Breaking News
Home / ਖੇਡਾਂ / ਸਕੋਸ਼ੀਆ ਬੈਂਕ ਟੋਰਾਂਟੋ ਦੀ 28ਵੀਂ ਵਾਟਰ ਫਰੰਟ ਮੈਰਾਥਨ

ਸਕੋਸ਼ੀਆ ਬੈਂਕ ਟੋਰਾਂਟੋ ਦੀ 28ਵੀਂ ਵਾਟਰ ਫਰੰਟ ਮੈਰਾਥਨ

ਪ੍ਰਿੰ. ਸਰਵਣ ਸਿੰਘ
ਟੋਰਾਂਟੋ ਦੀ ਵਾਟਰਫਰੰਟ ਮੈਰਾਥਨ, ਕਹਿਣ ਨੂੰ ਇਕ ਦੌੜ ਸੀ ਪਰ ਉਹ ਹਜ਼ਾਰਾਂ ਦੀ ਗਿਣਤੀ ਵਿਚ ਦੌੜਨ ਵਾਲਿਆਂ ਦਾ ਦਰਸ਼ਨੀ ਜੋੜ ਮੇਲਾ ਸੀ। ਨਰੋਈ ਦੁਨੀਆ ਦਾ ਦਰਸ਼ਨੀ ਨਜ਼ਾਰਾ! ਜਿਨ੍ਹਾਂ ਨੇ ਉਹ ਵੇਖਿਆ, ਉਹ ਛੇਤੀ ਕੀਤਿਆਂ ਨੀ ਭੁੱਲਣਗੇ। ਛਾਂਟਵੇਂ ਜੁੱਸਿਆਂ ਦਾ ਉਹ ਮੇਲਾ 16 ਅਕਤੂਬਰ 2017 ਨੂੰ ਮਨਾਇਆ ਗਿਆ। ਟੈਕਸੀਆਂ ਵਾਲੇ ਪੰਜਾਬੀ ਵੀਰਾਂ ਦੇ ਪੀਅਰਸਨ ਏਅਰਪੋਰਟ ਰਨਰਜ਼ ਐਂਡ ਸਪੋਰਟਸ ਕਲੱਬ ਦੇ ਪੰਜਾਹ ਕੁ ਮੈਂਬਰਾਂ ਨੇ ਵੀ ਉਸ ਮੈਰਾਥਨ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ਉਹ ਅਸਮਾਨੀ ਜਰਸੀਆਂ ਤੇ ਕੇਸਰੀ ਪੱਗਾਂ/ਪਟਕੇ ਬੰਨ੍ਹ ਕੇ ਉਸ ਵਿਚ ਸ਼ਾਮਲ ਹੋਏ ਤੇ ਦੱਸ ਦਿੱਤਾ ਕਿ ਅਸੀਂ ਵੀ ਏਥੇ ਵਸਦੇ ਹਾਂ ਅਤੇ ਸਿਹਤ ਪੱਖੋਂ ਸੁਚੇਤ ਹਾਂ। ਸਾਡੇ ਵਿਚ ਵੀ ਲੰਮੀਆਂ ਦੌੜਾਂ ਲਾਉਣ ਦਾ ਦਮ-ਖ਼ਮ ਹੈ। ਜਿਨ੍ਹਾਂ ਨੇ ਉਹ ਦੌੜ ਲਾਈ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਆਪਣੀਆਂ ਉਮਰਾਂ ਦੇ ਪੰਜ-ਪੰਜ ਸਾਲ ਵਧ ਗਏ ਲੱਗਦੇ ਹਨ। ਦੌੜਨ ਦਾ ਅਮਲ ਲੱਗ ਗਿਆ ਹੈ ਜਿਸ ਨੇ ਮਾੜੇ ਅਮਲ ਛੁਡਾ ਦਿੱਤੇ ਹਨ।
ਪੁਰਾਤਨ ਓਲੰਪਿਕ ਖੇਡਾਂ ਤੋਂ ਲੈ ਕੇ ਹੁਣ ਤਕ ਕਰੋੜਾਂ ਦੌੜਾਕ ਦੌੜ ਮੁਕਾਬਲਿਆਂ ਵਿਚ ਭਾਗ ਲੈ ਚੁੱਕੇ ਹਨ। ਉਂਜ ਤਾਂ ਘੱਟ ਵੱਧ ਦੂਰੀ ਦੇ ਅਨੇਕਾਂ ਦੌੜ ਮੁਕਾਬਲੇ ਹੁੰਦੇ ਆ ਰਹੇ ਹਨ ਪਰ ਇਥੇ ਗੱਲ ਕੇਵਲ ਮੈਰਾਥਨ ਦੌੜ ਦੀ ਹੀ ਕਰਦੇ ਹਾਂ। 490 ਪੂ. ਈ. ਵਿਚ ਪਰਸ਼ੀਆ ਨੇ ਏਥਨਜ਼ ‘ਤੇ ਹਮਲਾ ਕਰਨ ਲਈ ਆਪਣੀ ਫੌਜ ਯੂਨਾਨ ਦੇ ਸਰਹੱਦੀ ਪਿੰਡ ਮੈਰਾਥਨ ਦੀਆਂ ਜੂਹਾਂ ਵਿਚ ਉਤਾਰੀ। ਮੈਰਾਥਨ ਯੂਨਾਨ ਦੀ ਰਾਜਧਾਨੀ ਏਥਨਜ਼ ਤੋਂ ਪੱਚੀ ਕੁ ਮੀਲ ਦੂਰ ਹੈ। ਯੂਨਾਨ ਦੇ ਜਰਨੈਲ ਨੇ ਯੂਨਾਨੀ ਓਲੰਪਿਕ ਦੌੜਾਕ ਫਿਡੀਪੀਡੀਸ ਨੂੰ ਸਪਾਰਟਾ ਤੋਂ ਮਦਦ ਲੈਣ ਲਈ ਦੌੜਾਇਆ। ਉਹ ਦੌੜਦਾ, ਤੈਰਦਾ ਤੇ ਪਹਾੜੀਆਂ ਦੀਆਂ ਚੋਟੀਆਂ ਚੜ੍ਹਦਾ ਸਪਾਰਟਾ ਅੱਪੜਿਆ। ਸੁਨੇਹਾ ਦੇ ਕੇ ਵਾਪਸ ਏਥਨਜ਼ ਆਇਆ। ਬਿਨਾਂ ਆਰਾਮ ਕਰੇ ਉਸ ਨੂੰ ਯੂਨਾਨੀ ਫੌਜ ਨਾਲ ਮੈਰਾਥਨ ਵੱਲ ਕੂਚ ਕਰਨਾ ਪਿਆ। ਮੈਰਾਥਨ ਦੇ ਮੈਦਾਨ ਵਿਚ ਜੰਮ ਕੇ ਲੜਾਈ ਹੋਈ ਜਿਸ ਵਿਚ ਯੂਨਾਨੀ ਜਿੱਤ ਗਏ। ਪਿੱਛੇ ਏਥਨਜ਼ ਵਿਚ ਬੱਚਿਆਂ, ਬਿਰਧਾਂ ਤੇ ਔਰਤਾਂ ਦੇ ਸਾਹ ਸੁੱਕੇ ਹੋਏ ਸਨ। ਉਹ ਛੱਤਾਂ ‘ਤੇ ਚੜ੍ਹ ਕੇ ਆਪਣੀ ਹੋਣੀ ਦਾ ਭਵਿੱਖ ਜਾਣਨ ਲਈ ਮੈਰਾਥਨ ਵੱਲ ਵੇਖ ਰਹੇ ਸਨ।
ਯੂਨਾਨ ਦੇ ਜਰਨੈਲ ਨੇ ਜਿੱਤ ਦਾ ਸਮਾਚਾਰ ਤੁਰਤ ਏਥਨਜ਼ ਪੁਚਾਉਣ ਲਈ ਥੱਕੇ ਟੁੱਟੇ ਫਿਡੀਪੀਡੀਸ ਨੂੰ ਮੁੜ ਏਥਨਜ਼ ਵੱਲ ਦੌੜਾਇਆ। ਉਹਦੇ ਪੈਰਾਂ ‘ਚੋਂ ਖੂਨ ਸਿਮ ਆਇਆ ਜਿਸ ਨਾਲ ਲਹੂ ਦੇ ਨਿਸ਼ਾਨ ਪਹਾੜੀ ਪੱਥਰਾਂ ‘ਤੇ ਲੱਗਦੇ ਗਏ। ਫਿਡੀਪੀਡੀਸ ਜ਼ਖਮੀ ਪੈਰਾਂ ਨਾਲ ਹੰਭਿਆ ਹੁੱਟਿਆ ਵੀ ਦੌੜਦਾ ਰਿਹਾ। ਏਥਨਜ਼ ਵਾਸੀਆਂ ਨੂੰ ਦੂਰੋਂ ਆਪਣੇ ਮਹਾਨ ਦੌੜਾਕ ਦਾ ਝਾਉਲਾ ਪਿਆ ਤਾਂ ਉਹ ਛੱਤਾਂ ਤੋਂ ਉੱਤਰ ਲੜਾਈ ਦਾ ਸਮਾਚਾਰ ਸੁਣਨ ਲਈ ਅੱਗੇ ਵਧੇ। ਹੰਭੇ, ਹਫ਼ੇ ਤੇ ਲਹੂ ਲੁਹਾਣ ਪੈਰਾਂ ਵਾਲੇ ਸਿਰੜੀ ਦੌੜਾਕ ਨੇ ਸਾਰੀ ਸੱਤਿਆ ‘ਕੱਠੀ ਕਰ ਕੇ ਸਿਰਫ਼ ਇਹੋ ਕਿਹਾ, ”ਖ਼ੁਸ਼ੀਆਂ ਮਨਾਓ, ਆਪਾਂ ਜਿੱਤ ਗਏ ਆਂ!”
ਏਨਾ ਕਹਿੰਦਿਆਂ ਉਹ ਡਿੱਗ ਪਿਆ ਤੇ ਪਰਲੋਕ ਸਿਧਾਰ ਗਿਆ।
ਉਸ ਯੋਧੇ ਦੌੜਾਕ ਦੀ ਯਾਦ ਵਿਚ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਸਮੇਂ ਪੱਚੀ ਕੁ ਮੀਲ ਲੰਮੀ ਦੌੜ ਦਾ ਮੁਕਾਬਲਾ ਹੋਇਆ ਜਿਸ ਨਾਂ ਮੈਰਾਥਨ ਦੌੜ ਰੱਖਿਆ ਗਿਆ। ਪਹਿਲੀਆਂ ਓਲੰਪਿਕ ਖੇਡਾਂ 1896 ਵਿਚ ਏਥਨਜ਼ ਤੋਂ ਹੀ ਸ਼ੁਰੂ ਹੋਈਆਂ। ਯੂਨਾਨੀਆਂ ਦੀ ਬੜੀ ਰੀਝ ਸੀ ਕਿ ਉਹਨਾਂ ਦੇ ਵਤਨੀ ਦੀ ਯਾਦ ਵਿਚ ਰੱਖੀ ਦੌੜ ਕੋਈ ਯੂਨਾਨੀ ਦੌੜਾਕ ਹੀ ਜਿੱਤੇ। ਏਥਨਜ਼ ਦੇ ਇਕ ਰਈਸ ਨੇ ਐਲਾਨ ਕੀਤਾ, ਜੇ ਕੋਈ ਯੂਨਾਨੀ ਇਹ ਦੌੜ ਜਿੱਤ ਜਾਵੇ ਤਾਂ ਉਹ ਦਸ ਲੱਖ ਯੂਨਾਨੀ ਸਿੱਕਿਆਂ ਦੇ ਇਨਾਮ ਨਾਲ ਉਸ ਦੌੜਾਕ ਨੂੰ ਆਪਣੀ ਧੀ ਦਾ ਡੋਲਾ ਵੀ ਦੇ ਦੇਵੇਗਾ।
ਓਲੰਪਿਕ ਖੇਡਾਂ ਦੀ ਮੈਰਾਥਨ ਦੌੜ ਸ਼ੁਰੂ ਹੋਈ ਤਾਂ ਯੂਨਾਨੀ ਦੌੜਾਕ ਸਪਰਿਡਨ ਲੂਈਸ ਕਾਫੀ ਪਿੱਛੇ ਰਹਿ ਗਿਆ ਪਰ ਉਸ ਨੇ ਦਿਲ ਨਾ ਛੱਡਿਆ ਤੇ ਲਗਾਤਾਰ ਦੌੜਦਾ ਰਿਹਾ। ਜਦੋਂ ਤਿੰਨ ਕੁ ਮੀਲ ਦੀ ਦੂਰੀ ਰਹਿ ਗਈ ਤਾਂ ਉਹ ਸਭ ਤੋਂ ਮੂਹਰੇ ਨਿਕਲ ਗਿਆ। ਯੂਨਾਨੀ ਦਰਸ਼ਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਉਹ ਸਟੇਡੀਅਮ ਵਿਚ ਦਾਖਲ ਹੋਇਆ ਤਾਂ ਦਰਸ਼ਕ ਉਤਸੁਕਤਾ ‘ਚ ਉੱਠ ਖੜ੍ਹੇ ਹੋਏ। ਯੂਨਾਨੀ ਰਾਜੇ ਦੇ ਦੋਵੇਂ ਸ਼ਹਿਜ਼ਾਦੇ ਜਾਰਜ ਤੇ ਨਿਕੋਲਸ ਖ਼ੁਸ਼ੀ ਵਿਚ ਯੂਨਾਨੀ ਦੌੜਾਕ ਨੂੰ ਹੱਲਾਸ਼ੇਰੀ ਦਿੰਦੇ ਉਹਦੇ ਨਾਲ ਦੌੜਨ ਲੱਗੇ। ਸਪਰਿਡਨ ਲੂਈਸ ਮੈਰਾਥਨ ਦੌੜ ਦਾ ਪਹਿਲਾ ਓਲੰਪਿਕ ਜੇਤੂ ਬਣਿਆ। ਖ਼ੁਸ਼ ਹੋਏ ਯੂਨਾਨ ਦੇ ਬਾਦਸ਼ਾਹ ਨੇ ਜੇਤੂ ਨੂੰ ਵਧਾਈ ਦਿੰਦਿਆਂ ਕਿਹਾ, ”ਮੰਗ ਜੋ ਕੁਛ ਮੰਗਣਾ।” ਸਪਰਿਡਨ ਲੂਈਸ ਬੋਲਿਆ, ”ਮੇਰੇ ਕੋਲ ਘੋੜਾ ਤਾਂ ਹੈ ਪਰ ਘੋੜਾ-ਗੱਡੀ ਨਹੀਂ।”
ਉਹ ਡਾਕੀਆ ਸੀ ਜਿਸ ਦਾ ਘੋੜਾ-ਗੱਡੀ ਨਾਲ ਕੰਮ ਹੋਰ ਸੌਖਾ ਹੋ ਸਕਦਾ ਸੀ। ਉਸ ਨੇ ਘੋੜਾ-ਗੱਡੀ ਤਾਂ ਲੈ ਲਈ ਪਰ ਰਈਸ ਦੀ ਧੀ ਦਾ ਡੋਲਾ ਨਾ ਲਿਆ ਕਿਉਂਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ!
1896 ਤੋਂ 1924 ਦੀਆਂ ਓਲੰਪਿਕ ਖੇਡਾਂ ਤਕ ਮੈਰਾਥਨ ਦੌੜਾਂ ਦੀ ਦੂਰੀ ਇਕੋ ਜਿੰਨੀ ਨਹੀਂ ਸੀ। ਇਹ 24 ਤੋਂ 27 ਮੀਲ ਦਰਮਿਆਨ ਰਹੀ। 1924 ਵਿਚ ਪੈਰਿਸ ਦੀਆਂ ਓਲੰਪਿਕ ਖੇਡਾਂ ਤੋਂ ਮੈਰਾਥਨ ਦੌੜਾਂ ਦੀ ਦੂਰੀ ਇਕੋ ਜਿੰਨੀ ਰੱਖਣੀ ਤੈਅ ਹੋਈ ਭਾਵ 26 ਮੀਲ 385 ਗਜ਼। 1908 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ਦੀ ਮੈਰਾਥਨ 26 ਮੀਲ 385 ਗਜ਼ ਦੀ ਸੀ। ਉਦੋਂ ਵਿੰਡਸਰ ਕਾਸਲ ਤੋਂ ਦੌੜ ਸ਼ੁਰੂ ਹੋਈ ਸੀ ਤੇ ਸਟੇਡੀਅਮ ਵਿਚ ਰਾਇਲ ਬਾਕਸ ਮੂਹਰੇ ਖ਼ਤਮ ਹੋਈ ਸੀ। ਫਾਸਲਾ ਮਿਣਿਆਂ ਤਾਂ 26 ਮੀਲ 385 ਗਜ਼ ਨਿਕਲਿਆ। ਉਦੋਂ ਬਰਤਾਨੀਆਂ ਦਾ ਤਪ ਤੇਜ਼ ਸੀ ਤੇ ਇਹੋ ਫਾਸਲਾ ਮੈਰਾਥਨ ਦੌੜ ਲਈ ਮਿਆਰੀ ਬਣਾ ਦਿੱਤਾ ਗਿਆ।
ਇਹ ਧਾਰਨਾ ਗ਼ਲਤ ਹੈ ਕਿ ਫਿਡੀਪੀਡੀਸ ਮੈਰਾਥਨ ਤੋਂ ਏਥਨਜ਼ ਤਕ 26 ਮੀਲ 385 ਗਜ਼ ਦੌੜ ਕੇ ਸ਼ਹੀਦ ਹੋਇਆ ਸੀ। ਉਸ ਫਾਸਲੇ ਦਾ ਪੱਕਾ ਪਰਮਾਣ ਨਹੀਂ। ਇਹ ਧਾਰਨਾ ਵੀ ਸਹੀ ਨਹੀਂ ਕਿ ਮੈਰਾਥਨ ਦੌੜ ਜਾਨ ਲੇਵਾ ਹੁੰਦੀ ਹੈ। ਹੁਣ ਵਿਸ਼ਵ ਵਿਚ 800 ਤੋਂ ਵੱਧ ਸਾਲਾਨਾ ਮੈਰਾਥਨ ਦੌੜਾਂ ਲੱਗਦੀਆਂ ਹਨ ਪਰ ਦੌੜਦਿਆਂ ਕੋਈ ਨਹੀਂ ਮਰਦਾ। ਬੋਸਟਨ ਦੀ ਮੈਰਾਥਨ 1897 ਤੋਂ ਹਰ ਸਾਲ ਲੱਗ ਰਹੀ ਹੈ ਜੋ ਵਿਸ਼ਵ ਦੀ ਸਿਖਰਲੀ ਮੈਰਾਥਨ ਦੌੜ ਮੰਨੀ ਜਾਂਦੀ ਹੈ। ਲੰਡਨ, ਨਿਊ ਯਾਰਕ, ਸ਼ਿਕਾਗੋ, ਬਰਲਿਨ, ਰੋਟਰਡੈਮ, ਟੋਕੀਓ, ਡੁਬਈ, ਬੀਜਿੰਗ, ਸਿਓਲ, ਹਾਂਗਕਾਂਗ ਤੇ ਵੈਨਕੂਵਰ ਆਦ ਸ਼ਹਿਰਾਂ ਦੀਆਂ ਮੈਰਥਨਾਂ ਵੀ ਬੜੀਆਂ ਮਸ਼ਹੂਰ ਹਨ। ਟੋਰਾਂਟੋ ਦੀ 28ਵੀਂ ਵਾਟਰਫਰੰਟ ਮੈਰਾਥਨ ਵਿਚ 25000 ਤੋਂ ਵੱਧ ਦੌੜਾਕਾਂ ਨੇ ਭਾਗ ਲਿਆ ਜਿਨ੍ਹਾਂ ਕੋਲੋਂ 35 ਲੱਖ ਡਾਲਰ ਤੋਂ ਵੱਧ ਚੈਰਿਟੀ ਫੰਡ ‘ਕੱਠਾ ਹੋਇਆ। ਟੋਰਾਂਟੋ ਯੂਨੀਵਰਸਿਟੀ ਤੋਂ ਦੌੜ ਸ਼ਰੂ ਹੋ ਕੇ ਲੇਕ ਸ਼ੋਰ ਵੱਲ ਦੀ ਲਗਦੀ ਹੋਈ ਸਿਟੀ ਸੈਂਟਰ ‘ਤੇ ਮੁੱਕਣੀ ਸੀ। ਅਸੀਂ ਅੱਠ ਵਜੇ ਦੌੜ ਸ਼ੁਰੂ ਹੋਣ ਵਾਲੀ ਜਗ੍ਹਾ ਪਹੁੰਚ ਗਏ ਸਾਂ। ਦੌੜਾਕ ਜੁੱਸੇ ਗਰਮਾਉਂਦੇ ਜੌਗਿੰਗ ਕਰਦੇ ਤੇ ਛਾਲਾਂ ਮਾਰਦੇ ਗੇਂਦਾ ਵਾਂਗ ਬੁੜ੍ਹਕ ਰਹੇ ਸਨ। ਉਨ੍ਹਾਂ ਦੇ ਚਿਹਰਿਆਂ ‘ਤੇ ਖੇੜਾ ਸੀ! ਚਾਰਚੁਫੇਰੇ ਮੇਲੇ ਵਰਗਾ ਮਾਹੌਲ ਸੀ।
ਦੌੜਨ ਵਾਲਿਆਂ ਤੋਂ ਬਿਨਾਂ ਦਰਸ਼ਕ ਵੀ ਵੱਡੀ ਗਿਣਤੀ ਵਿਚ ਸਨ। ਬੱਚੇ, ਬੁੱਢੇ, ਅਧਖੜ ਅਤੇ ਜੁਆਨਾਂ ਨੇ ਤਾਂ ਹੋਣਾ ਹੀ ਸੀ। ਰੰਗ ਬਰੰਗੀ ਨਰੋਈ ਦੁਨੀਆ ਦਾ ਅਜਬ ਨਜ਼ਾਰਾ ਸੀ। 8:45 ਉਤੇ ਦੌੜਾਕਾਂ ਦਾ ਪਹਿਲਾ ਪੂਰ ਦੌੜਾਇਆ ਗਿਆ। ਫਿਰ ਪੰਜ ਪੰਜ ਮਿੰਟਾਂ ਬਾਅਦ ਹੋਰ ਪੂਰ ਛੱਡੇ ਗਏ। ਹਰ ਦੌੜਾਕ ਦੀ ਛਾਤੀ ਉਤੇ ਉਹਦਾ ਚੈਸਟ ਨੰਬਰ ਬਕਸੂਏ ਲਾ ਕੇ ਚੰਬੇੜਿਆ ਹੋਇਆ ਸੀ। ਉਹਦੇ ਅੰਦਰਲੇ ਪਾਸੇ ਇਲੈਕਟ੍ਰੋਨਿਕ ਜੰਤਰ ਚਿੱਪ ਸਮੇਤ ਲੱਗਾ ਹੋਇਆ ਸੀ ਜਿਸ ਵਿਚ ਦੌੜਾਕ ਦਾ ਸਾਰਾ ਵੇਰਵਾ ਦਰਜ ਸੀ। ਦੌੜਦਿਆਂ ਉਸ ਜੰਤਰ ਨੇ ਦੌੜਾਕ ਦੇ ਕਦਮਾਂ, ਫਾਸਲੇ, ਸਮੇਂ ਤੇ ਨਬਜ਼ ਨੂੰ ਰਿਕਾਰਡ ਕਰਦੇ ਜਾਣਾ ਸੀ। ਜਿਹੜੇ ਇਸ ਮੈਰਾਥਨ ਵਿਚ ਦੌੜੇ ਉਹ ਜਦੋਂ ਮਰਜ਼ੀ ਆਪਣੀ ਦੌੜ ਦਾ ਰਿਕਾਰਡ ਇਸ ਵਿਚੋਂ ਪੜ੍ਹ ਸਕਦੇ ਹਨ। ਦੌੜ ਪੂਰੀ ਕਰਨ ਵਾਲੇ ਸਾਰੇ ਦੌੜਾਕ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਦੌੜ ਮਾਰਗ ਦੇ ਹਰ ਦੋ ਕਿਲੋਮੀਟਰ ਫਾਸਲੇ ਉਤੇ ਖਾਣ ਪੀਣ ਦਾ ਸਮਾਨ ਰੱਖਿਆ ਹੋਇਆ ਸੀ। ਹਜ਼ਾਰਾਂ ਵਲੰਟੀਅਰ ਨਿਸ਼ਕਾਮ ਸੇਵਾ ‘ਚ ਲੱਗੇ ਹੋਏ ਸਨ। ਦੌੜ ਦੇ ਨਜ਼ਾਰੇ: -ਹਜ਼ਾਰਾਂ ਦੌੜਾਕਾਂ ਨੂੰ ‘ਕੱਠੇ ਦੌੜਦਿਆਂ ਵੇਖਣ ਦਾ ਅਜਬ ਨਜ਼ਾਰਾ। ਐਨੇ ਦੌੜਾਕ!
-ਵਿਚ-ਵਿਚ ਕੇਸਰੀ ਪੱਗਾਂ ਜਾਂ ਪਟਕਿਆਂ ਵਾਲਿਆਂ ਦਾ ਦਿਸਣਾ। ਅਸੀਂ ਵੀ ਹਾਂ!
-ਵੱਖ-ਵੱਖ ਨਸਲਾਂ, ਰੰਗ-ਰੂਪਾਂ, ਧਰਮਾਂ, ਜਾਤੀਆਂ, ਦੇਸ਼ਾਂ, ਉਮਰਾਂ, ਵਿਚਾਰਾਂ, ਲਿੰਗ ਭਿੰਨ-ਭੇਦਾਂ ਤੇ ਊਚ-ਨੀਚ ਦਾ ਫਰਕ ਮਿਟਾ ਕੇ ‘ਕੱਠਿਆਂ ਦੌੜਨਾ। ਇਕ ਪਰਿਵਾਰ!
-ਅਪਾਹਜਾਂ ਦਾ ਮਸਨੂਈ ਲੱਤਾਂ, ਡੰਗੋਰੀਆਂ ਤੇ ਵ੍ਹੀਲ ਚੇਅਰਾਂ ਨਾਲ ਦੌੜਨਾ। ਦੋ ਬੀਬੀਆਂ ਨੇ ਬੁੱਢੇ ਬਾਪ ਨੂੰ ਸਹਾਰਾ ਦਿੰਦਿਆਂ ਦੌੜ ਪੂਰੀ ਕਰਵਾਈ। ਸਿਰੜ ਨੂੰ ਸਲਾਮ!
-ਛੋਟੇ-ਛੋਟੇ ਬੱਚੇ ਕੰਧਾੜੇ ਚੜ੍ਹੇ ਦੌੜਾਕਾਂ ਨਾਲ ਹੱਥ ਮਿਲਾਉਂਦੇ। ਭਵਿੱਖ ਦੇ ਵਾਰਸ!
-ਜਦੋਂ ਮੈਰਾਥਨ ਦੌੜ ਦੇ ਜੇਤੂ ਕੀਨੀਆ ਦੇ ਦੌੜਾਕ ਫਿਲਮੋਨੇ ਰੋਨੋ ਨੂੰ ਸਨਮਾਨਿਤ ਕਰਨ ਲਈ ਸਟੇਜ ‘ਤੇ ਬੁਲਾਇਆ ਤਾਂ ਉਸ ਨੇ ਪੰਛੀਆਂ ਦੇ ਪਰਾਂ ਵਾਂਗ ਬਾਹਾਂ ਫੈਲਾਅ ਕੇ ਗੇੜਾ ਦਿੱਤਾ। ਮੈਨੂੰ ਉਹਦਾ ਕੱਦ ਸਵਾ ਪੰਜ ਫੁੱਟ ਲੱਗਾ। ਜਦੋਂ ਮੈਂ ਉਸ ਨੂੰ ਜੱਫੀ ਪਾਈ ਤਾਂ ਉਹ ਮੇਰੀ ਕੱਛ ਵਿਚ ਆ ਗਿਆ। ਉਸ ਨੇ ਮੈਨੂੰ ਫੌਜਾ ਸਿੰਘ ਸਮਝ ਲਿਆ। ਹੈਰਾਨ ਹਾਂ ਕਿ ਚਾਲੀ ਕੁ ਕਿਲੋ ਵਜ਼ਨ ਦਾ ਰੋਨੋ, ਜਿਸ ਦਾ ਰੰਗ ਕਾਲਾ, ਦੰਦ ਚਿੱਟੇ, ਨਾਸਾਂ ਚੌੜੀਆਂ, ਸਿਰ ਗੰਜਾ ਤੇ ਕੰਨ ਨਿੱਕੇ ਹਨ, ਛੋਟੇ-ਛੋਟੇ ਕਦਮਾਂ ਨਾਲ 42.195 ਕਿਲੋਮੀਟਰ 2 ਘੰਟੇ 6 ਮਿੰਟ 51.7 ਸੈਕੰਡ ਵਿਚ ਕਿਵੇਂ ਦੌੜ ਗਿਆ! ਕੈਨੇਡਾ ਦੀ ਧਰਤੀ ‘ਤੇ ਅਜੇ ਤਕ ਏਦੂੰ ਘੱਟ ਸਮੇਂ ਵਿਚ ਕੋਈ ਦੌੜਾਕ ਮੈਰਾਥਨ ਨਹੀਂ ਦੌੜਿਆ। ਰੋਨੋ ਨੂੰ 65000 ਡਾਲਰ ਫਸਟ ਆਉਣ ਦਾ ਇਨਾਮ ਤੇ 50000 ਡਾਲਰ ਨਵਾਂ ਰਿਕਾਰਡ ਰੱਖਣ ਦਾ ਇਨਾਮ ਮਿਲਿਆ।
ਪੀਅਰਸਨ ਏਅਰਪੋਰਟ ਰਨਰਜ਼ ਐਂਡ ਸਪੋਰਟਸ ਕਲੱਬ ਵਾਲਿਆਂ ਨੂੰ ਵਧਾਈਆਂ ਜਿਨ੍ਹਾਂ ਨੇ ਇਸ ਮੈਰਾਥਨ ਦੌੜ ਵਿਚ ਭਾਗ ਲੈ ਕੇ ਪੰਜਾਬੀ ਭਾਈਚਾਰੇ ਦੀ ਰੱਖ ਵਿਖਾਈ। ਉਸ ਵਿਚ ਦੋ ਪਤਨੀਆਂ ਵੀ ਆਪਣੇ ਪਤੀਆਂ ਨਾਲ ਦੌੜੀਆਂ। ਅਗਲੀਆਂ ਗਰਮੀਆਂ ਵਿਚ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਫਿਰ ਗੁਰੂ ਘਰਾਂ ਤੋਂ ਗੁਰੂ ਘਰਾਂ ਤਕ ਮੈਰਾਥਨ ਦੌੜ ਅਤੇ ਵਾਕ ਹੋਵੇਗੀ। ਉਸ ਵਿਚ ਭਾਗ ਲੈਣ ਲਈ ਹੁਣੇ ਤੋਂ ਤਿਆਰ ਹੋ ਜਾਣਾ ਚਾਹੀਦੈ। ਮੈਰਾਥਨ ਦੌੜਾਂ ਦਾ ਮਹੱਤਵ ਨਗਰ ਕੀਰਤਨਾਂ ਵਾਂਗ ਹੀ ਸਮਝਣਾ ਚਾਹੀਦੈ ਅਤੇ ਸਿਹਤ ਲਈ ਦਸਵੰਧ ਉਵੇਂ ਹੀ ਦੇਣਾ ਚਾਹੀਦੈ ਜਿਵੇਂ ਧਾਰਮਿਕ ਕਾਰਜਾਂ ਲਈ ਦਿੱਤਾ ਜਾ ਰਿਹੈ। ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਮੱਲ ਅਖਾੜੇ, ਗੁਰੂ ਹਰਗੋਬਿੰਦ ਸਾਹਿਬ ਨੇ ਕਸਰਤਾਂ ਤੇ ਦੰਗਲ ਅਤੇ ਗੁਰੂ ਗੋਬਿੰਦ ਸਿੰਘ ਨੇ ਹੋਲੇ ਮਹੱਲੇ ਦੀਆਂ ਮਾਰਸ਼ਲ ਖੇਡਾਂ ਦੇ ਲੜ ਲਾਇਆ ਸੀ ਤਾਂ ਕਿ ਜੁੱਸੇ ਤਕੜੇ ਤੇ ਫਿੱਟ ਰਹਿਣ।
ੲ ੲ ੲ

Check Also

ਭਾਰਤ ਦੇ ਸਿਰ ਸਜਿਆ ਵਿਸ਼ਵ ਕਬੱਡੀ ਕੱਪ ਦਾ ਤਾਜ

ਕੈਨੇਡਾ ਨੂੰ ਦੂਜਾ ਅਤੇ ਅਮਰੀਕਾ ਨੂੰ ਮਿਲਿਆ ਤੀਜਾ ਸਥਾਨ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ਨੇ ਗੁਰੂ ਨਾਨਕ …