ਮਾਨ ਨੇ ਪੰਜਾਬ ਵਿਚੋਂ ਗੈਂਗਸਟਰ ਕਲਚਰ ਨੂੰ ਖਤਮ ਕਰਨ ਦੀ ਦਿੱਤੀ ਹਦਾਇਤ
ਚੰਡੀਗੜ੍ਹ/ਬਿਊਰੋ ਨਿਊਜ਼ : ਅੰਮਿ੍ਰਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਵਿਚ ਲੰਘੇ ਕੱਲ੍ਹ ਗੈਂਗਸਟਰਾਂ ਅਤੇ ਪੰਜਾਬ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਸੀ, ਜਿਸ ਦੌਰਾਨ ਦੋ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨੂ ਕੁੱਸਾ ਮਾਰੇ ਗਏ ਸਨ। ਜਿਸ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਗੌਰਵ ਯਾਦਵ, ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਅਤੇ ਹੋਰ ਪੁਲਿਸ ਅਫ਼ਸਰਾਂ ਨਾਲ ਚੰਡੀਗੜ੍ਹ ਵਿਖੇ ਇਕ ਮੀਟਿੰਗ ਕੀਤੀ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਵਿਚੋਂ ਗੈਂਗਸਟਰ ਕਲਚਰ ਦੇ ਖਾਤਮੇ ਅਤੇ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਅੰਦਰ ਜੋ ਵੀ ਗੈਂਗਸਟਰ ਅਤੇ ਗਲਤ ਅਨਸਰ ਘੁੰਮ ਰਹੇ ਹਨ ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਮੁੱਖ ਧਾਰਾ ਵਿਚ ਪਰਤ ਆਉਣ। ਪ੍ਰੰਤੂ ਜੇਕਰ ਉਹ ਚੁਣੇ ਗਏ ਗਲਤ ਰਸਤੇ ਨੂੰ ਨਹੀਂ ਛੱਡਦੇ ਤਾਂ ਅੰਜ਼ਾਮ ਬੁਰਾ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਪੰਜਾਬੀਆਂ ਦੀ ਸੁਰੱਖਿਆ ਅਤੇ ਗੈਂਗਸਟਰ ਕਲਚਰ ਨੂੰ ਖਤਮ ਕਰਨ ਲਈ ਵਚਨਬੱਧ ਹੈ।