Breaking News
Home / ਸੰਪਾਦਕੀ / ਭਾਰਤੀ ਪੱਤਰਕਾਰਤਾ ਦੀ ਆਜ਼ਾਦੀ ਤੇ ਅਣਖ ਦੀ ਇਤਿਹਾਸਕ ਜਿੱਤ

ਭਾਰਤੀ ਪੱਤਰਕਾਰਤਾ ਦੀ ਆਜ਼ਾਦੀ ਤੇ ਅਣਖ ਦੀ ਇਤਿਹਾਸਕ ਜਿੱਤ

ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ‘ਚ ਗੁਰਮੀਤ ਰਾਮ ਰਹੀਮ ਨੂੰ ਸਜ਼ਾ
ਵੀਰਵਾਰ ਨੂੰ ਪੰਚਕੂਲਾ ਸਥਿਤ ਸੀ.ਬੀ.ਆਈ. ਅਦਾਲਤ ਵਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਤ ਰਹੀਮ ਸਮੇਤ ਚਾਰ ਜਣਿਆਂ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ ‘ਚ ਉਮਰ ਕੈਦ ਅਤੇ 50-50 ਹਜ਼ਾਰ ਰੁਪਏ ਦਾ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਇਕ ਇਤਿਹਾਸਕ ਫ਼ੈਸਲਾ ਹੈ ਅਤੇ ਇਸ ਨੇ ਮਨੁੱਖੀ ਅਧਿਕਾਰਾਂ ਅਤੇ ਜਮਹੂਰੀਅਤ ਦੀਆਂ ਕਦਰਾਂ-ਕੀਮਤਾਂ ਨੂੰ ਉੱਚਾ ਕੀਤਾ ਹੈ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਕਿਸੇ ਵੇਲੇ ਉੱਤਰੀ ਭਾਰਤ ‘ਚ ਤੂਤੀ ਬੋਲਦੀ ਸੀ। ਹਰਿਆਣਾ ਸਥਿਤ ਸਿਰਸਾ ਵਿਚ ‘ਚ ਲਗਭਗ ਇਕ ਹਜ਼ਾਰ ਏਕੜ ਦੇ ਵਿਸ਼ਾਲ ਰਕਬੇ ਵਿਚ ਫੈਲੇ ‘ਡੇਰਾ ਸੱਚਾ ਸੌਦਾ’ ਦੇ ਨਾਂਅ ‘ਤੇ ਧਰਮ ਦੇ ਨਾਂਅ ‘ਤੇ ਖੜੇ ਕੀਤੇ ਇਕ ਵੱਡੇ ਸਾਮਰਾਜ ਅੰਦਰ ਰਾਮ ਰਹੀਮ ਦਾ ਸਿੱਕਾ ਚੱਲਦਾ ਸੀ। ਪੰਜਾਬ, ਹਰਿਆਣਾ, ਰਾਜਸਥਾਨ ਦੇ ਵੱਡੇ-ਵੱਡੇ ਸਿਆਸਤਦਾਨਾਂ ਤੋਂ ਇਲਾਵਾ ਕੇਂਦਰ ਦੇ ਵੱਡੇ ਵਜ਼ੀਰ ਵੀ ਉਸ ਦੇ ਡੇਰੇ ‘ਚ ਆ ਕੇ ਉਸ ਅੱਗੇ ਵੋਟਾਂ ਦੀ ਭੀਖ ਮੰਗਦੇ ਸਨ। ਡੇਰੇ ਦੀ ਰੋਜ਼ਾਨਾ ਦੀ ਆਮਦਨ ਸਾਢੇ 16 ਲੱਖ ਰੁਪਏ ਸੀ ਅਤੇ ਇਸ ਹਿਸਾਬ ਨਾਲ ਇਕ ਮਹੀਨੇ ਦੀ ਇਹ ਆਮਦਨ 4 ਕਰੋੜ 96 ਲੱਖ ਰੁਪਏ ਅਤੇ ਇਕ ਸਾਲ ਦੀ ਲਗਭਗ 60 ਕਰੋੜ ਰੁਪਏ ਬਣਦੀ ਹੈ। ਡੇਰੇ ਵਲੋਂ ਫਲ, ਸਬਜ਼ੀਆਂ ਤੋਂ ਲੈ ਕੇ ਅਨਾਜ ਅਤੇ ਨਿੱਤ ਵਰਤੋਂ ਦੀਆਂ ਹਰ ਤਰਾਂ ਦੀਆਂ ਵਸਤਾਂ ਦੀਆਂ ਆਪਣੀਆਂ ਹੀ ਉਦਯੋਗਿਕ ਇਕਾਈਆਂ ਚਲਾਈਆਂ ਜਾਂਦੀਆਂ ਸਨ, ਜਿਨਾਂ ਅੰਦਰ 10 ਹਜ਼ਾਰ ਦੇ ਲਗਭਗ ਲੋਕ ਕੰਮ ਕਰਦੇ ਸਨ। ਲਗਭਗ 600 ਕਰੋੜ ਰੁਪਏ ਦੀ ਟਰਨ ਓਵਰ ਵਾਲੇ ਡੇਰੇ ਦੀ ‘ਐੱਮ.ਐੱਸ.ਜੀ. ਪ੍ਰੋਡਕਟਸ’ ਕੰਪਨੀ ਵਲੋਂ 150 ਤੋਂ ਵੀ ਵੱਧ ਉਤਪਾਦ ਤਿਆਰ ਕੀਤੇ ਜਾਂਦੇ ਸਨ। ਇਸ ਹਿਸਾਬ ਨਾਲ ਡੇਰਾ ਸਿਰਸਾ ਮੁਖੀ ਨੇ ਸ਼ਰਧਾ ਤੇ ਵਿਸ਼ਵਾਸ ਦੇ ਨਾਂਅ ‘ਤੇ ਇਕ ਕਾਰਪੋਰੇਟ ਮੰਡੀ ਉਸਾਰੀ ਹੋਈ ਸੀ। ਉਹ ਅੰਤਾਂ ਦੀਆਂ ਸੁਰੱਖਿਅਤ ਰਿਹਾਇਸ਼ਗਾਹਾਂ ‘ਚ ਰਹਿੰਦਾ ਸੀ, ਜਿੱਥੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਸੀ। ਅੰਨੀ ਸ਼ਰਧਾ ਵਿਚ ਗ੍ਰਸੇ ਕਰੋੜਾਂ ਪੈਰੋਕਾਰਾਂ, ਸਿਆਸਤ ‘ਤੇ ਪ੍ਰਭਾਵ ਅਤੇ ਕਾਰਪੋਰੇਟ ਘਰਾਣਿਆਂ ਜਿੰਨੀ ਆਰਥਿਕ ਸਮਰੱਥਾ ਹੋਣ ਕਾਰਨ ਡੇਰਾ ਮੁਖੀ ਰੱਬ ਦੇ ਭੈਅ ਤੇ ਕਾਨੂੰਨ, ਦੋਵਾਂ ਨੂੰ ਟਿੱਚ ਸਮਝਦਾ ਰਿਹਾ ਹੈ।
ਡੇਰਾ ਸਿਰਸਾ ਮੁਖੀ ‘ਤੇ ਸਾਲ 2002 ‘ਚ ਆਪਣੀਆਂ ਹੀ ਸਾਧਵੀਆਂ ਨਾਲ ਕੁਕਰਮ ਕਰਨ ਦੇ ਦੋਸ਼ ਸਾਹਮਣੇ ਆਏ ਸਨ, ਜਦੋਂ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਇਕ ਗੁੰਮਨਾਮ ਚਿੱਠੀ ਲਿਖ ਕੇ ਕਿਸੇ ਸਾਧਵੀ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਡੇਰੇ ਅੰਦਰ ਸ਼ਰਧਾ ਦੀ ਆੜ ‘ਚ ਆਪਣੀਆਂ ਸਾਧਵੀਆਂ ਦੇ ਕੀਤੇ ਜਾਂਦੇ ਸਰੀਰਕ ਸ਼ੋਸ਼ਣ ਦਾ ਪਰਦਾਫਾਸ਼ ਕੀਤਾ ਸੀ। ਇਸ ਚਿੱਠੀ ਦੀ ਇਕ ਕਾਪੀ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਵੀ ਭੇਜੀ ਗਈ ਸੀ। ਹਾਈਕੋਰਟ ਵਲੋਂ ਸਿਰਸਾ ਜ਼ਿਲੇ ਦੇ ਸੈਸ਼ਨ ਜੱਜ ਨੂੰ ਇਨਾਂ ਦੋਸ਼ਾਂ ਦੀ ਭਰੋਸੇਯੋਗਤਾ ਦੀ ਜਾਂਚ ਦਾ ਜ਼ਿੰਮਾ ਸੌਂਪਿਆ ਗਿਆ ਸੀ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹਾਈਕੋਰਟ ਨੇ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਹਵਾਲੇ ਕਰ ਦਿੱਤੀ ਸੀ। 25 ਅਗਸਤ 2017 ‘ਚ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਇਕ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਦੋ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ‘ਚ 20 ਸਾਲ ਦੀ ਸਜ਼ਾ ਸੁਣਾ ਕੇ ਧਰਮ ਦੇ ਨਾਂਅ ‘ਤੇ ਇਕ ਵੱਡਾ ਸਾਮਰਾਜ ਖੜਾ ਕਰੀ ਬੈਠੇ ਗੁਰਮੀਤ ਰਾਮ ਰਹੀਮ ਨੂੰ ਜੇਲ ਅੰਦਰ ਡੱਕ ਕੇ ਉਸ ਦੇ ਸਾਮਰਾਜ ਨੂੰ ਢਹਿਢੇਰੀ ਕਰ ਦਿੱਤਾ ਸੀ। ਜਦੋਂ ਅਗਸਤ 2017 ‘ਚ ਡੇਰਾ ਸਿਰਸਾ ਮੁਖੀ ਨੂੰ ਸਾਧਵੀਆਂ ਨਾਲ ਜਬਰ-ਜ਼ਿਨਾਹ ਦੇ ਮਾਮਲੇ ‘ਚ ਉਮਰ ਕੈਦ ਹੋਈ ਸੀ ਤਾਂ ਉਸ ਵੇਲੇ ਡੇਰੇ ਅੰਦਰੋਂ ਏ.ਕੇ.-47 ਵਰਗੇ ਮਾਰੂ ਅਤੇ ਪਾਬੰਦੀਸ਼ੁਦਾ ਸਵੈ-ਚਾਲਿਤ ਹਥਿਆਰ, ਡੇਰੇ ਦੇ ਅੰਦਰ ਡੇਰਾ ਮੁਖੀ ਦੀਆਂ ਆਲੀਸ਼ਾਨ ਐਸ਼ਗਾਹਾਂ ਬੇਪਰਦ ਹੋਈਆਂ ਸਨ, ਜਿਨਾਂ ਨੂੰ ਵੇਖ ਕੇ ਹਰ ਵਿਅਕਤੀ ਦਾ ਮੂੰਹ ਅੱਡਿਆ ਰਹਿ ਜਾਂਦਾ ਸੀ।
ਪੱਤਰਕਾਰ ਰਾਮ ਚੰਦਰ ਛਤਰਪਤੀ ਇਕ ਅਜਿਹਾ, ਬੇਬਾਕ, ਦਲੇਰ, ਸਮਰਪਿਤ ਅਤੇ ਸੱਚਾ ਪੱਤਰਕਾਰ ਸੀ, ਜੋ ਸਿਰਸਾ ਤੋਂ ਹੀ ਇਕ ਰੋਜ਼ਾਨਾ ਅਖ਼ਬਾਰ ‘ਪੂਰਾ ਸੱਚ’ ਛਾਪਦਾ ਸੀ। ਡੇਰਾ ਸਿਰਸਾ ਮੁਖੀ ਦੀ ਇਕ ਸਾਧਵੀ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੀ ਗੁੰਮਨਾਮ ਚਿੱਠੀ ਨੂੰ ਰਾਮ ਚੰਦਰ ਛਤਰਪਤੀ ਨੇ ਹੀ ਸਭ ਤੋਂ ਪਹਿਲਾਂ ਆਪਣੇ ਅਖ਼ਬਾਰ ਵਿਚ ਛਾਪਿਆ ਸੀ ਅਤੇ ਡੇਰਾ ਸਿਰਸਾ ਮੁਖੀ ਦੀ ਅਸਲੀਅਤ ਨੂੰ ਬੇਪਰਦ ਕੀਤਾ ਸੀ। ਉਸ ਤੋਂ ਬਾਅਦ 24 ਅਕਤੂਬਰ 2002 ਨੂੰ ਸਿਰਸਾ ਸਥਿਤ ਉਸ ਦੇ ਆਪਣੇ ਘਰ ਦੇ ਅੰਦਰ ਹੀ ਉਸ ਨੂੰ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਦਿੱਲੀ ਦੇ ਅਪੋਲੋ ਹਸਪਤਾਲ ‘ਚ 21 ਨਵੰਬਰ 2002 ਨੂੰ ਰਾਮ ਚੰਦਰ ਛਤਰਪਤੀ ਦੀ ਮੌਤ ਹੋ ਗਈ ਸੀ।
ਡੇਰਾ ਸਿਰਸਾ ਮੁਖੀ ਖ਼ਿਲਾਫ਼ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪਰਿਵਾਰ ਵਲੋਂ ਕਤਲ ਦਾ ਮੁਕੱਦਮਾ ਦਰਜ ਕਰਵਾਇਆ ਗਿਆ। ਇਸ ਲੜਾਈ ਦੌਰਾਨ ਪਰਿਵਾਰ ਨੂੰ ਧਮਕੀਆਂ, ਲਾਲਚ, ਦਬਾਅ, ਡਰ ਅਤੇ ਹੋਰ ਅਨੇਕਾਂ ਦੁਸ਼ਵਾਰੀਆਂ ਨਾਲ ਇਕੱਲੇ ਹੀ ਸਾਹਮਣਾ ਕਰਨਾ ਪਿਆ, ਕਿਉਂਕਿ ਉਸ ਵੇਲੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਤਾਕਤ ਅਤੇ ਸ਼ਰਧਾ ਦਾ ਵੱਡਾ ਆਧਾਰ ਹੋਣ ਕਾਰਨ ਉਸ ਦੇ ਖ਼ਿਲਾਫ਼ ਲੜਾਈ ਲੜਨੀ ਕੋਈ ਸੌਖਾ ਕੰਮ ਨਹੀਂ ਸੀ।
ਪਿਛਲੀ 11 ਜਨਵਰੀ ਨੂੰ ਪੰਚਕੂਲਾ ਵਿਚ ਹੀ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ ਉਸ ਦੇ ਚਾਰ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਵਿਸ਼ੇਸ਼ ਗੱਲ ਇਹ ਆਖੀ ਕਿ ਇਹ ਸਜ਼ਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਜਬਰ-ਜ਼ਿਨਾਹ ਦੇ ਮਾਮਲੇ ‘ਚ 20 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਹੀ ਸ਼ੁਰੂ ਹੋਵੇਗੀ। ਹਾਲਾਂਕਿ ਡੇਰਾ ਮੁਖੀ ਖ਼ਿਲਾਫ਼ ਦੋ ਹੋਰ ਅਪਰਾਧਿਕ ਮਾਮਲੇ ਅਜੇ ਸੁਣਵਾਈ ਅਧੀਨ ਹਨ, ਜਿਨਾਂ ਵਿਚੋਂ ਇਕ ਆਪਣੇ ਸ਼ਰਧਾਲੂ ਰਣਜੀਤ ਸਿੰਘ ਦੇ ਕਤਲ ਦਾ ਅਤੇ ਦੂਜਾ ਡੇਰੇ ਦੇ ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਹੈ। ਜਲਦ ਹੀ ਇਨਾਂ ਦੋਵਾਂ ਮਾਮਲਿਆਂ ‘ਚ ਵੀ ਫ਼ੈਸਲਾ ਆਉਣ ਦੀ ਉਮੀਦ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਸ ਵੇਲੇ 51 ਸਾਲਾਂ ਦਾ ਹੈ ਅਤੇ ਸਾਧਵੀਆਂ ਦੇ ਜਬਰ-ਜ਼ਿਨਾਹ ਮਾਮਲੇ ‘ਚ 20 ਸਾਲ ਦੀ ਸਜ਼ਾ ਭੁਗਤਣ ਤੱਕ ਉਹ 70 ਸਾਲਾਂ ਨੂੰ ਟੱਪ ਜਾਵੇਗਾ। ਉਸ ਤੋਂ ਬਾਅਦ ਪੱਤਰਕਾਰ ਰਾਮ ਚੰਦਰ ਛਤਰਪਤੀ ਅਤੇ ਦੂਜੇ ਮਾਮਲਿਆਂ ‘ਚ ਵੀ ਸਜ਼ਾਵਾਂ ਪੂਰੀਆਂ ਕਰਦਿਆਂ ਉਸ ਦੀ ਰਹਿੰਦੀ ਜ਼ਿੰਦਗੀ ਜੇਲ ‘ਚ ਹੀ ਬਤੀਤ ਹੋ ਜਾਵੇਗੀ। ਡੇਰਾ ਸਿਰਸਾ ਮੁਖੀ ਨੂੰ ਉਸ ਦੇ ਕੀਤੇ ਅਪਰਾਧਾਂ ਦੀ ਸਜ਼ਾ ਮਿਲਣ ਦੇ ਨਾਲ ਭਾਰਤੀ ਨਿਆਂਪਾਲਿਕਾ ਦਾ ਸਤਿਕਾਰ ਵਧਿਆ ਹੈ ਅਤੇ ਹਰ ਆਮ-ਖ਼ਾਸ ਨੂੰ ਇਹ ਵਿਸ਼ਵਾਸ ਬਣਿਆ ਹੈ ਕਿ ਕਾਨੂੰਨ ਦਾ ਇਨਸਾਫ਼ ਸਾਰਿਆਂ ਲਈ ਬਰਾਬਰ ਹੈ ਅਤੇ ਅਪਰਾਧੀ ਭਾਵੇਂ ਕਿੰਨਾ ਵੀ ਤਾਕਤਵਰ ਹੋਵੇ, ਉਸ ਨੂੰ ਇਕ ਦਿਨ ਜ਼ਰੂਰ ਕਾਨੂੰਨ ਦੇ ਸ਼ਿਕੰਜੇ ‘ਚ ਆਉਣਾ ਪੈਂਦਾ ਹੈ। ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ ਉਸ ਦੀ ਨਿਰਪੱਖਤਾ, ਦਲੇਰੀ ਅਤੇ ਕੁਰਬਾਨੀ ਲਈ ਅਸੀਂ ਸਿਜਦਾ ਕਰਦੇ ਹਾਂ, ਜਿਸ ਨੇ ‘ਕਲਮ’ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਆਪਣੀ ਮਹਾਨ ਸ਼ਹਾਦਤ ਦੇ ਦਿੱਤੀ ਅਤੇ ਉਸ ਦੇ ਪਰਿਵਾਰ ਦੀ ਦ੍ਰਿੜਤਾ ਅੱਗੇ ਵੀ ਸਿਰ ਝੁਕਦਾ ਹੈ, ਜਿਨਾਂ ਨੇ ਰਾਮ ਚੰਦਰ ਛਤਰਪਤੀ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾ ਕੇ ਸਮੁੱਚੀ ਭਾਰਤੀ ਪੱਤਰਕਾਰਤਾ ਦੀ ਆਜ਼ਾਦੀ ਅਤੇ ਅਣਖ ਦੀ ਲੜਾਈ ਜਿੱਤੀ ਹੈ।

Check Also

ਗੈਰ-ਕਾਨੂੰਨੀ ਪਰਵਾਸ

ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ 104 ਭਾਰਤੀਆਂ ਨੂੰ ਟਰੰਪ ਪ੍ਰਸ਼ਾਸਨ ਵਲੋਂ ਹਥਕੜੀਆਂ ਵਿਚ ਜਕੜ ਕੇ …