ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਮਿਲੀਅਨ ਵਰਕਰਾਂ ਦੀਆਂ ਉਜਰਤਾਂ ਵਿੱਚ ਵਾਧਾ ਹੋਣ ਜਾ ਰਿਹਾ ਹੈ। ਪ੍ਰੀਮੀਅਰ ਕੈਥਲੀਨ ਵਿੰਨ ਦਾ ਕਹਿਣਾ ਹੈ ਕਿ ਅਗਲੇ ਸਾਲ ਓਨਟਾਰੀਓ ਵਿੱਚ ਘੱਟ ਤੋਂ ਘੱਟ ਉਜਰਤ ਘੰਟੇ ਦੇ 11.40 ਡਾਲਰ ਦੀ ਥਾਂ 14 ਡਾਲਰ ਹੋਣਗੇ ਤੇ 2019 ਵਿੱਚ ਇਹ 15 ਡਾਲਰ ਹੋ ਜਾਵੇਗੀ।
ਵਿੰਨ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਪ੍ਰੋਵਿੰਸ਼ੀਅਲ ਕਾਨੂੰਨਾਂ ਵਿੱਚ ਸੁਧਾਰ ਦਾ ਦਾਅਵਾ ਕਰਦਿਆਂ ਆਖਿਆ ਕਿ ਹੁਣ ਕਾਮਿਆਂ ਨੂੰ ਕਿਸੇ ਯੂਨੀਅਨ ਨਾਲ ਹੱਥ ਮਿਲਾਉਣਾ ਸੌਖਾ ਹੋਵੇਗਾ ਤੇ ਉਨ੍ਹਾਂ ਦੀਆਂ ਸਾਲਾਨਾ ਪੇਡ ਛੁੱਟੀਆਂ ਦੋ ਹਫਤਿਆਂ ਤੋਂ ਵਧਾ ਕੇ ਤਿੰਨ ਹਫਤਿਆਂ ਤੱਕ ਕਰ ਦਿੱਤੀਆਂ ਜਾਣਗੀਆਂ।
ਵੱਖ-ਵੱਖ ਖੇਤਰਾਂ ਦੇ ਮੁੱਠੀ ਭਰ ਲੇਬਰ ਕਾਰਕੁੰਨਾਂ ਤੇ ਕਾਮਿਆਂ ਦੀ ਮੌਜੂਦਗੀ ਵਿੱਚ ਵਿੰਨ ਨੇ ਆਖਿਆ ਕਿ ਉਜਰਤਾਂ ਵਿੱਚ ਇਹ ਵਾਅਦਾ ਸਾਡੇ ਪ੍ਰੋਵਿੰਸ ਦੇ ਇਤਿਹਾਸ ਦਾ ਸੱਭ ਤੋਂ ਵੱਡਾ ਵਾਧਾ ਹੈ। ਚੋਣ ਮੁਹਿੰਮ ਵਰਗੇ ਇੱਕ ਇੱਕਠ ਨੂੰ ਸੰਬੋਧਨ ਕਰਦਿਆਂ ਵਿੰਨ ਨੇ ਆਖਿਆ ਕਿ ਇਸ ਸਮੇਂ ਸਾਡੀ ਪ੍ਰੋਵਿੰਸ ਦੇ 10 ਫੀਸਦੀ ਕਾਮਿਆਂ ਨੂੰ ਘੱਟ ਤੋਂ ਘੱਟ ਉਜਰਤਾਂ ਦੇ ਰੂਪ ਵਿੱਚ ਘੰਟੇ ਦੇ 11.40 ਡਾਲਰ ਮਿਲਦੇ ਹਨ। ਤੀਹ ਫੀ ਸਦੀ ਲੋਕ ਘੰਟੇ ਦੇ 15 ਡਾਲਰ ਨਾਲੋਂ ਵੀ ਘੱਟ ਕਮਾਉਂਦੇ ਹਨ। ਇਸ ਤਰ੍ਹਾਂ ਅਜਿਹੇ ਲੋਕਾਂ ਦਾ ਜੂਨ ਗੁਜ਼ਾਰਾ ਵੀ ਕਾਫੀ ਮੁਸ਼ਕਲ ਨਾਲ ਹੁੰਦਾ ਹੈ।
ਉਨ੍ਹਾਂ ਆਖਿਆ ਕਿ ਇਨ੍ਹਾਂ ਉਜਰਤਾਂ ਵਿੱਚ ਪਹਿਲੀ ਜਨਵਰੀ 2018 ਨੂੰ ਵਾਧਾ ਹੋਵੇਗਾ। ਇਹ ਓਨਟਾਰੀਓ ਵਿੱਚ ਹੋਣ ਜਾ ਰਹੀਆਂ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਹੋਵੇਗਾ। ਫਿਰ ਉਸ ਤੋਂ ਅਗਲੇ ਸਾਲ ਪਹਿਲੀ ਜਨਵਰੀ, 2019 ਨੂੰ ਜਾ ਕੇ ਇਹ ਉਜਰਤਾਂ 15 ਡਾਲਰ ਦੇ ਮਾਅਰਕੇ ਤੱਕ ਅੱਪੜਨਗੀਆਂ। ਉਸ ਮਗਰੋਂ ਚਲਾਕੀ ਨਾਲ ਉਜਰਤਾਂ ਦੇ ਵਾਧੇ ਦੇ ਮੁੱਦੇ ਨੂੰ ਮਹਿੰਗਾਈ ਦਰ ਨਾਲ ਜੋੜ ਦਿੱਤਾ ਜਾਵੇਗਾ।
ਇਸ ਦੌਰਾਨ ਐਨਡੀਪੀ ਆਗੂ, ਜੋ ਕਿ ਲੰਮੇ ਸਮੇਂ ਤੋਂ ਕਾਮਿਆਂ ਲਈ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦੀ ਮੰਗ ਕਰ ਰਹੀ ਸੀ, ਨੇ ਆਖਿਆ ਕਿ ਕਾਮਿਆਂ ਲਈ ਇਹ ਚੰਗੀ ਖਬਰ ਹੈ। ਪਰ ਹੌਰਵਥ ਨੇ ਇਹ ਵੀ ਆਖਿਆ ਕਿ ਲਿਬਰਲ ਚੋਣਾਂ ਵਿੱਚ ਫਾਇਦਾ ਹਾਸਲ ਕਰਨ ਲਈ ਇਹ ਸੱਭ ਸਬਜ਼ਬਾਗ ਵਿਖਾ ਰਹੇ ਹਨ। ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਪੈਟ੍ਰਿਕ ਬ੍ਰਾਊਨ ਨੇ ਆਖਿਆ ਕਿ ਜੇ 7 ਜੂਨ, 2018 ਨੂੰ ਉਨ੍ਹਾਂ ਦੀ ਪਾਰਟੀ ਜਿੱਤਦੀ ਹੈ ਤਾਂ ਉਹ ਤਾਂ ਸ਼ਾਇਦ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਨਾ ਕਰ ਸਕਣ।ਲਿਬਰਲ ਸਰਕਾਰ ਨੇ ਇਹ ਵਾਅਦਾ ਵੀ ਕੀਤਾ ਕਿ ਬਰਾਬਰ ਕੰਮ ਲਈ ਸਾਰੇ ਕਾਮਿਆਂ ਨੂੰ ਇੱਕੋ ਜਿੰਨੀ ਉਜਰਤ ਦਿੱਤੀ ਜਾਵੇਗੀ ਫਿਰ ਭਾਵੇਂ ਉਨ੍ਹਾਂ ਦਾ ਕੰਮ ਫੁੱਲ ਟਾਈਮ, ਪਾਰਟ ਟਾਈਮ ਜਾਂ ਅਸਥਾਈ ਕਾਮਿਆਂ ਦੇ ਰੂਪ ਵਿੱਚ ਵੰਡਿਆ ਗਿਆ ਹੋਵੇ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …