ਇਸ ਸਮੇਂ ਪੰਜਾਬ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਚੁਣੌਤੀਆਂ ਸਿਆਸੀ, ਪ੍ਰਸ਼ਾਸਨਿਕ, ਆਰਥਿਕ ਤੇ ਅਮਨ ਕਾਨੂੰਨ ਦੀ ਸਥਿਤੀ ਨਾਲ ਸੰਬੰਧਿਤ ਹਨ। ਇਨ੍ਹਾਂ ਨਾਲ ਨਿਪਟਣ ਦੇ ਨਾਲ-ਨਾਲ ਮੁੱਢਲੇ ਢਾਂਚੇ ਦੀ ਮਜ਼ਬੂਤੀ ਲਈ ਵੀ ਵੱਡੇ ਯਤਨਾਂ ਦੀ ਲੋੜ ਹੈ। ਖ਼ਾਸ ਤੌਰ ‘ਤੇ ਪਿੰਡਾਂ ਤੇ ਸ਼ਹਿਰਾਂ ਦੀਆਂ ਸੜਕਾਂ ਦੀ ਬਹੁਤੀਆਂ ਥਾਵਾਂ ‘ਤੇ ਮੁਰੰਮਤ ਦੀ ਜ਼ਰੂਰਤ ਹੈ। ਹਰੇ ਇਨਕਲਾਬ ਦੀ ਆਮਦ ਦੇ ਨਾਲ ਸੂਬੇ ਦੇ ਬਹੁਤੇ ਪਿੰਡਾਂ ਨੂੰ ਸੜਕਾਂ ਰਾਹੀਂ ਆਪਸ ਵਿਚ ਅਤੇ ਨੇੜੇ ਦੇ ਸ਼ਹਿਰਾਂ ਤੇ ਕਸਬਿਆਂ ਨਾਲ ਜੋੜਿਆ ਗਿਆ ਸੀ। ਇਨ੍ਹਾਂ ਨੂੰ ‘ਲਿੰਕ ਰੋਡਜ਼’ ਵੀ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਸੂਬੇ ਵਿਚ ਹਰ ਥਾਂ ‘ਤੇ ਬਿਜਲੀ ਵੀ ਮੁਹੱਈਆ ਕਰਾਈ ਗਈ ਸੀ। ਪਰ ਸਮੇਂ ਦੇ ਬੀਤਣ ਨਾਲ ਲਗਾਤਾਰ ਇਨ੍ਹਾਂ ਸਹੂਲਤਾਂ ਨੂੰ ਨਵਿਆਉਣ ਅਤੇ ਇਨ੍ਹਾਂ ਦੀ ਦੇਖਭਾਲ ਕਰਨ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਇਹ ਸਾਰੇ ਕੰਮ ਯੋਜਨਾਬੱਧ ਢੰਗ ਨਾਲ ਤਾਂ ਹੀ ਨੇਪਰੇ ਚਾੜ੍ਹੇ ਜਾ ਸਕਦੇ ਹਨ ਜੇ ਸੂਬੇ ਦੀ ਆਰਥਿਕਤਾ ਮਜ਼ਬੂਤ ਹੋਵੇ। ਇਸ ਸਮੇਂ ਪੰਜਾਬ ਸਰਕਾਰ ਨੂੰ ਦੋ ਵੱਡੀਆਂ ਸਮੱਸਿਆਵਾਂ ਨਾਲ ਨਿਪਟਣ ਲਈ ਪੂਰਾ ਧਿਆਨ ਦੇਣ ਦੀ ਜ਼ਰੂਰਤ ਹੈ, ਜਿਨ੍ਹਾਂ ਸੰਬੰਧੀ ਕੁਝ ਦਿਨਾਂ ਤੋਂ ਸੂਬਾ ਸਰਕਾਰ ਵੱਡੀ ਪੱਧਰ ‘ਤੇ ਸਰਗਰਮ ਹੋਈ ਵੀ ਨਜ਼ਰ ਆ ਰਹੀ ਹੈ।
ਹਰ ਤਰ੍ਹਾਂ ਦੇ ਨਸ਼ਿਆਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਆਪਣੀ ਗ੍ਰਿਫ਼ਤ ‘ਚ ਲੈ ਲਿਆ ਹੈ। ਸੂਬੇ ਦੀ ਜਵਾਨੀ ਵੱਡੀ ਪੱਧਰ ‘ਤੇ ਇਸ ਅਲਾਮਤ ਦੀ ਸ ਿਹੋ ਗਈ ਹੈ। ਨਸ਼ਿਆਂ ਦੇ ਪ੍ਰਚਲਣ ਨੂੰ ਹਰ ਪੱਧਰ ‘ਤੇ ਰੋਕਣਾ ਬਹੁਤ ਵੱਡਾ ਤੇ ਜੋਖ਼ਮ ਭਰਿਆ ਕੰਮ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸਰਕਾਰ ਨੇ ਇਸ ਸੰਬੰਧੀ ਜੋ ਵੱਡੀ ਸਰਗਰਮੀ ਦਿਖਾਈ ਹੈ, ਉਸ ਨੇ ਜਿਥੇ ਸਮੁੱਚੇ ਸਮਾਜ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉਥੇ ਇਹ ਵੀ ਜਾਪਣ ਲੱਗਾ ਹੈ ਕਿ ਕਾਨੂੰਨ ਦੇ ਦਾਇਰੇ ‘ਚ ਰਹਿੰਦਿਆਂ, ਪੂਰੀ ਸਖ਼ਤੀ ਵਰਤਦਿਆਂ ਜੇਕਰ ਸਰਕਾਰ ਇਸ ਪਾਸੇ ਕਾਰਜਸ਼ੀਲ ਰਹਿੰਦੀ ਹੈ ਤਾਂ ਇਸ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ। ਜੇ ਇਹ ਕਦਮ ਸਫਲ ਹੁੰਦੇ ਹਨ ਤਾਂ ਇਹ ਸਰਕਾਰ ਦੀ ਇਕ ਵੱਡੀ ਪ੍ਰਾਪਤੀ ਮੰਨੀ ਜਾਏਗੀ। ਇਸ ਦੇ ਨਾਲ ਹੀ ਦੂਜੀ ਵੱਡੀ ਚੁਣੌਤੀ ਬਦ ਤੋਂ ਬਦਤਰ ਹੋਈ ਅਮਨ ਕਾਨੂੰਨ ਦੀ ਹਾਲਤ ਦੀ ਹੈ। ਦਿਨ ਦਿਹਾੜੇ ਰੌਣਕ ਭਰੇ ਸਥਾਨਾਂ ‘ਤੇ ਲੁਟੇਰਿਆਂ ਤੇ ਝਪਟਮਾਰਾਂ ਨੇ ਆਮ ਸ਼ਹਿਰੀਆਂ ਦੇ ਮਨ ‘ਚ ਡਰ ਤੇ ਦਹਿਸ਼ਤ ਪੈਦਾ ਕਰ ਦਿੱਤੀ ਹੈ। ਹਨੇਰਾ ਹੁੰਦਿਆਂ ਹੀ ਲੋਕ ਘਰਾਂ ਤੋਂ ਬਾਹਰ ਨਿਕਲਣ ਲੱਗਿਆਂ ਹਿਚਕਿਚਾਉਣ ਲੱਗੇ ਹਨ, ਕਿਉਂਕਿ ਅਜਿਹੀਆਂ ਛੋਟੀਆਂ ਵੱਡੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਰਦੇ-ਪੁਜਦੇ ਲੋਕਾਂ ਨੂੰ ਫਿਰੌਤੀਆਂ ਲਈ ਵੱਡੀ ਪੱਧਰ ‘ਤੇ ਧਮਕੀਆਂ ਮਿਲ ਰਹੀਆਂ ਹਨ। ਆਮ ਪ੍ਰਭਾਵਿਤ ਨਾਗਰਿਕ ਜੇਕਰ ਇਨ੍ਹਾਂ ਵੱਲ ਧਿਆਨ ਨਹੀਂ ਦਿੰਦਾ ਤਾਂ ਇਹ ਗ਼ੈਰ ਸਮਾਜਿਕ ਅਨਸਰ ਧਮਕੀਆਂ ਤੋਂ ਬਾਅਦ ਮੰਦੀਆਂ ਕਾਰਵਾਈਆਂ ‘ਤੇ ਉਤਰ ਆਉਂਦੇ ਹਨ, ਜਿਨ੍ਹਾਂ ਦੀਆਂ ਪਿਛਲੇ ਦਿਨਾਂ ‘ਚ ਖ਼ਬਰਾਂ ਵੀ ਮਿਲਦੀਆਂ ਰਹੀਆਂ ਹਨ।
ਸਮਾਜ ‘ਚ ਪਿਛਲੇ ਲੰਮੇ ਸਮੇਂ ਤੋਂ ਅਜਿਹੇ ਅਨਸਰਾਂ ਦੀ ਭਰਮਾਰ ਹੋਈ ਪਈ ਹੈ, ਜੋ ਹਰ ਹੀਲੇ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਖ਼ਾਸ ਤੌਰ ‘ਤੇ ਉਹ ਭਾਈਚਾਰਕ ਸਾਂਝ ‘ਚ ਤਰੇੜਾਂ ਪਾਉਣ ਦੀਆਂ ਗੋਂਦਾਂ ਗੁੰਦਦੇ ਰਹਿੰਦੇ ਹਨ। ਕਈ ਵਾਰ ਆਪਣੇ ਕਾਰਿਆਂ ਵਿਚ ਉਹ ਸਫ਼ਲ ਵੀ ਹੋ ਜਾਂਦੇ ਹਨ। ਜਨਤਕ ਥਾਵਾਂ ‘ਤੇ ਦੇਸ਼ ਵਿਰੋਧੀ ਨਾਅਰੇ ਲਿਖਣੇ, ਇਸ਼ਤਿਹਾਰ ਲਾਉਣੇ ਤੇ ਹੋਰ ਅਜਿਹੀਆਂ ਕਾਰਵਾਈਆਂ ਨਾਲ ਉਹ ਜਿਥੇ ਲੋਕਾਂ ਦਾ ਧਿਆਨ ਖਿੱਚਣ ਦਾ ਯਤਨ ਕਰਦੇ ਹਨ, ਉਥੇ ਪ੍ਰਸ਼ਾਸਨ ਲਈ ਵੱਡੀਆਂ ਚੁਣੌਤੀਆਂ ਵੀ ਖੜ੍ਹੀਆਂ ਰੱਖਦੇ ਹਨ। ਅਜਿਹੇ ਅਨਸਰ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਤੈਅਸ਼ੁਦਾ ਨੀਤੀਆਂ ਕਾਰਨ ਸਰਹੱਦ ਪਾਰੋਂ ਆਈ ਮਦਦ ਨਾਲ ਆਪਣੇ ਮਨਸੂਬਿਆਂ ਨੂੰ ਪੂਰਾ ਕਰਨ ਦਾ ਯਤਨ ਕਰਦੇ ਹਨ। ਅਜਿਹੇ ਅਨਸਰ ਵਿਦੇਸ਼ਾਂ ‘ਚ ਬੈਠ ਕੇ ਜਿਥੇ ਦੇਸ਼ ਨੂੰ ਚੁਣੌਤੀਆਂ ਦੇਣ ਦੀਆਂ ਗੋਂਦਾਂ ਗੁੰਦਦੇ ਰਹਿੰਦੇ ਹਨ, ਉਥੇ ਉਹ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਲਈ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਸੰਤੁਸ਼ਟੀ ਵਾਲੀ ਗੱਲ ਇਹ ਹੈ ਕਿ ਸੂਬੇ ਦੇ ਲੋਕ ਇਨ੍ਹਾਂ ਅਨਸਰਾਂ ਦੇ ਇਰਾਦਿਆਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ।
ਪਿਛਲੇ ਦਿਨੀਂ ਅੰਮ੍ਰਿਤਸਰ ਵਿਚ ਇਕ ਠਾਕੁਰ ਦੁਆਰੇ (ਮੰਦਰ) ਨੂੰ ਇਨ੍ਹਾਂ ਅਨਸਰਾਂ ਵਲੋਂ ਗ੍ਰੇਨੇਡ ਨਾਲ ਹਮਲਾ ਕਰਕੇ ਨਿਸ਼ਾਨਾ ਬਣਾਇਆ ਗਿਆ ਸੀ। ਪਰ ਇਸ ਕਾਰੇ ਵਿਰੁੱਧ ਸਮਾਜ ਦੇ ਸਾਰੇ ਵਰਗਾਂ ਵਲੋਂ ਜਿਸ ਤਰ੍ਹਾਂ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ, ਉਹ ਹੌਸਲਾ ਵਧਾਉਣ ਵਾਲਾ ਤੇ ਵਿਸ਼ਵਾਸ ਪੈਦਾ ਕਰਨ ਵਾਲਾ ਹੈ। ਹਰ ਵਰਗ ਵਲੋਂ ਅਜਿਹੀ ਕਾਰਵਾਈ ਵਿਰੁੱਧ ਸਖ਼ਤ ਪ੍ਰਤੀਕਰਮ ਆਉਣੇ ਸਮਾਜਿਕ ਭਾਈਚਾਰਕ ਸਾਂਝ ਕਾਇਮ ਰੱਖਣ ‘ਚ ਸਹਾਈ ਹੁੰਦੇ ਹਨ ਤੇ ਆਪਸੀ ਸਹਿਯੋਗ ਤੇ ਪਿਆਰ ਨੂੰ ਵੀ ਮਜ਼ਬੂਤੀ ਬਖਸ਼ਣ ਵਾਲਾ ਚੰਗਾ ਪ੍ਰਭਾਵ ਪੈਦਾ ਕਰਦੇ ਹਨ। ਸਮਾਜ ‘ਚ ਉੱਭਰੀ ਅਜਿਹੀ ਸੋਚ ਤੋਂ ਹੀ ਅਜਿਹੇ ਨਾਂਹ ਪੱਖੀ ਇਰਾਦੇ ਵਾਲੇ ਸੰਗਠਨਾਂ ਨੂੰ ਇਕ ਸਪੱਸ਼ਟ ਸੰਕੇਤ ਮਿਲਦਾ ਹੈ। ਪ੍ਰਸ਼ਾਸਨ ਜੇਕਰ ਇਨ੍ਹਾਂ ਨਾਂਹ-ਪੱਖੀ ਕਰਮਾਂ ਨੂੰ ਰੋਕਣ ਲਈ ਹੁਣ ਦੀ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਵੀ ਪੂਰੀ ਤਰ੍ਹਾਂ ਸਰਗਰਮ ਰਹਿੰਦਾ ਹੈ ਤਾਂ ਇਸ ਨਾਲ ਜਿਥੇ ਰਾਜ ਵਿਚ ਅਮਨ ਤੇ ਸਦਭਾਵਨਾ ਮਜ਼ਬੂਤ ਹੋਵੇਗੀ ਉਥੇ ਰਾਜ ਵਿਕਾਸ ਦੇ ਰਸਤੇ ‘ਤੇ ਆਪਣਾ ਸਫ਼ਰ ਜਾਰੀ ਰੱਖਣ ਵਿਚ ਵੀ ਸਫ਼ਲ ਰਹੇਗਾ।
Check Also
ਪੰਜਾਬ ਦੇ ਅਮਨ ਕਾਨੂੰਨ ਲਈ ਨਵੀਆਂ ਚੁਣੌਤੀਆਂ
ਕੁਝ ਦਹਾਕੇ ਪਹਿਲਾਂ ਪੰਜਾਬ ਬੇਹੱਦ ਮੁਸ਼ਕਿਲ ਦੌਰ ‘ਚੋਂ ਗੁਜ਼ਰਿਆ ਸੀ। ਇਸ ਦਾ ਪਿੰਡਾਂ ਲਹੂ-ਲੁਹਾਨ ਹੋਇਆ …