ਜਨਮ ਦਿਨ ਦਾ ਕੇਕ ਕੱਟਿਆ ਅਤੇ ਗੀਤ-ਸੰਗੀਤ ਹੋਇਆ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਇੰਟਰਨੈਸ਼ਨਲ ਕੌਂਸਲ ਆਫ ਕੈਨੇਡਾ, ਸਕੋਪ ਕੈਨੇਡਾ, ਸ਼ੋਇਬ ਨਾਸ਼ਰ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਸਾਂਝੇ ਤੌਰ ‘ਤੇ ਬਾਲੀਵੁੱਡ ਦੇ ਸੁਪਰ ਸਟਾਰ ਗਾਇਕ ਮਰਹੂਮ ਮੁਹੰਮਦ ਰਫੀ ਦਾ 100ਵਾਂ (ਜਨਮ ਸ਼ਤਾਬਦੀ) ਜਨਮ ਦਿਨ ਮਨਾਉਦਿਆਂ ਇੱਕ ਪ੍ਰਭਾਵਸ਼ਾਲੀ ਸਮਾਗਮ ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ ਵਿਖੇ ਰੱਖਿਆ ਗਿਆ। ਜਿੱਥੇ ਉਹਨਾਂ ਦੇ ਚਾਹੁਣ ਵਾਲੇ ਭਾਰਤੀ ਅਤੇ ਪਾਕਿਸਤਾਨੀ ਪ੍ਰਸੰਸਕਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਆਪਣੇ ਮਹਿਬੂਬ ਗਾਇਕ ਮਰਹੂਮ ਮੁਹੰਮਦ ਰਫੀ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਵਿਸ਼ੇਸ਼ ਤੌਰ ‘ਤੇ ਉਹਨਾਂ ਦੇ 100ਵੇਂ ਜਨਮ ਦਿਨ ਦਾ ਕੇਕ ਕੱਟਿਆ।
ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕਰਦੇ ਹੋਏ ਗੀਤ ਸੰਗੀਤ ਨਾਲ ਇਹਨਾਂ ਹੁਸੀਨ ਪਲਾਂ ਨੂੰ ਮਾਣਿਆ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੀ ਸਵਰਗੀ ਮੁਹੰਮਦ ਰਫੀ ਦੀ ਭਤੀਜੀ ਰਾਫੀਆ ਬਿਨਤ ਹਮੀਦ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਦੋਂ ਕਿ ਇਸ ਮੌਕੇ ਵਿਸ਼ਵ ਪੰਜਾਬੀ ਸਭਾ ਦੇ ਸੰਚਾਲਕ ਡਾ. ਦਲਬੀਰ ਸਿੰਘ ਕਥੂਰੀਆ, ਇਕਬਾਲ ਬਰਾੜ, ਜਨਾਬ ਸ਼ੋਇਬ ਨਾਸ਼ਰ, ਡਾ. ਜਗਮੋਹਨ ਸਿੰਘ ਸੰਘਾ ਅਤੇ ਪੱਤਰਕਾਰ ਜਸਵਿੰਦਰ ਸਿੰਘ ਬਿੱਟਾ ਵੱਲੋਂ ਹਾਜ਼ਰੀਨ ਦੀ ਚਾਹ ਪਾਣੀ ਨਾਲ ਮਹਿਮਾਨ ਨਿਵਾਜ਼ੀ ਕਰਦਿਆਂ ਸਾਰਿਆਂ ਨੂੰ ਜੀ ਆਇਆਂ ਵੀ ਆਖਿਆ ਗਿਆ। ਇਸ ਮੌਕੇ ਟੋਰਾਂਟੋ ਦੇ ਮੁਹੰਮਦ ਰਫੀ ਵੱਜੋਂ ਜਾਣੇ ਜਾਂਦੇ ਇਕਬਾਲ ਬਰਾੜ, ਸੁਮਾਨਾਂ ਗਾਂਗੁੰਲੀ ਡੇਅ ਅਤੇ ਜਨਾਬ ਫੈਜ਼ਲ ਮਹਿਮੂਦ ਵੱਲੋਂ ਮੁਹੰਮਦ ਰਫੀ ਦੇ ਅਨੇਕਾਂ ਹੀ ਗੀਤ ਗਾ ਕੇ ਸਮਾਗਮ ਨੂੰ ਹੁਸੀਨ ਅਤੇ ਰੰਗੀਨ ਬਣਾ ਦਿੱਤਾ।