ਬਰੈਂਪਟਨ/ਡਾ. ਝੰਡ : ਕੁਲਦੀਪ ਬੋਪਾਰਾਏ ਤੋਂ ਪ੍ਰਾਪਤ ਸੂਚਨਾ ਅਨੁਸਾਰ ਲੰਘੇ ਸ਼ੁੱਕਰਵਾਰ 13 ਦਸੰਬਰ ਨੂੰ ਬਰੈਂਪਟਨ ਦੀਆਂ ਕੁਝ ਅਗਾਂਹ-ਵਧੂ ਸ਼ਖ਼ਸੀਅਤਾਂ ਦੀ ਸਿਟੀ-ਹਾਲ ਦੇ ਅਧਿਕਾਰੀਆਂ ਨਾਲ ਇਕ ਪ੍ਰਭਾਵਸ਼ਾਲੀ ਮੀਟਿੰਗ ਹੋਈ ਜਿਸ ਵਿਚ ਇਸ ਸਮੇਂ ਬਰੈਂਪਟਨ ਵਿਚ ਚੱਲ ਰਹੇ ਬੇਸਮੈਂਟਾਂ ਦੇ ਭੱਖਦੇ ਮਸਲੇ ਬਾਰੇ ਵਿਸਤ੍ਰਿਤ ਗੱਲਬਾਤ ਹੋਈ।
ਮੀਟਿੰਗ ਵਿਚ ਸਿਟੀ ਵੱਲੋਂ ਮੇਅਰ ਪੈਟ੍ਰਿਕ ਬਰਾਊਨ ਦੇ ਸਟਾਫ਼ ਮੈਂਬਰ ਕੁਲਦੀਪ ਗੋਲੀ, ਸਿਟੀ ਕਾਊਂਸਲਰ ਹਰਕੀਰਤ ਸਿੰਘ ਤੇ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਦੇ ਸੈੱਕਟਰੀ ਜੋਬਨ ਚੱਠਾ ਅਤੇ ਬਿਲਡਿੰਗ ਕੋਡ ਡਾਇਰੈੱਕਟਰ ਮਿਸਿਜ਼ ਅਲੈੱਜ਼ਬਿਥ ਤੋਂ ਇਲਾਵਾ ਦੋ ਹੋਰ ਸਟਾਫ਼ ਮੈਂਬਰ ਅਤੇ ਦੂਸਰੇ ਪਾਸਿਉਂ ਕੁਲਦੀਪ ਬੋਪਾਰਾਏ, ਮੀਡੀਆ ਨਾਲ ਜੁੜੇ ਚਰਨਜੀਤ ਬਰਾੜ (ਰੇਡੀਓ-ਹੋਸਟ) ਅਤੇ ਹਰਬੰਸ ਸਿੰਘ ਤੇ ਦਵਿੰਦਰ ਸਿੰਘ ਤੂਰ (ઑਸਰੋਕਾਰਾਂ ਦੀ ਆਵਾਜ਼਼), ਹਰਿੰਦਰ ਹੁੰਦਲ, ਪਰਮਿੰਦਰ ਗ਼ਦਰੀ ਤੇ ਗੁਰਦੀਪ ਜੌਹਲ, ਆਦਿ ਸ਼ਾਮਲ ਸਨ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਕੁਲਦੀਪ ਬੋਪਾਰਾਏ ਨੇ ਦੱਸਿਆ ਕਿ ઑਪ੍ਰੋਵਿੰਸ਼ੀਅਲ ਅਫ਼ੋਰਡੇਬਲ ਹਾਊਸਿੰਗ ਬਿੱਲ 140਼ ਦੀ ਗ਼ਲਤ ਵਰਤੋਂ ਕਰਦਿਆਂ ਹੋਇਆਂ ਸਿਟੀ ਨੇ ਇਸ ਸਮੇ ਬੇਸਮੈਂਟਾਂ ਦੇ ਮਾਮਲੇ ઑਤੇ ਘਰਾਂ ਦੇ ਮਾਲਕਾਂ ਦਾ ਜਿਊਣਾ ਹਰਾਮ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਟੀ ਦੇ ਬਿਲਡਿੰਗ-ਇੰਸਪੈੱਕਰ ਬਿਨਾਂ ਕਿਸੇ ਅਗਾਊਂ-ਸੂਚਨਾ ਦੇ ਜਦੋਂ ਮਰਜ਼ੀ ਘਰਾਂ ਵਿਚ ਆ ਧਮਕਦੇ ਹਨ ਅਤੇ ਮਕਾਨ-ਮਾਲਕਾਂ ਕੋਲੋਂ ਬੇਸਮੈਂਟਾਂ ਸਬੰਧੀ ਸਖ਼ਤ ਲਹਿਜ਼ੇ ਵਿਚ ਪੁੱਛ-ਗਿੱਛ ਕਰਦੇ ਹਨ ਜਿਵੇਂ ਉਹ ਬੜੇ ਵੱਡੇ ਗੁਨਾਹਗਾਰ ਹੋਣ। ਉਨ੍ਹਾਂ ਬਰੈਂਪਟਨ ਸਿਟੀ ਦੇ ਵਿਰੁੱਧ ਬਰੈਂਪਟਨ ਦੇ ਸਾਰੇ ਐੱਮ.ਪੀ.ਪੀਜ਼ ਕੋਲ ਉਨ੍ਹਾਂ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਇਕ ਵਾਰ ਫਿਰ ਸਿਟੀ-ਅਧਿਕਾਰੀਆਂ ਨਾਲ ਗੱਲਬਾਤ ਕਰਨ ਬਾਰੇ ਦੱਸਿਆ। ਗੱਲ ਨੂੰ ਅੱਗੇ ਤੋਰਦਿਆਂ ਹੋਇਆਂ ਚਰਨਜੀਤ ਬਰਾੜ ਨੇ ਇਸ ਗੰਭੀਰ ਮੁੱਦੇ ਨੂੰ ਅਧਿਕਾਰੀਆਂ ਦੇ ਸਨਮੁੱਖ ਪੇਸ਼ ਕਰਦਿਆਂ ਸਿਟੀ ਨੂੰ ਇਸ ਦੇ ਲਈ ਜੁਆਬ-ਦੇਹ ਹੋਣ ਲਈ ਕਿਹਾ।
ਤਕਰਾਰ ਭਰੀ ਇਸ ਗਰਮਾ-ਗਰਮ ਬਹਿਸ ਵਿਚ ਹਿੱਸਾ ਲੈਦਿਆਂ ਵਫ਼ਦ ਦੇ ਹੋਰ ਮੈਂਬਰਾਂ ਨੇ ਸਿਟੀ ਦੇ ਅਫ਼ਸਰਾਂ ਵੱਲੋਂ ਇਸ ਮਸਲੇ ‘ਤੇ ਬਰੈਂਪਟਨ-ਵਾਸੀਆਂ ਨਾਲ ਕੀਤੀ ਜਾ ਰਹੀ ਬਦ-ਸਲੂਕੀ ਅਤੇ ਬੇਲੋੜੀ ઑਹੈਰਾਸਮੈਂਟ਼ ਬਾਰੇ ਵਿਸਥਾਰ ਵਿਚ ਦੱਸਿਆ ਜਿਸ ‘ਤੇ ਡਾਇਰੈੱਕਟਰ ਨੇ ਆਪਣੇ ਵੱਲੋਂ ਕਈ ਸਫ਼ਾਈਆਂ ਦਿੱਤੀਆਂ ਅਤੇ ਆਪਣੀਆਂ ਮਜਬੂਰੀਆਂ ਵੀ ਦੱਸੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦੌਰਾਨ ਕੀਤੀਆਂ ਜਾ ਰਹੀਆਂ ਕਈ ਤਬਦੀਲੀਆਂ ਦੇ ਨਾਲ ਸ਼ਹਿਰ ਦੇ ‘ਬਾਈ-ਲਾਅਜ਼’ ਉੱਪਰ ਚੱਲਣ ਬਾਰੇ ਵੀ ਕਿਹਾ।
ਇਸ ਦੌਰਾਨ ਵਫ਼ਦ ਦੇ ਮੈਂਬਰ ਹਰਿੰਦਰ ਹੁੰਦਲ ਨੇ ਕਿਹਾ ਕਿ ਜੇਕਰ ਬਰੈਂਪਟਨ-ਵਾਸੀਆਂ ਦੀਆਂ ਸਮੱਸਿਅਵਾਂ ਨੂੰ ਸਿਟੀ ਵੱਲੋਂ ਇੰਜ ਹੀ ਦਰ-ਗ਼ੁਜ਼ਰ ਕਰਨਾ ਜਾਰੀ ਰੱਖਿਆ ਗਿਆ ਤਾਂ ਉਨ੍ਹਾਂ ਨੇ ਇਸ ਦੇ ਵਿਰੁੱਧ ਮੁਜ਼ਾਹਰਾ ਕਰਨ ਦੀ ਵੀ ਤਿਆਰੀ ਕੀਤੀ ਹੋਈ ਹੈ। ਇਸ ਉੱਪਰ ਹੱਸਦੇ ਹੋਏ ਸਿਟੀ ਕਾਊਂਸਲਰ ਹਰਕੀਰਤ ਸਿੰਘ ਨੇ ਕਿਹਾ ਕਿ ਆਪਾਂ ਸਾਰੇ ਮਿਲ ਕੇ ਇਸ ਮਸਲੇ ਦਾ ਕੋਈ ਹੱਲ ਲੱਭੀਏ ਅਤੇ ਕੋਸ਼ਿਸ਼ ਕਰੀਏ ਕਿ ਇਸ ਦੀ ਨੌਬਤ ਹੀ ਨਾ ਆਏ। ਉਨ੍ਹਾਂ ਕਿਹਾ ਕਿ ਸਿਟੀ ਨੂੰ ਇਸ ਦੇ ਲਈ ਉਨ੍ਹਾਂ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਜਾਵੇ ਅਤੇ ਉਹ ਇਸ ਦੇ ਬਾਰੇ ਦੋਬਾਰਾ ਗੱਲਬਾਤ ਕਰਨਗੇ।
ਵਫ਼ਦ ਵੱਲੋਂ ਇਸ ਸਮੇਂ ਇੰਸਪੈੱਕਟਰਾਂ ਵੱਲੋਂ ਕੀਤੀ ਜਾ ਰਹੀ ਬੇਲੋੜੀ ਪ੍ਰੇਸ਼ਾਨੀ ਬੰਦ ਕਰਨ ਲਈ ਕਿਹਾ ਗਿਆ ਅਤੇ ਸਿਟੀ ਵੱਲੋਂ ਇਸ ਉੱਪਰ ਸਹਿਮਤੀ ਪ੍ਰਗਟਾਉਂਦਿਆਂ ਹੋਇਆਂ ਮੀਟਿੰਗ ਚੰਗੇਰੀ ਆਸ ਨਾਲ ਸਮਾਪਤ ਹੋਈ। ਇਸ ਮੌਕੇ ਮੀਟਿੰਗ ਵਿਚ ਤਰਕਸ਼ੀਲ ਆਗੂ ਬਲਦੇਵ ਰਹਿਪਾ ਦੀ ਘਾਟ ਨੂੰ ਮਹਿਸੂਸ ਕੀਤਾ ਗਿਆ ਜੋ ਇਸ ਤੋਂ ਇਕ ਦਿਨ ਪਹਿਲਾਂ ਹੀ ਭਾਰਤ ਲਈ ਰਵਾਨਾ ਹੋ ਚੁੱਕੇ ਸਨ।
Home / ਕੈਨੇਡਾ / ਬੇਸਮੈਂਟਾਂ ਦੇ ਭਖਦੇ ਮਸਲੇ ‘ਤੇ ਸਿਟੀ ਹਾਲ ਦੇ ਅਧਿਕਾਰੀਆਂ ਨਾਲ ਬਰੈਂਪਟਨ ਦੇ ਸ਼ਹਿਰੀਆਂ ਦੀ ਹੋਈ ਪ੍ਰਭਾਵਸ਼ਾਲੀ ਮੀਟਿੰਗ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …