Breaking News
Home / ਸੰਪਾਦਕੀ / ਭਾਰਤ ‘ਚ ਭਾਜਪਾ ਦਾ ਵੱਧ ਰਿਹਾ ਵਿਸਥਾਰ!

ਭਾਰਤ ‘ਚ ਭਾਜਪਾ ਦਾ ਵੱਧ ਰਿਹਾ ਵਿਸਥਾਰ!

ਪਿਛਲੇ ਦਿਨੀਂ ਤਿੰਨ ਉੱਤਰ-ਪੂਰਬੀ ਸੂਬਿਆਂ ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ਵਿਚ ਹੋਈਆਂ ਸੂਬਾਈ ਚੋਣਾਂ ਦੇ ਨਤੀਜਿਆਂ ਨੇ ਭਾਰਤ ਦੀ ਕੇਂਦਰੀ ਭਾਜਪਾ ਸਰਕਾਰ ਲਈ ਦੇਸ਼ ਨੂੰ ਭਗਵੇਂ ਵਿਚ ਰੰਗਣ ਦੇ ਮਨਸੂਬਿਆਂ ਦਾ ਰਾਹ ਪੱਧਰਾ ਕਰ ਦਿੱਤਾ ਹੈ। ਤ੍ਰਿਪੁਰਾ ਵਿਚ 25 ਸਾਲਾਂ ਦੇ ਖੱਬੇ-ਪੱਖੀਆਂ ਦੇ ਸ਼ਾਸਨ ਦਾ ਕਿਲ੍ਹਾ ਢਹਿਢੇਰੀ ਹੋ ਗਿਆ ਅਤੇ ਭਾਜਪਾ ਪੂਰਨ ਬਹੁਮਤ ਵਿਚ ਆ ਗਈ ਹੈ। ਮੇਘਾਲਿਆ ਵਿਚ ਭਾਵੇਂ ਭਾਜਪਾ ਨੂੰ ਸਿਰਫ਼ 2 ਸੀਟਾਂ ‘ਤੇ ਹੀ ਜਿੱਤ ਹਾਸਲ ਹੋਈ ਹੈ ਪਰ ਭਾਜਪਾ ਨੇ ਨੈਸ਼ਨਲ ਪੀਪਲਜ਼ ਪਾਰਟੀ ਨਾਲ ਗਠਜੋੜ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਕੇ ਕਾਂਗਰਸ ਲਈ ਸੱਤਾ ‘ਚ ਆਉਣ ਦਾ ਰਾਹ ਰੋਕ ਦਿੱਤਾ ਹੈ। ਇਸੇ ਤਰ੍ਹਾਂ ਨਾਗਾਲੈਂਡ ਵਿਚ ਵੀ ਭਾਜਪਾ ਨੇ ਆਪਣਾ ਵਿਸਥਾਰ ਕੀਤਾ ਹੈ। ਹਾਲਾਂਕਿ ਉਪਰੋਕਤ ਤਿੰਨਾਂ ਸੂਬਿਆਂ ਦੀ ਲੋਕ ਸਭਾ ਜਾਂ ਰਾਜ ਸਭਾ ਅੰਦਰ ਭਾਜਪਾ ਦੀ ਨੁਮਾਇੰਦਗੀ ਨਾ-ਮਾਤਰ ਹੈ, ਫਿਰ ਵੀ ਭਾਜਪਾ ਹੁਣ ਇਹ ਦਾਅਵਾ ਕਰਨ ਦੀ ਸਥਿਤੀ ਵਿਚ ਆ ਗਈ ਹੈ ਕਿ ਦੱਖਣ ਦੇ ਦੋ ਰਾਜਾਂ ਤਾਮਿਲਨਾਡੂ ਤੇ ਕੇਰਲਾ ਨੂੰ ਛੱਡ ਕੇ ਬਾਕੀ ਸਾਰੇ ਦੇਸ਼ ‘ਚ ਉਸ ਦਾ ਰਾਜਸੀ ਬੋਲਬਾਲਾ ਹੈ।
ਤ੍ਰਿਪੁਰਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਕਾਫ਼ੀ ਦਿਲਚਸਪ ਅਤੇ ਅਹਿਮੀਅਤ ਰੱਖਦੇ ਹਨ ਕਿਉਂਕਿ ਉਥੇ ਪਿਛਲੇ 25 ਸਾਲਾਂ ਤੋਂ ਰਾਜ ਕਰ ਰਹੀ ਖੱਬੇ-ਪੱਖੀ ਪਾਰਟੀ ਸੀ.ਪੀ.ਐਮ. ਦਾ ਉਸ ਭਾਜਪਾ ਨੇ ਤਖ਼ਤਾ ਪਲਟਾਇਆ ਹੈ, ਜਿਹੜੀ ਭਾਜਪਾ ਨੂੰ 2013 ‘ਚ ਹੋਈਆਂ ਸੂਬਾਈ ਚੋਣਾਂ ‘ਚ ਸਿਰਫ਼ 1.54 ਫ਼ੀਸਦੀ ਵੋਟਾਂ ਮਿਲੀਆਂ ਸਨ ਜਦੋਂਕਿ ਇਸ ਵਾਰ ਭਾਜਪਾ ਨੇ ਲੜੀਆਂ ਗਈਆਂ 51 ਸੀਟਾਂ ‘ਤੇ 43 ਫ਼ੀਸਦੀ ਵੋਟਾਂ ਲਈਆਂ ਹਨ। ਪੰਜ ਸਾਲਾਂ ਦੇ ਅੰਦਰ ਇਕ ਧਰਮ-ਨਿਰਪੱਖ ਪਾਰਟੀ ਦੇ ਸ਼ਾਸਨ ਵਾਲੇ ਸੂਬੇ ਵਿਚ ਆਪਣੀਆਂ ਵੋਟਾਂ ‘ਚ 41 ਫ਼ੀਸਦੀ ਤੋਂ ਵੱਧ ਇਜ਼ਾਫ਼ਾ ਕਰਕੇ ਭਾਜਪਾ ਨੇ ਦਰਸਾ ਦਿੱਤਾ ਹੈ ਕਿ ਉਸ ਨੇ ਖੱਬੇ-ਪੱਖੀਆਂ ਦੀ ਗੜ੍ਹ ਫ਼ਤਹਿ ਕਰਨ ਲਈ ਕਿੰਨੇ ਵਿਉਂਤਬੰਦ ਤਰੀਕੇ ਨਾਲ ਤਿਆਰੀ ਕੀਤੀ। ਪਿਛਲੇ 5 ਸਾਲਾਂ ਵਿਚ ਭਾਜਪਾ ਨੇ ਕਿੰਨੀ ਤੇਜ਼ੀ ਨਾਲ ਭਾਰਤ ਦੀਆਂ ਸੂਬਾਈ ਸਰਕਾਰਾਂ ‘ਚ ਕਬਜ਼ਾ ਜਮਾਇਆ ਹੈ, ਇਸ ਦੀ ਮਿਸਾਲ ਹੈ ਕਿ ਸਾਲ 2013 ਵਿਚ ਸਿਰਫ਼ 6 ਸੂਬਿਆਂ ‘ਚ ਸੱਤਾਧਾਰੀ ਭਾਜਪਾ ਹੁਣ ਦੇਸ਼ ਦੇ ਕੁੱਲ 29 ਸੂਬਿਆਂ ਵਿਚੋਂ 21 ਸੂਬਿਆਂ ਵਿਚ ਸੱਤਾਧਾਰੀ ਹੋ ਚੁੱਕੀ ਹੈ ਜਦੋਂਕਿ ਕਾਂਗਰਸ ਕੋਲ ਸਿਰਫ਼ 4 ਸੂਬੇ ਹੀ ਰਹਿ ਗਏ ਹਨ। ਇਨ੍ਹਾਂ 21 ਸੂਬਿਆਂ ਵਿਚੋਂ 16 ‘ਤੇ ਭਾਜਪਾ ਦੇ ਆਪਣੇ ਮੁੱਖ ਮੰਤਰੀ ਹਨ ਜਦਕਿ 5 ਸੂਬਿਆਂ ਵਿਚ ਉਹ ਸਰਕਾਰ ਦੀ ਭਾਈਵਾਲ ਹੈ।
ਭਾਰਤ ਦੀਆਂ ਲੋਕ ਸਭਾ ਚੋਣਾਂ 2014 ‘ਚ ਭਾਜਪਾ ਦੀ ਇਤਿਹਾਸਕ ਜਿੱਤ ਅਤੇ ਕਾਂਗਰਸ ਦੀ ਇਤਿਹਾਸ ਦੀ ਸਭ ਤੋਂ ਵੱਡੀ ਹਾਰ ਨੇ ਇਕ ਗੱਲ ਤਾਂ ਸਾਫ਼ ਕਰ ਦਿੱਤੀ ਸੀ ਕਿ ਕਾਂਗਰਸ ਵਲੋਂ ਜਿਥੇ ਭਾਰਤ ‘ਚ ਸਭ ਤੋਂ ਵੱਧ ਸਮਾਂ ਸ਼ਾਸਨ ਕੀਤਾ ਗਿਆ ਹੈ, ਉਥੇ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਜ਼ਰੀਏ ਦੇਸ਼ ਦੇ ਤੰਤਰ ਨੂੰ ਅਸਤ-ਵਿਅਸਤ ਕਰਕੇ ਰੱਖ ਦਿੱਤਾ ਸੀ। ਜਿਸ ਤੋਂ ਸਮੁੱਚੇ ਭਾਰਤ ਦੇ ਵਾਸੀ ਬੇਹੱਦ ਦੁਖੀ ਹੋ ਚੁੱਕੇ ਹਨ। ਲੋਕ ਜਿਵੇਂ ਕਿਵੇਂ ਕਾਂਗਰਸ ਨੂੰ ਗਲੋਂ ਲਾਹੁਣਾ ਚਾਹੁੰਦੇ ਸਨ। ਦੂਜੇ ਪਾਸੇ ਭਾਜਪਾ ਭਾਰਤ ਦੀ ਇਕ ਫ਼ਿਰਕੂ ਵਿਚਾਰਧਾਰਾ ਵਾਲੇ ਪਿਛੋਕੜ ਦੀ ਪਾਰਟੀ ਹੋਣ ਦੇ ਬਾਵਜੂਦ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਤੋਂ ਤੰਗ ਲੋਕਾਂ ਦੀ ਹਮਦਰਦੀ ਅਤੇ ਭਰੋਸਾ ਖੱਟਣ ਵਿਚ ਕਾਮਯਾਬ ਰਹੀ ਹੈ। ਲੋਕ ਸਭਾ ਚੋਣਾਂ ‘ਚ ਜਿੰਨੀਆਂ ਵੱਡੀਆਂ ਉਮੀਦਾਂ ਨਾਲ ਭਾਰਤ ‘ਚ ਮੋਦੀ ਦੀ ਅਗਵਾਈ ‘ਚ ਭਾਜਪਾ ਦੀ ਸਰਕਾਰ ਹੋਂਦ ‘ਚ ਆਈ ਸੀ, ਜਲਦੀ ਹੀ ਇਹ ਭਰਮ ਟੁੱਟਣ ਲੱਗ ਗਿਆ ਸੀ ਕਿ ਮੋਦੀ ਕੋਈ ਜਾਦੂਮਈ ਪ੍ਰਧਾਨ ਮੰਤਰੀ ਬਣ ਕੇ ਅੱਖ ਝਪਕਦਿਆਂ ਹੀ ਭਾਰਤ ਦੀ ਤਕਦੀਰ ਬਦਲ ਦੇਣਗੇ।
ਮੋਦੀ ਸਰਕਾਰ ਦਾ ਲਗਭਗ ਚਾਰ ਸਾਲ ਦਾ ਕਾਰਜਕਾਲ ਲੰਘ ਚੁੱਕਿਆ ਹੈ ਪਰ ਭਾਰਤ ਵਾਸੀਆਂ ਨੂੰ ਮੋਦੀ ਸਰਕਾਰ ਤੋਂ ਨਿਰਾਸ਼ਾ ਹੀ ਪੱਲੇ ਪਈ ਹੈ। ਜਿਹੜੇ ਮੋਦੀ ਕਹਿੰਦੇ ਸਨ ਕਿ ਉਨ੍ਹਾਂ ਦੀ ਸਰਕਾਰ ਬਣਨ ‘ਤੇ 100 ਦਿਨਾਂ ਦੇ ਅੰਦਰ ਹੀ ਵਿਦੇਸ਼ੀ ਬੈਂਕਾਂ ‘ਚ ਜਮ੍ਹਾਂ ਪਿਆ ਕਾਲਾ ਧਨ ਵਾਪਸ ਦੇਸ਼ ਵਿਚ ਲਿਆਂਦਾ ਜਾਵੇਗਾ, ਸਰਕਾਰ ਦੇ ਚਾਰ ਸਾਲ ਪੂਰੇ ਹੋਣ ਵਾਲੇ ਹਨ ਪਰ ਮੋਦੀ ਕਾਲੇ ਧਨ ਬਾਰੇ ਦੇਸ਼ ਨੂੰ ਕੁਝ ਵੀ ਨਹੀਂ ਦੱਸ ਸਕੇ। ਦੂਜੇ ਪਾਸੇ ਭਾਜਪਾ ਦੇ ਰਾਜ ਵਿਚ ਜਿਸ ਤਰੀਕੇ ਨਾਲ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਫ਼ਿਰਕੂ ਅਸਹਿਣਸ਼ੀਲਤਾ ਵੱਧ ਰਹੀ ਹੈ ਅਤੇ ਘੱਟ-ਗਿਣਤੀ ਕੌਮਾਂ ਅਤੇ ਧਰਮ-ਨਿਰਪੱਖ ਵਿਚਾਰਧਾਰਾ ਨੂੰ ਨੁੱਕਰੇ ਲਗਾਇਆ ਜਾ ਰਿਹਾ ਹੈ, ਉਹ ਭਾਰਤ ਦੀ ਅਖੰਡਤਾ ਅਤੇ ਵੰਨ-ਸੁਵੰਨਤਾ ਲਈ ਵੀ ਖ਼ਤਰਨਾਕ ਹੈ।
ਤ੍ਰਿਪੁਰਾ ਵਿਚ ਭਾਜਪਾ ਦੀ ਜਿੱਤ ਤੋਂ ਤੁਰੰਤ ਬਾਅਦ ਉਥੇ ਖੱਬੇ-ਪੱਖੀਆਂ ਦੇ ਪਿਤਾਮਾ ਲੈਨਿਨ ਦੀ ਮੂਰਤੀ ਦੀ ਭੰਨ ਤੋੜ ਅਤੇ ਹਿੰਸਾ ਚਿੰਤਾ ਪੈਦਾ ਕਰਨ ਵਾਲੀ ਹੈ ਅਤੇ ਭਾਰਤ ਕਿਸ ਦਿਸ਼ਾ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ, ਇਹ ਵੀ ਸੰਕੇਤ ਮਿਲ ਰਹੇ ਹਨ। ਸਾਲ 2014 ‘ਚ ਭਾਜਪਾ ਦੇਸ਼ ਦੀ ਸੱਤਾ ‘ਚ ‘ਸਭ ਕਾ ਸਾਥ, ਸਭ ਕਾ ਵਿਕਾਸ’ ਦੇ ਨਾਅਰੇ ਦੇ ਨਾਲ ਆਈ ਸੀ ਪਰ ਸੱਤਾ ‘ਚ ਆਉਣ ਤੋਂ ਬਾਅਦ ਵਿਕਾਸ ਦੇ ਏਜੰਡੇ ਨੂੰ ਭੁੱਲ ਕੇ ਭਾਰਤ ਨੂੰ ਇਕ ਕੌਮੀ ਰਾਸ਼ਟਰ ਬਣਾਉਣ ਦੀ ਦਿਸ਼ਾ ‘ਚ ਜਿਸ ਤਰੀਕੇ ਨਾਲ ਅਸਹਿਣਸ਼ੀਲਤਾ ਅਤੇ ਪ੍ਰਬਲਤਾ ਪੈਦਾ ਕੀਤੀ ਗਈ, ਉਹ ਭਾਰਤ ਦੇ ਸਵਾ ਅਰਬ ਲੋਕਾਂ ਦੀ ਜਮਹੂਰੀਅਤ ਵਿਚ ਆਸਥਾ ਨੂੰ ਠੇਸ ਪਹੁੰਚਾਉਣ ਵਾਲਾ ਅਮਲ ਹੈ। ਬੇਸ਼ੱਕ ਸਾਲ 2014 ਤੋਂ ਲੈ ਕੇ ਹੁਣ ਤੱਕ ਸੂਬਿਆਂ ਦੀਆਂ ਚੋਣਾਂ ‘ਚ ਭਾਜਪਾ ਦੇ ਹੋ ਰਹੇ ਵਿਸਥਾਰ ਪਿੱਛੇ ਮੋਦੀ ਦੇ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਰਾਸ਼ਟਰ ਨੂੰ ਸਮਰਪਿਤ ਆਗੂ ਵਜੋਂ ਬਣਿਆ ਪ੍ਰਭਾਵ ਮੁੱਖ ਕਾਰਨ ਹੈ। ਦੂਜੇ ਪਾਸੇ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਫ਼ਿਰਕੂ ਸੋਚ ਦੇ ਪਿਛੋਕੜ ਵਾਲੀ ਭਾਜਪਾ ਵਲੋਂ ਦੋ ਨੁਕਾਤੀ ਏਜੰਡੇ ਸਾਹਮਣੇ ਰੱਖ ਕੇ ਹੀ ਕੰਮ ਕੀਤਾ ਜਾ ਰਿਹਾ ਹੈ, ਪਹਿਲਾ ਵਿਕਾਸ ਅਤੇ ਦੂਜਾ ਹਿੰਦੂਤਵ ਦੇ ਏਜੰਡੇ ਰਾਹੀਂ ਭਾਰਤ ਦੀ ਬਹੁਗਿਣਤੀ ਦਾ ਧਰੁਵੀਕਰਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਭਾਜਪਾ ਦੀ ਮਾਂ ਜਥੇਬੰਦੀ ਹੈ ਅਤੇ ਆਰ.ਐਸ.ਐਸ. ਦਾ ਮੁੱਖ ਉਦੇਸ਼ ਭਾਰਤ ਨੂੰ ਇਕ ਕੌਮੀ ਰਾਸ਼ਟਰ ਬਣਾਉਣਾ ਹੈ। ਇਸ ਉਦੇਸ਼ ਨੂੰ ਵੱਖ-ਵੱਖ ਸਿਆਸੀ ਪੱਤਿਆਂ ਰਾਹੀਂ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ ਅਤੇ ਜੇਕਰ ਭਾਜਪਾ ਵਲੋਂ ਹੁਣ ਵਿਕਾਸ ਦੇ ਨਾਂਅ ‘ਤੇ ਦੇਸ਼ ਵਿਚ ਆਪਣਾ ਸਿਆਸੀ ਸਾਮਰਾਜ ਖੜ੍ਹਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਇਸ ਪਿੱਛੇ ਵੀ ਉਸ ਦਾ ਉਦੇਸ਼ ਉਹੀ ਹੈ, ਜਿਹੜਾ ਉਸ ਦੀ ਮਾਂ ਜਥੇਬੰਦੀ ਦਾ ਏਜੰਡਾ ਹੈ।
ਇਕ ਧਰਮ-ਨਿਰਪੱਖ ਦੇਸ਼ ਲਈ, ਜਿਥੇ ਕਿ ਅਨੇਕਾਂ ਧਰਮਾਂ, ਸੱਭਿਆਚਾਰਾਂ ਦੇ ਲੋਕ ਵੱਸਦੇ ਹਨ, ਉਸ ਦੀ ਅਖੰਡਤਾ ਅਤੇ ਭਾਈਚਾਰੇ ਲਈ ਅਜਿਹੀ ਰਾਜਨੀਤੀ ਦਾ ਆਗਾਜ਼ ਬੇਹੱਦ ਖ਼ਤਰਨਾਕ ਹੈ। ਦੇਸ਼ ਨੂੰ ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਰਾਹੀਂ ਕੰਗਾਲੀ ਦੀ ਕਗਾਰ ‘ਤੇ ਲਿਆਉਣ ਵਾਲੀ ਕਾਂਗਰਸ ਦੇ ਪਤਨ ਦੇ ਨਾਲ ਹੀ ਭਾਰਤ ਵਿਚ ਧਰਮ-ਨਿਰਪੱਖ ਤਾਕਤਾਂ ਦਾ ਸੂਰਜ ਵੀ ਢੱਲਦਾ ਜਾ ਰਿਹਾ ਹੈ ਅਤੇ ਇਸ ਖਲਾਅ ਦਾ ਫ਼ਿਰਕਾਪ੍ਰਸਤ ਤਾਕਤਾਂ ਲਾਭ ਉਠਾਉਣ ਦੇ ਯਤਨਾਂ ਵਿਚ ਹਨ। ਭਾਰਤ ਦੀ ਅਖੰਡਤਾ, ਏਕਤਾ ਅਤੇ ਸਦਭਾਵਨਾ ਲਈ ਧਰਮ-ਨਿਰਪੱਖ ਤਾਕਤਾਂ ਦੇ ਉਭਾਰ ਦੀ ਵੱਡੀ ਲੋੜ ਹੈ ਅਤੇ ਖੱਬੇ-ਪੱਖੀ ਧਿਰਾਂ ਨੂੰ ਸਮੇਂ ਸਿਰ ਆਪਣੀ ਜ਼ਿੰਮੇਵਾਰੀ ਸੰਭਾਲਣ ਲਈ ਅੱਗੇ ਆਉਣਾ ਪਵੇਗਾ।

Check Also

ਸ਼੍ਰੋਮਣੀ ਕਮੇਟੀ ਦੇ ਸਾਲਾਨਾ ਚੋਣ ਇਜਲਾਸ ‘ਚ ਚੌਥੀ ਵਾਰ ਧਾਮੀ ਦਾ ਪ੍ਰਧਾਨ ਬਣਨਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਇਕ ਵਾਰ ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ …