ਵਾਇਰਲ ਹੋਈ ਆਡੀਓ ਦੀ ਜਾਂਚ ਸ਼ੁਰੂ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਦੇ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਦੀ ਵਾਇਰਲ ਹੋਈ ਆਡੀਓ ਦਾ ਮਾਮਲਾ ਦਿਨੋ-ਦਿਨ ਗਰਮਾਉਂਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਾਰੀ ਦੇ ਖਿਲਾਫ ਤਿੰਨ ਪੱਧਰ ’ਤੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿਚ ਪਹਿਲਾਂ ਆਡੀਓ ਕਲਿੱਪ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਦੇ ਨਾਲ ਦੂਜਾ ਓਐਸਡੀ ਅਤੇ ਕੈਬਨਿਟ ਮੰਤਰੀ ਵਿਚ ਆਪਸੀ ਸਬੰਧਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਤੀਜਾ, ਜਿਨ੍ਹਾਂ ਟੈਂਡਰਾਂ ਜਾਂ ਅਫਸਰ ਨੂੰ ਫਸਾਉਣ ਦੀ ਗੱਲ ਸਾਹਮਣੇ ਆਈ ਹੈ, ਉਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਰਮਨੀ ਤੋਂ ਵਾਪਸ ਆਉਣ ਤੋਂ ਬਾਅਦ ਹੀ ਸੌਂਪੀ ਜਾਵੇਗੀ। ਜੇਕਰ ਸਰਾਰੀ ’ਤੇ ਲੱਗੇ ਆਰੋਪ ਸਹੀ ਸਾਬਤ ਹੋ ਗਏ ਤਾਂ ਉਨ੍ਹਾਂ ਦਾ ਮੰਤਰੀ ਅਹੁਦਾ ਖੁੱਸ ਸਕਦਾ ਹੈ। ਇਸ ਤੋਂ ਪਹਿਲਾਂ ਸਰਾਰੀ ਕੋਲੋਂ ਅਸਤੀਫਾ ਮੰਗਣ ਦੀ ਗੱਲ ਸਾਹਮਣੇ ਆ ਰਹੀ ਹੈ ਤਾਂ ਜੋ ਵਿਰੋਧੀ ਧਿਰਾਂ ਵਲੋਂ ਲਗਾਏ ਜਾ ਰਹੇ ਭਿ੍ਰਸ਼ਟਾਚਾਰ ਦੇ ਆਰੋਪਾਂ ਦਾ ਜਵਾਬ ਦਿੱਤਾ ਜਾ ਸਕੇ। ਇਸਦੇ ਚੱਲਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਕਿਹਾ ਸੀ ਕਿ ਸਰਾਰੀ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਧਿਆਨ ਰਹੇ ਕਿ ਫੌਜਾ ਸਿੰਘ ਸਰਾਰੀ ਦੀ ਇਕ ਆਡੀਓ ਕਲਿੱਪ ਵਾਇਰਲ ਹੋਈ ਸੀ, ਜਿਸ ਵਿਚ ਸਰਾਰੀ ਨੂੰ ਕਥਿਤ ਤੌਰ ’ਤੇ ਆਪਣੇ ਇਕ ਕਰੀਬੀ ਸਾਥੀ ਰਾਹੀਂ ਪੈਸੇ ਦਾ ਸੌਦਾ ਤੈਅ ਕਰਦੇ ਸੁਣਿਆ ਗਿਆ ਸੀ।