Breaking News
Home / ਕੈਨੇਡਾ / ਸਾਊਥਲੇਕ ਸੀਨੀਅਰਜ਼ ਕਲੱਬ ਨੇ ਮਨਾਇਆ ‘ਕੈਨੇਡਾ ਮਲਟੀਕਲਚਰਲ ਡੇਅ’

ਸਾਊਥਲੇਕ ਸੀਨੀਅਰਜ਼ ਕਲੱਬ ਨੇ ਮਨਾਇਆ ‘ਕੈਨੇਡਾ ਮਲਟੀਕਲਚਰਲ ਡੇਅ’

ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 23 ਜੁਲਾਈ ਨੂੰ ਬਰੈਂਪਟਨ ਦੀ ਸਾਊਥਲੇਕ ਸੀਨੀਅਰਜ਼ ਕਲੱਬ ਵੱਲੋਂ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ ਵਿਖੇ ਕੈਨੇਡਾ ਮਲਟੀਕਲਚਰਲ ਡੇਅ ਦੇ ਸਬੰਧ ਵਿਚ ਸ਼ਾਨਦਾਰ ਪਲੇਠੇ ਸਮਾਗ਼ਮ ਦਾ ਆਯੋਜਨ ਕੀਤਾ ਗਿਆ। ਇਸ ਵਿਚ ਪੰਜਾਬੀ, ਗੁਜਰਾਤੀ, ਮੁਸਲਿਮ, ਵੈੱਸਟ ਇੰਡੀਅਨ ਤੇ ਹੋਰ ਕਮਿਊਨਿਟੀਆਂ ਵੱਲੋਂ 300 ਤੋਂ ਵਧੀਕ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਕੈਨੇਡਾ ਦੇ ਰਾਸ਼ਟਰੀ ਗੀਤ ‘ਓ ਕੈਨੇਡਾ’ ਦੇ ਗਾਇਨ ਨਾਲ ਕੀਤੀ ਗਈ। ਉਪਰੰਤ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਕਲੱਬ ਦੇ ਪ੍ਰਧਾਨ ਗਿਆਨ ਪਾਲ ਨੇ ਇਸ ਪ੍ਰੋਗਰਾਮ ਨੂੰ ਬਾਕਾਇਦਾ ਰਸਮੀ ਤੌਰ ‘ਤੇ ਆਰੰਭ ਕੀਤਾ।
ਇਸ ਮੌਕੇ ਬੋਲਦਿਆਂ ਪੈਟਰਿਕ ਬਰਾਊਨ ਨੇ ਕਿਹਾ ਕਿ ਉਨ੍ਹਾਂ ਨੂੰ ਬਰੈਂਪਟਨ ਦੀਆਂ ਵੱਖ-ਵੱਖ ਕਮਿਊਨਿਟੀਆਂ ਦੇ ਲੋਕਾਂ ਨੂੰ ਇਹ ਸਮਾਗ਼ਮ ਏਨੀ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਮਨਾਉਂਦਿਆਂ ਵੇਖ ਕੇ ਬੜੀ ਪ੍ਰਸੰਨਤਾ ਹੋਈ ਹੈ ਅਤੇ ਇਸ ਤੋਂ ਪਹਿਲਾਂ ਮੈਂ ਸ਼ਾਇਦ ਹੀ ਅਜਿਹਾ ਏਡਾ ਵੱਡਾ ਸਮਾਗਮ ਵੇਖਿਆ ਹੋਵੇ। ਉਨ੍ਹਾਂ ਨੇ ਆਉਂਦੇ ਸਮੇਂ ਵਿਚ ਕਲੱਬ ਨੂੰ ਇਸ ਤਰ੍ਹਾਂ ਦੇ ਸਮਾਗਮ ਮਨਾਉਣ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ। ਕਲੱਬ ਦੇ ਪ੍ਰਧਾਨ ਗਿਆਨ ਪਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬਰੈਂਪਟਨ ਵਿਚ ਇਕ ਹੋਰ ਸੀਨੀਅਰਜ਼ ਕਲੱਬ ਬਨਾਉਣ ਦਾ ਮਕਸਦ ਸੀਨੀਅਰਾਂ ਨੂੰ ਦਰਪੇਸ਼ ਮਸਲਿਆਂ ਇਕੱਲਤਾ, ਸਿਹਤ ਸਬੰਧੀ ਜਾਗਰੂਕਤਾ, ਪਰਿਵਾਰਿਕ ਅਤੇ ਹੋਰਨਾਂ ਮਸਲਿਆਂ ਬਾਰੇ ਸਾਂਝੇ ਤੌਰ ‘ਤੇ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਦੇ ਯੋਗ ਹੱਲ ਲੱਭਣਾ ਹੈ। ਉਨ੍ਹਾਂ ਨੇ ਹੋਰ ਕਿਹਾ ਕਿ ਇਸ ਸਬੰਧੀ ਕਲੱਬ ਵੱਲੋਂ ਆਉਂਦੇ ਮਹੀਨਿਆਂ ਵਿਚ ਸੈਮੀਨਾਰ ਆਯੋਜਿਤ ਕੀਤੇ ਜਾਣਗੇ ਜਿਨ੍ਹਾਂ ਵਿਚ ਵੱਖ-ਵੱਖ ਪਰਿਵਾਰਿਕ ਵਿਸ਼ਿਆਂ ਦੇ ਮਾਹਿਰਾਂ ਨੂੰ ਸੰਬੋਧਨ ਕਰਨ ਲਈ ਸੱਦੇ ਦਿੱਤੇ ਜਾਣਗੇ।
ਸਮਾਗਮ ਵਿਚ ਕਈ ਰਾਜਨੀਤਕ ਸ਼ਖ਼ਸੀਅਤਾਂ ਨੇ ਵੀ ਆਪਣੀ ਭਰਪੂਰ ਹਾਜ਼ਰੀ ਲੁਆਈ ਜਿਨ੍ਹਾਂ ਵਿਚ ਬਰੈਂਪਟਨ ਨੌਰਥ ਦੀ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ, ਬਰੈਂਪਟਨ ਈਸਟ ਦੇ ਐੱਮ.ਪੀ.ਪੀ. ਹਰਦੀਪ ਗਰੇਵਾਲ, ਬਰੈਂਪਟਨ ਵੈੱਸਟ ਦੇ ਐੱਮ.ਪੀ.ਪੀ. ਅਮਰਜੋਤ ਸੰਧੂ, ਵਾਰਡ ਨੰਬਰ 1 ਤੇ 5 ਦੇ ਰੀਜਨਲ ਕੌਂਸਲਰ ਪਾਲ ਵੇਸੈਂਟੇ ਅਤੇ ਸਿਟੀ ਕੌਂਸਲਰ ਰੋਵੇਨਾ ਸੰਤੋਸ ਸ਼ਾਮਲ ਸਨ। ਉਨ੍ਹਾਂ ਦੇ ਵੱਲੋਂ ਕਲੱਬ ਨੂੰ ਭਰਪੂਰ ਸ਼ੁੱਭ-ਇੱਛਾਵਾਂ ਦਿੱਤੀਆਂ ਗਈਆਂ ਅਤੇ ਭਵਿੱਖ ਵਿਚ ਹਰ ਪ੍ਰਕਾਰ ਦੇ ਸਹਿਯੋਗ ਦੀ ਯਾਚਨਾ ਕੀਤੀ ਗਈ। ਪ੍ਰੋਗਰਾਮ ਦੇ ਅਖ਼ੀਰ ਵੱਲ ਵੱਧਦਿਆਂ ਬਰੈਂਪਟਨ ਸੈਂਟਰ ਦੇ ਮੈਂਬਰ ਪਾਰਲੀਮੈਂਟ ਸ਼ਫ਼ਾਕਤ ਅਲੀ ਵੱਲੋਂ ਵੀ ਸ਼ਿਰਕਤ ਕੀਤੀ ਗਈ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਸੀਨੀਅਰਾਂ ਦੀ ਕਾਫ਼ੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਕਿਹਾ ਕਿ ਉਹ ਜਲਦੀ ਹੀ ਸੀਨੀਅਰਾਂ ਦੇ ਮਸਲਿਆਂ ਬਾਰੇ ਸੀਨੀਅਰਜ਼ ਮੰਤਰਾਲੇ ਦੀ ਮੰਤਰੀ ਮਾਣਯੋਗ ਕਮਲ ਖਹਿਰਾ ਨਾਲ ਮੀਟਿੰਗ ਕਰਨਗੇ ਅਤੇ ਇਨ੍ਹਾਂ ਦੇ ਹੱਲ ਬਾਰੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨਗੇ।
ਇਸ ਦੌਰਾਨ ਗੀਤ-ਸੰਗੀਤ ਦੇ ਵੱਖ-ਵੱਖ ਰੰਗਾਂ ਨਾਲ ਸਰੋਤਿਆਂ ਦਾ ਖ਼ੂਬ ਮਨੋਰੰਜਨ ਕੀਤਾ ਗਿਆ। ਕਲਾਕਾਰ ਸਾਰੇ ਕਲੱਬ ਦੇ ਮੈਂਬਰ ਹੀ ਸਨ ਅਤੇ ਉਨ੍ਹਾਂ ਵੱਲੋਂ ਗਿੱਧਾ, ਗਰਬਾ ਤੇ ਹੋਰ ਨਾਚ-ਗਾਣਿਆਂ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਰਣਬੀਰ ਚੌਹਾਨ ਤੇ ਸਚਿਨ ਜੋ ਨੇ ਬਾਲੀਵੁੱਡ ਫ਼ਿਲਮਾਂ ਦੇ ਗੀਤ ਗਾ ਕੇ ਖ਼ੂਬ ਰੰਗ ਬੰਨ੍ਹਿਆ। ਪ੍ਰੋਗਰਾਮ ਦਾ ਸੰਚਾਲਨ ਸ਼੍ਰੀਮਤੀ ਵਾਤਸਲਾ ਵਿਆਸ ਅਤੇ ਰਣਬੀਰ ਚੌਹਾਨ ਵੱਲੋਂ ਮਿਲ ਕੇ ਕੀਤਾ ਗਿਆ।
ਅਖ਼ੀਰ ਵਿਚ ਸਾਰੇ ਬੁਲਾਰਿਆਂ, ਗਾਇਕਾਂ, ਕਲਾਕਾਰਾਂ ਤੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਲੱਬ ਦੇ ਪ੍ਰਧਾਨ ਗਿਆਨ ਪਾਲ ਨੇ ਦੱਸਿਆ ਕਿ ਇਹ ਕਲੱਬ ਗ਼ੈਰ-ਰਾਜਸੀ, ਨਾਨ-ਪਰਾਫ਼ਿਟ, ਵਾਲੰਟੀਅਰ, ਚੈਰੀਟੇਬਲ ਸੰਸਥਾ ਹੈ ਅਤੇ ਇਹ ਬਰੈਂਪਟਨ ਸਿਟੀ ਦੇ ਨਾਲ ਅਫ਼ਿਲੀਏਟਿਡ ਹੈ। ਕਲੱਬ ਦੇ ਬੋਰਡ ਅਤੇ ਸਹਾਲਕਾਰ ਕਮੇਟੀ ਮੈਂਬਰਾਂ ਵਿਚ ਰਾਮ ਸਿੰਘ ਦੈਂਦ, ਸੁਖਦੇਵ ਸਿੰਘ ਬੇਦੀ, ਡਾ. ਸੁਖਦੇਵ ਸਿੰਘ ਝੰਡ, ਰਣਜੀਤਭਾਈ ਪਟੇਲ, ਅਮੀਰਭਾਈ ਭੱਟ, ਮਹੇਸ਼ਭਾਈ ਜੈਸਵਾਲ ਅਤੇ ਸ਼੍ਰੀਮਤੀ ਰੇਹਾਨਾ ਹਫ਼ੀਜ਼ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਦੀ ਅਗਵਾਈ ਅਤੇ ਸਹਿਯੋਗ ਨਾਲ ਕਲੱਬ ਨੂੰ ਸੁਚੱਜਤਾ ਨਾਲ ਅੱਗੇ ਵਧਾਇਆ ਜਾਏਗਾ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …