Breaking News
Home / ਖੇਡਾਂ / ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦਾ ਦਿਹਾਂਤ

ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦਾ ਦਿਹਾਂਤ

Muhammad Aliਸ਼ੁੱਕਰਵਾਰ ਨੂੰ ਸਪੁਰਦ-ਏ-ਖਾਕ ਕੀਤੇ ਜਾਣਗੇ ਬਾਕਸਿੰਗ ਦੀ ਦੁਨੀਆ ਦੇ ਬੇਤਾਜ਼ ਬਾਦਸ਼ਾਹ, ਅਰਬਾਂ ਲੋਕ ਬਣਨਗੇ ਅਲੀ ਦੀ ਅੰਤਿਮ ਯਾਤਰਾ ਦੇ ਗਵਾਹ
ਫੀਨਿਕਸ (ਅਮਰੀਕਾ)/ਬਿਊਰੋ ਨਿਊਜ਼
ਸਾਬਕਾ ਹੈਵੀਵੇਟ ਮੁੱਕੇਬਾਜ਼ੀ ਚੈਂਪੀਅਨ ਮੁਹੰਮਦ ਅਲੀ ਦਾ ਦਿਹਾਂਤ ਹੋ ਗਿਆ ਹੈ। ਉਹ 74 ਸਾਲਾਂ ਦੇ ਸਨ। ਬੀਤੇ ਦਿਨੀਂ ਉਨ੍ਹਾਂ ਨੂੰ ਸਾਹ ਲੈਣ ਦੀ ਤਕਲੀਫ ਕਾਰਨ ਇਥੋਂ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਸਬੰਧੀ ਅਲੀ ਦੇ ਪਰਿਵਾਰਕ ਬੁਲਾਰੇ ਬਾਬ ਗੁਲੇਨ ਨੇ ਦੱਸਿਆ ਕਿ ਅਲੀ ਪਿਛਲੇ 32 ਸਾਲਾਂ ਤੋਂ ਪਾਰਕਿੰਸਨ ਦੀ ਬਿਮਾਰ ਨਾਲ ਜੂਝ ਰਹੇ ਸਨ। ਅਲੀ ਨੂੰ 2 ਜੂਨ ਨੂੰ ਸਾਹ ਲੈਣ ਦੀ ਸਮੱਸਿਆ ਕਾਰਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਦੁਨੀਆ ਦੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਵੱਲੋਂ 1981 ਵਿਚ ਸੇਵਾਮਕਤੀ ਲੈਣ ਤੋਂ ਬਾਅਦ ਜਲਦ ਹੀ ਉਨ੍ਹਾਂ ਵਿਚ ਸੁਸਤੀ ਤੇ ਨਾੜੀਆਂ ਸਬੰਧੀ ਬਿਮਾਰੀ ਦੇ ਲੱਛਣ ਦਿਖਣ ਲੱਗ ਪਏ ਸਨ। ਅਲੀ ਇਸਲਾਮ ਕਬੂਲ ਕਰਨ ਤੋਂ ਪਹਿਲਾਂ ‘ਕੈਸੀਅਸ ਕਲੇ’ ਦੇ ਨਾਮ ਨਾਲ ਜਾਣੇ ਜਾਂਦੇ ਸਨ। ਉਨ੍ਹਾਂ 12 ਸਾਲ ਦੀ ਉਮਰ ਵਿਚ ਹੀ ਬਾਕਸਿੰਗ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ 1964 ਵਿਚ 22 ਸਾਲ ਦੀ ਉਮਰ ‘ਚ ਹੀ ਵਿਸ਼ਵ ਹੈਵੀਵੇਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ ਸੀ। ਉਨ੍ਹਾਂ 1974 ਤੇ 1978 ਵਿਚ ਵੀ ਇਹ ਖਿਤਾਬ ਆਪਣੇ ਨਾਮ ਕੀਤਾ ਸੀ।
ਬਾਕਸਿੰਗ ਦੀ ਦੁਨੀਆ ਦੇ ਬੇਤਾਜ਼ ਬਾਦਸ਼ਾਹ ਮੁਹੰਮਦ ਅਲੀ ਦੀ ਅੰਤਿਮ ਯਾਤਰਾ ਦੇ ਗਵਾਹ ਦੁਨੀਆ ਭਰ ਦੇ ਅਰਬਾਂ ਲੋਕ ਬਣਨਗੇ। ਉਹਨਾਂ ਦੇ ਬਾਕਸਿੰਗ ਮੈਚ ਵਾਂਗ ਹੀ ਉਹਨਾਂ ਦੀ ਅੰਤਿਮ ਯਾਤਰਾ ਦਾ ਵੀ ਟੀਵੀ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਅਲੀ ਦੇ ਮ੍ਰਿਤਕ ਸਰੀਰ ਨੂੰ ਸ਼ੁੱਕਰਵਾਰ ਨੂੰ ਉਹਨਾਂ ਦੇ ਗ੍ਰਹਿ ਨਗਰ ਲੂਈਸਵਿਲੇ ਵਿਚ ਸੁਪੁਰਦ-ਏ-ਖਾਕ ਕੀਤਾ ਜਾਵੇਗਾ।
ਜੀਵਨ ‘ਤੇ ਸੰਖੇਪ ਝਾਤ
ਦੁਨੀਆ ਦੇ ਇਸ ਮਹਾਨ ਮੁੱਕੇਬਾਜ਼ ਦਾ ਜਨਮ 17 ਜਨਵਰੀ 1942 ਨੂੰ ਅਮਰੀਕਾ ਦੇ ਕੈਂਟੱਕੀ ਸੂਬੇ ਦੇ ਲੁਇਸਵਿਲੇ ਸ਼ਹਿਰ ਵਿਚ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਮ ਕੈਸੀਅਸ ਮਾਰਕਿਲਸ ਕਲੇ ਸੀ। 1964 ਵਿਚ ਉਨ੍ਹਾਂ ਇਸਲਾਮ ਧਰਮ ਕਬੂਲ ਕੇ ਆਪਣਾ ਨਾਮ ਮੁਹੰਮਦ ਅਲੀ ਰੱਖ ਲਿਆ। ਉਨ੍ਹਾਂ ਨੂੰ ‘ਦਾ ਗ੍ਰੇਟੈਸਟ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਆਪਣੇ ਕੈਰੀਅਰ ਵਿਚ ਕੁੱਲ 61 ਫਾਈਟਾਂ ਲੜੀਆਂ, ਜਿਨ੍ਹਾਂ ‘ਚੋਂ 56 ਫਾਈਟਾਂ ਵਿਚ ਜਿੱਤ ਹਾਸਲ ਕੀਤੀ। ਸਾਧਾਰਨ ਗਿਆਨ ਦੀ ਜਾਣਕਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ 2 ਵਾਰ ਫੌਜ ਦੀ ਭਰਤੀ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ।
ਪੁਲਿਸ ਵਾਲੇ ਦੇ ਕਹਿਣ ‘ਤੇ ਮੁੱਕੇਬਾਜ਼ੀ ਸਿੱਖੀ : ਬਚਪਨ ਵਿਚ ਇਕ ਵਾਰ ਉਨ੍ਹਾਂ ਦਾ ਸਾਈਕਲ ਚੋਰੀ ਹੋ ਗਿਆ ਸੀ, ਜਿਸ ਦੀ ਸ਼ਿਕਾਇਤ ਦਰਜ ਕਰਾਉਣ ਉਹ ਪੁਲਿਸ ਸਟੇਸ਼ਨ ਗਏ, ਜਿਥੇ ਉਨ੍ਹਾਂ ਥਾਣੇਦਾਰ ਨੂੂੰ ਕਿਹਾ ਕਿ ਉਹ ਚੋਰ ਤੋਂ ਬਦਲਾ ਲੈਣਾ ਚਾਹੁੰਦਾ ਹੈ, ਜਿਸ ‘ਤੇ ਥਾਣੇਦਾਰ ਨੇ ਮੁਹੰਮਦ ਅਲੀ ਨੂੰ ਕਿਹਾ ਕਿ ਇਸ ਲਈ ਤੈਨੂੰ ਮੁੱਕੇਬਾਜ਼ੀ ਸਿੱਖਣੀ ਪਵੇਗੀ, ਜਿਸ ਤੋਂ ਬਾਅਦ ਉਹ ਮੁੱਕੇਬਾਜ਼ੀ ਸਿੱਖਣ ਲਈ ਉਤਸ਼ਾਹਿਤ ਹੋਏ।
ਪ੍ਰਧਾਨ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ : ਮੁੱਕੇਬਾਜ਼ ਮੁਹੰਮਦ ਅਲੀ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਦੁਨੀਆ ਦਾ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦੁਨੀਆ ਦੇ ਨੌਜਵਾਨ ਖਿਡਾਰੀਆਂ ਲਈ ਇਕ ਪ੍ਰੇਰਨਾ ਸਰੋਤ ਸਨ। ਉਨ੍ਹਾਂ ਆਪਣੀ ਜ਼ਿੰਦਗੀ ਵਿਚ ਮਨੁੱਖੀ ਆਤਮਾ ਦੀ ਸ਼ਕਤੀ ਤੇ ਪ੍ਰਤੀਬੱਧਤਾ ਦਾ ਮੁਜ਼ਾਹਰਾ ਕੀਤਾ।
ਉਹ ਬਚਪਨ ਤੋਂ ਹੀ ਮੇਰੇ ਆਦਰਸ਼ ਸਨ : ਸਚਿਨ ਤੇਂਦੁਲਕਰ : ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਕਿਹਾ ਕਿ ਉਨ੍ਹਾਂ ਦੀ ਇਸ ਮਹਾਨ ਮੁੱਕੇਬਾਜ਼ ਨੂੰ ਮਿਲਣ ਦੀ ਦਿਲੀ ਤਮੰਨਾ ਸੀ ਜੋ ਹੁਣ ਕਦੇ ਵੀ ਪੂਰੀ ਨਹੀਂ ਹੋ ਸਕੇਗੀ। ਤੇਂਦੁਲਕਰ ਨੇ ਟਵੀਟ ਕਰਦਿਆਂ ਕਿਹਾ ਕਿ ਬਚਪਨ ਤੋਂ ਹੀ ਉਹ ਮੇਰੇ ਆਦਰਸ਼ ਰਹੇ ਹਨ। ਮੇਰੀ ਉਨ੍ਹਾਂ ਨੂੰ ਮਿਲਣ ਦੀ ਦਿਲੀ ਤਮੰਨਾ ਸੀ, ਪਰ ਹੁਣ ਅਜਿਹਾ ਕਦੇ ਨਹੀਂ ਹੋ ਸਕਦਾ।
ਅੱਗੇ ਵਧਣ ਲਈ ਪ੍ਰੇਰਿਤ ਕਰਦੇ ਸਨ ਮੁਹੰਮਦ ਅਲੀ : ਵਿਸ਼ਵਨਾਥਨ ਆਨੰਦ : ਸ਼ਤਰੰਜ ਦੇ ਵਿਸ਼ਵ ਜੇਤੂ ਖਿਡਾਰੀ ਵਿਸਵਨਾਥਨ ਆਨੰਦ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਟਵੀਟਰ ਪੇਜ ‘ਤੇ ਲਿਖਿਆ ਕਿ ਖਿਡਾਰੀ ਕੁਝ ਪਾਉਣ ਲਈ ਅੱਗੇ ਵਧਦਾ ਹੈ। ਅਸੀਂ ਕੁਝ ਅਜਿਹੇ ਲੋਕਾਂ ਵੱਲ ਵੇਖਦੇ ਹਾਂ ਜੋ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ, ਅਜਿਹਾ ਹੀ ਇਕ ਨਾਮ ਸੀ ਮੁਹੰਮਦ ਅਲੀ।
ਮੁਹੰਮਦ ਅਲੀ ਸਾਡੇ ਵਾਸਤੇ ਲੜਿਆ : ਓਬਾਮਾ : ਵਾਸ਼ਿੰਗਟਨ : ਮੁੱਕੇਬਾਜ਼ ਮੁਹੰਮਦ ਅਲੀ ਦੇ ਦਿਹਾਂਤ ‘ਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਲੜੇ ਗਏ ਮੁਕਾਬਲੇ ਨਸਲਵਾਦ ਤੇ ਧਾਰਮਿਕ ਸਹਿਣਸ਼ੀਲਤਾ ਖਿਲਾਫ ਲੜਾਈ ਸੀ, ਜਿਸ ਨੇ ਪੂਰੇ ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ ਸੀ ਤੇ ਉਹ ਵਿਸ਼ਵ ਲਈ ਇਕ ਪ੍ਰੇਰਨਾ ਸਰੋਤ ਸਨ।
ਜ਼ਿੰਦਗੀ ਦਾ ਮਸ਼ਹੂਰ ਕਿੱਸਾ : 1960 ‘ਚ ਰੋਮ ਉਲੰਪਿਕ ਵਿਚ ਅਲੀ ਨੇ ਜਿਸ ਦਿਨ ਸੋਨੇ ਦਾ ਤਗਮਾ ਜਿੱਤਿਆ ਸੀ। ਉਸੇ ਸ਼ਾਮ ਉਹ ਇਕ ਰੈਸਟੋਰੈਂਟ ਵਿਚ ਬੈਠੇ ਸਨ ਕਿ ਉਸੇ ਵੇਲੇ ਕਿਸੇ ਨੇ ਉਨ੍ਹਾਂ ‘ਤੇ ਨਸਲਭੇਦੀ ਟਿੱਪਣੀ ਕਰ ਦਿੱਤੀ, ਜਿਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਆਪਣਾ ਸੋਨੇ ਦਾ ਤਗਮਾ ਓਹੀਓ ਨਦੀ ਵਿਚ ਸੁੱਟ ਦਿੱਤਾ, ਪਰ 1996 ‘ਚ ਅਟਲਾਂਟਾ ਉਲੰਪਿਕ ਦੌਰਾਨ ਉਨ੍ਹਾਂ ਨੂੰ ਦੁਬਾਰਾ ਸੋਨੇ ਦਾ ਤਗਮਾ ਦਿੱਤਾ ਗਿਆ।

Check Also

ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …