Breaking News
Home / ਸੰਪਾਦਕੀ / ਭਾਰਤ ਦੇ ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ‘ਤੇ

ਭਾਰਤ ਦੇ ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ‘ਤੇ

ਰਾਸ਼ਟਰਪਤੀ ਵੱਲੋਂ ਦੇਸ਼
ਦੇ ਨਾਮ ਸੁਨੇਹਾ
ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ‘ਤੇ ਦੇਸ਼ ਦੇ ਨਾਮ ਸੁਨੇਹਾ ਦਿੰਦਿਆਂ ਕਿਹਾ ਕਿ ਸੰਵਿਧਾਨ ਨਿਰਮਾਤਾਵਾਂ ਨੇ ਮੁਲਕ ਨੂੰ ਨੈਤਿਕਤਾ ਦਾ ਸੁਨੇਹਾ ਦਿੱਤਾ ਹੈ ਜਿਸਦੇ ਮਾਰਗ ‘ਤੇ ਚੱਲਣ ਦੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਰਾਸ਼ਟਰਪਤੀ ਨੇ 74ਵੇਂ ਗਣਤੰਤਰ ਦਿਵਸ ਦੀ ਪੂਰਬ ਸੰਧਿਆ ‘ਤੇ ਕੌਮ ਦੇ ਨਾਮ ਆਪਣੇ ਪਲੇਠੇ ਸੰਦੇਸ਼ ‘ਚ ਕਿਹਾ ਕਿ ਸੰਵਿਧਾਨ ਦੁਨੀਆ ਦੀ ਪੁਰਾਣੀ ਸੱਭਿਅਤਾ ਦੇ ਮਾਨਵੀ ਦਰਸ਼ਨ ਅਤੇ ਨਵੇਂ ਵਿਚਾਰਾਂ ਤੋਂ ਪ੍ਰੇਰਿਤ ਹੈ। ਸ੍ਰੀਮਤੀ ਮੁਰਮੂ ਨੇ ਕਿਹਾ, ”ਰਾਸ਼ਟਰ ਡਾਕਟਰ ਬੀ ਆਰ ਅੰਬੇਡਕਰ ਦਾ ਹਮੇਸ਼ਾ ਰਿਣੀ ਰਹੇਗਾ ਜਿਨ੍ਹਾਂ ਸੰਵਿਧਾਨ ਦੀ ਖਰੜਾ ਕਮੇਟੀ ਦੀ ਅਗਵਾਈ ਕੀਤੀ ਸੀ ਅਤੇ ਸੰਵਿਧਾਨ ਨੂੰ ਅੰਤਿਮ ਰੂਪ ਦੇਣ ‘ਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਇਸ ਦਿਨ ਸਾਨੂੰ ਕਾਨੂੰਨੀ ਮਾਹਿਰ ਬੀ ਐੱਨ ਰਾਓ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈ ਜਿਨ੍ਹਾਂ ਸ਼ੁਰੂਆਤੀ ਖਰੜਾ ਤਿਆਰ ਕੀਤਾ ਸੀ। ਸਾਨੂੰ ਸੰਵਿਧਾਨ ਤਿਆਰ ਕਰਨ ‘ਚ ਸਹਾਇਤਾ ਕਰਨ ਵਾਲੇ ਹੋਰ ਮਾਹਿਰਾਂ ਅਤੇ ਅਧਿਕਾਰੀਆਂ ਨੂੰ ਵੀ ਯਾਦ ਰੱਖਣਾ ਕਰਨਾ ਚਾਹੀਦਾ ਹੈ।” ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੂੰ ਇਸ ਗੱਲ ‘ਤੇ ਮਾਣ ਹੈ ਕਿ ਉਸ ਅਸੈਂਬਲੀ ਦੇ ਮੈਂਬਰਾਂ ‘ਚ ਸਾਰੇ ਖਿੱਤਿਆਂ ਅਤੇ ਭਾਈਚਾਰਿਆਂ ਦੇ ਨੁਮਾਇੰਦੇ ਸਨ ਅਤੇ ਉਨ੍ਹਾਂ ‘ਚ 15 ਮਹਿਲਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਸਨ। ‘ਉਨ੍ਹਾਂ ਦਾ ਨਜ਼ਰੀਆ ਸੰਵਿਧਾਨ ‘ਚ ਝਲਕਦਾ ਹੈ ਜੋ ਸਾਡੇ ਗਣਤੰਤਰ ਦਾ ਲਗਾਤਾਰ ਮਾਰਗ ਦਰਸ਼ਨ ਕਰ ਰਿਹਾ ਹੈ। ਇਸ ਸਮੇਂ ਦੌਰਾਨ ਭਾਰਤ ਗਰੀਬ ਅਤੇ ਅਨਪੜ੍ਹ ਮੁਲਕ ਤੋਂ ਭਰੋਸੇਮੰਦ ਮੁਲਕ ‘ਚ ਬਦਲ ਗਿਆ ਜੋ ਹੁਣ ਆਲਮੀ ਪੱਧਰ ‘ਤੇ ਅਗਾਂਹ ਵਧ ਰਿਹਾ ਹੈ।’ ਰਾਸ਼ਟਰਪਤੀ ਨੇ ਕਿਹਾ ਕਿ ਇਹ ਬਦਲਾਅ ਸੰਵਿਧਾਨ ਨਿਰਮਾਤਾਵਾਂ ਦੇ ਗਿਆਨ ਬਿਨਾਂ ਸੰਭਵ ਨਹੀਂ ਸੀ ਜਿਨ੍ਹਾਂ ਸਾਡੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਮੁਲਕ ਡਾ. ਭੀਮ ਰਾਓ ਅੰਬੇਡਕਰ ਅਤੇ ਹੋਰਾਂ ਦੀਆਂ ਆਸਾਂ ‘ਤੇ ਖਰਾ ਉਤਰਿਆ ਹੈ ਪਰ ਫਿਰ ਵੀ ਸਾਨੂੰ ਅਜੇ ਬਹੁਤਾ ਕੁਝ ਕਰਨ ਦੀ ਲੋੜ ਹੈ ਤਾਂ ਜੋ ਗਾਂਧੀ ਜੀ ਦੇ ‘ਸਰਵੋਦਿਆ’ (ਸਾਰਿਆਂ ਦੀ ਤਰੱਕੀ) ਬਾਰੇ ਵਿਚਾਰ ਨੂੰ ਅਮਲੀ ਰੂਪ ਦਿੱਤਾ ਜਾ ਸਕੇ। ‘ਉਂਜ ਸਾਡੇ ਵੱਲੋਂ ਸਾਰੇ ਮੁਹਾਜ਼ਾਂ ‘ਤੇ ਕੀਤੀ ਗਈ ਪ੍ਰਗਤੀ ਉਤਸ਼ਾਹਪੂਰਨ ਹੈ।’ ਰਾਸ਼ਟਰਪਤੀ ਨੇ ਕਿਹਾ ਕਿ ਜੀ-20 ਆਲਮੀ ਤਪਸ਼ ਅਤੇ ਵਾਤਾਵਰਨ ਬਦਲਾਅ ਜਿਹੀਆਂ ਸਮੱਸਿਆਵਾਂ ‘ਤੇ ਚਰਚਾ ਅਤੇ ਹੱਲ ਲਈ ਢੁੱਕਵਾਂ ਮੰਚ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਕਾਰਨ ਹੁਣ ਦੁਨੀਆ ਭਾਰਤ ਵੱਲ ਦੇਖਣ ਲੱਗ ਪਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਸਾਲ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਆਰਥਿਕਤਾ ਬਣ ਗਿਆ ਅਤੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਇਹ ਉਪਲੱਬਧੀ ਆਰਥਿਕ ਬੇਯਕੀਨੀ ਨਾਲ ਭਰੇ ਆਲਮੀ ਪਿਛੋਕੜ ‘ਚ ਹਾਸਲ ਕੀਤੀ ਗਈ ਹੈ। ਸਰਕਾਰ ਦੀਆਂ ਕਲਿਆਣ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਕਈ ਖੇਤਰਾਂ ‘ਚ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ ਅਤੇ ਇਹ ਤਸੱਲੀ ਵਾਲੀ ਗੱਲ ਹੈ ਕਿ ਜਿਹੜੇ ਲੋਕ ਹਾਸ਼ੀਏ ‘ਤੇ ਧੱਕੇ ਗਏ ਸਨ, ਉਨ੍ਹਾਂ ਨੂੰ ਵੀ ਯੋਜਨਾਵਾਂ ਅਤੇ ਪ੍ਰੋਗਰਾਮਾਂ ‘ਚ ਸ਼ਾਮਲ ਕੀਤਾ ਗਿਆ।
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਤੇ ਮਹਿਲਾ ਤੇ ਪੁਰਸ਼ ਵਿਚਾਲੇ ਸਮਾਨਤਾ ਹੁਣ ਕੇਵਲ ਨਾਅਰੇ ਨਹੀਂ ਰਹਿ ਗਏ। ਮੇਰੇ ਮਨ ‘ਚ ਕੋਈ ਸ਼ੱਕ ਨਹੀਂ ਹੈ ਕਿ ਮਹਿਲਾਵਾਂ ਹੀ ਆਉਣ ਵਾਲੇ ਕੱਲ੍ਹ ਦੇ ਭਾਰਤ ਨੂੰ ਸਰੂਪ ਦੇਣ ਲਈ ਸਭ ਤੋਂ ਵੱਧ ਯੋਗਦਾਨ ਪਾਉਣਗੀਆਂ। ਰਾਸ਼ਟਰਪਤੀ ਨੇ ਕਿਹਾ ਕਿ ਮੈਂ ਕਿਸਾਨਾਂ, ਮਜਦੂਰਾਂ, ਵਿਗਿਆਨੀਆਂ ਤੇ ਇੰਜੀਨੀਅਰਾਂ ਦੀ ਭੂਮਿਕਾ ਦੀ ਸ਼ਲਾਘਾ ਕਰਦੀ ਹਾਂ ਕਿ ਇਨ੍ਹਾਂ ਦੀ ਸਮੂਹਿਕ ਸ਼ਕਤੀ ਸਾਡੇ ਦੇਸ਼ ਨੂੰ ‘ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ (ਖੋਜ)’ ਦੀ ਭਾਵਨਾ ਦੇ ਅਨੁਰੂਪ ਅੱਗੇ ਵਧਣ ‘ਚ ਸਮਰੱਥ ਬਣਾਉਂਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸੰਵਿਧਾਨ ਦੇ ਸੰਸਥਾਪਕਾਂ ਨੇ ਸਾਨੂੰ ਇਕ ਨਕਸ਼ਾ ਤੇ ਨੈਤਿਕ ਢਾਂਚਾ ਦਿੱਤਾ ਹੈ ਤੇ ਉਸ ਰਸਤੇ ‘ਤੇ ਚੱਲਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਹਮੇਸ਼ਾ ਡਾ. ਬੀ.ਆਰ. ਅੰਬੇਡਕਰ ਦਾ ਧੰਨਵਾਦੀ ਰਹੇਗਾ, ਜਿਨ੍ਹਾਂ ਸੰਵਿਧਾਨ ਦੀ ਡਰਾਫਟ ਕਮੇਟੀ ਦੀ ਅਗਵਾਈ ਕੀਤੀ ਸੀ ਤੇ ਇਸ ਨੂੰ ਅੰਤਿਮ ਰੂਪ ਦੇਣ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …