Breaking News
Home / ਖੇਡਾਂ / ਵਿਰਾਟ ਕੋਹਲੀ ਤੇ ਮੀਰਾਬਾਈ ਚਾਨੂ ਨੂੰ ‘ਖੇਲ ਰਤਨ’

ਵਿਰਾਟ ਕੋਹਲੀ ਤੇ ਮੀਰਾਬਾਈ ਚਾਨੂ ਨੂੰ ‘ਖੇਲ ਰਤਨ’

20 ਖਿਡਾਰੀਆਂ ਨੂੰ ਦਿੱਤੇ ਗਏ ਅਰਜਨ ਪੁਰਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਰਸ਼ਟਰਪਤੀ ਭਵਨ ਵਿੱਚ ਕਰਵਾਏ ਕੌਮੀ ਖੇਡ ਪੁਰਸਕਾਰ ਸਮਾਰੋਹ ਦੌਰਾਨ ਦੇਸ਼ ਦੇ ਸਰਵੋਤਮ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਅਤੇ 20 ਖਿਡਾਰੀਆਂ ਨੂੰ ਅਰਜਨ ਪੁਰਸਕਾਰ ਨਾਲ ਸਨਮਾਨਤ ਕੀਤਾ। ਏਸ਼ੀਆਈ ਖੇਡਾਂ ਕਾਰਨ ਕੌਮੀ ਖੇਡ ਪੁਰਸਕਾਰ ਸਮਾਰੋਹ ਨੂੰ ਇਸ ਵਾਰ ਉਸ ਦੇ ਤੈਅ ਦਿਨ 29 ਅਗਸਤ ਤੋਂ ਅੱਗੇ ਵਧਾ ਕੇ 25 ਸਤੰਬਰ ਕੀਤਾ ਗਿਆ ਸੀ। ਸਮਾਰੋਹ ਦੌਰਾਨ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਵੀ ਮੌਜੂਦ ਸਨ। ਰਾਸ਼ਟਰਪਤੀ ਹੱਥੋਂ ਖੇਲ ਰਤਨ ਪ੍ਰਾਪਤ ਕਰਨ ਦੇ ਨਾਲ ਹੀ ਵਿਰਾਟ ਕੋਹਲੀ ਸਚਿਨ ਤੇਂਦੁਲਕਰ (1997) ਅਤੇ ਮਹਿੰਦਰ ਸਿੰਘ ਧੋਨੀ (2007) ਮਗਰੋਂ ਇਹ ਸਨਮਾਨ ਹਾਸਲ ਕਰਨ ਵਾਲਾ ਤੀਜਾ ਕ੍ਰਿਕਟਰ ਬਣ ਗਿਆ ਹੈ। ਭਾਰਤੀ ਕਪਤਾਨ ਵਿਰਾਟ ਦਾ ਨਾਮ 2016 ਵਿੱਚ ਵੀ ਵਿਚਾਰਿਆ ਗਿਆ ਸੀ, ਪਰ ਉਸ ਦੀ ਚੋਣ ਨਹੀਂ ਹੋਈ ਸੀ। ਇਸ ਮੌਕੇ ਵਿਰਾਟ ਦੀ ਪਤਨੀ ਅਤੇ ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਮੌਜੂਦ ਸੀ, ਜੋ ਮੋਹਰੀ ਕਤਾਰ ਵਿੱਚ ਬੈਠੀ ਸੀ। ਲੰਘੇ ਸਾਲ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ 48 ਕਿਲੋ ਵਰਗ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ 24 ਸਾਲਾ ਮੀਰਾਬਾਈ ਚਾਨੂ ਨੂੰ ਵੀ ‘ਖੇਲ ਰਤਨ’ ਪੁਰਸਕਾਰ ਦਿੱਤਾ ਗਿਆ। ਮੀਰਾਬਾਈ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ। ਹਾਲਾਂਕਿ ਸੱਟ ਕਾਰਨ ਉਹ 18ਵੀਆਂ ਏਸ਼ੀਆਈ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕੀ। ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕਈ ਖਿਡਾਰੀਆਂ ਨੂੰ ਇਸ ਵਾਰ ਅਰਜਨ ਪੁਰਸਕਾਰ ਲਈ ਚੁਣਿਆ ਗਿਆ। ਏਸ਼ੀਆਈ ਖੇਡਾਂ ਵਿੱਚ ਭਾਰਤੀ ਝੰਡਾਬਰਦਾਰ ਅਤੇ ਜੈਵਲਿਨ ਅਥਲੀਟ ਨੀਰਜ ਚੋਪੜਾ ਅਤੇ ਦੋਵਾਂ ਟੂਰਨਾਮੈਂਟਾਂ ਵਿੱਚ ਕੁੱਲ ਪੰਜ ਤਗ਼ਮੇ ਜਿੱਤਣ ਵਾਲੀ ਟੇਬਲ ਟੈਨਿਸ ਖਿਡਾਰਨ ਮਨਿਕਾ ਬਤਰਾ ਸਣੇ 20 ਖਿਡਾਰੀਆਂ ਨੂੰ ਅਰਜਨ ਪੁਰਸਕਾਰ ਦਿੱਤਾ ਗਿਆ। ਪੁਰਸਕਾਰ ਸਮਾਰੋਹ ਦੌਰਾਨ ਜਦੋਂ ਪੈਰਾ ਅਥਲੀਟ ਅੰਕੁਰਾ ਧਾਮਾ ਅਤੇ ਮਨੋਜ ਸਰਕਾਰ (ਪੈਰਾ ਬੈਡਮਿੰਟਨ) ਨੇ ਰਾਸ਼ਟਰਪਤੀ ਕੋਲੋਂ ਸਨਮਾਨ ਪ੍ਰਾਪਤ ਕੀਤਾ ਤਾਂ ਪੂਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ। ਹਾਲ ਹੀ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਡਬਲ ਟਰੈਪ ਨਿਸ਼ਾਨੇਬਾਜ਼ ਅੰਕੁਰ ਮਿੱਤਲ, ਟੈਨਿਸ ਸਟਾਰ ਰੋਹਨ ਬੋਪੰਨਾ ਅਤੇ ਗੌਲਫਰ ਸ਼ੁਭੰਕਰ ਸ਼ਰਮਾ ਵੀ ਅਰਜਨ ਪੁਰਸਕਾਰ ਜੇਤੂਆਂ ਵਿੱਚ ਸ਼ਾਮਲ ਸਨ। ਕੌਮਾਂਤਰੀ ਟੂਰਨਾਮੈਂਟ ਦੇ ਰੁਝੇਵੇਂ ਕਾਰਨ ਬੋਪੰਨਾ ਸਮਾਰੋਹ ਵਿੱਚ ਸ਼ਾਮਲ ਨਹੀਂ ਹੋ ਸਕਿਆ। ਰਾਸ਼ਟਰਪਤੀ ਨੇ ਇਸ ਤੋਂ ਇਲਾਵਾ ਦਰੋਣਾਚਾਰੀਆ ਅਤੇ ਧਿਆਨਚੰਦ ਪੁਰਸਕਾਰ, ਕੌਮੀ ਖੇਡ ਹੌਸਲਾ ਵਧਾਊ ਪੁਰਸਕਾਰ, ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਅਤੇ ਤੇਨਜਿੰਗ ਨੋਰਗੇ ਕੌਮੀ ਬਹਾਦਰੀ ਪੁਰਸਕਾਰ ਵੀ ਦਿੱਤੇ। ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਤਗ਼ਮਾ ਅਤੇ ਪ੍ਰਸ਼ੰਸਾ ਪੱਤਰ ਤੋਂ ਇਲਾਵਾ ਸਾਢੇ ਸੱਤ ਲੱਖ ਰੁਪਏ ਦਾ ਨਕਦ ਪੁਰਸਕਾਰ ਵੀ ਦਿੱਤਾ ਗਿਆ। ਅਰਜਨ, ਦਰੋਣਾਚਾਰੀਆ ਅਤੇ ਧਿਆਨਚੰਦ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਟਰਾਫੀਆਂ, ਸਰਟੀਫਿਕੇਟ ਅਤੇ ਪੰਜ ਲੱਖ ਰੁਪਏ ਦੇ ਨਕਦ ਪੁਰਸਕਾਰ ਦਿੱਤੇ ਗਏ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …