ਅੰਮ੍ਰਿਤਸਰ ਵਿਚ ਪਿਛਲੇ ਦਿਨੀਂ ਸੁਧੀਰ ਸੂਰੀ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਤੇ ਇਸ ਵੀਰਵਾਰ ਨੂੰ ਫਰੀਦਕੋਟ ‘ਚ ਬੇਅਦਬੀ ਕਾਂਡ ਦੇ ਦੋਸ਼ਾਂ ‘ਚ ਘਿਰੇ ਡੇਰਾ ਪ੍ਰੇਮੀ ਪਰਦੀਪ ਸਿੰਘ ਨੂੰ ਮਾਰੀਆ ਗਈਆਂ ਗੋਲੀਆਂ ਨਾਲ ਪੰਜਾਬ ਵਿਚ ਇਕ ਵਾਰ ਫੇਰ ਖ਼ਤਰਿਆਂ ਦੀਆਂ ਘੰਟੀਆਂ ਵੱਜਦੀਆਂ ਸੁਣਾਈ ਦੇਣ ਲੱਗੀਆਂ ਹਨ। ਕਤਲ ਨਾਲ ਸੰਬੰਧਿਤ ਵਿਅਕਤੀ ਨੂੰ ਉਸੇ ਹੀ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਆਉਂਦੇ ਦਿਨਾਂ ਵਿਚ ਉਸ ਵਲੋਂ ਕੀਤੇ ਜਾਣ ਵਾਲੇ ਖੁਲਾਸਿਆਂ ਨੂੰ ਵੀ ਤਫ਼ਤੀਸ਼ ਦਾ ਆਧਾਰ ਬਣਾਇਆ ਜਾਏਗਾ ਪਰ ਅਜਿਹੇ ਵਾਪਰੇ ਮਾੜੇ ਘਟਨਾਕ੍ਰਮ ਨਾਲ ਜਿਸ ਤਰ੍ਹਾਂ ਦਾ ਮਾਹੌਲ ਬਣਦਾ ਹੈ, ਉਸ ਦਾ ਸਮੁੱਚੇ ਸਮਾਜ ‘ਤੇ ਬੇਹੱਦ ਨਾਂਹ-ਪੱਖੀ ਅਸਰ ਪੈਂਦਾ ਹੈ। ਪੰਜਾਬ ਅਜਿਹੇ ਦੌਰ ‘ਚੋਂ ਗੁਜ਼ਰ ਰਿਹਾ ਹੈ ਜਿਸ ਵਿਚ ਸਭ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੋਵੇਗੀ। ਚਾਹੇ ਸਮੁੱਚੇ ਰੂਪ ਵਿਚ ਅਮਨ-ਕਾਨੂੰਨ ਦੀ ਹਾਲਤ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੁੰਦੀ ਹੈ ਪਰ ਇਸ ਸਮੇਂ ਇਸ ਪੱਖ ਤੋਂ ਜੋ ਹਾਲਾਤ ਵਿਗੜੇ ਹੋਏ ਦਿਖਾਈ ਦਿੰਦੇ ਹਨ, ਉਨ੍ਹਾਂ ਲਈ ਸਿਰਫ਼ ਤਤਕਾਲੀ ਸਰਕਾਰ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਪਿਛਲੇ ਲੰਮੇ ਸਮੇਂ ਤੋਂ ਅਜਿਹਾ ਵਰਤਾਰਾ ਵੇਖਿਆ ਜਾਂਦਾ ਰਿਹਾ ਹੈ। ਲੁੱਟਾਂ-ਖੋਹਾਂ, ਡਾਕਿਆਂ ਅਤੇ ਕਤਲਾਂ ਦੀਆਂ ਖ਼ਬਰਾਂ ਨਿਤ ਦਿਨ ਸੁਣਨ ਨੂੰ ਮਿਲਦੀਆਂ ਹਨ। ਪੈਦਾ ਹੋਏ ਅਜਿਹੇ ਹਾਲਾਤ ਇਕ ਦਿਨ ਦਾ ਵਰਤਾਰਾ ਨਹੀਂ ਹਨ ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਵੱਡੀ ਪੱਧਰ ‘ਤੇ ਚਰਚਾ ਹੋਈ ਸੀ। ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪੋ ਆਪਣੇ ਢੰਗ-ਤਰੀਕੇ ਨਾਲ ਪੁਣਿਆ ਸੀ ਪਰ ਦਹਾਕਿਆਂ ਤੋਂ ਜਿਸ ਤਰ੍ਹਾਂ ਗੈਂਗਸਟਰਾਂ ਨੇ ਪੰਜਾਬ ਨੂੰ ਆਪਣੀਆਂ ਕਾਰਵਾਈਆਂ ਅਤੇ ਧਮਕੀਆਂ ਹੇਠ ਰੱਖਿਆ ਹੋਇਆ ਹੈ ਅਤੇ ਜਿਸ ਤਰ੍ਹਾਂ ਉਨ੍ਹਾਂ ਦਾ ਇਹ ਜਾਲ ਦੇਸ਼ ਅਤੇ ਵਿਦੇਸ਼ਾਂ ਤੱਕ ਫੈਲਿਆ ਹੋਇਆ ਹੈ, ਉਸ ਨੂੰ ਤੋੜਨ ਲਈ ਲੰਬੀ ਅਤੇ ਪੁਖ਼ਤਾ ਯੋਜਨਾਬੰਦੀ ਦੀ ਜ਼ਰੂਰਤ ਹੋਵੇਗੀ। ਇਕ ਵਾਰ ਫੇਰ ਅਨੇਕਾਂ ਤਰ੍ਹਾਂ ਦੇ ਅਨਸਰ ਸੂਬੇ ਦੇ ਅਮਨ ਨੂੰ ਭੰਗ ਕਰਨ ਲਈ ਤਤਪਰ ਹੋਏ ਦਿਖਾਈ ਦਿੰਦੇ ਹਨ ਜੋ ਸਰਕਾਰ ਅਤੇ ਸਮਾਜ ਸਾਹਮਣੇ ਵੱਡੀ ਚੁਣੌਤੀ ਬਣ ਕੇ ਖੜ੍ਹੇ ਹੋਏ ਹਨ। ਉਹ ਅਕਸਰ ਅਜਿਹੀਆਂ ਚਾਲਾਂ ਗੁੰਦਣ ਵਿਚ ਮਸਰੂਫ ਰਹਿੰਦੇ ਹਨ, ਜੋ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਤੋੜਨ ਵਾਲੀਆਂ ਹੋਣ। ਅਜਿਹੇ ਸੰਗਠਨਾਂ ਅਤੇ ਵਿਅਕਤੀਆਂ ਦਾ ਮੁਕਾਬਲਾ ਸਾਂਝੇ ਰੂਪ ਵਿਚ ਹੀ ਕੀਤਾ ਜਾਣਾ ਚਾਹੀਦਾ ਹੈ। ਅੰਮ੍ਰਿਤਸਰ ਵਿਚ ਵਾਪਰੀ ਇਹ ਘਟਨਾ ਲੋਕਾਂ ਦੇ ਸਾਹਮਣੇ ਅਤੇ ਪੁਲਿਸ ਦੀ ਮੌਜੂਦਗੀ ਵਿਚ ਇਕਦਮ ਅਚਾਨਕ ਵਾਪਰੀ ਜਿਸ ਕਾਰਨ ਭਰੇ ਬਾਜ਼ਾਰ ਵਿਚ ਪੁਲਿਸ ਨੂੰ ਇਕਦਮ ਪ੍ਰਤੀਕਰਮ ਪ੍ਰਗਟਾਉਣ ਦਾ ਮੌਕਾ ਵੀ ਨਹੀਂ ਮਿਲਿਆ। ਅਜਿਹੀ ਘਟਨਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਵਲੋਂ ਸਰਕਾਰ ਅਤੇ ਪੁਲਿਸ ਦੀ ਆਲੋਚਨਾ ਅਤੇ ਨਿਖੇਧੀ ਕੀਤੀ ਜਾਣੀ ਵਾਜਿਬ ਨਹੀਂ ਹੈ, ਕਿਉਂਕਿ ਅਜਿਹਾ ਵਰਤਾਰਾ ਯਕਦਮ ਕਿਤੇ ਵੀ ਵਾਪਰ ਸਕਦਾ ਹੈ ਪਰ ਅਜਿਹੀ ਸਥਿਤੀ ਵਿਚ ਪ੍ਰਸ਼ਾਸਨ ਦੀ ਤਦੇ ਹੀ ਆਲੋਚਨਾ ਕਰਨੀ ਬਣਦੀ ਹੈ ਜੇ ਕਿਸੇ ਗੰਭੀਰ ਘਟਨਾਕ੍ਰਮ ਤੋਂ ਬਾਅਦ ਉਸ ਨੇ ਪੂਰੀ ਮੁਸਤੈਦੀ ਨਾਲ ਕਾਰਵਾਈ ਨਾ ਕੀਤੀ ਹੋਵੇ। ਅਜਿਹੀ ਸੂਰਤ ਵਿਚ ਸਰਕਾਰ ਦੀ ਆਲੋਚਨਾ ਕਰਨ ਦੀ ਬਜਾਏ ਸੂਬੇ ਦੇ ਹਿਤਾਂ ਲਈ ਇਕ ਸਾਂਝੀ ਸਮਝ ਤੇ ਨੀਤੀ ਬਣਾਈ ਜਾਣੀ ਜ਼ਰੂਰੀ ਹੈ। ਇਸ ਘਟਨਾਕ੍ਰਮ ‘ਤੇ ਬਹੁਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਦੀ ਆਲੋਚਨਾ ਜ਼ਰੂਰ ਕੀਤੀ ਹੈ ਪਰ ਇਸ ਦੇ ਨਾਲ ਹੀ ਲਗਭਗ ਸਾਰੇ ਹੀ ਆਗੂਆਂ ਨੇ ਸੂਬੇ ਵਿਚ ਸ਼ਾਂਤੀ ਬਣਾਈ ਰੱਖਣ ਲਈ ਅਤੇ ਆਪਸੀ ਸਾਂਝ ਅਤੇ ਸਦਭਾਵਨਾ ਦਾ ਮਾਹੌਲ ਬਣਾਈ ਰੱਖਣ ਲਈ ਵੀ ਅਜਿਹੀਆਂ ਅਪੀਲਾਂ ਕੀਤੀਆਂ ਹਨ ਜੋ ਸਮੇਂ ਦੀ ਲੋੜ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਹੀ ਪਟਿਆਲੇ ਵਿਚ ਇਕ ਧਾਰਮਿਕ ਮਸਲੇ ਨੂੰ ਲੈ ਕੇ ਦੋ ਧਿਰਾਂ ਵਿਚ ਜਿਸ ਤਰ੍ਹਾਂ ਜ਼ੋਰ-ਅਜ਼ਮਾਈ ਹੋਈ ਸੀ, ਉਸ ਲਈ ਵੀ ਸਥਾਨਕ ਪੁਲਿਸ ਨੇ ਮਾਹੌਲ ਨੂੰ ਸ਼ਾਂਤ ਕਰਨ ਲਈ ਆਪਣਾ ਚੰਗਾ ਰੋਲ ਨਿਭਾਇਆ ਸੀ ਪਰ ਇਸ ਦੇ ਬਾਵਜੂਦ ਸਰਕਾਰ ਨੇ ਸੰਬੰਧਿਤ ਪੁਲਿਸ ਅਫ਼ਸਰਾਂ ‘ਤੇ ਹੀ ਕਾਰਵਾਈ ਕਰਨ ਦਾ ਐਲਾਨ ਕਰ ਦਿੱਤਾ ਸੀ। ਜਿਸ ਦਾ ਅਸਰ ਪ੍ਰਬੰਧਕੀ ਮਸ਼ੀਨਰੀ ‘ਤੇ ਕਿਸੇ ਵੀ ਤਰ੍ਹਾਂ ਹਾਂ-ਪੱਖੀ ਨਹੀਂ, ਸਗੋਂ ਨਾਂਹ-ਪੱਖੀ ਹੀ ਪਿਆ ਸੀ। ਅੱਜ ਸਮੁੱਚੇ ਰੂਪ ਵਿਚ ਹਰ ਪੱਖ ਤੋਂ ਸੂਬੇ ਵਿਚ ਜੋ ਮਾਹੌਲ ਬਣ ਰਿਹਾ ਹੈ ਅਤੇ ਸਮਾਜ ਵਿਚ ਜਿਸ ਤਰ੍ਹਾਂ ਦੀ ਕੱਟੜਤਾ ਤੇ ਨਫ਼ਰਤ ਪੈਦਾ ਹੋ ਰਹੀ ਹੈ, ਉਹ ਜ਼ਰੂਰ ਚਿੰਤਾਜਨਕ ਹੈ। ਅਜਿਹੇ ਮਾਹੌਲ ਵਿਚ ਸਮੁੱਚੇ ਵਿਕਾਸ ਦੀ ਤੋਰ ਵਿਚ ਵੀ ਰੁਕਾਵਟ ਪੈਂਦੀ ਹੈ ਅਤੇ ਸਮਾਜ ਵਿਚ ਬੇਯਕੀਨੀ ਵੀ ਪੈਦਾ ਹੁੰਦੀ ਹੈ।
ਆਉਂਦੇ ਸਮੇਂ ਵਿਚ ਅਜਿਹੇ ਘਟਨਾਕ੍ਰਮ ਦੇ ਰੂ-ਬ-ਰੂ ਹੋ ਕੇ ਕਦਮ ਉਠਾਉਣ ਅਤੇ ਕਾਰਵਾਈ ਕਰਨ ਦੀ ਜ਼ਰੂਰਤ ਹੋਵੇਗੀ। ਇਸ ਵਿਚ ਸ਼ੱਕ ਨਹੀਂ ਕਿ ਬਣ ਚੁੱਕੇ ਅਜਿਹੇ ਮਾਹੌਲ ਵਿਚ ਸਰਕਾਰ ਤੋਂ ਜਿਨ੍ਹਾਂ ਪ੍ਰੋੜ੍ਹ ਅਮਲਾਂ ਦੀ ਆਸ ਰੱਖੀ ਜਾਂਦੀ ਹੈ ਉਸ ‘ਤੇ ਪੂਰੇ ਉਤਰਨ ਲਈ ਉਸ ਨੂੰ ਹੋਰ ਵਧੇਰੇ ਯਤਨਸ਼ੀਲ ਹੋਣਾ ਪਵੇਗਾ। ਨਿੱਤ ਦਿਨ ਸਟੇਜਾਂ ‘ਤੇ ਤਕਰੀਰਾਂ ਕਰਨ ਅਤੇ ਮਹਿਜ਼ ਬਿਆਨਬਾਜ਼ੀ ਕਰੀ ਜਾਣ ਨਾਲ ਗੰਭੀਰ ਮਸਲਿਆਂ ਦਾ ਹੱਲ ਨਹੀਂ ਕੱਢਿਆ ਜਾ ਸਕਦਾ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …