ਹਰਭਜਨ ਸਿੰਘ ਦੇ ਦੋਸ਼ਾਂ ਬਾਰੇ ਜਾਂਚ ਦੇ ਹੁਕਮ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਤਜ਼ਰਬੇਕਾਰ ਕੌਮਾਂਤਰੀ ਕ੍ਰਿਕਟਰ ਹਰਭਜਨ ਸਿੰਘ ਦੇ ਉਨ੍ਹਾਂ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ ਜਿਸ ਵਿਚ ਰਾਜ ਦੇ ਖੇਡ ਵਿਭਾਗ ਦੀ ਦੇਰੀ ਕਰ ਕੇ ਉਨ੍ਹਾਂ ਨੂੰ ਵੱਕਾਰੀ ‘ਖੇਲ ਰਤਨ’ ਪੁਰਸਕਾਰ ਨਹੀਂ ਮਿਲ ਸਕਿਆ। ਪੁਰਸਕਾਰ ਲਈ ਆਫ਼ ਸਪਿੰਨਰ ਦੀ ਨਾਮਜ਼ਦਗੀ ਨੂੰ ਕੇਂਦਰੀ ਖੇਡ ਤੇ ਨੌਜਵਾਨਾਂ ਦੇ ਮਾਮਲਿਆਂ ਬਾਰੇ ਮੰਤਰਾਲੇ ਨੇ ਇਸ ਆਧਾਰ ‘ਤੇ ਖ਼ਾਰਜ ਕਰ ਦਿੱਤਾ ਸੀ ਕਿ ਕ੍ਰਿਕਟਰ ਦੇ ਦਸਤਾਵੇਜ਼ ਦੇਰੀ ਨਾਲ ਪਹੁੰਚੇ। ਹਰਭਜਨ ਨੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਮੰਤਰੀ ਨੇ ਜਾਂਚ ਦੇ ਹੁਕਮ ਦਿੱਤੇ ਹਨ। ਖੇਡ ਵਿਭਾਗ ਦੇ ਡਾਇਰੈਕਟਰ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਆਪਣੇ ਟਵਿੱਟਰ ਹੈਂਡਲ ‘ਤੇ ਪੋਸਟ ਵੀਡੀਓ ਵਿਚ ਹਰਭਜਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਇਸ ਪੁਰਸਕਾਰ ਲਈ ਨਾਮਜ਼ਦਗੀ ਲਈ ਆਪਣਾ ਫਾਰਮ ਪੰਜਾਬ ਖੇਡ ਵਿਭਾਗ ਨੂੰ ਸਮੇਂ ਸਿਰ ਜਮ੍ਹਾਂ ਕਰਵਾਇਆ ਸੀ। ਹਰਭਜਨ ਨੇ ਇਸ ਤੋਂ ਬਾਅਦ ਕਿਹਾ ਕਿ ਮੀਡੀਆ ਜ਼ਰੀਏ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਪੰਜਾਬ ਸਰਕਾਰ ਨੇ ਨਾਂ ਦੀ ਸਿਫ਼ਾਰਿਸ਼ ਕਰਨ ਵਾਲੀ ਜੋ ਫਾਈਲ ਕੇਂਦਰ ਨੂੰ ਭੇਜੀ ਹੈ, ਉਸ ਨੂੰ ਦੇਰੀ ਨਾਲ ਪੁੱਜੀ ਕਹਿ ਕੇ ਖ਼ਾਰਜ ਕਰ ਦਿੱਤਾ ਗਿਆ ਹੈ। ਹਰਭਜਨ ਨੇ ਕਿਹਾ ਕਿ ਦੇਰੀ ਹੋਣ ਕਾਰਨ ਨਾਂ ‘ਤੇ ਵਿਚਾਰ ਨਹੀਂ ਕੀਤਾ ਗਿਆ। ਹਰਭਜਨ ਨੇ ਕਿਹਾ ਕਿ ਸਬੰਧਤ ਦਸਤਾਵੇਜ਼ 20 ਮਾਰਚ ਨੂੰ ਜਮ੍ਹਾਂ ਕਰਵਾ ਦਿੱਤੇ ਗਏ ਸਨ ਪਰ ਦੇਰੀ ਹੋਣ ਕਾਰਨ ਖ਼ਾਰਜ ਕਰ ਦਿੱਤੇ ਗਏ। ਟੈਸਟ ਕ੍ਰਿਕਟ ਵਿਚ ਭਾਰਤ ਦੇ ਤੀਜੇ ਸਭ ਤੋਂ ਸਫ਼ਲ ਗੇਂਦਬਾਜ਼ ਹਰਭਜਨ ਨੇ ਮੰਤਰੀ ਸੋਢੀ ਨੂੰ ਅਪੀਲ ਕੀਤੀ ਕਿ ਅਗਲੇ ਸਾਲ ਦੁਬਾਰਾ ਨਾਮਜ਼ਦਗੀ ਭੇਜੀ ਜਾਵੇ।
Check Also
ਪੰਜਾਬ ਦੀ ਮੁੱਕੇਬਾਜ਼ ਸਿਮਰਨਜੀਤ ਕੌਰ ਨੇ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫਾਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ ਚੰਡੀਗੜ੍ਹ/ਬਿਊਰੋ ਨਿਊਜ਼ : ਲੁਧਿਆਣਾ ਦੇ ਪਿੰਡ ਚਕਰ …