Breaking News
Home / ਸੰਪਾਦਕੀ / ਇਰਾਕ ‘ਚ 39 ਭਾਰਤੀਆਂ ਦੀ ਮੌਤ ਦੀ ਦੁਖਦਾਈ ਪੁਸ਼ਟੀ

ਇਰਾਕ ‘ਚ 39 ਭਾਰਤੀਆਂ ਦੀ ਮੌਤ ਦੀ ਦੁਖਦਾਈ ਪੁਸ਼ਟੀ

ਆਖ਼ਰਕਾਰ ਚਾਰ ਸਾਲ ਪਹਿਲਾਂ ਜੂਨ 2014 ‘ਚ ਇਰਾਕ ਦੇ ਸ਼ਹਿਰ ਮੌਸੂਚ ‘ਚ ਅੱਤਵਾਦੀ ਜਥੇਬੰਦੀ ‘ਇਸਲਾਮਿਸ ਸਟੇਟ’ (ਆਈ.ਐਸ.) ਵਲੋਂ ਅਗਵਾ ਕੀਤੇ ਗਏ 39 ਭਾਰਤੀ ਕਾਮਿਆਂ ਦੀ ਮੌਤ ਦੀ ਪੁਸ਼ਟੀ ਨੇ ਦੁਨੀਆ ਭਰ ‘ਚ ਵੱਸਦੇ ਭਾਰਤੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਭਾਰਤ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਇਨ੍ਹਾਂ ਭਾਰਤੀ ਕਾਮਿਆਂ ਦੀ ਹੋਣੀ ਦਾ ਪਤਾ ਲਗਾਉਣ ‘ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਲਗਾਤਾਰ ਇਹੀ ਆਖਿਆ ਜਾਂਦਾ ਰਿਹਾ ਹੈ ਕਿ ਲਾਪਤਾ 39 ਭਾਰਤੀ ਜ਼ਿੰਦਾ ਹਨ ਪਰ ਬੀਤੇ ਮੰਗਲਵਾਰ ਨੂੰ ਭਾਰਤੀ ਪਾਰਲੀਮੈਂਟ ‘ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਰਾਕ ‘ਚ ਲਾਪਤਾ 39 ਭਾਰਤੀ ਕਾਮਿਆਂ ਦੇ ਜ਼ਿੰਦਾ ਹੋਣ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਖ਼ਤਮ ਕਰ ਦਿੱਤਾ। ਭਾਰਤੀ ਵਿਦੇਸ਼ ਮੰਤਰੀ ਵਲੋਂ ਪਾਰਲੀਮੈਂਟ ਦੇ ਦੋਵਾਂ ਸਦਨਾਂ ‘ਚ ਦਿੱਤੇ ਬਿਆਨ ਅਨੁਸਾਰ ਇਨ੍ਹਾਂ ਦੀਆਂ ਦੇਹਾਂ ਬੰਦੂਸ਼ ਸਥਿਤ ਸਮੂਹਿਕ ਕਬਰ ‘ਚੋਂ ਮਿਲੀਆਂ ਹਨ। 39 ਦੇਹਾਂ ਦੇ ਡੀ.ਐੱਨ.ਏ. ਭਾਰਤ ਤੋਂ ਲਿਜਾਏ ਗਏ ਡੀ.ਐੱਨ.ਏ. ਦੇ ਨਮੂਨਿਆਂ ਨਾਲ ਮਿਲਦੇ ਹੋਣ ਦੀ ਪੁਸ਼ਟੀ ਤੋਂ ਬਾਅਦ ਸਰਕਾਰ ਨੇ ਮੌਤਾਂ ਬਾਰੇ ਐਲਾਨ ਕਰਨਾ ਵਾਜਬ ਸਮਝਿਆ। ઠ
ਹਾਲਾਂਕਿ ਇਸ ਤੋਂ ਪਹਿਲਾਂ ਸਾਲ 2015 ‘ਚ ਇਰਾਕ ‘ਚੋਂ ਸੁਰੱਖਿਅਤ ਵਾਪਸ ਭਾਰਤ ਪਰਤੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਲਾ ਅਫ਼ਗਾਨਾ ਦੇ ਹਰਜੀਤ ਮਸੀਹ ਨੇ ਦਾਅਵਾ ਕੀਤਾ ਸੀ ਕਿ ਉਹ ਖੁਦ ਇਰਾਕ ‘ਚ ਆਈ.ਐਸ.ਆਈ.ਐਸ.ਦੇ ਅੱਤਵਾਦੀਆਂ ਵਲੋਂ ਬੰਦੀ ਬਣਾਏ 40 ਭਾਰਤੀਆਂ ਵਿਚੋਂ ਇਕ ਸੀ। ਉਸ ਨੇ ਸਨਸਨੀਖੇਜ਼ ਦਾਅਵਾ ਕੀਤਾ ਸੀ ਕਿ ਆਈ.ਐਸ.ਆਈ.ਐਸ.ਦੇ ਬਾਗ਼ੀਆਂ ਨੇ ਸਾਰੇ ਬੰਦੀ ਭਾਰਤੀਆਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। ਉਸ ਦਾ ਕਹਿਣਾ ਸੀ ਕਿ ਆਈ.ਐਸ.ਆਈ.ਐਸ. ਦੇ ਅੱਤਵਾਦੀਆਂ ਨੇ ਬੰਗਲਾਦੇਸ਼ ਦੇ ਬੰਦੀ ਕਾਮਿਆਂ ਨੂੰ ਮੁਸਲਮਾਨ ਹੋਣ ਕਾਰਨ ਛੱਡ ਦਿੱਤਾ ਸੀ ਅਤੇ ਉਸ ਸਮੇਤ ਭਾਰਤੀ ਕਾਮਿਆਂ ਨੂੰ ਇਕ ਪਹਾੜੀ ‘ਤੇ ਲਿਜਾ ਕੇ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। ਹਰਜੀਤ ਮਸੀਹ ਕਹਿੰਦਾ ਸੀ ਕਿ ਉਸ ਦੀ ਲੱਤ ਦੇ ਕੋਲੋਂ ਦੀ ਗੋਲੀ ਲੰਘ ਗਈ ਸੀ ਤੇ ਉਹ ਵੀ ਮ੍ਰਿਤਕ ਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ ਵਿਚ ਲੰਮਾ ਪੈ ਕੇ ਬਚ ਗਿਆ। ਉਸ ਨੇ ਮੀਡੀਆ ਨੂੰ ਆਪਣੀ ਲੱਤ ‘ਤੇ ਗੋਲੀ ਦੇ ਨਿਸ਼ਾਨ ਵੀ ਦਿਖਾਏ ਸਨ। ਬਾਅਦ ਵਿਚ ਉਹ ਕਿਸੇ ਤਰ੍ਹਾਂ ਭਾਰਤ ਵਾਪਸ ਆ ਗਿਆ ਅਤੇ ਭਾਰਤੀ ਸੁਰੱਖਿਆ ਏਜੰਸੀਆਂ ਦੇ ਸੰਪਰਕ ਵਿਚ ਆਇਆ। ਦੂਜੇ ਪਾਸੇ ਭਾਰਤ ਸਰਕਾਰ ਨੇ ਹਰਜੀਤ ਮਸੀਹ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਵਾਰ-ਵਾਰ ਇਹ ਦਾਅਵੇ ਕੀਤੇ ਸਨ ਕਿ ਇਰਾਕ ਵਿਚ ਬੰਦੀ ਭਾਰਤੀ ਨੌਜਵਾਨ ਸੁਰੱਖਿਅਤ ਹਨ। ਇਨ੍ਹਾਂ ਨੌਜਵਾਨਾਂ ਦੇ ਮਾਪੇ ਵੀ ਹਰਜੀਤ ਮਸੀਹ ਦੇ ਦਾਅਵਿਆਂ ‘ਤੇ ਯਕੀਨ ਨਹੀਂ ਕਰਨਾ ਚਾਹੁੰਦੇ ਸਨ, ਪਰ ਭਾਰਤ ਸਰਕਾਰ ਚਾਰ ਸਾਲ ਤੱਕ ਇਰਾਕ ‘ਚ ਬੰਦੀ ਭਾਰਤੀ ਕਾਮਿਆਂ ਬਾਰੇ ਕੋਈ ਪੁਖਤਾ ਜਾਣਕਾਰੀ ਹਾਸਲ ਨਹੀਂ ਕਰ ਸਕੀ, ਜਿਸ ਤੋਂ ਇਹ ਸਾਬਤ ਕੀਤਾ ਜਾ ਸਕਦਾ ਕਿ ਇਰਾਕ ‘ਚ ਬੰਦੀ ਬਣਾਏ ਭਾਰਤੀ ਨੌਜਵਾਨ ਸੱਚਮੁਚ ਜਿਊਂਦੇ ਹਨ। ਉਸ ਸਮੇਂ ਦੀਆਂ ਕੁਝ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਸਰਕਾਰ ਨੇ ਇਸਲਾਮਿਕ ਸਟੇਟ ਤੱਕ ਵੀ ਪਹੁੰਚ ਕਰਕੇ ਉਸ ਨੂੰ ਬੰਦੀਆਂ ਦੀ ਰਿਹਾਈ ਬਦਲੇ ਵੱਡੀ ਰਕਮ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਹ ਪੇਸ਼ਕਸ਼ ਬਹੁਤੀ ਕਾਰਗਰ ਸਾਬਤ ਨਹੀਂ ਹੋਈ।
ਭਾਰਤ ਸਰਕਾਰ ਵਲੋਂ ਇਰਾਕ ‘ਚ 39 ਭਾਰਤੀ ਕਾਮਿਆਂ ਦੀ ਮੌਤ ਦੀ ਪੁਸ਼ਟੀ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ‘ਤੇ ਤਾਂ ਦੁੱਖਾਂ ਦੇ ਪਹਾੜ ਟੁੱਟ ਗਏ ਹਨ। ਇਨ੍ਹਾਂ ਭਾਰਤੀ ਕਾਮਿਆਂ ਵਿਚੋਂ 27 ਪੰਜਾਬ ਨਾਲ ਅਤੇ ਬਾਕੀ ਹਿਮਾਚਲ, ਬਿਹਾਰ ਅਤੇ ਪੱਛਮੀ ਬੰਗਾਲ ਨਾਲ ਸਬੰਧਤ ਸਨ। ਪਿਛਲੇ ਚਾਰ ਸਾਲਾਂ ਤੋਂ ਝੂਠੀਆਂ ਆਸਾਂ ‘ਤੇ ਜੀਅ ਰਹੇ ਇਨ੍ਹਾਂ ਭਾਰਤੀਆਂ ਦੇ ਪਰਿਵਾਰਾਂ ਦੀਆਂ ਆਸਾਂ ਟੁੱਟ ਗਈਆਂ ਹਨ। ਰੁਜ਼ਗਾਰ ਖ਼ਾਤਰ ਵਿਦੇਸ਼ਾਂ ‘ਚ ਆਪਣੇ ਪੁੱਤਰਾਂ ਨੂੰ ਭੇਜਣ ਵਾਲੀਆਂ ਇਨ੍ਹਾਂ ਦੀਆਂ ਮਾਵਾਂ, ਭੈਣਾਂ ਅਤੇ ਪਤਨੀਆਂ ਦਾ ਬੁਰਾ ਹਾਲ ਹੈ। ਇਹ ਸਾਰੇ ਨੌਜਵਾਨ ਕਾਮੇ ਆਰਥਿਕ ਤੰਗੀਆਂ-ਤੁਰਸ਼ੀਆਂ ਕਾਰਨ ਇਰਾਕ ‘ਚ ਮਜ਼ਦੂਰੀ ਕਰਨ ਗਏ ਸਨ ਅਤੇ ਆਪਣੇ ਪਰਿਵਾਰਾਂ ਦੇ ਇਕੋ-ਇਕ ਕਮਾਊ ਮੈਂਬਰ ਸਨ।
ਆਈ.ਐਸ. ਵਰਗੀਆਂ ਉਨ੍ਹਾਂ ਕੱਟੜ੍ਹ ਧਰਮ ਆਧਾਰਤ ਅੱਤਵਾਦੀ ਜਥੇਬੰਦੀਆਂ ਮਨੁੱਖਤਾ ਦੇ ਨਾਂਅ ‘ਤੇ ਕਲੰਕ ਹਨ, ਜੋ ਧਰਮ ਨੂੰ ਵਰਤ ਕੇ ਬੇਕਸੂਰ ਮਾਨਵਤਾ ਦਾ ਘਾਣ ਕਰ ਰਹੀਆਂ ਹਨ। ਕਿਉਂਕਿ 39 ਭਾਰਤੀ ਕਾਮਿਆਂ ਦਾ ਕਤਲੇਆਮ ਸਿਰਫ਼ ਇਸ ਕਰਕੇ ਕੀਤਾ ਗਿਆ ਕਿ ਉਹ ਗ਼ੈਰ-ਮੁਸਲਮਾਨ ਸਨ। ਦੁਨੀਆ ਦਾ ਕਿਹੜਾ ਧਰਮ ਇਸ ਗੱਲ ਦੀ ਸਿੱਖਿਆ ਦਿੰਦਾ ਹੈ ਕਿ ਬੇਕਸੂਰ ਮਨੁੱਖਤਾ ਦਾ ਕਤਲੇਆਮ ਕੀਤਾ ਜਾਵੇ? ਇਸ ਤੋਂ ਇਲਾਵਾ ਭਾਰਤ ਦੀਆਂ ਸਰਕਾਰਾਂ ਵਲੋਂ ਪੜ੍ਹੇ-ਲਿਖੇ ਅਤੇ ਹੁਨਰਮੰਦ ਕਾਮਿਆਂ ਨੂੰ ਵੀ ਆਪਣੇ ਮੁਲਕ ਵਿਚ ਰੁਜ਼ਗਾਰ ਨਾ ਦੇ ਸਕਣ ਦੀ ਅਸਫਲਤਾ ਸਾਹਮਣੇ ਆਉਂਦੀ ਹੈ, ਜਿਸ ਦੇ ਸਿੱਟੇ ਵਜੋਂ ਲੱਖਾਂ ਭਾਰਤੀ ਨਾਗਰਿਕ ਠੱਗ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਅਤੇ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਰੁਜ਼ਗਾਰ ਲਈ ਬਾਹਰਲੇ ਮੁਲਕਾਂ ਵਿਚ ਜਾਣ ਲਈ ਮਜਬੂਰ ਹੁੰਦੇ ਹਨ। ਅਧਿਕਾਰਤ ਅੰਕੜਿਆਂ ਅਨੁਸਾਰ ਹਰ ਸਾਲ 20 ਹਜ਼ਾਰ ਪੰਜਾਬੀ ਰੁਜ਼ਗਾਰ ਖ਼ਾਤਰ ਪਰਵਾਸ ਕਰਦੇ ਹਨ। ਬਹੁਤ ਸਾਰੇ ਠੱਗ ਟਰੈਵਲ ਏਜੰਟਾਂ ਦਾ ਸ਼ਿਕਾਰ ਹੋ ਕੇ ਵਿਦੇਸ਼ਾਂ ਵੱਲ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਰਵਾਨਾ ਹੋ ਜਾਂਦੇ ਹਨ ਪਰ ਉਹ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦਾਂ ਟੱਪਦੇ ਫੜੇ ਜਾਂਦੇ ਹਨ ਅਤੇ ਵੱਖ-ਵੱਖ ਮੁਲਕਾਂ ਦੀਆਂ ਜੇਲ੍ਹਾਂ ‘ਚ ਸਾਲਾਂਬੱਧੀ ਸੜਦੇ ਰਹਿੰਦੇ ਹਨ। ਆਪਣੇ ਮੁਲਕ ‘ਚ ਸਾਰੇ ਲੋਕਾਂ ਨੂੰ ਰੋਜ਼ੀ-ਰੋਟੀ ਦੇ ਪ੍ਰਬੰਧ ਦੇਣੇ ਤਾਂ ਦੂਰ, ਜੇਕਰ ਰੁਜ਼ਗਾਰ ਖ਼ਾਤਰ ਹੁਨਰਮੰਦ ਕਾਮੇ ਵਿਦੇਸ਼ਾਂ ‘ਚ ਜਾਂਦੇ ਵੀ ਹਨ ਤਾਂ ਵੀ ਭਾਰਤ ਸਰਕਾਰ ਉਨ੍ਹਾਂ ਦਾ ਰਿਕਾਰਡ ਰੱਖਣ ਦੀ ਠੋਸ ਨੀਤੀ ਨਹੀਂ ਅਪਨਾ ਸਕੀ। ਇਸੇ ਕਾਰਨ ਹੀ ਅੱਜ ਵਿਦੇਸ਼ਾਂ ਦੀਆਂ ਜੇਲ੍ਹਾਂ ਵਿਚ ਬੰਦ ਭਾਰਤੀਆਂ ਦੀ ਅਸਲ ਗਿਣਤੀ ਵੀ ਪਤਾ ਨਹੀਂ ਲੱਗ ਸਕੀ। ਭਾਰਤ ਸਰਕਾਰ ਦੀ ਵਿਦੇਸ਼ਾਂ ‘ਚ ਰੁਜ਼ਗਾਰ ਖ਼ਾਤਰ ਜਾਣ ਵਾਲੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਪ੍ਰਤੀ ਅਵੇਸਲੇਪਨ ਦੀ ਨੀਤੀ ਦਾ ਹੀ ਸਿੱਟਾ ਹੈ ਕਿ ਇਰਾਕ ‘ਚ ਅਗਵਾ 39 ਭਾਰਤੀਆਂ ਦੀ ਮੌਤ ਦੀ ਚਾਰ ਸਾਲ ਤੱਕ ਪੁਸ਼ਟੀ ਹੀ ਨਹੀਂ ਹੋ ਸਕੀ।
ਮੌਜੂਦਾ ਸਥਿਤੀ ਵਿਚ ਜਿੱਥੇ ਭਾਰਤ ਸਰਕਾਰ ਨੂੰ ਇਰਾਕ ਵਿਚ ਮਾਰੇ ਗਏ ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਦਾ ਦੁੱਖ-ਦਰਦ ਸਮਝ ਕੇ ਉਨ੍ਹਾਂ ਨਾਲ ਹਮਦਰਦੀ ਜਤਾਉਣੀ ਚਾਹੀਦੀ ਹੈ, ਉਥੇ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਤੌਰ ‘ਤੇ ਲੋੜੀਂਦੀ ਮਦਦ ਵੀ ਕਰਨੀ ਚਾਹੀਦੀ ਹੈ। ਇਸ ਦੇ ਨਾਲ ਭਾਰਤ ਸਰਕਾਰ ਨੂੰ ਆਪਣੀ ਵਿਦੇਸ਼ ਨੀਤੀ ਦੀ ਵੀ ਸਮੀਖਿਆ ਕਰਨੀ ਬਣਦੀ ਹੈ। ਭਾਰਤ ਵਿਚ ਵੱਡੇ ਪੱਧਰ ‘ਤੇ ਫੈਲ ਚੁੱਕੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਿੱਟਾਮੁਖੀ ਅਤੇ ਲੋਕ-ਪੱਖੀ ਨੀਤੀਆਂ ਘੜਨ ਨਾਲ ਹੀ ਇਹ ਸਮੱਸਿਆ ਹੱਲ ਹੋ ਸਕਦੀ ਹੈ, ਤਾਂ ਜੋ ਭਾਰਤੀ ਨੌਜਵਾਨ ਰੁਜ਼ਗਾਰ ਖ਼ਾਤਰ ਗੈਰ-ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ਾਂ ਵਿਚ ਜਾ ਕੇ ਆਪਣੀਆਂ ਜਾਨਾਂ ਦੇ ਜ਼ੋਖ਼ਮ ਸਹੇੜਨ ਲਈ ਮਜਬੂਰ ਨਾ ਹੋਣ। ਭੋਲੇ-ਭਾਲੇ ਲੋਕਾਂ ਨੂੰ ਲੁੱਟ ਕੇ ਗ਼ੈਰ-ਕਾਨੂੰਨੀ ਢੰਗ ਨਾਲ ਪਰਦੇਸ ਭੇਜਣ ਵਾਲੇ ਠੱਗ ਟਰੈਵਲ ਏਜੰਟਾਂ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਅਤੇ ਬਾਹਰ ਜਾਣ ਵਾਲੇ ਸਾਰੇ ਭਾਰਤੀਆਂ ਦਾ ਮੁਕੰਮਲ ਰਿਕਾਰਡ ਰੱਖਣ ਲਈ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ। ਅਜੋਕੇ ਹਾਲਾਤਾਂ ‘ਚ ਭਾਰਤੀ ਨੌਜਵਾਨਾਂ ਅੰਦਰ ਵਿਦੇਸ਼ਾਂ ‘ਚ ਗ਼ੈਰ-ਕਾਨੂੰਨੀ ਪਰਵਾਸ ਕਰਕੇ ਜਾਨਾਂ ਹੂਲਣ ਦੀ ਥਾਂ ਆਪਣੇ ਦੇਸ਼ ‘ਚ ਰਹਿ ਕੇ ਮਿਹਨਤ ਕਰਨ ਦੀ ਸੋਚ ਨੂੰ ਉਤਸ਼ਾਹਿਤ ਕਰਨਾ ਸਭ ਤੋਂ ਪਹਿਲੀ ਲੋੜ ਹੈ।

Check Also

ਭਾਰਤ ‘ਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ

ਭਾਰਤ ਵਿਚ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਹਵਾ ਪ੍ਰਦੂਸ਼ਣ ਇਸੇ …