Home / ਸੰਪਾਦਕੀ / ਤੀਜੀ ਸੰਸਾਰ ਜੰਗ ਵੱਲ ਵਧਣ ਲੱਗੇ ਹਾਲਾਤ

ਤੀਜੀ ਸੰਸਾਰ ਜੰਗ ਵੱਲ ਵਧਣ ਲੱਗੇ ਹਾਲਾਤ

1991 ਤੋਂ ਪਹਿਲਾਂ ਸੋਵੀਅਤ ਯੂਨੀਅਨ ਦਾ ਹਿੱਸਾ ਰਹੇ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਿਹਾ ਵਿਵਾਦ ਸਖਤ ਤਣਾਅ ਵਿਚ ਬਦਲਣ ਤੋਂ ਬਾਅਦ ਆਪਸੀ ਜੰਗ ਦਾ ਰੂਪ ਲੈਂਦਾ ਜਾਪਦਾ ਹੈ। ਇਹ ਜੰਗ ਦੋਵਾਂ ਮੁਲਕਾਂ ਵਿਚਕਾਰ ਹੀ ਨਹੀਂ ਸਗੋਂ ਇਸ ਦੇ ਹੋਰ ਵੀ ਵਿਸ਼ਾਲ ਰੂਪ ਧਾਰਨ ਕਰਨ ਦੀ ਸੰਭਾਵਨਾ ਬਣ ਗਈ ਹੈ, ਜਿਸ ਦੇ ਦੁਨੀਆ ਲਈ ਬੇਹੱਦ ਖਤਰਨਾਕ ਨਤੀਜੇ ਨਿਕਲਣਗੇ। ਇਸ ਦੇ ਅਸਰ ਤੋਂ ਸਮੁੱਚੀ ਦੁਨੀਆ ਬਚ ਨਹੀਂ ਸਕੇਗੀ। ਭਾਰਤ ਨੇ ਤੁਰੰਤ ਯੂਕਰੇਨ ਵਿਚ ਜਹਾਜ਼ ਭੇਜ ਕੇ ਆਪਣੇ ਸੈਂਕੜੇ ਹੀ ਨਾਗਰਿਕਾਂ ਨੂੰ ਉਥੋਂ ਕੱਢਣਾ ਸ਼ੁਰੂ ਕਰ ਦਿੱਤਾ ਹੈ। ਯੂਕਰੇਨ ਵਿਚ ਇਸ ਸਮੇਂ 20,000 ਦੇ ਲਗਭਗ ਭਾਰਤੀ ਨਾਗਰਿਕ ਹਨ। 1990 ਵਿਚ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਮੁੱਖ ਦੇਸ਼ ਰੂਸ ਤੋਂ 12 ਦੇਸ ਵੱਖ ਹੋ ਕੇ ਆਜ਼ਾਦ ਰੂਪ ਵਿਚ ਵਿਚਰਨ ਲੱਗੇ ਸਨ। ਉਸ ਸਮੇਂ ਵੀ ਸੋਵੀਅਤ ਆਗੂਆਂ ਨੇ ਇਕ ਸਮਝੌਤੇ ਤਹਿਤ ਅਮਰੀਕਾ ਅਤੇ ਇਸ ਦੇ ਯੂਰਪੀਨ ਭਾਈਵਾਲਾਂ ਤੋਂ ਇਹ ਅਹਿਦ ਲਿਆ ਸੀ ਕਿ ਉਹ ਵੱਖ ਹੋਏ ਇਨ੍ਹਾਂ ਪੂਰਬੀ ਦੇਸ਼ਾਂ ਵਿਚ ਆਪਣੀ ਦਖਲਅੰਦਾਜ਼ੀ ਨਹੀਂ ਵਧਾਉਣਗੇ।
ਸਮਾਂ ਬੀਤਦਾ ਗਿਆ, ਹਾਲਾਤ ਬਦਲਦੇ ਗਏ। ਪੱਛਮੀ ਯੂਰਪ ਦੇ ਦੇਸ਼ਾਂ ਨੇ ਕਦੇ ਸੋਵੀਅਤ ਯੂਨੀਅਨ ਦਾ ਹਿੱਸਾ ਰਹੇ ਪੂਰਬੀ ਦੇਸ਼ਾਂ ਨਾਲ ਆਪਣਾ ਮੇਲ-ਜੋਲ ਅਤੇ ਮਿਲਵਰਤਣ ਪੂਰੀ ਤਰ੍ਹਾਂ ਵਧਾ ਲਿਆ। ਬਰਲਿਨ ਦੀ ਦੀਵਾਰ ਟੁੱਟ ਗਈ। ਹੋਂਦ ਵਿਚ ਆਈ ਯੂਰਪੀਨ ਯੂਨੀਅਨ ਯੂਰਪ ਦੇ ਇਨ੍ਹਾਂ ਪੂਰਬੀ ਦੇਸ਼ਾਂ ਨਾਲ ਗੱਠਜੋੜ ਬਣਾਉਣ ਲੱਗੀ। ਅਮਰੀਕਾ ਦੀ ਅਗਵਾਈ ਵਾਲੇ ਨਾਟੋ ਦੇਸ਼ਾਂ ਦੇ ਫੌਜੀ ਸੰਗਠਨ ਨੇ ਵੀ ਇਨ੍ਹਾਂ ਪੂਰਬੀ ਦੇਸ਼ਾਂ ਵੱਲ ਆਪਣੇ ਕਦਮ ਵਧਾ ਲਏ। ਇਹ ਕਦਮ ਵਧਦੇ-ਵਧਦੇ ਯੂਕਰੇਨ ਤੱਕ ਪਹੁੰਚ ਗਏ ਜੋ ਐਨ ਰੂਸ ਦਾ ਗੁਆਂਢੀ ਹੈ ਅਤੇ ਜਿਸ ਦੇ ਪ੍ਰਾਂਤਾਂ ਲੁਹਾਂਸਕ ਅਤੇ ਡੋਨੇਤਸਕ ਇਲਾਕਿਆਂ ਵਿਚ ਰੂਸ ਪੱਖੀ ਬਾਗੀਆਂ ਤੇ ਯੂਕਰੇਨ ਦੀ ਸਰਕਾਰ ਵਿਚਕਾਰ ਪਹਿਲਾਂ ਹੀ ਲੜਾਈ ਚੱਲ ਰਹੀ ਹੈ। ਇਨ੍ਹਾਂ ਇਲਾਕਿਆਂ ਵਿਚ ਰੂਸੀ ਮੂਲ ਦੇ ਅਤੇ ਰੂਸੀ ਜ਼ੁਬਾਨ ਬੋਲਣ ਵਾਲੇ ਲੋਕ ਬਹੁਗਿਣਤੀ ਵਿਚ ਰਹਿੰਦੇ ਹਨ। ਯੂਕਰੇਨ ਦੀ ਇਸ ਅੰਦਰੂਨੀ ਲੜਾਈ ਵਿਚ ਹੁਣ ਤੱਕ 14,000 ਤੋਂ ਵੀ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ। 8 ਸਾਲ ਤੋਂ ਚਲਦੇ ਇਸ ਸੰਘਰਸ਼ ਵਿਚ ਰੂਸ ਆਪਣੇ ਨਾਲ ਲਗਦੇ ਇਨ੍ਹਾਂ ਇਲਾਕਿਆਂ ਦੇ ਯੂਕਰੇਨ ਸਰਕਾਰ ਦੇ ਵਿਰੋਧੀਆਂ ਦੀ ਮਦਦ ਕਰਦਾ ਰਿਹਾ ਹੈ। ਅੱਜ ਵੀ ਜਿਥੇ ਸਾਬਕਾ ਸੋਵੀਅਤ ਯੂਨੀਅਨ ਦੇ ਨਾਲ ਰਹੇ ਦੇਸ ਵੱਡੀ ਹੱਦ ਤੱਕ ਰੂਸ ਨਾਲ ਖੜ੍ਹੇ ਹਨ, ਉਥੇ ਉਨ੍ਹਾਂ ਵਿਚੋਂ ਕੁਝ ਦੇਸ਼ ਅਮਰੀਕਾ ਅਤੇ ਯੂਰਪੀਨ ਯੂਨੀਅਨ ਦੇ ਸੰਗਠਨਾਂ ਵੱਲ ਵੀ ਚਲੇ ਗਏ ਹਨ। ਯੂਕਰੇਨ ਦੀ ਸਰਕਾਰ ਦਾ ਝੁਕਾਅ ਵੀ ਨਾਟੋ ਅਤੇ ਯੂਰਪੀਨ ਯੂਨੀਅਨ ਵੱਲ ਰਿਹਾ ਹੈ। ਇਥੋਂ ਤੱਕ ਕਿ ਯੂਕਰੇਨ ਦੀ ਅੰਦਰੂਨੀ ਲੜਾਈ ਵਿਚ ਨਾਟੋ ਸੰਗਠਨ ਹਥਿਆਰਾਂ ਅਤੇ ਹੋਰ ਸਾਮਾਨ ਨਾਲ ਯੂਕਰੇਨ ਦੀ ਮਦਦ ਕਰਦਾ ਰਿਹਾ ਹੈ। ਰੂਸ ਨੂੰ ਹਮੇਸ਼ਾ ਇਹ ਇਤਰਾਜ ਰਿਹਾ ਹੈ ਕਿ ਉਹ ਆਪਣੇ ਗੁਆਂਢੀ ਦੇਸ਼ ਯੂਕਰੇਨ ਵਿਚ ਨਾਟੋ ਦੀ ਹਥਿਆਰਾਂ ਰਾਹੀਂ ਦਖਲਬੰਦੀ ਨੂੰ ਬਰਦਾਸ਼ਤ ਨਹੀਂ ਕਰੇਗਾ। ਚਾਹੇ ਅਮਰੀਕਾ, ਜਰਮਨੀ ਅਤੇ ਫਰਾਂਸ ਵਰਗੇ ਦੇਸ਼ ਪੈਦਾ ਹੋਏ ਇਸ ਝਗੜੇ ਵਿਚ ਰੂਸ ਨਾਲ ਗੱਲਬਾਤ ਕਰਦੇ ਰਹੇ ਹਨ ਪਰ ਉਹ ਰੂਸ ਦੀ ਇਹ ਮੰਗ ਕਿ ਯੂਕਰੇਨ ਨਾਟੋ ਸੰਗਠਨ ਵਿਚ ਸ਼ਾਮਿਲ ਨਾ ਹੋਵੇ, ਦੀ ਗੱਲ ਮੰਨਣ ਤੋਂ ਇਨਕਾਰ ਕਰਦੇ ਰਹੇ ਹਨ। ਹੁਣ ਯੂਕਰੇਨ ਦੇ ਦੋ ਪ੍ਰਾਂਤਾਂ ਡੋਨੇਤਸਕ ਅਤੇ ਲੁਹਾਂਸਕ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦੇਣ ਦੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਐਲਾਨ ਤੋਂ ਬਾਅਦ ਉਥੇ ਰੂਸ ਦੀਆਂ ਫੌਜਾਂ ਦੇ ਦਾਖਲ ਹੋਣ ਨਾਲ ਯੂਕਰੇਨ ਨਾਲ ਸਿੱਧੀ ਲੜਾਈ ਹੋਣ ਦੇ ਆਸਾਰ ਨਜ਼ਰ ਆਉਣ ਲੱਗੇ ਹਨ।
ਇਸ ਸੰਬੰਧੀ ਅਮਰੀਕਾ ਅਤੇ ਪੱਛਮੀ ਯੂਰਪ ਦੇ ਬਹੁਤੇ ਮੁਲਕਾਂ ਨੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਰੂਸ ‘ਤੇ ਬਹੁਤ ਸਾਰੀਆਂ ਪਾਬੰਦੀਆਂ ਲਾਉਣ ਦਾ ਐਲਾਨ ਕਰ ਦਿੱਤਾ ਹੈ। ਜਿਥੇ ਜਾਪਾਨ ਨੇ ਪੱਛਮੀ ਦੇਸ਼ਾਂ ਦੀ ਹਾਮੀ ਭਰੀ ਹੈ, ਉਥੇ ਚੀਨ ਨੇ ਰੂਸ ਨਾਲ ਖੜ੍ਹੇ ਹੋਣ ਦਾ ਬਿਆਨ ਦਿੱਤਾ ਹੈ। ਭਾਰਤ ਨੇ ਵੀ ਪੁਰਾਣੇ ਸਮਝੌਤਿਆਂ ਦਾ ਜ਼ਿਕਰ ਕਰਦੇ ਹੋਏ ਆਪਸੀ ਗੱਲਬਾਤ ਰਾਹੀਂ ਇਸ ਬੇਹੱਦ ਗੰਭੀਰ ਹੋ ਚੁੱਕੇ ਮਸਲੇ ਦਾ ਹੱਲ ਕੱਢਣ ਦੀ ਗੱਲ ਆਖੀ ਹੈ। ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਤਾਂ ਇਹ ਵੀ ਕਹਿ ਦਿੱਤਾ ਹੈ ਕਿ ਇਸ ਸੰਕਟ ਦੇ ਵਧਣ ਨਾਲ ਤੇਲ ਦੀਆਂ ਕੀਮਤਾਂ ਏਨੀਆਂ ਵਧ ਜਾਣਗੀਆਂ ਕਿ ਇਸ ਦਾ ਮੰਦਾ ਅਸਰ ਭਾਰਤ ਦੀ ਆਰਥਿਕਤਾ ‘ਤੇ ਪਵੇਗਾ।
ਰੂਸ ਦੇ ਇਨ੍ਹਾਂ ਇਲਾਕਿਆਂ ਵਿਚ ਫ਼ੌਜੀ ਦਸਤੇ ਭੇਜਣ ਦੇ ਫ਼ੈਸਲੇ ਨੂੰ ਅਮਰੀਕਾ, ਇੰਗਲੈਂਡ ਅਤੇ ਪੱਛਮੀ ਯੂਰੋਪ ਦੇ ਹੋਰ ਦੇਸ਼ ਯੂਕਰੇਨ ਦੇ ਹਮਲੇ ਦੀ ਸ਼ੁਰੂਆਤ ਮੰਨ ਰਹੇ ਹਨ। ਸੋਮਵਾਰ ਰਾਤ ਸੰਯੁਕਤ ਰਾਸ਼ਟਰ ਦੀ ਸਕਿਉਰਿਟੀ ਕੌਂਸਲ ਦੀ ਮੀਟਿੰਗ ਵਿਚ ਜ਼ਿਆਦਾਤਰ ਮੈਂਬਰਾਂ ਨੇ ਰੂਸ ਦੀ ਕਾਰਵਾਈ ਦੀ ਨਿੰਦਾ ਕੀਤੀ। ਇਹ ਮੀਟਿੰਗ ਅਮਰੀਕਾ, ਯੂਰਪੀ ਦੇਸ਼ਾਂ ਅਤੇ ਮੈਕਸੀਕੋ ਦੇ ਸੱਦੇ ‘ਤੇ ਬੁਲਾਈ ਗਈ ਸੀ। ਚੀਨ ਨੇ ਵੀ ਮਸਲੇ ਨੂੰ ਸਫ਼ਾਰਤੀ ਪੱਧਰ ‘ਤੇ ਹੱਲ ਕਰਨ ਲਈ ਕਿਹਾ। 2014 ਤੋਂ ਇਨ੍ਹਾਂ ਖੇਤਰਾਂ ਵਿਚ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੇ ਝਗੜੇ ਕਾਰਨ 14,000 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਸੰਯੁਕਤ ਰਾਸ਼ਟਰ ਦੀਆਂ ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਰਿਪੋਰਟਾਂ ਵਿਚ ਇਨ੍ਹਾਂ ਖੇਤਰਾਂ ਨੂੰ ਮਨੁੱਖੀ ਅਧਿਕਾਰਾਂ ਦੀ ਵੱਡੇ ਪੱਧਰ ‘ਤੇ ਉਲੰਘਣਾ ਕਰਨ ਵਾਲੇ ਖੇਤਰ ਮੰਨਿਆ ਗਿਆ ਹੈ।
ਯੂਰੋਪ ਵਿਚ 16ਵੀਂ-17ਵੀਂ ਸਦੀ ਤੋਂ ਪੈਦਾ ਹੋਏ ਰਾਸ਼ਟਰਵਾਦ ਦੇ ਵਰਤਾਰੇ ਨੇ ਜਿੱਥੇ ਲੋਕਾਂ ਵਿਚ ਸਥਾਨਿਕਤਾ ਅਤੇ ਭਾਸ਼ਾਵਾਂ ਦੇ ਗੌਰਵ ਨੂੰ ਮਾਨਤਾ ਦਿੰਦਿਆਂ ਵੱਖ ਵੱਖ ਖੇਤਰਾਂ ਵਿਚ ਕੌਮੀ ਭਾਵਨਾਵਾਂ ਵਧਾਈਆਂ ਅਤੇ ਭਾਸ਼ਾਵਾਂ ਤੇ ਕੌਮੀਅਤ ਦੇ ਆਧਾਰ ‘ਤੇ ਦੇਸ਼ਾਂ ਦੀ ਸਥਾਪਨਾ ਹੋਈ, ਉੱਥੇ ਕੁਝ ਖੇਤਰਾਂ ਵਿਚ ਵੱਡੀਆਂ ਸਮੱਸਿਆਵਾਂ ਪੈਦਾ ਹੋਈਆਂ। ਉਦਾਹਰਨ ਦੇ ਤੌਰ ‘ਤੇ ਲੁਹਾਂਸਕ ਤੇ ਡੋਨੇਤਸਕ ਖੇਤਰਾਂ ਵਿਚ ਮੁੱਖ ਭਾਸ਼ਾ ਰੂਸੀ ਹੈ। ਡੋਨੇਤਸਕ ਵਿਚ ਯੂਕਰੇਨ ਮੂਲ ਦੇ 56 ਫ਼ੀਸਦੀ ਅਤੇ ਰੂਸੀ ਮੂਲ ਦੇ 38 ਫ਼ੀਸਦੀ ਲੋਕ ਹਨ ਪਰ ਅੱਧੇ ਤੋਂ ਜ਼ਿਆਦਾ ਯੂਕਰੇਨੀ ਵੀ ਰੂਸੀ ਨੂੰ ਆਪਣੀ ਮਾਂ-ਬੋਲੀ ਮੰਨਦੇ ਹਨ। ਡੋਨੇਤਸਕ ਵਿਚ 49 ਫ਼ੀਸਦੀ ਲੋਕ ਯੂਕਰੇਨੀ ਮੂਲ ਦੇ ਹਨ ਅਤੇ 47 ਫ਼ੀਸਦੀ ਰੂਸੀ ਮੂਲ ਦੇ ਪਰ ਕੁੱਲ ਵਸੋਂ ਦੇ 85 ਫ਼ੀਸਦੀ ਲੋਕ ਰੂਸੀ ਬੋਲਦੇ ਹਨ; ਸਿਰਫ਼ 13 ਫ਼ੀਸਦੀ ਲੋਕ ਯੂਕਰੇਨੀ ਬੋਲਦੇ ਹਨ। ਇਸ ਤਰ੍ਹਾਂ ਇਨ੍ਹਾਂ ਇਲਾਕਿਆਂ ਵਿਚ ਕੌਮੀਅਤਾਂ ਅਤੇ ਭਾਸ਼ਾਵਾਂ ਦੇ ਮਸਲੇ ਬਹੁਤ ਜਟਿਲ ਸਨ। ਆਦਰਸ਼ਕ ਰੂਪ ਵਿਚ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਰੂਸ ਅਤੇ ਯੂਕਰੇਨ ਨੂੰ ਇਹ ਮਸਲਾ ਆਪਸੀ ਸੰਵਾਦ ਰਾਹੀਂ ਹੱਲ ਕਰ ਲੈਣਾ ਚਾਹੀਦਾ ਸੀ ਪਰ ਇੰਝ ਹੋਣਾ ਮੁਮਕਿਨ ਨਹੀਂ। ਪੱਛਮੀ ਤਾਕਤਾਂ ਨਾਟੋ ਰਾਹੀਂ ਯੂਕਰੇਨ ‘ਤੇ ਆਪਣਾ ਪ੍ਰਭਾਵ ਬਣਾਈ ਰੱਖਣਾ ਚਾਹੁੰਦੀਆਂ ਹਨ ਜੋ ਰੂਸ ਨੂੰ ਮਨਜ਼ੂਰ ਨਹੀਂ। ਕੌਮਾਂਤਰੀ ਮਾਮਲਿਆਂ ਵਿਚ ਅਮਲ ਦੀ ਪੱਧਰ ‘ਤੇ ਤਾਕਤਾਂ ਦਾ ਸਮਤੋਲ ਨੈਤਿਕਤਾ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ। ਪੱਛਮੀ ਤਾਕਤਾਂ ਦੇ ਰੂਸ ਦੀ ਸ਼ਕਤੀ ਘਟਣ ਬਾਰੇ ਅੰਦਾਜ਼ੇ ਗ਼ਲਤ ਨਿਕਲੇ ਹਨ। ਕੌਮਾਂਤਰੀ ਸਬੰਧਾਂ ਵਿਚ ਵੱਡੇ ਦੇਸ਼ਾਂ ਦੀ ਤਾਕਤ ਅਤੇ ਖੇਤਰੀ ਪ੍ਰਭਾਵ ਦੀ ਧਾਰਨਾ ਨੂੰ ਮਾਨਤਾ ਦਿੱਤੀ ਜਾਂਦੀ ਹੈ ਅਤੇ ਇਸ ਆਧਾਰ ‘ਤੇ ਪੱਛਮੀ ਤਾਕਤਾਂ ਨੂੰ ਪੂਰਬੀ ਯੂਰੋਪ ਅਤੇ ਯੂਕਰੇਨ ਵਿਚ ਆਪਣਾ ਫ਼ੌਜੀ ਪ੍ਰਭਾਵ ਫੈਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਹੁਣ ਅਮਰੀਕਾ, ਇੰਗਲੈਂਡ ਅਤੇ ਹੋਰ ਪੱਛਮੀ ਦੇਸ਼ ਰੂਸ ਖ਼ਿਲਾਫ਼ ਆਰਥਿਕ ਬੰਦਿਸ਼ਾਂ ਲਗਾਉਣ ਦਾ ਐਲਾਨ ਕਰ ਰਹੇ ਹਨ। ਇਸ ਖੇਤਰ ਵਿਚ ਤਣਾਉ ਘਟਾਉਣ ਲਈ ਪੱਛਮੀ ਤਾਕਤਾਂ ਨੂੰ ਰੂਸ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਪਿਛਲੀਆਂ ਸਦੀਆਂ ਦੋ ਸੰਸਾਰ ਯੁੱਧ ਵੇਖ ਅਤੇ ਹੰਢਾਅ ਚੁੱਕੀਆਂ ਹਨ। ਉਨ੍ਹਾਂ ਵਿਚ ਹੋਈ ਵੱਡੀ ਤਬਾਹੀ ਦੀ ਯਾਦ ਅੱਜ ਵੀ ਤਾਜ਼ਾ ਹੈ ਪਰ ਕੋਈ ਸੰਭਾਵੀ ਤੀਸਰਾ ਸੰਸਾਰ ਯੁੱਧ ਦੁਨੀਆ ਭਰ ਲਈ ਪਹਿਲਾਂ ਨਾਲੋਂ ਵੀ ਵੱਧ ਤਬਾਹੀ ਦਾ ਕਾਰਨ ਬਣ ਸਕਦਾ ਹੈ, ਜਿਸ ਨੂੰ ਹਰ ਹੀਲੇ ਰੋਕਿਆ ਜਾਣਾ ਚਾਹੀਦਾ ਹੈ।

Check Also

ਡੋਨਾਲਡ ਟਰੰਪ ਦੀ ਅਮਰੀਕਾ ‘ਚ ਮੁੜ ਆਮਦ

20 ਜਨਵਰੀ 2025 ਨੂੰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ …