ਨਿਊਜ਼ੀਲੈਂਡ ਵਿਸ਼ਵ ਕੱਪ ਦੇ ਫਾਈਨਲ ‘ਚ
ਮਾਨਚੈਸਟਰ/ਬਿਊਰੋ ਨਿਊਜ਼ : ਮਜ਼ਬੂਤ ਦਾਅਵੇਦਾਰ ਮੰਨੀ ਜਾਂਦੀ ਭਾਰਤੀ ਟੀਮ ਦਾ ਵਿਸ਼ਵ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ ਅਤੇ ਉਸ ਦਾ ਸਫ਼ਰ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਬੁੱਧਵਾਰ ਨੂੰ ਇੱਥੇ ਖੇਡੇ ਗਏ ਪਹਿਲੇ ਸੈਮੀ-ਫਾਈਨਲ ਵਿੱਚ ਹੀ ਖ਼ਤਮ ਹੋ ਗਿਆ। ਰਵਿੰਦਰ ਜਡੇਜਾ ਦੀ ਦਿਲਕਸ਼ ਪਾਰੀ ਦੇ ਬਾਵਜੂਦ ਉਹ ਨਿਊਜ਼ੀਲੈਂਡ ਤੋਂ 18 ਦੌੜਾਂ ਨਾਲ ਹਾਰ ਗਈ। ਕਿਵੀ ਟੀਮ ਨੇ ਇਸ ਜਿੱਤ ਦੇ ਨਾਲ ਹੀ ਫਾਈਨਲ ਵਿੱਚ ਥਾਂ ਬਣਾਈ ਲਈ ਹੈ। ਹੁਣ ਉਸ ਦਾ ਸਾਹਮਣਾ ਆਸਟਰੇਲੀਆ ਅਤੇ ਮੇਜ਼ਬਾਨ ਇੰਗਲੈਂਡ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਸੈਮੀ-ਫਾਈਨਲ ਦੀ ਜੇਤੂ ਟੀਮ ਨਾਲ ਐਤਵਾਰ (14 ਜੁਲਾਈ) ਨੂੰ ਹੋਵੇਗਾ। ਨਿਊਜ਼ੀਲੈਂਡ ਨੇ 240 ਦੌੜਾਂ ਦਾ ਟੀਚਾ ਰੱਖਿਆ ਸੀ, ਪਰ ਭਾਰਤ ਦਾ ਸੀਨੀਅਰ ਕ੍ਰਮ ਬੁਰੀ ਤਰ੍ਹਾਂ ਫੇਲ੍ਹ ਰਿਹਾ। ਰਵਿੰਦਰ ਜਡੇਜਾ (59 ਗੇਂਦਾਂ ‘ਤੇ 77 ਦੌੜਾਂ) ਅਤੇ ਮਹਿੰਦਰ ਸਿੰਘ ਧੋਨੀ (72 ਗੇਂਦਾਂ ‘ਤੇ 50 ਦੌੜਾਂ) ਨੇ ਸੱਤਵੀਂ ਵਿਕਟ ਲਈ 116 ਦੌੜਾਂ ਬਣਾ ਕੇ ਮੈਚ ਦੇ ਅਖ਼ੀਰ ਤੱਕ ਭਾਰਤ ਦੀਆਂ ਉਮੀਦਾਂ ਨੂੰ ਬਣਾਈ ਰੱਖਿਆ।
ਭਾਰਤ ਨੇ ਹਾਲਾਂਕਿ ਦਬਾਅ ਵਿੱਚ ਆਖ਼ਰੀ ਚਾਰ ਵਿਕਟਾਂ 13 ਦੌੜਾਂ ਦੇ ਅੰਦਰ ਗੁਆ ਲਈਆਂ ਅਤੇ ਭਾਰਤ 49.3 ਓਵਰਾਂ ਵਿੱਚ 221 ਦੌੜਾਂ ‘ਤੇ ਢੇਰ ਹੋ ਗਿਆ। ਇਸ ਤਰ੍ਹਾਂ ਨਿਊਜ਼ੀਲੈਂਡ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਸਫਲ ਰਿਹਾ। ਕਿਵੀ ਟੀਮ ਇਸ ਤੋਂ ਪਹਿਲਾਂ 2015 ਵਿੱਚ ਖ਼ਿਤਾਬੀ ਮੁਕਾਬਲੇ ਵਿੱਚ ਪਹੁੰਚੀ ਸੀ, ਪਰ ਉਸ ਨੂੰ ਆਸਟਰੇਲੀਆ ਤੋਂ ਹਾਰ ਝੱਲਣੀ ਪਈ ਸੀ।
ਨਿਊਜ਼ੀਲੈਂਡ ਦੀ ਜਿੱਤ ਦਾ ਹੀਰੋ ਮੈਟ ਹੈਨਰੀ ਰਿਹਾ, ਜਿਸ ਨੇ 37 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਸ਼ਾਨਦਾਰ ਪ੍ਰਦਰਸ਼ਨ ਕਾਰਨ ਉਹ ‘ਮੈਨ ਆਫ ਦਿ ਮੈਚ’ ਬਣਿਆ। ਟ੍ਰੈਂਟ ਬੋਲਟ ਨੇ 42 ਦੌੜਾਂ ਅਤੇ ਮਿਸ਼ੇਲ ਸੇਂਟਨਰ ਨੇ 34 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ। ਭਾਰਤ ਨੇ ਪਹਿਲੇ ਚਾਰ ਓਵਰਾਂ ਵਿੱਚ ਹੀ ਬਿਹਤਰੀਨ ਲੈਅ ਵਿੱਚ ਚੱਲ ਰਹੇ ਰੋਹਿਤ ਸ਼ਰਮਾ, ਕਪਤਾਨ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਦੀਆਂ ਵਿਕਟਾਂ ਗੁਆ ਲਈਆਂ। ਇਸ ਤਰ੍ਹਾਂ ਸਕੋਰ ਤਿੰਨ ਵਿਕਟਾਂ ‘ਤੇ ਪੰਜ ਦੌੜਾਂ ਹੋ ਗਿਆ। ਦਿਨੇਸ਼ ਕਾਰਤਿਕ (ਛੇ ਦੌੜਾਂ) ‘ਤੇ ਵੱਡੀ ਜ਼ਿੰਮੇਵਾਰੀ ਸੀ, ਪਰ ਉਸ ਨੇ ਨਾਇਕ ਬਣਨ ਦਾ ਬਿਹਤਰੀਨ ਮੌਕਾ ਗੁਆ ਲਿਆ। ਕਾਰਤਿਕ ਦੇ ਆਊਟ ਹੁੰਦੇ ਹੀ ਸਕੋਰ ਦਸ ਓਵਰਾਂ ਵਿੱਚ ਚਾਰ ਵਿਕਟਾਂ ‘ਤੇ 24 ਦੌੜਾਂ ਹੋ ਗਿਆ। ਇਹ ਮੌਜੂਦਾ ਵਿਸ਼ਵ ਕੱਪ ਵਿੱਚ ਪਹਿਲੇ ਪਾਵਰ-ਪਲੇਅ ਵਿੱਚ ਕਿਸੇ ਵੀ ਟੀਮ ਦਾ ਘੱਟ ਤੋਂ ਘੱਟ ਸਕੋਰ ਹੈ। ਨਿਊਜ਼ੀਲੈਂਡ ਨੇ ਇਸ ਮੈਚ ਵਿੱਚ ਇੱਕ ਵਿਕਟ ‘ਤੇ 27 ਦੌੜਾਂ ਬਣਾਈਆਂ ਸਨ।
ਗੇਂਦਬਾਜ਼ਾਂ ਨੇ ਸ਼ੁਰੂ ਵਿੱਚ ਸੀਮ ਅਤੇ ਸਵਿੰਗ ਦੀ ਬਿਹਤਰੀਨ ਵਰਤੋਂ ਕਰਦਿਆਂ ਭਾਰਤੀ ਬੱਲੇਬਾਜ਼ਾਂ ਨੂੰ ਫ਼ਿਕਰ ਛੇੜ ਦਿੱਤਾ। ਹੈਨਰੀ ਦੀ ਬਾਹਰ ਨੂੰ ਸਵਿੰਗ ਹੋ ਰਹੀ ਗੇਂਦ ਨੂੰ ਰੋਹਿਤ ਦੇ ਬੱਲੇ ਦਾ ਕਿਨਾਰਾ ਲੱਗਿਆ ਅਤੇ ਉਹ ਵਿਕਟਕੀਪਰ ਟਾਮ ਲੈਥਮ ਹੱਥੋਂ ਕੈਚ ਹੋਇਆ। ਬੋਲਟ ਨੇ ਕੋਹਲੀ ਨੂੰ ਐਲਬੀਡਬਲਯੂ ਆਊਟ ਕੀਤਾ ਅਤੇ ਡੀਆਰਐਸ ਵੀ ਭਾਰਤੀ ਕਪਤਾਨ ਦੇ ਪੱਖ ਵਿੱਚ ਨਹੀਂ ਰਿਹਾ। ਹੈਨਰੀ ਨੇ ਅਗਲਾ ਸ਼ਿਕਾਰ ਰਾਹੁਲ ਨੂੰ ਬਣਾਇਆ ਅਤੇ ਉਸ ਦਾ ਕੈਚ ਵੀ ਲੈਥਮ ਨੇ ਲਿਆ। ਇਸ ਮਗਰੋਂ ਹੈਨਰੀ ਨੇ ਕਾਰਤਿਕ ਨੂੰ ਬਾਹਰ ਦਾ ਰਸਤਾ ਵਿਖਾਇਆ, ਜਿਸ ਦਾ ਕੈਚ ਜੇਮਜ਼ ਨੀਸ਼ਾਮ ਨੇ ਲਿਆ। ਇਸ ਮਗਰੋਂ ਰਿਸ਼ਭ ਪੰਤ ‘ਤੇ ਜ਼ਿੰਮੇਵਾਰੀ ਸੀ, ਪਰ ਉਸ ਨੇ ਬਹੁਤ ਖ਼ਰਾਬ ਸ਼ਾਟ ਖੇਡਿਆ ਅਤੇ ਉਸ ਨੇ ਆਪਣਾ ਕੈਚ ਕੋਲਿਨ ਡੀ ਗ੍ਰੈਂਡਹੋਮ ਨੂੰ ਦਿੱਤਾ। ਕੋਹਲੀ ਵੀ ਪੰਤ ਦੇ ਖ਼ਰਾਬ ਸ਼ਾਟ ਕਾਰਨ ਨਾਰਾਜ਼ ਲੱਗ ਰਿਹਾ ਸੀ। ਧੋਨੀ ਤੋਂ ਪਹਿਲਾਂ ਉਤਾਰੇ ਗਏ ਹਾਰਦਿਕ ਪਾਂਡਿਆ ਨੇ ਵੀ ਪੰਤ ਵਾਲੀ ਗ਼ਲਤੀ ਦੁਹਰਾਈ। ਉਸ ਨੇ ਸੇਂਟਨਰ ਦੀ ਗੇਂਦ ‘ਤੇ ਸ਼ਾਟ ਮਾਰਿਆ, ਜਿਸ ਨੂੰ ਕੇਨ ਵਿਲੀਅਮਸਨ ਨੇ ਕੈਚ ਕਰ ਲਿਆ। ਇਸ ਮਗਰੋਂ ਰਵਿੰਦਰ ਜਡੇਜਾ ਨੇ ਧੋਨੀ ਨਾਲ ਮਿਲ ਕੇ ਜ਼ਿੰਮੇਵਾਰੀ ਸੰਭਾਲੀ ਅਤੇ ਟੀਮ ਦੇ ਸਕੋਰ ਨੂੰ ਤੀਹਰੇ ਅੰਕ ਤੱਕ ਪਹੁੰਚਾਇਆ। ਜਡੇਜਾ ਦੀ ਹਮਲਾਵਰ ਬੱਲੇਬਾਜ਼ੀ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਦੀ ਲੈਅ ਵਿਗਾੜ ਦਿੱਤੀ। ਉਸ ਨੇ 39 ਗੇਂਦਾਂ ਵਿੱਚ ਆਪਣਾ ਨੀਮ ਸੈਂਕੜਾ ਪੂਰਾ ਕੀਤਾ। ਇਹ ਵਿਸ਼ਵ ਕੱਪ ਨਾਕਆਊਟ ਮੈਚ ਵਿੱਚ ਭਾਰਤ ਦੇ ਅੱਠਵੇਂ ਨੰਬਰ ਦੇ ਬੱਲੇਬਾਜ਼ ਦਾ ਪਹਿਲਾ ਅਰਧ ਸੈਂਕੜਾ ਹੈ। ਜਡੇਜਾ ਨੇ 48ਵੇਂ ਓਵਰ ਵਿੱਚ ਬੋਲਟ ਦੀ ਗੇਂਦ ‘ਤੇ ਲੰਮਾ ਸ਼ਾਟ ਮਾਰਨ ਦੇ ਚੱਕਰ ਵਿੱਚ ਕੈਚ ਦੇ ਦਿੱਤਾ। ਭਾਰਤ ਨੂੰ ਆਖ਼ਰੀ ਦੋ ਓਵਰਾਂ ਵਿੱਚ 31 ਦੌੜਾਂ ਚਾਹੀਦੀਆਂ ਸਨ, ਪਰ ਧੋਨੀ ਮਾਰਟਿਨ ਗੁਪਟਿਲ ਦੇ ਸਿੱਧੇ ਥਰੋਅ ‘ਤੇ ਰਨ ਆਊਟ ਹੋ ਗਿਆ। ਵਿਕਟਾਂ ਦੇ ਵਿਚਕਾਰ ਸਭ ਤੋਂ ਬਿਹਤਰੀਨ ਦੌੜ ਲਈ ਮਸ਼ਹੂਰ ਧੋਨੀ ਆਪਣੇ ਕਰੀਅਰ ਦੇ ਸ਼ੁਰੂ ਵਿੱਚ ਵੀ ਰਨ-ਆਊਟ ਹੋਇਆ ਸੀ। ਇਸ ਮਗਰੋਂ ਭਾਰਤੀ ਪਾਰੀ ਡਿੱਗਣ ਵਿੱਚ ਸਮਾਂ ਨਹੀਂ ਲੱਗਿਆ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਕੱਲ੍ਹ ਦੇ ਸਕੋਰ ਪੰਜ ਵਿਕਟਾਂ ‘ਤੇ 211 ਦੌੜਾਂ ਤੋਂ ਆਪਣੀ ਪਾਰੀ ਅੱਗੇ ਵਧਾਈ, ਪਰ ਉਹ ਬਾਕੀ ਬਚੀਆਂ 23 ਗੇਂਦਾਂ ‘ਤੇ ਸਿਰਫ਼ 28 ਦੌੜਾਂ ਹੀ ਬਣਾ ਸਕਿਆ ਅਤੇ ਆਪਣੀਆਂ ਤਿੰਨ ਵਿਕਟਾਂ ਗੁਆ ਲਈਆਂ ।
ਹਾਰ-ਜਿੱਤ ਜੀਵਨ ਦਾ ਹਿੱਸਾ : ਨਰਿੰਦਰ ਮੋਦੀ
ਨਵੀਂ ਦਿੱਲੀ : ਟੀਮ ਇੰਡੀਆ ਦੇ ਮੈਚ ਹਾਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਵਿਸ਼ਵ ਕੱਪ ਵਿਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਜਿੱਤ-ਹਾਰ ਜੀਵਨ ਦਾ ਹਿੱਸਾ ਹਨ, ਅਸੀਂ ਭਾਰਤੀ ਟੀਮ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁੱਭਕਾਮਨਾਵਾਂ ਦਿੰਦੇ ਹਾਂ। ਮੋਦੀ ਨੇ ਕਿਹਾ ਕਿ ਮੈਚ ਦਾ ਨਤੀਜਾ ਨਿਰਾਸ਼ਾਜਨਕ ਸੀ ਪਰ ਟੀਮ ਵਲੋਂ ਆਖਰੀ ਤੱਕ ਮੈਚ ਖੇਡਣਾ ਸ਼ਾਨਦਾਰ ਰਿਹਾ। ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟੀਮ ਇੰਡੀਆ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਭਾਰਤੀ ਟੀਮ ਜਿਸ ਤਰ੍ਹਾਂ ਵਿਸ਼ਵ ਕੱਪ ਵਿਚ ਖੇਡੀ ਹੈ ਉਹ ਜ਼ਿਆਦਾ ਪਿਆਰ ਅਤੇ ਇੱਜਤ ਦੀ ਹੱਕਦਾਰ ਹੈ।
45 ਮਿੰਟ ਦੇ ਖ਼ਰਾਬ ਪ੍ਰਦਰਸ਼ਨ ਨਾਲ ਬਾਹਰ ਹੋਣਾ ਅਸਹਿਣਯੋਗ : ਕੋਹਲੀઠ
ਹਾਰ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਕਾਫੀ ਨਿਰਾਸ਼ ਨਜ਼ਰ ਆਏ। ਕੋਹਲੀ ਨੇ ਕਿਹਾ ਕਿ ਟੀਮ ਵਲੋਂ ਸ਼ੁਰੂਆਤੀ 45 ਮਿੰਟਾਂ ਵਿਚ ਕੀਤੀ ਗਈ ਖ਼ਰਾਬ ਬੱਲੇਬਾਜ਼ੀ ਕਾਰਨ ਹਾਰ ਕੇ ਵਿਸ਼ਵ ਕੱਪ ਵਿਚੋਂ ਬਾਹਰ ਹੋਣਾ ਅਸਹਿਣਯੋਗ ਹੈ। ਪਰ ਨਿਊਜ਼ੀਲੈਂਡ ਦੀ ਟੀਮ ਜਿੱਤ ਦੀ ਹੱਕਦਾਰ ਸੀ। ਪਹਿਲੇ ਅੱਧ ਵਿਚ ਸਾਡਾ ਪ੍ਰਦਰਸ਼ਨ ਵਧੀਆ ਰਿਹਾ ਅਤੇ ਅਸੀਂ ਸੋਚਿਆ ਸੀ ਕਿ ਨਿਊਜ਼ੀਲੈਂਡ ਨੂੰ ਅਸੀਂ ਅਜਿਹੇ ਸਕੋਰ ਤੱਕ ਰੋਕ ਦਿੱਤਾ ਜਿਸ ਨੂੰ ਹਾਸਲ ਕੀਤਾ ਜਾ ਸਕਦਾ ਹੈ ਪਰ ਜਿਸ ਤਰ੍ਹਾਂ ਉਨ੍ਹਾਂ ਨੇ ਗੇਂਦਬਾਜ਼ੀ ਕੀਤੀ, ਉਸ ਨਾਲ ਅਸੀਂ ਹਾਰ ਗਏ। ਜਡੇਜਾ ਬਾਰੇ ਕੋਹਲੀ ਨੇ ਕਿਹਾ ਕਿ ਜਡੇਜਾ ਨੇ ਸ਼ਾਨਦਾਰ ਖੇਡ ਖੇਡਿਆ ਅਤੇ ਉਸ ਦਾ ਪ੍ਰਦਰਸ਼ਨ ਸਕਰਾਤਮਕ ਸੀ।
ਭਾਰਤ ਹਮੇਸ਼ਾ ਰੋਹਿਤ ‘ਤੇ ਨਿਰਭਰ ਨਹੀਂਰਹਿ ਸਕਦਾ: ਸਚਿਨ ਤੇਂਦੁਲਕਰ
ਮੁੰਬਈ: ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਟੀਮ ਇੰਡੀਆ ਹਮੇਸ਼ਾ ਇਸ ਸਲਾਮੀ ਬੱਲੇਬਾਜ਼ ‘ਤੇ ਨਿਰਭਰ ਨਹੀਂ ਰਹਿ ਸਕਦੀ, ਹੋਰ ਖਿਡਾਰੀਆਂ ਨੂੰ ਵੀ ਜ਼ਿੰਮੇਵਾਰੀ ਲੈਣੀ ਹੋਵੇਗੀ। ਰੋਹਿਤ ਸ਼ਰਮਾ ਮੌਜੂਦਾ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਪੰਜ ਸੈਂਕੜੇ ਮਾਰ ਚੁੱਕਿਆ ਹੈ। ਕਿਸੇ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸੈਂਕੜੇ ਦਾ ਰਿਕਾਰਡ ਆਪਣੇ ਨਾਮ ਕਰਨ ਵਾਲੇ ਮੁੰਬਈ ਦੇ ਰੋਹਿਤ ਨੇ ਦੱਖਣੀ ਅਫਰੀਕਾ, ਪਾਕਿਸਤਾਨ, ਬੰਗਲਾਦੇਸ਼, ਇੰਗਲੈਂਡ ਅਤੇ ਸ੍ਰੀਲੰਕਾ ਖ਼ਿਲਾਫ਼ ਇਹ ਪਾਰੀਆਂ ਖੇਡੀਆਂ। ਉਹ ਟੂਰਨਾਮੈਂਟ ਵਿੱਚ ਇਸ ਸਮੇਂ ਚੋਟੀ ਦਾ ਸਕੋਰਰ ਹੈ। ਤੇਂਦੁਲਕਰ ਨੇ ਸਟਾਰ ਸਪੋਰਟਸ ਦੇ ਸ਼ੋਅ ਕ੍ਰਿਕਟ ਲਾਈਵ ‘ਤੇ ਕਿਹਾ, ”ਵਾਰ-ਵਾਰ ਮੈਨੂੰ ਪੁੱਛਿਆ ਜਾਂਦਾ ਹੈ ਕਿ ਰੋਹਿਤ ਸ਼ਰਮਾ ਵਿੱਚ ਕੀ ਖ਼ਾਸ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਉਸ ਦੀ ਬੈਟ ਸਵਿੰਗ ਹੈ, ਜੋ ਕਾਫ਼ੀ ਖਿਡਾਰੀਆਂ ਕੋਲ ਨਹੀਂ ਹੈ।” ਰੋਹਿਤ ਨੇ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸੈਂਕੜੇ ਦਾ ਸ੍ਰੀਲੰਕਾ ਦੇ ਸਾਬਕਾ ਬੱਲੇਬਾਜ਼ ਕੁਮਾਰ ਸੰਗਾਕਾਰਾ ਦਾ ਰਿਕਾਰਡ ਤੋੜਿਆ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …