Breaking News
Home / ਸੰਪਾਦਕੀ / ਸਦਭਾਵਨਾ ਦਾ ਮਾਰਗ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ

ਸਦਭਾਵਨਾ ਦਾ ਮਾਰਗ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੱਖਣੀ ਏਸ਼ੀਆ ਤੇ ਮੱਧ ਪੂਰਬ ਤਕ ਦੀਆਂ ਉਦਾਸੀਆਂ ਦੇ ਰੂਪ ਵਿਚ ਯਾਤਰਾ ਕਰਕੇ ਕਰੀਬ ਪੰਜ ਸਦੀਆਂ ਪਹਿਲਾਂ ਇਸ ਵਿਸ਼ਾਲ ਖਿੱਤੇ ਦੇ ਲੋਕਾਂ ਨੂੰ ਪਿਆਰ ਮੁਹੱਬਤ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਦੀਆਂ ਇਨ੍ਹਾਂ ਉਦਾਸੀਆਂ ਦਾ ਲੋਕਾਂ ਦੇ ਮਨਾਂ ‘ਚ ਪਿਆ ਗਹਿਰਾ ਅਸਰ ਅੱਜ ਵੀ ਦੇਖਿਆ ਜਾ ਸਕਦਾ ਹੈ। ਜਿਹੜੇ ਵੀ ਸਥਾਨਾਂ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਗਏ, ਲੋਕਾਂ ਨੂੰ ਮਿਲੇ, ਕੁਝ ਸਮਾਂ ਰਹੇ ਉਨ੍ਹਾਂ ਸਥਾਨਾਂ ‘ਤੇ ਉਨ੍ਹਾਂ ਦੇ ਸ਼ਰਧਾਲੂ ਤੇ ਉਨ੍ਹਾਂ ਸਿਧਾਤਾਂ ਵਿਚ ਯਕੀਨ ਰੱਖਣ ਵਾਲੇ ਲੋਕ ਅੱਜ ਵੀ ਆਪਣੀ ਸ਼ਰਧਾ ਪ੍ਰਗਟ ਕਰਦੇ ਹਨ ਅਤੇ ਉਨ੍ਹਾਂ ਨੂੰ ਯਾਦ ਕਰਦੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਹਯਾਤੀ ਦਾ ਆਖ਼ਰੀ ਸਮਾਂ ਸ੍ਰੀ ਕਰਤਾਰਪੁਰ ਸਾਹਿਬ (ਹੁਣ ਪਾਕਿਸਤਾਨ) ਵਿਚ ਬਤੀਤ ਕੀਤਾ ਸੀ। ਇਸ ਸਥਾਨ ਨੂੰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਇਸ ਸਥਾਨ ‘ਤੇ ਗੁਰੂ ਸਾਹਿਬ ਨੇ ਖੇਤੀ ਕਰਕੇ ਕਿਰਤ ਕਰਨ, ਵੰਡ ਛਕਣ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਦੀ ਸਾਲਾਂ ਤੋਂ ਚਲੀ ਆ ਰਹੀ ਜ਼ੋਰਦਾਰ ਮੰਗ ਨੂੰ ਮੁੱਖ ਰੱਖਦਿਆਂ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਗੁਰਦੁਆਰਾ ਸਾਹਿਬ ਤਕ ਡੇਰਾ ਬਾਬਾ ਨਾਨਕ ਤੋਂ ਲਾਂਘਾ ਬਣਾਉਣ ਦੀ ਮੰਗ ਮੰਨ ਲਈ ਸੀ ਅਤੇ ਇਹ ਲਾਂਘਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ 9 ਨਵੰਬਰ, 2019 ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਸੀ। ਭਾਰਤ ਵਾਲੇ ਪਾਸੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤਾ ਗਿਆ ਸੀ ਅਤੇ ਪਾਕਿਸਤਾਨ ਵਾਲੇ ਪਾਸੇ ਇਸ ਦਾ ਉਦਘਾਟਨ ਉਸ ਸਮੇਂ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਕੀਤਾ ਗਿਆ ਸੀ। ਦੋਵਾਂ ਦੇਸ਼ਾਂ ਦੇ ਖ਼ਰਾਬ ਚਲੇ ਆ ਰਹੇ ਸੰਬੰਧਾਂ ਦੇ ਬਾਵਜੂਦ ਇਹ ਲਾਂਘਾ ਖੁਲ੍ਹਣਾ ਦੋਵਾਂ ਦੇਸ਼ਾਂ ਵਿਚਕਾਰ ਅਮਨ ਤੇ ਸਦਭਾਵਨਾ ਚਾਹੁਣ ਵਾਲੇ ਲੋਕਾਂ ਅਤੇ ਖ਼ਾਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਲਈ ਇਕ ਵੱਡੀ ਹਾਂ-ਪੱਖੀ ਘਟਨਾ ਸੀ। ਜਿਸ ਤਰ੍ਹਾਂ ਕਿ ਸੋਚਿਆ ਗਿਆ ਸੀ ਯਾਤਰਾ ਸੰਬੰਧੀ ਪਾਸਪੋਰਟ ਦੀ ਸ਼ਰਤ ‘ਤੇ ਕੁਝ ਹੋਰ ਉਲਝਣਾਂ ਕਾਰਨ ਓਨਾ ਹੁੰਗਾਰਾ ਇਸ ਲਾਂਘੇ ਰਾਹੀਂ ਸ਼ਰਧਾਲੂਆਂ ਦੀ ਯਾਤਰਾ ਦੇ ਰੂਪ ਵਿਚ ਅਜੇ ਤਕ ਨਹੀਂ ਮਿਲਿਆ ਫਿਰ ਵੀ ਚੋਖੀ ਗਿਣਤੀ ਵਿਚ ਸ਼ਰਧਾਲੂ ਇਸ ਲਾਂਘੇ ਦਾ ਲਾਭ ਉਠਾ ਰਹੇ ਹਨ ਅਤੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ। ਜੇਕਰ ਯਾਤਰਾ ਦੇ ਨਿਯਮ ਕੁਝ ਸਰਲ ਕੀਤੇ ਜਾਣ ਤਾਂ ਸ਼ਰਧਾਲੂਆਂ ਦੀ ਗਿਣਤੀ ਵਿਚ ਹੋਰ ਵੀ ਚੋਖਾ ਵਾਧਾ ਹੋ ਸਕਦਾ ਹੈ।
ਇਹ ਲਾਂਘਾ ਖੁੱਲ੍ਹਣ ਨਾਲ ਜੋ ਇਕ ਹੋਰ ਵੱਡੀ ਪ੍ਰਾਪਤੀ ਹੋਈ ਹੈ, ਉਹ ਵਡਮੁੱਲੀ ਹੈ। ਉਸ ਦੀ ਕੋਈ ਕੀਮਤ ਪਾਈ ਹੀ ਨਹੀਂ ਜਾ ਸਕਦੀ। ਉਹ ਹੈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ 1947 ਦੇ ਵਿਛੜੇ ਪਰਿਵਾਰਾਂ ਦਾ ਮਿਲਣਾ। ਅਸੀਂ ਜਾਣਦੇ ਹਾਂ ਕਿ 1947 ਦੀ ਵੰਡ ਨੇ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਨੂੰ ਗਹਿਰਾ ਸਦਮਾ ਦਿੱਤਾ ਸੀ ਅਤੇ ਕਰੋੜਾਂ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਇਕ ਪਾਸੇ ਤੋਂ ਦੂਜੇ ਪਾਸੇ ਜਾ ਕੇ ਵਸਣਾ ਪਿਆ ਸੀ। ਉਸ ਸਮੇਂ ਝੁੱਲੀ ਫਿਰਕੂ ਹਨੇਰੀ ਵਿਚ 10 ਲੱਖ ਲੋਕ ਮਾਰੇ ਗਏ ਸਨ ਤੇ 80 ਹਜ਼ਾਰ ਔਰਤਾਂ ਉਧਾਲੀਆਂ ਗਈਆਂ ਸਨ। ਉਨ੍ਹਾਂ ਵਿਚੋਂ ਬਹੁਤ ਸਾਰੀਆਂ ਦੇ ਕਤਲ ਹੋਏ ਤੇ ਉਨ੍ਹਾਂ ਦੀ ਬੇਹੁਰਮਤੀ ਵੀ ਹੋਈ। ਬਹੁਤ ਸਾਰੀਆਂ ਔਰਤਾਂ ਦੇ ਉਨ੍ਹਾਂ ਦੀ ਇੱਛਾ ਦੇ ਖਿਲਾਫ ਵਿਆਹ ਕਰ ਦਿੱਤੇ ਗਏ। ਇਨ੍ਹਾਂ ਵਿਚੋਂ ਕੁਝ ਸੈਂਕੜੇ ਔਰਤਾਂ ਦੀ 1950 ਵਿਚ ਹੋਏ ਨਹਿਰੂ-ਲਿਆਕਤ ਅਲੀ ਸਮਝੌਤੇ ਅਧੀਨ ਵਾਪਸੀ ਵੀ ਹੋਈ।
ਇਸ ਸਾਰੇ ਅਮਲ ਦੌਰਾਨ ਹਜ਼ਾਰਾਂ ਪਰਿਵਾਰਾਂ ਦੇ ਜੀਅ ਇਕ ਦੂਜੇ ਤੋਂ ਵਿੱਛੜ ਗਏ। ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਅਜਿਹੇ ਵਿੱਛੜੇ ਹੋਏ ਪਰਿਵਾਰਾਂ ਦੇ ਜੀਆਂ ਨੂੰ ਮਿਲਾਉਣ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ। ਇਕ ਜਾਣਕਾਰੀ ਅਨੁਸਾਰ ਹੁਣ ਤਕ 66 ਵਿਛੜੇ ਹੋਏ ਪਰਿਵਾਰਾਂ ਦੇ ਜੀਅ 75 ਸਾਲਾਂ ਬਾਅਦ ਆਪਸ ਵਿਚ ਮਿਲਣ ਦੇ ਸਮਰੱਥ ਹੋ ਸਕੇ ਹਨ। ਤਾਜ਼ਾ ਘਟਨਾ ਪਿੰਡ ਜੱਸੋਵਾਲ (ਲੁਧਿਆਣਾ) ਦੇ ਗੁਰਮੇਲ ਸਿੰਘ ਗਰੇਵਾਲ ਦੀ ਆਪਣੀ ਭੈਣ ਸਕੀਨਾ ਬੀਬੀ ਨੂੰ ਮਿਲਣ ਦੀ ਹੈ। ਜਦੋਂ ਅਜਿਹੇ ਵਿਛੜੇ ਜੀਅ ਮਿਲਦੇ ਹਨ ਤਾਂ ਉਨ੍ਹਾਂ ਦੇ ਹੰਝੂ ਰੋਕਿਆਂ ਨਹੀਂ ਰੁਕਦੇ, ਉਹ ਇਕ-ਦੂਜੇ ਨੂੰ ਗੱਲਵਕੜੀਆਂ ਵਿਚ ਲੈ ਕੇ ਧਾਹਾਂ ਮਾਰਦੇ ਹਨ ਪਰ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਵੀ ਹੁੰਦੀ ਹੈ ਕਿ ਆਖ਼ਰ ਉਹ ਮਿਲਣ ਵਿਚ ਕਾਮਯਾਬ ਹੋਏ। ਇਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਵਿੱਛੜਿਆਂ ਨੂੰ ਮਿਲਾਉਣ ਵਿਚ ਬਹੁਤ ਵੱਡਾ ਰੋਲ ਅਦਾ ਕਰ ਰਿਹਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਰਾਹੀਂ ਭਾਰਤ ਤੇ ਪਾਕਿਸਤਾਨ ਦੇ ਲੋਕ ਖ਼ਾਸ ਕਰਕੇ ਨੌਜਵਾਨ ਜਿਹੜੇ ਦੋਵਾਂ ਦੇਸ਼ਾਂ ਵਿਚ ਪਿਆਰ ਤੇ ਭਾਈਚਾਰਾ ਵਧਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਇਥੇ ਮਿਲਣ ਦਾ ਮੌਕਾ ਮਿਲਦਾ ਹੈ। ਇਹ ਵੀ ਇਸ ਲਾਂਘੇ ਦਾ ਇਕ ਬਹੁਤ ਵੱਡਾ ਲਾਭ ਹੋਇਆ ਹੈ। ਬਿਨਾਂ ਸ਼ੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਿਆਰ ਤੇ ਭਾਈਚਾਰੇ ਦੀ ਵਿਚਾਰਧਾਰਾ ਨੂੰ ਇਹ ਲਾਂਘਾ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਅੱਜ ਵੀ ਅੱਗੇ ਵਧਾ ਰਹੇ ਹਨ।
ਆਸ ਕੀਤੀ ਜਾਣੀ ਚਾਹੀਦੀ ਹੈ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਪਿਆਰ ਤੇ ਸਦਭਾਵਨਾ ਨੂੰ ਹੋਰ ਅੱਗੇ ਵਧਾਉਣ ਅਤੇ ਇਸ ਮਾਧਿਅਮ ਰਾਹੀਂ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਬਿਹਤਰ ਬਣਾਉਣ ਲਈ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਯਾਤਰੂਆਂ ਦੀ ਗਿਣਤੀ ਵਧਾਉਣ ਲਈ ਯਾਤਰਾ ਦੇ ਨਿਯਮਾਂ ਨੂੰ ਹੋਰ ਵਧੇਰੇ ਸਰਲ ਬਣਾਇਆ ਜਾਵੇ। ਇਸ ਦਾ ਬਹੁਤ ਚੰਗਾ ਤੇ ਹਾਂ-ਪੱਖੀ ਪ੍ਰਭਾਵ ਇਸ ਖਿੱਤੇ ਵਿਚ ਪਵੇਗਾ। ਜੇਕਰ ਭਾਰਤ ਸਰਕਾਰ ਪਾਕਿਸਤਾਨ ਦੇ ਗੁਰੂ ਨਾਨਕ ਨਾਮ ਲੇਵਾ ਲੋਕਾਂ ਨੂੰ ਇਸ ਲਾਂਘੇ ਰਾਹੀਂ ਡੇਰਾ ਬਾਬਾ ਨਾਨਕ ਤਕ ਆਉਣ ਦੇਵੇ ਤਾਂ ਇਹ ਲਾਂਘਾ ਦੋ-ਪੱਖੀ ਹੋ ਜਾਏਗਾ ਤੇ ਇਸ ਨਾਲ ਸ਼ਰਧਾਲੂਆਂ ਦੀ ਯਾਤਰਾ ਨੂੰ ਹੋਰ ਵੀ ਵਧੇਰੇ ਹੁੰਗਾਰਾ ਮਿਲ ਸਕਦਾ ਹੈ। ਇਸ ਨਾਲ ਕਰਤਾਰਪੁਰ ਸਾਹਿਬ ਤੇ ਡੇਰਾ ਬਾਬਾ ਨਾਨਕ ਦਰਮਿਆਨ ਵਪਾਰਕ ਸਰਗਰਮੀਆਂ ਵੀ ਵਧ ਸਕਦੀਆਂ ਹਨ। ਸ਼ਰਧਾਲੂ ਆਪਣੀ ਪਸੰਦ ਦੀਆਂ ਚੀਜ਼ਾਂ-ਵਸਤਾਂ ਵੀ ਕਰਤਾਰਪੁਰ ਸਾਹਿਬ ਤੇ ਡੇਰਾ ਬਾਬਾ ਨਾਨਕ ਤੋਂ ਖਰੀਦ ਸਕਦੇ ਹਨ। ਇਕ ਵਾਰ ਫਿਰ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਵਿਛੜੇ ਹੋਏ ਪਰਿਵਾਰਾਂ ਦੇ ਮਿਲਣ ‘ਤੇ ਦਿਲੋਂ ਖ਼ੁਸ਼ੀ ਪ੍ਰਗਟ ਕਰਦੇ ਹਾਂ ਅਤੇ ਇਸ ਰਾਹੀਂ ਸ਼ਰਧਾਲੂਆਂ ਦੀ ਯਾਤਰਾ ਨੂੰ ਹੋਰ ਉਤਸ਼ਾਹਤ ਕਰਨ ਦੀ ਦੋਵਾਂ ਸਰਕਾਰਾਂ ਤੋਂ ਆਸ ਕਰਦੇ ਹਾਂ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …