Breaking News
Home / ਪੰਜਾਬ / ਰੇਲ ਹਾਦਸੇ ‘ਚ ਮਾਰੇ ਗਏ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਐਸਜੀਪੀਸੀ ਨੇ ਅਖੰਡ ਸਾਹਿਬ ਦੇ ਭੋਗ ਪਾਏ

ਰੇਲ ਹਾਦਸੇ ‘ਚ ਮਾਰੇ ਗਏ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਐਸਜੀਪੀਸੀ ਨੇ ਅਖੰਡ ਸਾਹਿਬ ਦੇ ਭੋਗ ਪਾਏ

ਦੀਵਾਲੀ ਮੌਕੇ ਸ੍ਰੀ ਹਰਿਮੰਦਰ ਸਾਹਿਬ ‘ਚ ਨਹੀਂ ਹੋਵੇਗੀ ਆਤਿਸਬਾਜ਼ੀ

ਅੰਮ੍ਰਿਤਸਰ/ਬਿਊਰੋ ਨਿਊਜ਼

ਦੁਸਹਿਰੇ ਵਾਲੇ ਦਿਨ ਰੇਲ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਤੇ ਜ਼ਖ਼ਮੀਆਂ ਦੀ ਤੰਦਰੁਸਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਸਨ, ਜਿਨ੍ਹਾਂ ਦੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਭੋਗ ਪਾਏ ਗਏ। ਇਸ ਮੌਕੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਤੇ ਜ਼ਖ਼ਮੀਆਂ ਦੀ ਜਲਦ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ ਘਟਨਾ ਵਾਪਰੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਹਾਦਸੇ ਦੇ ਸੋਗ ਵਜੋਂ ਇਸ ਵਾਰ ਦੀਵਾਲੀ  ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਤਿਸ਼ਬਾਜ਼ੀ ਨਹੀਂ ਕੀਤੀ ਜਾਏਗੀ।

ਇਸ ਤੋਂ ਇਲਾਵਾ ਹਰ ਵਾਰ ਦੀ ਤਰ੍ਹਾਂ ਹੁੰਦੀ ਦੀਪਮਾਲਾ ਵਿੱਚ ਇਸ ਵਾਰ ਬਦਲਾਅ ਕੀਤੇ ਜਾਣਗੇ। ਦੀਪਮਾਲਾ ਸਿਰਫ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਹੀ ਕੀਤੀ ਜਾਏਗੀ। ਬਾਕੀ ਸਾਰੇ ਗੁਰਦੁਆਰਿਆਂ ਵਿੱਚ ਦੀਪਮਾਲਾ ਨਹੀਂ ਹੋਏਗੀ।

 

 

 

ਰੇਲ ਵਿਭਾਗ ਵੱਲੋਂ ਹਾਦਸੇ ਦੀ ਜਾਂਚ ਤੋਂ ਨਾਂਹ

ਅੰਮ੍ਰਿਤਸਰ : ਉੱਤਰੀ ਰੇਲਵੇ ਵਿਭਾਗ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਰੇਲਵੇ ਨੇ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਕਰਾਉਣ ਤੋਂ ਨਾਂਹ ਕਰ ਦਿੱਤੀ ਹੈ। ਇਸੇ ਦੌਰਾਨ ਜੀਆਰਪੀ ਨੇ ਰੇਲ ਲਾਈਨਾਂ ਗ਼ੈਰ ਕਾਨੂੰਨੀ ਢੰਗ ਨਾਲ ਪਾਰ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਫਿਰੋਜ਼ਪੁਰ ਮੰਡਲ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਵਿਵੇਕ ਕੁਮਾਰ ਨੇ ਆਖਿਆ ਕਿ ਰੇਲ ਵਿਭਾਗ ਵੱਲੋਂ ਹਾਦਸੇ ਦੀ ਕੋਈ ਜਾਂਚ ਨਹੀਂ ਕਰਵਾਈ ਜਾ ਰਹੀ। ਉਨ੍ਹਾਂ ਆਖਿਆ ਕਿ ਵੱਡੀ ਗਿਣਤੀ ਵਿੱਚ ਲੋਕ ਰੇਲ ਪੱਟੜੀਆਂ ‘ਤੇ ਖੜ੍ਹੇ ਸਨ, ਜੋ ਕਿ ਗੈਰ ਕਾਨੂੰਨੀ ਢੰਗ ਨਾਲ ਰੇਲਵੇ ਪਟੜੀਆਂ ਨੂੰ ਪਾਰ ਕਰਨ ਦਾ ਮਾਮਲਾ ਹੈ। ਡੀਐੱਮਯੂ ਰੇਲ ਗੱਡੀ ਦੇ ਡਰਾਈਵਰ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਡਰਾਈਵਰ ਦਾ ਕੋਈ ਦੋਸ਼ ਨਹੀਂ ਹੈ। ਡਰਾਈਵਰ ਨੇ ਜਦੋਂ ਰੇਲ ਪੱਟੜੀ ‘ਤੇ ਲੋਕਾਂ ਦੀ ਭੀੜ ਦੇਖੀ ਤਾਂ ਉਸ ਨੇ ਰੇਲ ਗੱਡੀ ਦੀ ਬਰੇਕ ਲਾਈ, ਜਿਸ ਨਾਲ ਉਸ ਦੀ ਰਫ਼ਤਾਰ ਘੱਟ ਕੇ 68 ਕਿਲੋਮੀਟਰ ਪ੍ਰਤੀ ਘੰਟਾ ਆ ਗਈ ਸੀ ਪਰ ਇਸ ਦੌਰਾਨ ਉਹ ਇਸ ਰੇਲ ਹਾਦਸੇ ਨੂੰ ਵਾਪਰਨ ਤੋਂ ਰੋਕਣ ਵਿੱਚ ਅਸਮਰਥ ਸੀ।

ਏਡੀਜੀਪੀ ਸਹੋਤਾ ਕਰਨਗੇ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ

ਜਲੰਧਰ  : ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਅੰਮ੍ਰਿਤਸਰ ਰੇਲ ਹਾਦਸੇ ਸਬੰਧੀ ਏਡੀਜੀਪੀ (ਰੇਲਵੇ) ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਜਾਂਚ ਸੌਂਪੀ ਗਈ ਹੈ। ਡੀਜੀਪੀ ਨੇ ਕਿਹਾ ਕਿ ਕਿਸੇ ਪਾਸੇ ਤੋਂ ਤਾਂ ਅਣਗਹਿਲੀ ਹੋਈ ਹੈ ਅਤੇ ਇਸ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਜਾਂਚ ਦੇ ਹੁਕਮ ਦਿੱਤੇ ਗਏ ਹਨ। ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥਾ ਨੂੰ ਇਸ ਜਾਂਚ ਕਰਕੇ ਚਾਰ ਹਫ਼ਤਿਆਂ ਅੰਦਰ ਰਿਪੋਰਟ ਸੌਂਪਣ ਲਈ ਕਿਹਾ ਹੈ।

ਦੁਸਹਿਰਾ ਮੇਲੇ ਦੇ ਪ੍ਰਬੰਧਕ ਹੋਏ ਰੂਪੋਸ਼

ਅੰਮ੍ਰਿਤਸਰ: ਨਿਗਮ ਕੌਂਸਲਰ ਵਿਜੈ ਮਦਾਨ ਅਤੇ ਉਸ ਦਾ ਪੁੱਤਰ ਤੇ ਦੁਸਹਿਰੇ ਮੇਲੇ ਦਾ ਮੁੱਖ ਪ੍ਰਬੰਧਕ ਸੌਰਭ ਮਦਾਨ ਮਿੱਠੂ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਰੂਪੋਸ਼ ਹੋ ਗਏ ਹਨ। ਪੁਲਿਸ ਅਨੁਸਾਰ ਹਾਦਸੇ ਮਗਰੋਂ ਗੁੱਸੇ ਵਿੱਚ ਆਏ ਲੋਕਾਂ ਨੇ ਮੇਲਾ ਪ੍ਰਬੰਧਕਾਂ ਦੇ ਘਰ ‘ਤੇ ਹਮਲਾ ਕਰ ਦਿੱਤਾ ਤੇ ਪੱਥਰ ਮਾਰ ਕੇ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ।

21 ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਚੈੱਕ ਦਿੱਤੇ

ਅੰਮ੍ਰਿਤਸਰ/ਬਿਊਰੋ ਨਿਊਜ਼ : ਰੇਲ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਮੁਆਵਜ਼ਾ ਰਾਸ਼ੀ, ਜਿਸ ਵਿਚ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਿੱਤੇ ਜਾਣੇ ਹਨ, ਦੇ ਪਹਿਲੇ ਗੇੜ ਵਿਚ ਸੋਮਵਾਰ ਨੂੰ 21 ਪਰਿਵਾਰਾਂ ਨੂੰ ਇਕ ਕਰੋੜ ਪੰਜ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ। ਸਰਕਟ ਹਾਊਸ ਵਿਚ ਮ੍ਰਿਤਕਾਂ ਦੇ ਵਾਰਸਾਂ ਨੂੰ ਗਮਗੀਨ ਮਾਹੌਲ ਵਿਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਮਾਲ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਵਿਧਾਇਕ ਸੁਨੀਲ ਦੱਤੀ ਅਤੇ ਹੋਰ ਅਧਿਕਾਰੀਆਂ ਨੇ ਚੈੱਕ ਭੇਟ ਕੀਤੇ। ਇਸ ਮੌਕੇ ਮਹਿੰਦਰਾ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਤਪਾਲਾਂ ਵਿਚ ਭਰਤੀ ਕਰਵਾਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕ ਮੈਂਬਰਾਂ ਦੇ ਪਰਿਵਾਰਾਂ ਦੀ ਸਾਰ ਲੈਣ ਦਾ ਕੰਮ ਸ਼ੁਰੂ ਕੀਤਾ ਹੈ ਅਤੇ ਲਗਾਤਾਰ ਦੋ ਦਿਨ ਇਸ ਕੰਮ ਵਿਚ ਲਾ ਕੇ ਅਧਿਕਾਰੀਆਂ ਵੱਲੋਂ 21 ਪੀੜਤਾਂ ਦੇ ਵਾਰਸਾਂ ਦੀ ਕਾਨੂੰਨੀ ਤੌਰ ‘ਤੇ ਸ਼ਨਾਖਤ ਕੀਤੀ ਗਈ ਸੀ, ਸੋ ਇਨ੍ਹਾਂ ਪਰਿਵਾਰਾਂ ਨੂੰ ਪ੍ਰਤੀ ਮ੍ਰਿਤਕ ਮੈਂਬਰ 5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ ਦਿੱਤੇ ਹਨ। ਬਾਕੀ ਰਹਿੰਦੇ ਮੈਂਬਰਾਂ ਦੇ ਵਾਰਸਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਵੀ ਚੈੱਕ ਦੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਪੀੜਤ ਪਰਿਵਾਰਾਂ ਦੇ ਦੁੱਖ ਵਿਚ ਹਰ ਵੇਲੇ ਉਨ੍ਹਾਂ ਨਾਲ ਖੜ੍ਹੀ ਹੈ ਅਤੇ ਉਹ ਮੁੱਖ ਮੰਤਰੀ ਦੇ ਹੁਕਮਾਂ ‘ਤੇ ਅੰਮ੍ਰਿਤਸਰ ਰਹਿ ਕੇ ਇਸ ਕੰਮ ਦਾ ਜਾਇਜ਼ਾ ਲੈ ਰਹੇ ਹਨ।

ਉੱਤਰੀ ਰੇਲ ਮਾਰਗਾਂ ਨੇ ਤਿੰਨ ਸਾਲਾਂ ‘ਚ ਨਿਗਲੀਆਂ ਅੱਠ ਹਜ਼ਾਰ ਜਾਨਾਂ

ਬਠਿੰਡਾ : ਅੰਮ੍ਰਿਤਸਰ ਰੇਲ ਹਾਦਸੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉੱਤਰੀ ਸੂਬਿਆਂ ਵਿਚ ਦੇਸ਼ ਭਰ ਵਿਚੋਂ ਸਭ ਤੋਂ ਵੱਧ ਮੌਤਾਂ ਰੇਲ ਮਾਰਗਾਂ ‘ਤੇ ਹੁੰਦੀਆਂ ਹਨ। ਜ਼ਿੰਮੇਵਾਰ ਕੋਈ ਵੀ ਹੋਵੇ, ਪਰ ਰੇਲ ਮਾਰਗ ਆਏ ਦਿਨ ਮੌਤਾਂ ਵੰਡ ਰਹੇ ਹਨ।

ਉੱਤਰੀ ਰੇਲਵੇ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਉੱਤਰੀ ਸੂਬਿਆਂ ਵਿਚਲੇ ਰੇਲ ਮਾਰਗਾਂ ‘ਤੇ ਲੰਘੇ ਤਿੰਨ ਵਰ੍ਹਿਆਂ ਦੌਰਾਨ 7908 ਜਾਨਾਂ ਗਈਆਂ ਹਨ ਤੇ ਇਨ੍ਹਾਂ ਵਿਅਕਤੀਆਂ ਨੂੰ ਰੇਲਾਂ ਨੇ ਸਿੱਧੇ ਤੌਰ ‘ਤੇ ਕੁਚਲਿਆ ਹੈ। ਜਿਹੜੀ ਮੌਤਾਂ ਰੇਲਾਂ ਦੀ ਸਿੱਧੀ ਟੱਕਰ ਜਾਂ ਪਟੜੀ ਤੋਂ ਉੱਤਰਨ ਨਾਲ ਹੁੰਦੀਆਂ ਹਨ, ਉਹ ਵੱਖਰੀਆਂ ਹਨ। ਰੇਲ ਮੰਤਰਾਲੇ ਅਨੁਸਾਰ ਉੱਤਰੀ ਸੂਬਿਆਂ ਦੇ ਰੇਲ ਮਾਰਗਾਂ ‘ਤੇ ਸਾਲ 2017 ਵਿਚ 2455 ਵਿਅਕਤੀ ਕੁਚਲੇ ਗਏ ਹਨ ਅਤੇ ਸਾਲ 2016 ਵਿਚ 2753 ਵਿਅਕਤੀ ਜਾਨ ਤੋਂ ਹੱਥ ਧੋ ਬੈਠੇ ਹਨ। ਸਾਲ 2015 ਵਿਚ ਇਨ੍ਹਾਂ ਮੌਤਾਂ ਦੀ ਗਿਣਤੀ 2700 ਰਹੀ ਹੈ। ਪੂਰੇ ਮੁਲਕ ਵਿਚ ਲੰਘੇ ਤਿੰਨ ਵਰ੍ਹਿਆਂ ਦੌਰਾਨ 49,790 ਵਿਅਕਤੀਆਂ ਦੀ ਮੌਤ ਰੇਲ ਗੱਡੀਆਂ ਹੇਠਾਂ ਆਉਣ ਨਾਲ ਹੋਈ ਹੈ। ਰੇਲਵੇ ਦਾ ਕੋਈ ਜ਼ੋਨ ਵੀ ਅਜਿਹਾ ਨਹੀਂ ਹੈ, ਜਿੱਥੇ ਉੱਤਰੀ ਜ਼ੋਨ ਤੋਂ ਵੱਧ ਲੋਕ ਰੇਲ ਮਾਰਗਾਂ ‘ਤੇ ਜ਼ਿੰਦਗੀ ਤੋਂ ਜੁਦਾ ਹੋਏ ਹੋਣ। ਬਹੁਤੇ ਹਾਦਸੇ ਘੋਨੇ ਫਾਟਕਾਂ ‘ਤੇ ਵਾਪਰ ਜਾਂਦੇ ਹਨ, ਜਿੱਥੇ ਟਰੇਨ ਸਭ ਕੁਝ ਧੂਹ ਲਿਜਾਂਦੀ ਹੈ। ਕਈ ਅਜਿਹੇ ਕੇਸ ਵੀ ਆਏ ਹਨ, ਜਿਨ੍ਹਾਂ ਵਿਚ ਵਿਅਕਤੀ ਮੋਬਾਈਲ ‘ਤੇ ਕਾਲ ਸੁਣਦੇ ਹੋਏ ਰੇਲ ਹੇਠ ਆ ਗਏ ਹੋਣ।

ਰੇਲ ਮੰਤਰਾਲੇ ਦਾ ਆਖਣਾ ਹੈ ਕਿ ਰੇਲਵੇ ਸਟੇਸ਼ਨਾਂ ‘ਤੇ ਸਪੀਕਰਾਂ ਰਾਹੀਂ ਯਾਤਰੀਆਂ ਨੂੰ ਸੁਚੇਤ ਕੀਤਾ ਜਾਂਦਾ ਹੈ। ਯਾਤਰੀਆਂ ਦੀ ਸੁਰੱਖਿਆ ਲਈ ਮੁਹਿੰਮਾਂ ਵੀ ਵਿੱਢੀਆਂ ਜਾਂਦੀਆਂ ਹਨ। ਸੰਵੇਦਨਸ਼ੀਲ ਥਾਵਾਂ ‘ਤੇ ਰੇਲ ਮਾਰਗਾਂ ਨਾਲ ਆਬਾਦੀ ਵਾਲੀ ਜਗ੍ਹਾ ਵਿਚ ਕੰਧਾਂ ਬਣਾ ਦਿੱਤੀਆਂ ਜਾਂਦੀਆਂ ਹਨ ਜਾਂ ਵਾੜ ਕੀਤੀ ਜਾਂਦੀ ਹੈ। ਦੇਸ਼ ਵਿਚ ਸਾਲ 2017-18 ਦੌਰਾਨ 73 ਰੇਲ ਹਾਦਸੇ ਵਾਪਰੇ ਹਨ, ਜਿਨ੍ਹਾਂ ਦੀ ਗਿਣਤੀ 2016-17 ਵਿਚ 104 ਸੀ। ਕੋਈ ਵਰ੍ਹਾ ਅਜਿਹਾ ਨਹੀਂ, ਜਦੋਂ ਰੇਲ ਹਾਦਸਿਆਂ ਦਾ ਅੰਕੜਾ ਇੱਕ ਸੌ ਤੋਂ ਨਾ ਟੱਪਿਆ ਹੋਵੇ। ਰੇਲ ਮਾਰਗਾਂ ਦੇ ਨੈੱਟਵਰਕ ਵਿਚ ਮਾਲਵਾ ਖਿੱਤਾ ਬਹੁਤਾ ਅੱਗੇ ਨਹੀਂ ਹੈ, ਏਨਾ ਜ਼ਰੂਰ ਹੈ ਕਿ ਬਠਿੰਡਾ ਜੰਕਸ਼ਨ ਬਹੁਤ ਵੱਡਾ ਹੈ। ਭਾਵੇਂ ਕੇਂਦਰ ਨੇ ਹੁਣ ਘੋਨੇ ਫਾਟਕਾਂ ਦਾ ਸਿਰ ਢਕਣਾ ਸ਼ੁਰੂ ਕੀਤਾ ਹੈ, ਪਰ ਫਿਰ ਵੀ ਇਨ੍ਹਾਂ ਦੀ ਗਿਣਤੀ ਵੱਡੀ ਹੈ। ਨਾਗਰਿਕ ਚੇਤਨਾ ਮੰਚ ਦੇ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਰੇਲ ਮੰਤਰਾਲੇ ਨੂੰ ਸਭ ਤੋਂ ਵੱਧ ਯਾਤਰੀਆਂ ਦੀ ਸੁਰੱਖਿਆ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਬੁਲੇਟ ਟਰੇਨ ਪ੍ਰੋਜੈਕਟਾਂ ਦੀ ਥਾਂ ‘ਤੇ ਆਮ ਰੇਲ ਸੇਵਾ ਅਤੇ ਉਸ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ।

 

 

ਰੇਲ ਹਾਦਸੇ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਖਿਲਾਫ ਹੋਵੇਗੀ ਸਖਤ ਕਾਰਵਾਈ

ਕੈਪਟਨ ਅਮਰਿੰਦਰ ਦਾ ਇਜ਼ਰਾਈਲ ਤੋਂ ਸੁਨੇਹਾ

ਨਵੀਂ ਦਿੱਲੀ/ਬਿਊਰੋ ਨਿਊਜ਼  :  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨਗੇ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਚ ਵਾਪਰੇ ਇਸ ਦਰਦਨਾਕ ਰੇਲ ਹਾਦਸੇ ਵਿਚ 66 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ, ਜੋ ਕਿ ਇਸ ਵੇਲੇ ਆਪਣੀ ਪੰਜ ਦਿਨਾਂ ਇਜ਼ਰਾਇਲ ਯਾਤਰਾ ‘ਤੇ ਹਨ, ਨੇ ਕਿਹਾ ਕਿ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਚੱਲ ਰਹੀ ਹੈ ਤੇ ਜਾਂਚ ਪੁਰੀ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਸ ਹਾਦਸੇ ਪਿੱਛੇ ਕੌਣ ਜ਼ਿੰਮੇਵਾਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਜ਼ਰਾਇਲ ਆਉਣ ਤੋਂ ਬਾਅਦ ਵੀ ਮੈਂ ਆਪਣੀ ਕੈਬਨਿਟ ਦੇ ਮੰਤਰੀਆਂ ਨਾਲ ਸੰਪਰਕ ਵਿਚ ਹਾਂ ਤੇ ਮੈਨੂੰ ਰੋਜ਼ਾਨਾ ਦੀ ਰਿਪੋਰਟ ਮਿਲ ਰਹੀ ਹੈ। ਧਿਆਨ ਰਹੇ ਕਿ ਇਸ ਹਾਦਸੇ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਕੈਪਟਨ ਦੇ ਇਜ਼ਰਾਇਲ ਦੌਰੇ ਦੀ ਨਿੰਦਾ ਕੀਤੀ ਸੀ।

 

 

 

Check Also

ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਈਡੀ ਨੇ 10 ਕਰੋੜ ਰੁਪਏ ਤੋਂ ਵੀ ਵੱਧ ਕੀਤੇ ਬਰਾਮਦ

ਭਾਜਪਾ ਕਹਿੰਦੀ : ਚੰਨੀ ਕਰਦਾ ਨੋਟਾਂ ਨਾਲ ਮਸਲੇ ਹੱਲ ਚੰਡੀਗੜ੍ਹ/ਬਿੳੂਰੋ ਨਿੳੂਜ਼ ਨਜਾਇਜ਼ ਰੇਤ ਮਾਈਨਿੰਗ ਦੇ …