ਕਰੋਨਾ ਕਾਰਨ ਨਹੀਂ ਸਜਾਏ ਗਏ ਨਗਰ ਕੀਰਤਨ
ਬਟਾਲਾ/ਬਿਊਰੋ ਨਿਊਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬਟਾਲਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਡੇਹਰਾ ਸਾਹਿਬ ਅਤੇ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਸਤਿਕਾਰ ਅਤੇ ਖ਼ਾਲਸਾਈ ਰਵਾਇਤ ਨਾਲ ਮਨਾਇਆ ਗਿਆ।
ਗੁਰੂ ਸਾਹਿਬ ਜੀ ਦੇ ਵਿਆਹ ਪੁਰਬ ਦੀ ਖ਼ੁਸ਼ੀ ਵਿਚ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਧਾਰਮਿਕ ਦੀਵਾਨ ਵਿਚ ਪੰਥ ਦੇ ਹਜ਼ੂਰੀ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਤੋਂ ਇਲਾਵਾ ਕਥਾਵਾਚਕਾਂ ਤੇ ਪ੍ਰਚਾਰਕਾਂ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਗੁਰਬਾਣੀ ਦਾ ਮਨੋਹਰ ਕੀਰਤਨ ਤੇ ਗੁਰੂ ਇਤਿਹਾਸ ਸੰਗਤ ਨੂੰ ਸਰਵਣ ਕਰਵਾ ਕੇ ਗੁਰ ਸ਼ਬਦ ਨਾਲ ਜੋੜਿਆ।
ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਨੂੰ ਸੁੰਦਰ ਫੁੱਲਾਂ ਦੀ ਸਜਾਵਟ ਕਰਕੇ ਸਜਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਰੌਸ਼ਨੀਆਂ ਜਗਾਈਆਂ ਗਈਆਂ। ਸੰਗਤ ਲਈ ਚਾਹ-ਪਕੌੜੇ, ਬੂੰਦੀ, ਸ਼ੱਕਰਪਾਰੇ, ਮੱਠੀਆਂ, ਜਲੇਬੀਆਂ, ਖੀਰ, ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਅਤੁੱਟ ਲੰਗਰ ਵਰਤਾਏ ਗਏ। ਇਸ ਵਾਰ ਕਰੋਨਾ ਵਾਇਰਸ ਕਾਰਨ ਪਹਿਲਾਂ ਦੀ ਤਰ੍ਹਾਂ ਰੌਣਕਾਂ ਨਹੀਂ ਲੱਗ ਸਕੀਆਂ। ਗੁਰਦੁਆਰਾ ਸੁਲਤਾਨਪੁਰ ਲੋਧੀ ਸਾਹਿਬ ਤੋਂ ਇਕ ਦਿਨ ਪਹਿਲਾਂ ਬਰਾਤ ਰੂਪੀ ਨਗਰ ਕੀਰਤਨ ਵੀ ਨਹੀਂ ਪਹੁੰਚਿਆ ਅਤੇ ਇਸ ਵਾਰ ਕੋਰੋਨਾ ਕਾਰਨ ਨਗਰ ਕੀਰਤਨ ਵੀ ਨਹੀਂ ਸਜਾਇਆ ਗਿਆ, ਜਿਸ ਕਰਕੇ ਸੰਗਤ ਵਿਚ ਨਿਰਾਸ਼ਾ ਵੀ ਵੇਖਣ ਨੂੰ ਮਿਲੀ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …