ਬੀਤੇ ਇਕ ਸਾਲ ਤੋਂ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦੀ ਰਹੀ ਆ ਕੋਰੋਨਾ ਮਹਾਂਮਾਰੀ ਨੇ ਜਿੱਥੇ ਇਕ ਪਾਸੇ ਤਿੰਨ ਮਹੀਨਿਆਂ ਤੋਂ ਬਾਅਦ ਇਕ ਵਾਰ ਫਿਰ ਤੀਜੀ ਲਹਿਰ ਦੇ ਰੂਪ ਵਿਚ ਆਪਣਾ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਇਸ ਮਹਾਂਮਾਰੀ ਦੇ ਇਕ ਨਵੇਂ ਰੂਪ ਓਮੀਕਰੋਨ ਨੇ ਵਿਸ਼ਵ ਸਾਹਮਣੇ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਸ ਨੇ ਪੂਰੇ ਵਿਸ਼ਵ ਨੂੰ ਇਕ ਵਾਰ ਫਿਰ ਰੋਗ ਅਤੇ ਮੌਤ ਦੀ ਕਗਾਰ ‘ਤੇ ਲਿਆ ਖੜ੍ਹਾ ਕੀਤਾ ਹੈ। ਓਮੀਕਰੋਨ ਦਾ ਸਭ ਤੋਂ ਪਹਿਲਾ ਮਾਮਲਾ ਦੱਖਣੀ ਅਫ਼ਰੀਕਾ ‘ਚ ਸਾਹਮਣੇ ਆਇਆ ਸੀ। ਇਸ ਹਾਲਤ ‘ਚ ਉਂਜ ਤਾਂ ਪੂਰੀ ਦੁਨੀਆ ਹੀ ਡਰੀ ਹੋਈ ਹੈ ਪਰ ਭਾਰਤ ‘ਚ ਵੀ ਕੋਰੋਨਾ ਮਹਾਂਮਾਰੀ ਦੀ ਇਸ ਤੀਜੀ ਲਹਿਰ ਨੇ ਬੇਹੱਦ ਚਿੰਤਾ ਅਤੇ ਘਬਰਾਹਟ ਪੈਦਾ ਕਰ ਦਿੱਤੀ ਹੈ। ਇਸ ਤੀਜੀ ਲਹਿਰ ਦਾ ਸਭ ਤੋਂ ਭਿਆਨਕ ਰੂਪ ਇਸ ਵਾਰ ਵੀ ਬੀਤੇ ਸਾਲ ਪਹਿਲੀ ਤੇ ਦੂਜੀ ਲਹਿਰ ਦੀ ਤਰ੍ਹਾਂ ਯੂਰਪੀ ਦੇਸ਼ਾਂ ‘ਚ ਦਿਖਾਈ ਦਿੱਤਾ ਹੈ, ਜਿੱਥੇ ਇਕ ਦਿਨ ‘ਚ ਪੀੜਤਾਂ ਦੀ ਗਿਣਤੀ ਕਈ-ਕਈ ਲੱਖ ਤੱਕ ਪਹੁੰਚਣ ਲੱਗੀ ਹੈ। ਭਾਰਤ ਵਿਚ ਵੀ ਕੋਰੋਨਾ ਦੀ ਤੀਜੀ ਲਹਿਰ ਨਾਲ ਪੀੜਤ ਵਿਅਕਤੀਆਂ ਦੀ ਗਿਣਤੀ ਇਕ ਦਿਨ ‘ਚ ਇਕ ਲੱਖ 59 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਦਸੰਬਰ ਮੱਧ ਤੋਂ ਬਾਅਦ ਮਹਾਂਮਾਰੀ ਦੀ ਤੀਜੀ ਲਹਿਰ ਦੇ ਆਉਣ ਦੀ ਗੱਲ ਸ਼ੁਰੂ ਹੋ ਗਈ ਸੀ। ਇਸ ਵਾਰ ਇਹ ਵੀ ਸੰਭਾਵਨਾ ਜਤਾਈ ਜਾਣ ਲੱਗੀ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਸਮੇਂ ਡੈਲਟਾ ਪਲੱਸ ਦੀ ਤਰ੍ਹਾਂ ਤੀਜੀ ਲਹਿਰ ਓਮੀਕਰੋਨ ਦੇ ਰੱਥ ‘ਤੇ ਸਵਾਰ ਹੋ ਕੇ ਆਏਗੀ। ਹੁਣ ਸਥਿਤੀ ਇਹ ਬਣ ਗਈ ਹੈ ਕਿ ਜਿੱਥੇ ਇਕ ਪਾਸੇ ਕੋਰੋਨਾ ਦੀ ਤੀਜੀ ਲਹਿਰ ਆਪਣੇ ਪੂਰੇ ਕਹਿਰ ਨਾਲ ਅੱਗੇ ਵਧਦੀ ਜਾਪ ਰਹੀ ਹੈ ਅਤੇ ਵਿਗਿਆਨੀਆਂ ਅਨੁਸਾਰ ਇਸ ਦੇ 15 ਫਰਵਰੀ ਤੱਕ ਸਿਖਰ ‘ਤੇ ਪਹੁੰਚਣ ਦੀ ਸੰਭਾਵਨਾ ਹੈ, ਉੱਥੇ ਹੀ ਓਮੀਕਰੋਨ ਦੇ ਮਾਮਲੇ ਵੀ ਤੇਜ਼ੀ ਨਾਲ ਵਧਣ ਲੱਗੇ ਹਨ।
ਕੋਰੋਨਾ ਮਹਾਂਮਾਰੀ ਦੇ ਅੰਕੜਿਆਂ ‘ਚ ਵਾਧੇ ਦੀ ਰਫ਼ਤਾਰ ਇਕ ਦਿਨ ‘ਚ ਦੁੱਗਣੀ ਹੋ ਗਈ ਹੈ ਤਾਂ ਓਮੀਕਰੋਨ ਦੇ ਮਾਮਲੇ ਵੀ ਐਤਵਾਰ ਨੂੰ ਭਾਰਤ ਦੇ 27 ਸੂਬਿਆਂ ‘ਚ 3623 ਤੱਕ ਪਹੁੰਚ ਗਏ ਹਨ। ਮੌਜੂਦਾ ਹਾਲਾਤ ‘ਚ ਚਿੰਤਾ ਵਾਲੀ ਗੱਲ ਇਹ ਹੈ ਕਿ ਦੂਜੀ ਲਹਿਰ ਸਮੇਂ ਲੋਕ ਦਫ਼ਤਰਾਂ, ਕਾਰਖ਼ਾਨਿਆਂ, ਵਪਾਰਕ ਸੰਸਥਾਵਾਂ ਅਤੇ ਇੱਥੋਂ ਤੱਕ ਕਿ ਘਰਾਂ ‘ਚ ਵੀ ਥੋੜ੍ਹਾ-ਬਹੁਤ ਹੀ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਦੇ ਸਨ। ਮਾਸਕ ਲਗਾਉਂਦੇ ਸਨ ਤੇ ਸੈਨੇਟਾਈਜ਼ਰ ਦੀ ਵਰਤੋਂ ਕਰਦੇ ਸਨ, ਪਰ ਅੱਜ ਦੀ ਸਥਿਤੀ ਇਹ ਹੈ ਕਿ ਇਹ ਸਾਰੇ ਨਿਯਮ ਹਵਾ ‘ਚ ਤੈਰਦੇ ਦਿਖਾਈ ਦੇ ਰਹੇ ਹਨ। ਪੰਜਾਬ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਜਿੱਥੇ ਅਗਲੇ ਮਹੀਨੇ ਚੋਣਾਂ ਹੋਣ ਵਾਲੀਆਂ ਹਨ, ਉੱਥੇ ਹਾਲਾਤ ਇਹ ਹਨ ਕਿ ਮਾਸਕ, ਸੈਨੇਟਾਈਜ਼ਰ ਅਤੇ ਨਿਯਮਾਂ ਦੇ ਪਾਲਣ ਦੇ ਰੁਝਾਨ ਨੂੰ ਮੁੜ ਅਪਣਾਉਣ ਲਈ ਬਹੁਤ ਸਖ਼ਤ ਮਿਹਨਤ ਕਰਨੀ ਪਵੇਗੀ। ਬਿਨਾਂ ਸ਼ੱਕ ਜੇ ਤੀਜੀ ਲਹਿਰ ਵੀ ਬੀਤੇ ਸਾਲ ਦੀ ਦੂਜੀ ਲਹਿਰ ਵਾਂਗ ਭਿਆਨਕ ਰੂਪ ਅਖ਼ਤਿਆਰ ਕਰਦੀ ਹੈ ਤਾਂ ਦੇਸ਼ ਨੂੰ ਕਿਹੋ ਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਹ ਸੋਚਣ ਵਾਲੀ ਗੱਲ ਹੈ। ਪਿਛਲੇ ਸਾਲ ਵੀ ਕੁੰਭ ਦੇ ਆਯੋਜਨ ਅਤੇ ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਨੂੰ ਡੈਲਟਾ ਪਲੱਸ ਦੀ ਦੂਜੀ ਲਹਿਰ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾਸੀ ਤਾਂ ਇਸ ਵਾਰ ਵੀ 14 ਫਰਵਰੀ ਤੋਂ ਦੇਸ਼ ਦੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਹਾਲਾਤ ਕਿਸ ਪਾਸੇ ਕਰਵਟ ਬਦਲਦੇ ਹਨ, ਇਹ ਦੇਖਣ ਵਾਲੀ ਗੱਲ ਹੋਵੇਗੀ। ਇਨ੍ਹਾਂ ‘ਚ ਪੰਜਾਬ ਅਤੇ ਉੱਤਰ ਪ੍ਰਦੇਸ਼ ਕਾਫ਼ੀ ਅਹਿਮ ਹਨ। ਉੱਤਰ ਪ੍ਰਦੇਸ਼ ਆਬਾਦੀ ਦੀ ਵੱਧ ਗਿਣਤੀ ਪੱਖੋਂ ਮਹੱਤਵਪੂਰਨ ਹੋ ਜਾਂਦਾ ਹੈ ਤਾਂ ਪੰਜਾਬ ਇਨ੍ਹੀਂ ਦਿਨੀਂ ਅੰਦੋਲਨਾਂ ਅਤੇ ਪ੍ਰਦਰਸ਼ਨਾਂ ਦੀ ਧਰਤੀ ਬਣ ਚੁੱਕਾ ਹੈ। ਬਾਕੀ ਤਿੰਨ ਰਾਜ ਉੱਤਰਾਖੰਡ, ਗੋਆ ਅਤੇ ਮਣੀਪੁਰ ਵੀ ਘੱਟ ਮਹੱਤਵਪੂਰਨ ਨਹੀਂ ਹਨ। ਹਾਲਾਂਕਿ ਚੋਣਾਵੀ ਮਾਹੌਲ ‘ਚ ਕੋਰੋਨਾ ਧਮਾਕੇ ਦੇ ਖ਼ਤਰੇ ਦਾ ਬਿਗੁਲ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਵੱਜਣ ਦੀ ਵੀ ਪੂਰੀ ਸੰਭਾਵਨਾ ਹੈ।
ਕੋਰੋਨਾ ਮਹਾਂਮਾਰੀ ਵਿਸ਼ਵ ਪੱਧਰੀ ਸਮੱਸਿਆ ਹੈ। ਇਸ ਲਈ ਪੂਰਾ ਵਿਸ਼ਵ ਇਸ ਵਿਰੁੱਧ ਲੜ ਰਿਹਾ ਹੈ ਪਰ ਭਾਰਤ ਨੂੰ ਇਸ ਵਧਦੇ ਖ਼ਤਰੇ ਦੇ ਵਿਰੁੱਧ ਜ਼ਿਆਦਾ ਸਾਵਧਾਨੀ ਅਤੇ ਚੌਕਸੀ ਵਰਤਣ ਦੀ ਵੱਡੀ ਲੋੜ ਹੈ ਕਿਉਂਕਿ ਇੱਥੋਂ ਦੀ ਲੋਕਤੰਤਰਿਕ ਸ਼ਾਸਨ ਵਿਵਸਥਾ ਗਤੀਸ਼ੀਲ ਬਣਾਈ ਰੱਖਣ ਲਈ ਚੋਣਾਵੀ ਸਰਗਰਮੀਆਂ ਦਾ ਨਿਰੰਤਰ ਚਲਦਾ ਰਹਿਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਹੁਣ ਜੇਕਰ ਚੋਣਾਂ ਕਰਾਉਣੀਆਂ ਜ਼ਰੂਰੀ ਹਨ ਤਾਂ ਸਾਰੇ ਪੱਖਾਂ ਦਾ ਆਪਣੇ-ਆਪਣੇ ਪੱਧਰ ‘ਤੇ ਫ਼ਰਜ਼ ਨਿਭਾਉਣਾ ਵੀ ਜ਼ਰੂਰੀ ਹੋ ਜਾਂਦਾ ਹੈ। ਸਰਕਾਰ ਨੂੰ ਜਿੱਥੇ ਆਪਣੇ ਤੌਰ ‘ਤੇ ਆਪਣੇ ਵਲੋਂ ਐਲਾਨੀਆਂ ਕੋਰੋਨਾ ਰੋਕੂ ਪਾਬੰਦੀਆਂ ਦਾ ਪਾਲਣ ਹਰ ਹਾਲ ‘ਚ ਕਰਵਾਉਣਾ ਚਾਹੀਦਾ ਹੈ, ਉੱਥੇ ਹੀ ਚੋਣ ਕਮਿਸ਼ਨ ਨੂੰ ਵੀ ਆਪਣੇ ਅਧਿਕਾਰ ਖੇਤਰ ਦੀਆਂ ਰੋਕਾਂ ਨੂੰ ਹਰ ਹਾਲ ‘ਚ ਲਾਗੂ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਵਿਚ ਚੋਣਾਵੀ ਰੈਲੀਆਂ ਨੂੰ ਮਨਜ਼ੂਰੀ ਦੇਣ ਅਤੇ ਕਿੰਨੀ ਹੱਦ ਤੱਕ ਦੇਣ ਦਾ ਮੁੱਦਾ ਵੀ ਸ਼ਾਮਿਲ ਹੈ। ਸਭ ਤੋਂ ਵੱਧ ਫ਼ਰਜ਼ ਆਮ ਲੋਕਾਂ ਦਾਹੁੰਦਾ ਹੈ, ਜਿਨ੍ਹਾਂ ਨੂੰ ਕੋਰੋਨਾ ਰੋਕੂ ਨਿਯਮਾਂ, ਮਾਸਕ ਸੈਨੇਟਾਈਜ਼ਰ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨਾ ਆਪਣੀਆਂ ਆਦਤਾਂ ਵਿਚ ਸ਼ਾਮਿਲ ਕਰਨਾ ਹੋਵੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਟੀਕਾਕਰਨ ਨੂੰ ਹਰ ਹਾਲ ਵਿਚ ਅਤੇ ਹਰ ਕੀਮਤ ‘ਤੇ ਤੇਜ਼ ਕਰਨ ਲਈ ਸਰਕਾਰ, ਪ੍ਰਸ਼ਾਸਨ ਅਤੇ ਆਮ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਬੇਸ਼ੱਕ ਦੇਸ਼ ‘ਚ ਕੋਰੋਨਾ ਟੀਕਾਕਰਨ ਦੀਆਂ 150 ਕਰੋੜ ਖ਼ੁਰਾਕਾਂ ਹੁਣ ਤੱਕ ਦਿੱਤੀਆਂ ਜਾ ਚੁੱਕੀਆਂ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੇ ਬਾਵਜੂਦ ਭਾਰਤ ਵਰਗੇ ਦੇਸ਼ ‘ਚ ਟੀਕਾਕਰਨ ਦੀ ਰਫ਼ਤਾਰ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਉਹ ਅਜੇ ਵੀ ਉਸ ਤਰ੍ਹਾਂ ਦੀ ਦਿਖਾਈ ਨਹੀਂ ਦੇ ਰਹੀ ਹੈ। ਹਾਲ ਹੀ ‘ਚ ਸ਼ੁਰੂ ਹੋਏ 15 ਤੋਂ 18 ਸਾਲ ਤੱਕ ਦੇ ਬੱਚਿਆਂ ਦੇ ਟੀਕਾਕਰਨ ਵਿਚ ਵੀ ਤੇਜ਼ੀ ਲਿਆਉਣ ਦੀ ਲੋੜ ਹੈ। ਅਜਿਹੇ ਨਿਯਮਾਂ, ਰੋਕਾਂ ਦਾ ਪਾਲਣ ਕਰਨ ਨਾਲ ਹੀ ਅਸੀਂ ਕੋਰੋਨਾ ਦੀ ਇਸ ਤੀਜੀ ਲਹਿਰ ਖ਼ਿਲਾਫ਼ ਲੜਾਈ ‘ਚ ਜੇਤੂ ਅਤੇ ਸੁਰਖ਼ਰੂ ਹੋ ਕੇ ਨਿਕਲ ਸਕਦੇ ਹਾਂ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …