-9.9 C
Toronto
Sunday, January 25, 2026
spot_img
Homeਖੇਡਾਂਦਸ ਸਾਲਾਂ ਬਾਅਦ ਭਾਰਤ ਦੀ ਝੋਲੀ ਪਿਆ ਹਾਕੀ ਦਾ ਏਸ਼ੀਆ ਕੱਪ

ਦਸ ਸਾਲਾਂ ਬਾਅਦ ਭਾਰਤ ਦੀ ਝੋਲੀ ਪਿਆ ਹਾਕੀ ਦਾ ਏਸ਼ੀਆ ਕੱਪ

ਫਾਈਨਲ ‘ਚ ਭਾਰਤ ਨੇ ਮਲੇਸ਼ੀਆ ਨੂੰ ਸਖਤ ਮੁਕਾਬਲੇ ‘ਚ ਹਰਾਇਆ
ਢਾਕਾ/ਬਿਊਰੋ ਨਿਊਜ਼ : ਭਾਰਤ ਨੇ ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ‘ਚ ਢਾਕਾ ਵਿਖੇ ਐਤਵਾਰ ਨੂੰ ਮਲੇਸ਼ੀਆ ਦੀ ਸਖ਼ਤ ਚੁਣੌਤੀ ਦੇ ਬਾਵਜੂਦ 2-1 ਦੀ ਜਿੱਤ ਦਰਜ ਕਰਦਿਆਂ ਦਸ ਸਾਲ ਬਾਅਦ ਇਸ ਮਹਾਂਦੀਪੀ ਮੁਕਾਬਲੇ ਵਿਚ ਜਿੱਤ ਦਾ ਪਰਚਮ ਲਹਿਰਾਇਆ। ਇਹ ਤੀਜਾ ਮੌਕਾ ਹੈ ਜਦੋਂ ਭਾਰਤ ਨੇ ਟੂਰਨਾਮੈਂਟ ਵਿਚ ਖ਼ਿਤਾਬੀ ਜਿੱਤ ਦਰਜ ਕੀਤੀ ਹੈ। ਭਾਰਤ ਨੇ ਇਸ ਤੋਂ ਪਹਿਲਾਂ 2007 ਵਿੱਚ ਚੇਨਈ ਵਿੱਚ ਏਸ਼ੀਆ ਕੱਪ ਜਿੱਤਿਆ ਸੀ। ਉਂਜ ਭਾਰਤ ਨੇ 2003 ਵਿੱਚ ਪਹਿਲੀ ਵਾਰ ਕੁਆਲਾਲੰਪੁਰ ਵਿੱਚ ਟੂਰਨਾਮੈਂਟ ਆਪਣੇ ਨਾਂ ਕੀਤਾ ਸੀ।
ਭਾਰਤ ਨੇ ਪਹਿਲੀ ਵਾਰ ਫਾਈਨਲ ਵਿੱਚ ਮਲੇਸ਼ੀਆ ਨਾਲ ਮੁਕਾਬਲਾ ਖੇਡਿਆ ਅਤੇ ਰਮਨਦੀਪ ਸਿੰਘ ਤੀਜੇ ਮਿੰਟ ਅਤੇ ਲਲਿਤ ਉਪਾਧਿਆਏ 29ਵੇਂ ਮਿੰਟ ਵੱਲੋਂ ਕੀਤੇ ਗੋਲਾਂ ਦੀ ਬਦੌਲਤ ਤੀਜੀ ਵਾਰ ਖਿਤਾਬੀ ਜਿੱਤ ਦਰਜ ਕਰਦਿਆਂ ਰਵਾਇਤੀ ਵਿਰੋਧੀ ਪਾਕਿਸਤਾਨ ਦੀ ਬਰਾਬਰੀ ਕਰਨ ਵਿਚ ਸਫ਼ਲ ਰਿਹਾ।
ਦੱਖਣੀ ਕੋਰੀਆ ਨੇ ਸਭ ਤੋਂ ਵੱਧ ਚਾਰ ਵਾਰ ਏਸ਼ੀਆ ਕੱਪ ਜਿੱਤਿਆ ਹੈ। ਮਲੇਸ਼ਿਆਈ ਟੀਮ ਨੇ ਹਾਲਾਂਕਿ ਫਾਈਨਲ ਵਿੱਚ ਭਾਰਤ ਨੂੰ ਆਖਰ ਤੱਕ ਤਕੜੀ ਟੱਕਰ ਦਿੱਤੀ। ਟੀਮ ਲਈ ਇਕਮਾਤਰ ਗੋਲ ਸ਼ਾਹਰਿਲ ਸਬਾਹ ਨੇ 50ਵੇਂ ਮਿੰਟ ਵਿੱਚ ਕੀਤਾ। ਵਿਸ਼ਵ ਦਰਜਾਬੰਦੀ ਵਿੱਚ 6ਵੇਂ ਨੰਬਰ ਦੀ ਟੀਮ ਭਾਰਤ ਲਈ ਮੈਚ ਦੇ ਆਖਰੀ ਦਸ ਮਿੰਟ ਕਾਫ਼ੀ ਬੇਚੈਨੀ ਵਾਲੇ ਰਹੇ ਕਿਉਂਕਿ ਮਲੇਸ਼ੀਆ ਨੇ ਇਸ ਦੌਰਾਨ ਲਗਾਤਾਰ ਹਮਲੇ ਕਰਦਿਆਂ ਭਾਰਤੀ ਰੱਖਿਆ ਪੰਕਤੀ ਨੂੰ ਉਲਝਾਈ ਰੱਖਿਆ। ਭਾਰਤੀ ਡਿਫੈਂਸ ਨੇ ਵੀ ਹਾਲਾਂਕਿ ਚੰਗਾ ਪ੍ਰਦਰਸ਼ਨ ਕੀਤਾ ਤੇ ਮਲੇਸ਼ੀਆ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਭਾਰਤ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਾ ਮੁਜ਼ਾਹਰਾ ਕੀਤਾ। ਇਸ ਜਿੱਤ ਨਾਲ ਭਾਰਤ ਪਹਿਲੀ ਅਜਿਹੀ ਟੀਮ ਬਣ ਗਿਆ ਜਿਸ ਨੇ ਇਕ ਸਮੇਂ ਵਿਚ ਏਸ਼ੀਆ ਦੇ ਤਿੰਨੇ ਅਹਿਮ ਖ਼ਿਤਾਬ ਏਸ਼ੀਆਈ ਖੇਡਾਂ ਦਾ ਸੋਨ ਤਗ਼ਮਾ, ਏਸ਼ੀਆਈ ਚੈਂਪੀਅਨਜ਼ ਟਰਾਫ਼ੀ ਤੇ ਏਸ਼ੀਆ ਕੱਪ ਆਪਣੇ ਨਾਂ ਕੀਤੇ ਹਨ। ਭਾਰਤ ਨੇ 2014 ਵਿੱਚ ਇੰਚਿਓਨ ਏਸ਼ੀਆਈ ਖੇਡਾਂ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਪੈਨਲਟੀ ਸ਼ੂਟਆਊਟ ਵਿਚ 4-2 ਅਤੇ ਪਿਛਲੇ ਸਾਲ ਕੁਆਂਟਨ ਵਿੱਚ ਏਸ਼ੀਆਈ ਚੈਂਪੀਅਨਸ਼ਿਪ ਟਰਾਫ਼ੀ ਦੇ ਫਾਈਨਲ ਵਿੱਚ ਆਪਣੇ ਇਸੇ ਗੁਆਂਢੀ ਨੂੰ 3-2 ਨਾਲ ਹਰਾਇਆ ਸੀ। ਪਾਕਿਸਤਾਨ ਨੇ ਇਸ ਤੋਂ ਪਹਿਲਾਂ ਦੱਖਣੀ ਕੋਰੀਆ ਨੂੰ ਤੀਜੇ ਸਥਾਨ ਲਈ ਹੋਏ ਪਲੇਆਫ਼ ਮੈਚ ਵਿੱਚ 6-3 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ।
ਭਾਰਤ ਦੇ ਨਵੇਂ ਕੋਚ ਮਾਰਿਨ ਸੋਰਡ ਲਈ ਇਹ ਸ਼ਾਨਦਾਰ ਸ਼ੁਰੂਆਤ ਹੈ। ਕੌਮੀ ਟੀਮ ਦੀ ਜ਼ਿੰਮੇਵਾਰੀ ਸੰਭਾਲਣ ਮਗਰੋਂ ਇਹ ਉਨ੍ਹਾਂ ਦਾ ਪਹਿਲਾ ਟੂਰਨਾਮੈਂਟ ਸੀ। ਦਰਜਾਬੰਦੀ ਵਿਚ ਸਿਖਰਲੇ ਸਥਾਨ ‘ਤੇ ਕਾਬਜ਼ ਭਾਰਤ ਟੂਰਨਾਮੈਂਟ ਵਿੱਚ ਹੁਣ ਤਕ ਅਜਿੱਤ ਰਿਹਾ ਹੈ। ਉਸ ਨੇ ਸੁਪਰ ਚਾਰ ਵਿੱਚ ਇਕ ਮੈਚ ਦੱਖਣੀ ਕੋਰੀਆ ਖ਼ਿਲਾਫ਼ 1-1 ਨਾਲ ਡਰਾਅ ਖੇਡਿਆ ਸੀ। ਇਹ ਜਿੱਤ ਮਲੇਸ਼ੀਆ ‘ਤੇ ਇਸ ਟੂਰਨਾਮੈਂਟ ਦੀ ਦੂਜੀ ਜਿੱਤ ਹੈ। ਉਸ ਨੇ ਸੁਪਰ ਚਾਰ ਗੇੜ ਵਿੱਚ ਆਪਣੇ ਇਸ ਰਵਾਇਤੀ ਵਿਰੋਧੀ ਨੂੰ 6-2 ਦੀ ਸ਼ਿਕਸਤ ਦਿੱਤੀ ਸੀ। ઠ

 

RELATED ARTICLES

POPULAR POSTS