵਿਚ 5 ਅਕਤੂਬਰ ਨੂੰ ਸ਼ੁਰੂ ਹੋਏ ਕ੍ਰਿਕਟ ਦੇ ਵਿਸ਼ਵ ਕੱਪ ਮੈਚਾਂ ਦੀ ਦੁਨੀਆ ਭਰ ਵਿਚ ਚਰਚਾ ਚੱਲਦੀ ਰਹੀ ਹੈ, ਉਥੇ ਇਨ੍ਹਾਂ ਨੇ ਭਾਰਤ ਦੇ ਕੱਦ-ਬੁੱਤ ਨੂੰ ਵੀ ਹੋਰ ਵਧਾਇਆ ਹੈ। ਪਰ ਅਹਿਮਦਾਬਾਦ ਦੇ ਸਟੇਡੀਅਮ ਵਿਚ ਫਾਈਨਲ ਮੈਚ ਦੌਰਾਨ ਆਸਟ੍ਰੇਲੀਆ ਵਲੋਂ ਭਾਰਤ ਨੂੰ ਹਰਾ ਦਿੱਤੇ ਜਾਣ ਨੇ ਜਿਥੇ ਕਰੋੜਾਂ ਭਾਰਤੀਆਂ ਨੂੰ ਬੇਹੱਦ ਨਿਰਾਸ਼ ਕੀਤਾ ਹੈ, ਉਥੇ ਇਕ ਵਾਰ ਫਿਰ ਇਸ ਗੱਲ ਦਾ ਵੀ ਅਹਿਸਾਸ ਕਰਵਾ ਦਿੱਤਾ ਹੈ ਕਿ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਬੇਹੱਦ ਮਜ਼ਬੂਤ ਹੈ, ਜਿਸ ਨੇ ਦੁਨੀਆ ਭਰ ਵਿਚ ਆਪਣਾ ਸਿੱਕਾ ਜਮਾ ਰੱਖਿਆ ਹੈ। ਅੱਜ ਫੁੱਟਬਾਲ ਅਤੇ ਕ੍ਰਿਕਟ ਅਜਿਹੀਆਂ ਖੇਡਾਂ ਬਣ ਚੁੱਕੀਆਂ ਹਨ, ਜਿਨ੍ਹਾਂ ਦੇ ਵਿਸ਼ਵ ਮੈਚਾਂ ਨੂੰ ਕਰੋੜਾਂ ਨਹੀਂ ਅਰਬਾਂ ਲੋਕ ਦੇਖਦੇ ਹਨ। ਅਹਿਮਦਾਬਾਦ ਦਾ ਸਟੇਡੀਅਮ ਜੋ ਦੁਨੀਆ ਭਰ ਵਿਚ ਸਭ ਤੋਂ ਵੱਡਾ ਮੰਨਿਆ ਗਿਆ ਹੈ, ਇਸ ਵਿਚ ਲੋਕਾਂ ਦੇ ਬੈਠਣ ਦੀ ਸਮਰੱਥਾ 1 ਲੱਖ 32 ਹਜ਼ਾਰ ਦੀ ਹੈ। ਮੈਚ ਵਾਲੇ ਦਿਨ ਇਸ ਵਿਚ ਤਿਲ ਸੁੱਟਣ ਦੀ ਥਾਂ ਨਹੀਂ ਸੀ, ਇਸ ਮੈਚ ਨੂੰ ਭਾਰਤ ਸਮੇਤ ਦੁਨੀਆ ਭਰ ਵਿਚ ਅਰਬਾਂ ਲੋਕਾਂ ਨੇ ਦੇਖਿਆ। ਲਗਾਤਾਰ ਵਿਸ਼ਵ ਕ੍ਰਿਕਟ ਕੱਪ ਦੇ ਦੇਸ਼ ਵਿਚ ਹੁੰਦੇ ਆ ਰਹੇ ਮੈਚਾਂ ਵਿਚੋਂ ਇਹ ਆਖ਼ਰੀ ਮੈਚ ਸੀ। 5 ਅਕਤੂਬਰ ਤੋਂ 19 ਨਵੰਬਰ ਤੱਕ ਭਾਰਤ ਦੇ ਵੱਖ-ਵੱਖ ਸਟੇਡੀਅਮਾਂ ਵਿਚ 4 ਦਰਜਨ ਦੇ ਕਰੀਬ ਮੈਚ ਖੇਡੇ ਗਏ, ਜਿਨ੍ਹਾਂ ਵਿਚ ਇਸ ਕੱਪ ਲਈ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ।
ਭਾਰਤ ਦੀ ਟੀਮ ਨੇ ਸ਼ੁਰੂ ਤੋਂ ਹੀ ਵਿਸ਼ਵ ਕੱਪ ਦੇ ਇਨ੍ਹਾਂ ਮੈਚਾਂ ਵਿਚ ਕਮਾਲ ਦੀ ਖੇਡ ਦਿਖਾਈ। ਉਸ ਨੇ ਲਗਾਤਾਰ ਆਸਟ੍ਰੇਲੀਆ, ਅਫ਼ਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਨਿਊਜ਼ੀਲੈਂਡ, ਇੰਗਲੈਂਡ, ਸ੍ਰੀਲੰਕਾ, ਦੱਖਣੀ ਅਫਰੀਕਾ ਅਤੇ ਨੀਦਰਲੈਂਡ ਦੀਆਂ ਟੀਮਾਂ ਨੂੰ ਹਰਾ ਕੇ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ। ਵੱਖ-ਵੱਖ ਦੇਸ਼ਾਂ ਨਾਲ ਹੋਏ 10 ਮੈਚਾਂ ਵਿਚ ਉਹ ਜੇਤੂ ਰਹੀ। ਰੋਹਿਤ ਸ਼ਰਮਾ, ਮੁਹੰਮਦ ਸ਼ਮੀ, ਵਿਰਾਟ ਕੋਹਲੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਮੇਂ-ਸਮੇਂ ਆਪਣੀ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਲਈ ਫਾਈਨਲ ਤੱਕ ਪੁੱਜਦਿਆਂ ਭਾਰਤੀਆਂ ਦੀਆਂ ਭਾਵਨਾਵਾਂ ਵਿਚ ਵੱਡਾ ਉਭਾਰ ਆ ਚੁੱਕਾ ਸੀ। ਉਨ੍ਹਾਂ ਦੇ ਮਨਾਂ ਵਿਚ ਫਾਈਨਲ ਮੈਚ ਜਿੱਤ ਕੇ ਕੱਪ ਪ੍ਰਾਪਤ ਕਰਨ ਸੰਬੰਧੀ ਜ਼ਬਰਦਸਤ ਇੱਛਾ ਪੈਦਾ ਹੋ ਗਈ ਸੀ। ਇਸੇ ਲਈ ਇਸ ਮੈਚ ਤੋਂ ਪਹਿਲਾਂ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਪ੍ਰਾਰਥਨਾਵਾਂ ਵੀ ਕੀਤੀਆਂ ਗਈਆਂ ਅਤੇ ਮੰਦਰਾਂ ਵਿਚ ਟੱਲ ਵੀ ਖੜਕਾਏ ਗਏ। ਹਰ ਥਾਂ ‘ਤੇ ਭਾਰਤ ਦੇ ਜੇਤੂ ਰਹਿਣ ਲਈ ਪੂਜਾ ਕੀਤੀ ਗਈ। ਭਾਰਤ ਨੇ ਚਾਹੇ ਪਿਛਲੇ 10 ਮੈਚ ਤਾਂ ਸ਼ਾਨਦਾਰ ਪਾਰੀਆਂ ਖੇਡ ਕੇ ਜਿੱਤ ਲਏ ਸਨ ਪਰ ਆਸਟ੍ਰੇਲੀਆ ਨਾਲ ਮੁਕਾਬਲਾ ਕਰਨਾ ਇਸ ਟੀਮ ਲਈ ਆਸਾਨ ਨਹੀਂ ਸੀ, ਕਿਉਂਕਿ ਆਸਟ੍ਰੇਲੀਆ ਇਸ ਤੋਂ ਪਹਿਲਾਂ 5 ਵਾਰ ਵਿਸ਼ਵ ਕੱਪ ਜਿੱਤ ਚੁੱਕਿਆ ਸੀ। ਸਾਲ 2003 ਵਿਚ ਵੀ ਭਾਰਤ ਅਤੇ ਆਸਟ੍ਰੇਲੀਆ ਵਿਚ ਫਾਈਨਲ ਮੁਕਾਬਲਾ ਹੋਇਆ ਸੀ, ਜਿਸ ਵਿਚ ਭਾਰਤ ਹਾਰ ਗਿਆ ਸੀ।
ਜਿਥੋਂ ਤੱਕ ਇਸ ਮੈਚ ਦੀ ਵਿਸ਼ਾਲਤਾ ਦਾ ਸੰਬੰਧ ਹੈ, ਇਕ ਅੰਦਾਜ਼ੇ ਅਨੁਸਾਰ ਸਿਰਫ਼ ਡਿਜੀਟਲ ਬਰਾਡਕਾਸਟਿੰਗ ਦੇ ਇਸ਼ਤਿਹਾਰਾਂ ਅਤੇ ਸਪਾਂਸਰਸ਼ਿਪ ਰਾਹੀੇਂ ਕਰੀਬ 30 ਕਰੋੜ ਡਾਲਰ ਦੀ ਆਮਦਨ ਹੋਈ, ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੀ ਕਮਾਈ ਕਰੀਬ 50 ਕਰੋੜ ਡਾਲਰ ਅਨੁਮਾਨੀ ਗਈ, ਜਿਸ ਦਾ 30 ਫ਼ੀਸਦੀ ਹਿੱਸਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਮਿਲੇਗਾ। ਕਰੀਬ ਡੇਢ ਮਹੀਨੇ ਤੱਕ ਇਸ ਖੇਡ ਪ੍ਰਤੀ ਭਾਰਤ ਅੰਦਰ ਜੋ ਜਨੂੰਨ ਬਣਿਆ ਰਿਹਾ ਉਸ ਦੀ ਸ਼ਿੱਦਤ ਦਾ ਤਾਂ ਅੰਦਾਜ਼ਾ ਲਗਾਉਣਾ ਹੀ ਮੁਸ਼ਕਿਲ ਹੈ। ਚਾਹੇ ਭਾਰਤ ਫਾਈਨਲ ਵਿਚ ਹਾਰ ਗਿਆ, ਜਿਸ ਨੇ ਵੱਡੀ ਪੱਧਰ ‘ਤੇ ਲੋਕਾਂ ਵਿਚ ਨਿਰਾਸ਼ਾ ਵੀ ਪੈਦਾ ਕੀਤੀ ਹੈ ਪਰ ਇਨ੍ਹਾਂ ਮੈਚਾਂ ਨੇ ਭਾਰਤੀਆਂ ਅੰਦਰ ਕ੍ਰਿਕਟ ਲਈ ਹੋਰ ਵੀ ਵੱਡਾ ਉਤਸ਼ਾਹ ਪੈਦਾ ਕੀਤਾ ਹੈ ਅਤੇ ਇਸ ਖੇਡ ਪ੍ਰਤੀ ਭਾਰਤੀਆਂ ਦੇ ਜਨੂੰਨ ਨੂੰ ਵੀ ਹੋਰ ਵਧਾਇਆ ਹੈ। ਸਾਨੂੰ ਨਿਕਲੇ ਆਖ਼ਰੀ ਨਤੀਜੇ ਨੂੰ ਖੇਡ ਦੀ ਭਾਵਨਾ ਨਾਲ ਹੀ ਲੈਣਾ ਚਾਹੀਦਾ ਹੈ। ਮੈਚ ਦੇ ਇਸ ਆਖ਼ਰੀ ਨਤੀਜੇ ਤੋਂ ਵੀ ਵੱਡੀ ਗੱਲ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਹੋਣਾ ਹੈ, ਜੋ ਦੇਸ਼ ਲਈ ਇਕ ਹਾਂ-ਪੱਖੀ ਅਮਲ ਕਿਹਾ ਜਾ ਸਕਦਾ ਹੈ।
ਸਦੀਆਂ ਤੋਂ ਭਾਰਤ ਵਿਚ ਵੱਖ-ਵੱਖ ਥਾਵਾਂ ‘ਤੇ ਅਨੇਕਾਂ-ਅਨੇਕ ਖੇਡਾਂ ਖੇਡੀਆਂ ਜਾਂਦੀਆਂ ਰਹੀਆਂ, ਇਨ੍ਹਾਂ ਵਿਚੋਂ ਹੀ ਅੱਜ ਦੇ ਸਮੇਂ ਵਿਚ ਹਾਕੀ, ਫੁੱਟਬਾਲ, ਵਾਲੀਬਾਲ ਅਤੇ ਕ੍ਰਿਕਟ ਆਦਿ ਦੀਆਂ ਖੇਡਾਂ ਮੋਹਰੀ ਹੋ ਕੇ ਉੱਭਰੀਆਂ ਹਨ, ਜਿਨ੍ਹਾਂ ਨੇ ਨੌਜਵਾਨਾਂ ਵਿਚ ਇਨ੍ਹਾਂ ਪ੍ਰਤੀ ਸ਼ੌਕ ਪੈਦਾ ਕੀਤਾ ਹੈ। ਅਜਿਹੀ ਖੇਡ ਦੀ ਭਾਵਨਾ ਦਾ ਵੱਡੀ ਪੱਧਰ ‘ਤੇ ਪਸਾਰ ਦੇਸ਼ ਲਈ ਉੱਤਮ ਕਰਮ ਮੰਨਿਆ ਜਾ ਸਕਦਾ ਹੈ, ਜਿਸ ਨੂੰ ਹਰ ਹੀਲੇ ਕਾਇਮ ਰੱਖਣਾ ਅਤੇ ਹੋਰ ਅੱਗੇ ਵਧਾਉਣਾ ਬੇਹੱਦ ਜ਼ਰੂਰੀ ਹੈ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …