12.5 C
Toronto
Wednesday, October 22, 2025
spot_img
Homeਖੇਡਾਂਆਸਟਰੇਲੀਆ ਦੀ ਧਰਤੀ 'ਤੇ ਭਾਰਤ ਨੇ ਜਿੱਤੀ ਪਹਿਲੀ ਟੈਸਟ ਸੀਰੀਜ਼

ਆਸਟਰੇਲੀਆ ਦੀ ਧਰਤੀ ‘ਤੇ ਭਾਰਤ ਨੇ ਜਿੱਤੀ ਪਹਿਲੀ ਟੈਸਟ ਸੀਰੀਜ਼

71 ਸਾਲਾਂ ਬਾਅਦ ਭਾਰਤ ਨੇ ਰਚਿਆ ਇਤਿਹਾਸ
ਸਿਡਨੀ/ਬਿਊਰੋ ਨਿਊਜ਼ : ਭਾਰਤੀ ਕ੍ਰਿਕਟ ਟੀਮ ਨੇ 71 ਸਾਲ ਦੀ ਉਡੀਕ ਖ਼ਤਮ ਕਰਦਿਆਂ ਆਸਟਰੇਲਿਆਈ ਧਰਤੀ ‘ਤੇ ਪਹਿਲੀ ਵਾਰ ਟੈਸਟ ਲੜੀ ਜਿੱਤ ਕੇ ਆਪਣੇ ਕ੍ਰਿਕਟ ਇਤਿਹਾਸ ਵਿੱਚ ਸੁਨਹਿਰੀ ਪੰਨਾ ਜੋੜ ਲਿਆ ਹੈ। ਸਿਡਨੀ ਕ੍ਰਿਕਟ ਗਰਾਊਂਡ ‘ਤੇ ਚੌਥਾ ਅਤੇ ਆਖ਼ਰੀ ਟੈਸਟ ਮੈਚ ਖ਼ਰਾਬ ਮੌਸਮ ਅਤੇ ਮੀਂਹ ਕਾਰਨ ਡਰਾਅ ਰਿਹਾ ਅਤੇ ਇਸ ਤਰ੍ਹਾਂ ਭਾਰਤ ਲੜੀ ਵਿੱਚ 2-1 ਨਾਲ ਆਪਣੇ ਨਾਮ ਕਰਨ ਵਿੱਚ ਸਫਲ ਰਿਹਾ। ਟੈਸਟ ਕ੍ਰਿਕਟ ਲੜੀ ਵਿੱਚ ਆਸਟਰੇਲੀਆ ਨੂੰ ਉਸ ਦੀ ਧਰਤੀ ‘ਤੇ ਹਰਾਉਣਾ ਵਾਲਾ ਭਾਰਤ ਪਹਿਲਾ ਏਸ਼ਿਆਈ ਮੁਲਕ ਬਣ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਬਾਰਡਰ-ਗਾਵਸਕਰ ਟਰਾਫੀ ਵੀ ਆਪਣੇ ਕੋਲ ਬਰਕਰਾਰ ਰੱਖੀ ਹੈ। ਭਾਰਤ ਨੇ 2017 ਵਿੱਚ ਆਪਣੇ ਘਰੇਲੂ ਮੈਦਾਨ ‘ਤੇ ਲੜੀ 2-1 ਨਾਲ ਜਿੱਤ ਕੇ ਇਸ ਟਰਾਫ਼ੀ ‘ਤੇ ਕਬਜ਼ਾ ਕੀਤਾ ਸੀ।
ਭਾਰਤ ਨੇ ਅਜ਼ਾਦੀ ਮਿਲਣ ਤੋਂ ਕੁੱਝ ਦਿਨ ਬਾਅਦ ਪਹਿਲੀ ਵਾਰ 1947-48 ਵਿੱਚ ਲਾਲਾ ਅਮਰਨਾਥ ਦੀ ਅਗਵਾਈ ਵਿੱਚ ਆਸਟਰੇਲੀਆ ਦਾ ਦੌਰਾ ਕੀਤਾ ਸੀ। ਉਦੋਂ ਉਸ ਦਾ ਸਾਹਮਣਾ ਸਰ ਡਾਨ ਬਰੈਡਮੈਨ ਦੀ ਆਸਟਰੇਲੀਆ ਟੀਮ ਨਾਲ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਲੜੀ ਜਿੱਤਣ ਦੀ ਉਡੀਕ ਕਰ ਰਿਹਾ ਸੀ, ਜੋ ਹੁਣ ਵਿਰਾਟ ਕੋਹਲੀ ਦੀ ਟੀਮ ਨੇ ਖ਼ਤਮ ਕਰ ਦਿੱਤੀ। ਭਾਰਤ ਨੇ ਆਪਣੀ ਪਹਿਲੀ ਪਾਰੀ ਸੱਤ ਵਿਕਟਾਂ ‘ਤੇ 622 ਦੌੜਾਂ ਬਣਾ ਕੇ ਐਲਾਨੀ ਸੀ, ਜਿਸ ਦੇ ਜਵਾਬ ਵਿੱਚ ਆਸਟਰੇਲੀਆ 300 ਦੌੜਾਂ ‘ਤੇ ਢੇਰ ਹੋ ਗਿਆ ਅਤੇ ਉਸ ਨੂੰ ਆਪਣੀ ਧਰਤੀ ‘ਤੇ ਪਿਛਲੇ 30 ਸਾਲਾਂ ਵਿੱਚ ਪਹਿਲੀ ਵਾਰ ਫਾਲੋਆਨ ਲੈਣ ਲਈ ਮਜਬੂਰ ਹੋਣਾ ਪਿਆ। ਆਸਟਰੇਲੀਆ ਨੇ ਦੂਜੀ ਪਾਰੀ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਛੇ ਦੌੜਾਂ ਬਣਾਈਆਂ। ਮੀਂਹ ਕਾਰਨ ਪੰਜਵੇਂ ਅਤੇ ਆਖ਼ਰੀ ਦਿਨ ਦੀ ਖੇਡ ਨਹੀਂ ਹੋ ਸਕੀ ਅਤੇ ਅੰਪਾਇਰਾਂ ਨੇ ਲੰਚ ਮਗਰੋਂ ਮੈਚ ਡਰਾਅ ਕਰਨ ਦਾ ਫ਼ੈਸਲਾ ਕੀਤਾ। ਆਸਟਰੇਲੀਆ ਨੂੰ ਯਕੀਨਨ ਪਾਬੰਦੀ ਝੱਲ ਰਹੇ ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਦੀ ਘਾਟ ਰੜਕੀ, ਪਰ ਇਸ ਦੇ ਬਾਵਜੂਦ ਕੋਹਲੀ ਅਤੇ ਉਸ ਦੀ ਟੀਮ ਦੀ ਪ੍ਰਾਪਤੀ ਨੂੰ ਘੱਟ ਨਹੀਂ ਮੰਨਿਆ ਜਾ ਸਕਦਾ। ਇਸ ਜਿੱਤ ਨਾਲ ਭਾਰਤ ਦੀਆਂ ਵਿਦੇਸ਼ਾਂ ਵਿੱਚ ਇਤਿਹਾਸਕ ਜਿੱਤਾਂ ਵਿੱਚ ਸ਼ੁਮਾਰ ਕੀਤਾ ਜਾਵੇਗਾ। ਇਸ ਜਿੱਤ ਨੂੰ ਅਜੀਤ ਵਾਡੇਕਰ ਦੀ ਅਗਵਾਈ ਵਾਲੀ ਟੀਮ (1971 ਦੌਰਾਨ) ਦੀ ਵੈਸਟ ਇੰਡੀਜ਼ ਅਤੇ ਇੰਗਲੈਂਡ ਵਿੱਚ, ਕਪਿਲ ਦੇਵ ਦੀ ਟੀਮ (1986) ਦੀ ਇੰਗਲੈਂਡ ਵਿੱਚ ਅਤੇ ਰਾਹੁਲ ਦਰਾਵਿੜ ਦੀ ਅਗਵਾਈ ਵਾਲੀ ਟੀਮ ਦੀ (2007) ਇੰਗਲੈਂਡ ਵਿੱਚ ਜਿੱਤ ਦੇ ਬਰਾਬਰ ਮੰਨਿਆ ਜਾਵੇਗਾ। ਚੇਤੇਸ਼ਵਰ ਪੁਜਾਰਾ ਨੂੰ ‘ਮੈਨ ਆਫ ਦਿ ਮੈਚ’ ਅਤੇ ‘ਮੈਨ ਆਫ ਦਿ ਸੀਰੀਜ਼’ ਵੀ ਚੁਣਿਆ ਗਿਆ।
ਇਹ ਮੇਰੀ ਸਭ ਤੋਂ ਵੱਡੀ ਪ੍ਰਾਪਤੀ: ਕੋਹਲੀ
ਸਿਡਨੀ: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲਿਆਈ ਧਰਤੀ ‘ਤੇ ਇਤਿਹਾਸਕ ਜਿੱਤ ਨੂੰ ਆਪਣੀ ‘ਸਭ ਤੋਂ ਵੱਡੀ ਉਪਲਬਧੀ’ ਦੱਸਿਆ, ਜਿਸ ਨਾਲ ਮੌਜੂਦਾ ਟੀਮ ਨੂੰ ਵੱਖਰੀ ਤਰ੍ਹਾਂ ਦੀ ਪਛਾਣ ਮਿਲੇਗੀ। ਮਹਿੰਦਰ ਸਿੰਘ ਧੋਨੀ ਨੇ ਅੱਠ ਸਾਲ ਪਹਿਲਾਂ ਵਾਨਖੇੜੇ ਵਿੱਚ ਜਦੋਂ ਵਿਸ਼ਵ ਕੱਪ ਟਰਾਫੀ ਹੱਥ ਵਿੱਚ ਫੜੀ ਸੀ ਤਾਂ ਕੋਹਲੀ ਉਸ ਟੀਮ ਦਾ ਸਭ ਤੋਂ ਨੌਜਵਾਨ ਖਿਡਾਰੀ ਸੀ, ਪਰ ਉਸ ਅਨੁਸਾਰ ਮੌਜੂਦਾ ਉਪਲਬਧੀ ਇਸ ਸੂਚੀ ਵਿੱਚ ਸਭ ਤੋਂ ਉਪਰ ਰਹੇਗੀ। ਕੋਹਲੀ ਨੇ ਮੈਚ ਮਗਰੋਂ ਕਿਹਾ, ”ਇਹ ਮੇਰੀ ਹੁਣ ਤੱਕ ਦੀ ਸਭ ਤੋਂ ਵੱਡੀ ਉਪਲਬਧੀ ਹੈ। ਇਹ ਸੂਚੀ ਵਿੱਚ ਸਭ ਤੋਂ ਉਪਰ ਰਹੇਗੀ। ਜਦੋਂ ਅਸੀਂ ਵਿਸ਼ਵ ਕੱਪ ਜਿੱਤਿਆ ਸੀ, ਤਾਂ ਮੈਂ ਟੀਮ ਦਾ ਸਭ ਤੋਂ ਗੱਭਰੂ ਮੈਂਬਰ ਸੀ। ਮੈਂ ਵੇਖ ਰਿਹਾ ਸੀ ਕਿ ਹੋਰ ਖਿਡਾਰੀ ਭਾਵੁਕ ਹੋ ਰਹੇ ਸਨ। ਇਸ ਲੜੀ ਵਿੱਚ ਜਿੱਤ ਨਾਲ ਸਾਨੂੰ ਇਕ ਟੀਮ ਵਜੋਂ ਵੱਖਰੀ ਪਛਾਣ ਮਿਲੇਗੀ। ਅਸੀਂ ਜੋ ਹਾਸਲ ਕੀਤਾ, ਮੈਨੂੰ ਉਸ ‘ਤੇ ਮਾਣ ਹੈ।” ਸਿਡਨੀ ਵਿੱਚ ਹੀ ਚਾਰ ਸਾਲ ਪਹਿਲਾਂ ਕੋਹਲੀ ਟੈਸਟ ਟੀਮ ਦਾ ਪੱਕਾ ਕਪਤਾਨ ਬਣਿਆ ਸੀ ਅਤੇ ਇਸੇ ਮੈਦਾਨ ‘ਤੇ ਉਸ ਦੀ ਟੀਮ ਨੇ ਨਵਾਂ ਇਤਿਹਾਸ ਸਿਰਜਿਆ।
ਭਾਰਤੀ ਟੀਮ ਨੂੰ ਆਸਟਰੇਲਿਆਈ ਧਰਤੀ ‘ਤੇ ਪਹਿਲੀ ਵਾਰ ਮਿਲੀ ਜਿੱਤ ਲਈ ਵਧਾਈ। ਕਮਾਲ ਦੀ ਗੇਂਦਬਾਜ਼ੀ ਕੀਤੀ ਤੇ ਪੂਰੀ ਟੀਮ ਦੀ ਕੋਸ਼ਿਸ਼ ਨੇ ਸਾਨੂੰ ਸਨਮਾਨਿਤ ਕੀਤਾ।
ਰਾਮਨਾਥ ਕੋਵਿੰਦ, ਰਾਸ਼ਟਰਪਤੀ
ਆਸਟਰੇਲੀਆ ‘ਚ ਇਤਿਹਾਸਕ ਜਿੱਤ। ਭਾਰਤੀ ਟੀਮ ਨੂੰ ਵਧਾਈ। ਇਸ ਸੀਰੀਜ਼ ‘ਚ ਯਾਦਗਾਰ ਪ੍ਰਦਰਸ਼ਨ ਨਾਲ ਟੀਮ ਇਕਜੁਟ ਰਹੀ। ਅੱਗੇ ਆਉਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ।
ਨਰਿੰਦਰ ਮੋਦੀ, ਪ੍ਰਧਾਨ ਮੰਤਰੀ

RELATED ARTICLES

POPULAR POSTS