ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਸੰਕਟ ਵਿਚ ਘਿਰਿਆ ਨਜ਼ਰ ਆਉਂਦਾ ਹੈ। ਵਿਧਾਨ ਸਭਾ ਵਿਚ ਪ੍ਰਤੀਨਿਧਤਾ ਦੇ ਪੱਖ ਤੋਂ ਇਸ ਦੀ ਗਿਣਤੀ ਘਟਦੀ ਜਾ ਰਹੀ ਹੈ। ਕੌਮੀ ਸਿਆਸਤ ਵਿਚ ਵੀ ਇਸ ਦਾ ਪ੍ਰਭਾਵ ਘਟਦਾ ਜਾ ਰਿਹਾ ਹੈ। ਇਸ ਸਮੇਂ ਕਈ ਹੋਰ ਅਕਾਲੀ ਦਲ ਵੀ ਸਰਗਰਮ ਦਿਖਾਈ ਦਿੰਦੇ ਰਹੇ ਹਨ, ਪਰ ਪੰਜਾਬ ਦੀ ਸਿਆਸਤ ਵਿਚ ਪਿਛਲੇ ਲੰਮੇ ਸਮੇਂ ਤੋਂ ਵੱਡਾ ਪ੍ਰਭਾਵ ਮੁੱਖ ਅਕਾਲੀ ਦਲ ਦਾ ਹੀ ਬਣਿਆ ਰਿਹਾ ਹੈ। ਵਿਸ਼ੇਸ਼ ਤੌਰ ‘ਤੇ ਸਾਲ 1966 ਵਿਚ ਪੰਜਾਬੀ ਸੂਬਾ ਹੋਂਦ ਵਿਚ ਆਉਣ ਤੋਂ ਬਾਅਦ ਸਿੱਖ ਸਿਆਸਤ ‘ਤੇ ਵੀ ਅਕਾਲੀ ਦਲ ਦਾ ਹੀ ਪ੍ਰਭਾਵ ਰਿਹਾ ਹੈ। ਇਹ ਲੰਮੇ ਅਰਸੇ ਤੱਕ ਸਮੇਂ-ਸਮੇਂ ਦੂਸਰੀਆਂ ਪਾਰਟੀਆਂ ਨਾਲ ਗੱਠਜੋੜ ਬਣਾ ਕੇ ਸੂਬੇ ਦੇ ਪ੍ਰਸ਼ਾਸਨ ਵਿਚ ਵੀ ਅਹਿਮ ਰੋਲ ਅਦਾ ਕਰਦਾ ਰਿਹਾ ਹੈ। ਮਾਸਟਰ ਤਾਰਾ ਸਿੰਘ ਤੋਂ ਬਾਅਦ ਸੰਤ ਫ਼ਤਹਿ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿਆਸਤ ਦਾ ਧੁਰਾ ਬਣੇ ਰਹੇ ਹਨ।
ਕਦੀ ਸਮਾਂ ਸੀ ਜਦੋਂ ਲੋਕ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਅਕਾਲੀ ਦਲ (ਬ) ਵੱਲ ਨਜ਼ਰ ਟਿਕਾਈ ਰੱਖਦੇ ਸਨ। ਸਮਾਂ ਬਦਲਦਾ ਰਹਿੰਦਾ ਹੈ, ਸਿਆਸਤ ਬਦਲਦੀ ਰਹਿੰਦੀ ਹੈ, ਵੱਖ-ਵੱਖ ਸ਼ਖ਼ਸੀਅਤਾਂ ਦਾ ਉਭਾਰ ਲੋਕਾਂ ਨੂੰ ਉਨ੍ਹਾਂ ਵੱਲ ਖਿੱਚਦਾ ਹੈ। ਇਸੇ ਲਈ ਹੀ ਜੇਕਰ ਇਸ ਦਲ ਨੂੰ ਵੱਡਾ ਹੁੰਗਾਰਾ ਮਿਲਦਾ ਰਿਹਾ ਹੈ ਤਾਂ ਇਸ ਦੀਆਂ ਨਾਕਾਮੀਆਂ ਦੀ ਵੀ ਆਲੋਚਨਾ ਹੁੰਦੀ ਰਹੀ ਹੈ। ਇਸ ਸੰਦਰਭ ਵਿਚ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਸਾਲ 1997 ਤੋਂ 2002 ਤੱਕ ਅਤੇ ਦੂਸਰੀ ਵਾਰ ਸਾਲ 2007 ਤੋਂ 2017 ਤੱਕ ਸੂਬੇ ਵਿਚ ਅਕਾਲੀ-ਭਾਜਪਾ ਸਰਕਾਰ ਬਣੀ ਰਹੀ ਸੀ। ਪ੍ਰਕਾਸ਼ ਸਿੰਘ ਬਾਦਲ ਇਸ ਦੇ ਨਿਰਵਿਵਾਦ ਆਗੂ ਮੰਨੇ ਜਾਂਦੇ ਸਨ, ਪਰ ਉਸ ਸਮੇਂ ਵੀ ਅਤੇ ਅੱਜ ਵੀ ਇਸ ਛੋਟੇ ਜਿਹੇ ਸੂਬੇ ਦੀਆਂ ਸਮੱਸਿਆਵਾਂ ਵੱਡੀਆਂ ਤੋਂ ਵੱਡੀਆਂ ਹੀ ਹੁੰਦੀਆਂ ਗਈਆਂ ਹਨ, ਜੇਕਰ ਆਗੂ ਇਨ੍ਹਾਂ ਦੇ ਹਾਣ ਦੇ ਨਾ ਉਤਰ ਸਕਣ ਤੇ ਸਮੱਸਿਆਵਾਂ ਦੇ ਹੱਲ ਨਾ ਲੱਭ ਸਕਣ ਤਾਂ ਲੀਡਰਸ਼ਿਪ ਤੋਂ ਆਸ ਵੀ ਘਟਦੀ ਹੈ, ਅਤੇ ਲੋਕਾਂ ਦਾ ਮੋਹ ਵੀ ਭੰਗ ਹੁੰਦਾ ਹੈ। ਪਿਛਲੇ ਸਮੇਂ ਦੌਰਾਨ ਸੁਖਬੀਰ ਸਿੰਘ ਬਾਦਲ ਵੀ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਉਨ੍ਹਾਂ ਨੂੰ ਵੀ ਵੱਡਾ ਲੋਕ ਹੁੰਗਾਰਾ ਮਿਲਦਾ ਰਿਹਾ ਹੈ ਪਰ ਇਸੇ ਹੀ ਸਮੇਂ ਵਿਚ ਕੁਝ ਅਜਿਹੇ ਘਟਨਾਚੱਕਰ ਵੀ ਵਾਪਰੇ, ਜਿਨ੍ਹਾਂ ਨਾਲ ਵੱਡੀ ਗਿਣਤੀ ਵਿਚ ਲੋਕਾਂ ਦੇ ਮਨਾਂ ਨੂੰ ਠੇਸ ਪੁੱਜੀ ਅਤੇ ਸਮੇਂ ਦੀ ਲੀਡਰਸ਼ਿਪ ਨੂੰ ਉਨ੍ਹਾਂ ਲਈ ਜਵਾਬਦੇਹ ਵੀ ਹੋਣਾ ਪਿਆ। ਇਸੇ ਹੀ ਸਮੇਂ ਵਿਚ ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਨਿਰਾਸ਼ ਹੋ ਕੇ ਵਿਦੇਸ਼ਾਂ ਵੱਲ ਜਾਣ ਲੱਗੇ, ਪੰਜਾਬ ਦੀ ਆਰਥਿਕਤਾ ਡੋਲਣ ਲੱਗੀ। ਕਈ ਪੱਖਾਂ ਤੋਂ ਇਸ ਵਿਚ ਨਿਘਾਰ ਆਉਂਦਾ ਗਿਆ। ਸਦਾਚਾਰਕ ਕਦਰਾਂ-ਕੀਮਤਾਂ ਦੀ ਥਾਂ ‘ਤੇ ਮੌਕਾਪ੍ਰਸਤੀ, ਪਰਿਵਾਰਵਾਦ ਅਤੇ ਫੈਲਦੇ ਭ੍ਰਿਸ਼ਟਾਚਾਰ ਨੇ ਸਮਾਜ ਅਤੇ ਸਿਆਸਤ ‘ਤੇ ਗਲਬਾ ਪਾਉਣਾ ਸ਼ੁਰੂ ਕਰ ਦਿੱਤਾ। ਧਾਰਮਿਕ ਪੱਖੋਂ ਵੀ ਸੂਬਾ ਰਸਾਤਲ ਵਿਚ ਜਾਣ ਲੱਗਾ, ਜਿਸ ਨਾਲ ਲੋਕ ਮਨਾਂ ਵਿਚ ਬੇਚੈਨੀ ਵਧਦੀ ਚਲੀ ਗਈ। ਇਹ ਅਤੇ ਅਜਿਹੇ ਹੋਰ ਅਨੇਕਾਂ ਕਾਰਨਾਂ ਕਰਕੇ ਲੋਕਾਂ ਦਾ ਪੰਜਾਬ ਦੇ ਵੱਡੇ ਸਿਆਸਤਦਾਨਾਂ ਤੋਂ ਅਤੇ ਖ਼ਾਸ ਤੌਰ ‘ਤੇ ਵੱਡੀ ਅਕਾਲੀ ਲੀਡਰਸ਼ਿਪ ਤੋਂ ਮੋਹ ਭੰਗ ਹੋ ਗਿਆ।
ਇਸੇ ਕਾਰਨ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀਆਂ ਸਮੇਤ ਹੋਰ ਵੱਡੀਆਂ ਪਾਰਟੀਆਂ ਨੂੰ ਨਕਾਰ ਕੇ ਇਸ ਆਸ ਨਾਲ ਤੀਜੀ ਧਿਰ ਦੀ ਚੋਣ ਕੀਤੀ ਸੀ ਕਿ ਸ਼ਾਇਦ ਉਹ ਉਨ੍ਹਾਂ ਦੀਆਂ ਆਸਾਂ ‘ਤੇ ਪੂਰਾ ਉਤਰ ਸਕੇਗੀ ਅਤੇ ਹਰ ਪੱਖੋਂ ਡਿਗਦੇ ਪੰਜਾਬ ਨੂੰ ਕੋਈ ਢਾਰਸ ਦੇ ਸਕੇਗੀ। ਭਾਵੇਂ ਅੱਜ ਇਸ ਤੀਜੀ ਧਿਰ ਪ੍ਰਤੀ ਵੀ ਲੋਕਾਂ ਵਿਚ ਨਿਰਾਸ਼ਾ ਵਧ ਗਈ ਹੈ ਪਰ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਭੰਗ ਮੋਹ ਨੂੰ ਮੁੜ ਕੇ ਵਿਸ਼ਵਾਸ ਵਿਚ ਨਹੀਂ ਬਦਲਿਆ ਜਾ ਸਕਿਆ। ਬੇਚੈਨ ਅਤੇ ਬੇਜਾਨ ਹੋ ਰਹੀ ਇਸ ਪਾਰਟੀ ਵਿਚ ਨਵੀਂ ਰੂਹ ਫ਼ੂਕੇ ਜਾਣ ਦੀ ਜ਼ਰੂਰਤ ਹੈ। ਇਸੇ ਲਈ ਹੀ ਅੱਜ ਵੱਡੀ ਹੱਦ ਤੱਕ ਅਕਾਲੀ ਸਫ਼ਾਂ ਵਿਚ ਬੇਚੈਨੀ ਦਾ ਉਭਾਰ ਵੇਖਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਇਸ ਪਾਰਟੀ ਵਿਚ ਟੁੱਟ-ਭੱਜ ਹੁੰਦੀ ਨਜ਼ਰ ਆ ਰਹੀ ਹੈ। ਇਹ ਜਿੱਥੇ ਤੱਕ ਪੁੱਜ ਗਈ ਹੈ, ਉਸ ਤੋਂ ਅੱਗੇ ਹਰ ਹੀਲੇ ਕੋਈ ਨਵੀਂ ਗੰਭੀਰ ਵਿਉਂਤਬੰਦੀ ਕੀਤੇ ਜਾਣ ਦੀ ਜ਼ਰੂਰਤ ਭਾਸਦੀ ਹੈ।
ਪਿਛਲੇ ਦਿਨੀਂ ਹੋਈ ਸਿੰਘ ਸਾਹਿਬਾਨ ਦੀ ਇਕੱਤਰਤਾ ਵੀ ਅਜਿਹਾ ਹੀ ਸੰਕੇਤ ਦੇ ਰਹੀ ਹੈ। ਅਸੀਂ ਸਮਝਦੇ ਹਾਂ ਕਿ ਹੁਣ ਸੂਬੇ ਦੀ ਹਰ ਪੱਖੋਂ ਬਿਹਤਰੀ ਲਈ ਅਕਾਲੀ ਲੀਡਰਸ਼ਿਪ ਨੂੰ ਪਸ਼ਚਾਤਾਪ ਕਰਦਿਆਂ ਤਿਆਗ ਦੀ ਭਾਵਨਾ ਵਿਖਾਉਣ ਦੀ ਜ਼ਰੂਰਤ ਹੋਵੇਗੀ। ਆਪਣੀਆਂ ਪਿਛਲੀਆਂ ਗ਼ਲਤੀਆਂ ਦਾ ਖੁੱਲ੍ਹੇ ਮਨ ਨਾਲ ਵਿਸ਼ਲੇਸ਼ਣ ਕਰ ਕੇ ਲੋਕਾਂ ਦਾ ਮੁੜ ਤੋਂ ਵਿਸ਼ਵਾਸ ਹਾਸਲ ਕਰਨ ਦੀ ਲੋੜ ਹੈ। ਅਜਿਹੀ ਭਾਵਨਾ ਹੀ ਬੁਝਦੇ ਦੀਵੇ ਨੂੰ ਮੁੜ ਜੋਤਮਈ ਕਰ ਸਕਣ ਦੇ ਸਮਰੱਥ ਹੋ ਸਕੇਗੀ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …