ਮੱਧ ਪੂਰਬ ਵਿਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਸੰਬੰਧੀ ਸਮਝੌਤਾ ਸਿਰੇ ਚੜ੍ਹ ਗਿਆ ਹੈ, ਜੋ ਕਿ ਕੌਮਾਂਤਰੀ ਪੱਧਰ ‘ਤੇ ਇਕ ਸੁਖਾਵੀਂ ਖ਼ਬਰ ਹੈ। ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਨੇ ਵੀ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗਾਜ਼ਾ ਪੱਟੀ ਵਿਚ 15 ਮਹੀਨਿਆਂ ਤੋਂ ਛਿੜੀ ਇਸ ਜੰਗ ਵਿਚ ਬੇਹੱਦ ਤਬਾਹੀ ਹੋਈ ਹੈ। ਅੰਦਾਜ਼ੇ ਅਨੁਸਾਰ ਹੁਣ ਤੱਕ 50 ਹਜ਼ਾਰ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ, ਇਨ੍ਹਾਂ ਵਿਚ ਅੱਧੇ ਤੋਂ ਵੱਧ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਿਲ ਹਨ। ਮੱਧ ਪੂਰਬ ਵਿਚ ਦਹਾਕਿਆਂ ਪਹਿਲਾਂ ਬਸਤੀਵਾਦੀਆਂ ਵਲੋਂ ਇਜ਼ਰਾਈਲ ਦੇਸ਼ ਦੀ ਸਥਾਪਨਾ ਕੀਤੀ ਗਈ ਸੀ। ਇਸ ਤੋਂ ਬਾਅਦ ਅਰਬ ਦੇਸ਼ਾਂ ਵਿਚ ਇਸ ਨੂੰ ਲੈ ਕੇ ਲਗਾਤਾਰ ਤਣਾਅ ਬਣਿਆ ਰਿਹਾ ਹੈ। ਇਸ ਮਸਲੇ ‘ਤੇ ਹੁਣ ਤੱਕ ਕਈ ਲੜਾਈਆਂ ਹੋ ਚੁੱਕੀਆਂ ਹਨ। ਇਜ਼ਰਾਈਲ ਨੂੰ ਖ਼ਤਮ ਕਰਨ ਲਈ ਈਰਾਨ ਨੇ ਕਸਮ ਖਾਧੀ ਹੋਈ ਹੈ। ਉਸ ਦੀ ਸ਼ਹਿ ‘ਤੇ ਇਥੇ ਕਈ ਅਜਿਹੇ ਸੰਗਠਨ ਬਣੇ ਹੋਏ ਹਨ, ਜਿਨ੍ਹਾਂ ਨੇ ਅਰਬ ਮੁਲਕਾਂ ਤੋਂ ਹਥਿਆਰ ਅਤੇ ਮਾਲੀ ਮਦਦ ਲੈ ਕੇ ਇਜ਼ਰਾਈਲ ਵਿਰੁੱਧ ਜੰਗ ਛੇੜੀ ਹੋਈ ਹੈ। ਪਹਿਲਾਂ ਹੋਏ ਇਕ ਸਮਝੌਤੇ ਅਧੀਨ ਪੱਛਮੀ ਕਿਨਾਰੇ ਅਤੇ ਦੂਜੇ ਪਾਸੇ ਗਾਜ਼ਾ ਪੱਟੀ ਵਿਚ ਫ਼ਲਸਤੀਨੀਆਂ ਨੂੰ ਵਸਾਉਣ ਦੀ ਯੋਜਨਾ ਬਣਾਈ ਗਈ ਸੀ, ਪਰ ਸਮੇਂ-ਸਮੇਂ ਛਿੜੀਆਂ ਲੜਾਈਆਂ ਕਾਰਨ ਇਜ਼ਰਾਈਲ ਨੇ ਕੁਝ ਅਰਬ ਦੇਸ਼ਾਂ ਅਤੇ ਪੱਛਮੀ ਕਿਨਾਰੇ ‘ਤੇ ਵਸੇ ਫ਼ਲਸਤੀਨੀਆਂ ਦੀ ਥਾਂ ‘ਤੇ ਕਬਜ਼ਾ ਕਰਕੇ ਆਪਣੀਆਂ ਪੱਕੀਆਂ ਰਿਹਾਇਸ਼ਾਂ ਬਣਾ ਲਈਆਂ, ਜਿਸ ਨਾਲ ਇਹ ਮਸਲਾ ਹੋਰ ਵੀ ਗੁੰਝਲਦਾਰ ਬਣਦਾ ਗਿਆ। ਦੂਜੇ ਪਾਸੇ ਗਾਜ਼ਾ ਪੱਟੀ ਦੇ ਛੋਟੇ ਜਿਹੇ ਇਲਾਕੇ ਵਿਚ 23 ਲੱਖ ਦੇ ਕਰੀਬ ਫ਼ਲਸਤੀਨੀ ਵਸੇ ਹੋਏ ਸਨ ਜੋ ਇਜ਼ਰਾਈਲ ਦੇ ਘੇਰੇ ਵਿਚ ਹੀ ਸਨ, ਪਰ ਉੱਥੇ ਇਜ਼ਰਾਈਲ ਵਿਰੁੱਧ ਬਣੇ ਲੜਾਕੂ ਸੰਗਠਨ ਹਮਾਸ ਨੇ ਕਬਜ਼ਾ ਕਰਕੇ ਆਪਣਾ ਪ੍ਰਸ਼ਾਸਨ ਕਾਇਮ ਕਰ ਲਿਆ ਸੀ।
ਪਿਛਲੇ ਲਗਭਗ 10 ਸਾਲਾਂ ਤੋਂ ਹਮਾਸ ਦੀ ਹਰ ਤਰ੍ਹਾਂ ਦੀ ਮਦਦ ਕੁਝ ਅਰਬ ਮੁਲਕ ਵੀ ਕਰਦੇ ਰਹੇ ਹਨ, ਜਿਸ ਨਾਲ ਉਹ ਆਪਣੀ ਤਾਕਤ ਵਧਾਉਂਦਾ ਰਿਹਾ ਹੈ, ਜੋ ਇਜ਼ਰਾਈਲ ਲਈ ਹਮੇਸ਼ਾ ਚਿੰਤਾ ਦੀ ਗੱਲ ਬਣੀ ਰਹੀ ਹੈ। ਕੰਡੇਦਾਰ ਤਾਰ ਲਗਾ ਕੇ ਗਾਜ਼ਾ ਪੱਟੀ ‘ਚੋਂ ਹਮਾਸ ਦੀਆਂ ਇਜ਼ਰਾਈਲ ਵਿਰੁੱਧ ਕਾਰਵਾਈਆਂ ਨੂੰ ਰੋਕਣ ਦਾ ਵੱਡਾ ਯਤਨ ਕੀਤਾ ਗਿਆ ਸੀ, ਪਰ 7 ਅਕਤੂਬਰ, 2023 ਨੂੰ ਹਮਾਸ ਦੇ ਸਿੱਖਿਅਤ ਅਤੇ ਹਥਿਆਰਬੰਦ ਖਾੜਕੂਆਂ ਨੇ ਇਜ਼ਰਾਈਲ ਦੀਆਂ ਸਰਹੱਦਾਂ ਨੂੰ ਪਾਰ ਕਰਕੇ ਡਰੋਨਾਂ ਤੇ ਹੋਰ ਹਥਿਆਰਾਂ ਨਾਲ ਹਮਲਾ ਕਰਕੇ 1200 ਦੇ ਕਰੀਬ ਇਜ਼ਰਾਈਲੀਆਂ ਨੂੰ ਮਾਰ ਦਿੱਤਾ ਸੀ ਅਤੇ 250 ਦੇ ਲਗਭਗ ਵਿਅਕਤੀਆਂ ਨੂੰ ਬੰਧਕ ਬਣਾ ਕੇ ਉਹ ਆਪਣੇ ਇਲਾਕੇ ਵਿਚ ਲੈ ਗਏ ਸਨ। ਉਸ ਤੋਂ ਬਾਅਦ ਉਥੇ ਇਜ਼ਰਾਈਲ ਨੇ ਗਾਜ਼ਾ ਪੱਟੀ ਵਿਚ ਪਹਿਲਾਂ ਤਾਂ ਲਗਾਤਾਰ ਹਵਾਈ ਹਮਲੇ ਕੀਤੇ ਅਤੇ ਉਸ ਤੋਂ ਬਾਅਦ ਆਪਣੀਆਂ ਜ਼ਮੀਨੀ ਫ਼ੌਜਾਂ ਨਾਲ ਹਮਲਾ ਕੀਤਾ। ਇਨ੍ਹਾਂ ਹਮਲਿਆਂ ਵਿਚ ਹਜ਼ਾਰਾਂ ਹੀ ਲੋਕ ਮਾਰੇ ਗਏ। ਇਜ਼ਰਾਈਲ ਵਲੋਂ ਸਰਹੱਦ ਤੋਂ ਕਿਸੇ ਤਰ੍ਹਾਂ ਦੀ ਰਸਦ ਗਾਜ਼ਾ ਪੱਟੀ ਵਿਚ ਨਾ ਜਾਣ ਦਿੱਤੀ, ਜਿਸ ਨਾਲ ਉੱਥੇ ਲੋਕ ਭੁੱਖੇ ਮਰਨ ਲੱਗੇ ਅਤੇ ਬਹੁਤ ਵੱਡਾ ਦੁਖਾਂਤ ਪੈਦਾ ਹੋਇਆ। ਇਸ ਸੰਬੰਧੀ ਅਮਰੀਕਾ ਸਮੇਤ ਦੁਨੀਆ ਭਰ ਦੇ ਮੁਲਕਾਂ ਨੇ ਇਜ਼ਰਾਈਲ ਨੂੰ ਅਜਿਹਾ ਨਾ ਕਰਨ ਦੀ ਸਖ਼ਤ ਤਾੜਨਾ ਵੀ ਕੀਤੀ ਪਰ ਉਸ ਵਲੋਂ ਇਹ ਹਮਲੇ ਲਗਾਤਾਰ ਜਾਰੀ ਰੱਖੇ ਗਏ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਲਗਾਤਾਰ ਇਹ ਬਿਆਨ ਦਿੱਤੇ ਅਤੇ ਕਿਹਾ ਕਿ ਉਹ ਗਾਜ਼ਾ ‘ਚੋਂ ਹਮਾਸ ਦਾ ਪ੍ਰਸ਼ਾਸਨ ਖ਼ਤਮ ਕਰ ਦੇਵੇਗਾ ਤੇ ਉਸ ਨਾਲ ਜੁੜੇ ਖਾੜਕੂਆਂ ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ। ਇਨ੍ਹਾਂ ਹਮਲਿਆਂ ਦੀ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰ-ਰਾਸ਼ਟਰੀ ਸੰਸਥਾਵਾਂ ਅਤੇ ਦੁਨੀਆ ਭਰ ਦੇ ਬਹੁਤ ਸਾਰੇ ਮੁਲਕਾਂ ਵਲੋਂ ਸਖ਼ਤ ਆਲੋਚਨਾ ਕੀਤੀ ਜਾਂਦੀ ਰਹੀ ਹੈ। ਅਜਿਹੇ ਹਮਲਿਆਂ ਵਿਚ ਆਮ ਲੋਕਾਂ ਦੇ ਮਾਰੇ ਜਾਣ ਨੂੰ ਅੰਤਰ-ਰਾਸ਼ਟਰੀ ਕਾਨੂੰਨਾਂ ਦੇ ਉਲਟ ਦੱਸਿਆ ਜਾਂਦਾ ਰਿਹਾ ਹੈ। ਇਸ ਸਾਰੇ ਸਮੇਂ ਵਿਚ ਬਹੁਤ ਸਾਰੇ ਪੱਛਮੀ ਮੁਲਕਾਂ ਨੇ ਇਜ਼ਰਾਈਲ ਦੀ ਪੂਰੀ ਮਦਦ ਕੀਤੀ ਪਰ ਉਹ ਇਜ਼ਰਾਈਲ ਨੂੰ ਅੰਤਰ-ਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਨ ਤੋਂ ਨਾ ਹਟਾ ਸਕੇ। ਇਸ ਸਮੇਂ ਦੌਰਾਨ ਕਤਰ ਸਮੇਤ ਕੁਝ ਅਰਬ ਮੁਲਕਾਂ ਨੇ ਇਸ ਲੜਾਈ ਨੂੰ ਖ਼ਤਮ ਕਰਾਉਣ ਦੇ ਵੱਡੇ ਯਤਨ ਕੀਤੇ, ਜਿਸ ਵਿਚ ਅਮਰੀਕਾ ਵੀ ਉਨ੍ਹਾਂ ਦਾ ਭਾਈਵਾਲ ਬਣਿਆ।
ਹੁਣ ਸਮਝੌਤਾ ਹੋਣ ਦੀ ਖ਼ਬਰ ਆਉਣ ਨਾਲ ਇੱਥੇ ਸ਼ਾਂਤੀ ਦੀ ਉਮੀਦ ਕੀਤੀ ਜਾਣ ਲੱਗੀ ਹੈ। ਸਮਝੌਤੇ ਅਨੁਸਾਰ ਪਹਿਲੇ ਪੜਾਅ ‘ਤੇ ਗਾਜ਼ਾ ਵਿਚ ਹਮਾਸ ਰਾਹੀਂ ਬੰਦੀ ਬਣਾਏ ਗਏ 33 ਇਜ਼ਰਾਈਲੀਆਂ ਨੂੰ ਛੱਡਿਆ ਜਾਣਾ ਹੈ, ਇਸ ਦੇ ਬਦਲੇ ਵਿਚ ਇਜ਼ਰਾਈਲ ਵਲੋਂ ਵੱਡੀ ਗਿਣਤੀ ਵਿਚ ਫਲਸਤੀਨੀ ਕੈਦੀ ਰਿਹਾਅ ਕੀਤੇ ਜਾਣਗੇ। 42 ਦਿਨਾਂ ਦੌਰਾਨ ਲੜਾਈ ਬੰਦ ਰਹੇਗੀ। ਦੂਸਰੇ ਅਤੇ ਤੀਸਰੇ ਪੜਾਅ ਵਿਚ ਵੀ ਬੰਧਕਾਂ ਦੀ ਅਦਲਾ-ਬਦਲੀ ਜਾਰੀ ਰਹੇਗੀ। ਇਸ ਸਮੇਂ ਦੌਰਾਨ ਕਤਰ, ਅਮਰੀਕਾ ਅਤੇ ਮਿਸਰ ਸਮਝੌਤੇ ਦੀ ਨਿਗਰਾਨੀ ਕਰਨਗੇ ਅਤੇ ਇਸ ਦੇ ਨਾਲ ਹੀ ਗਾਜ਼ਾ ਪੱਟੀ ਵਿਚ ਨਵੇਂ ਪ੍ਰਸ਼ਾਸਨ ਨੂੰ ਸਥਾਪਿਤ ਕੀਤਾ ਜਾਵੇਗਾ। ਜਿਥੋਂ ਤਕ ਗਾਜ਼ਾ ਪੱਟੀ ਦਾ ਸੰਬੰਧ ਹੈ, ਇਸ ਦੀ ਵੱਡੀ ਹੱਦ ਤੱਕ ਤਬਾਹੀ ਹੋ ਚੁੱਕੀ ਹੈ। ਇਥੇ 90 ਫ਼ੀਸਦੀ ਦੇ ਲਗਭਗ ਲੋਕ ਅਸਥਾਈ ਕੈਂਪਾਂ ਵਿਚ ਰਹਿ ਰਹੇ ਹਨ। ਜਿਨ੍ਹਾਂ ਦਾ ਸਭ ਕੁਝ ਤਬਾਹ ਹੋ ਚੁੱਕਾ ਹੈ। ਕਿਸੇ ਵੀ ਤਰ੍ਹਾਂ ਦਾ ਸਮਝੌਤਾ ਸਿਰੇ ਚੜ੍ਹਨ ਬਾਅਦ ਗਾਜ਼ਾ ਪੱਟੀ ਨੂੰ ਮੁੜ ਵਸਾਉਣ ਲਈ ਵੱਡੇ ਯਤਨਾਂ ਦੀ ਜ਼ਰੂਰਤ ਹੋਵੇਗੀ, ਜਿਸ ਲਈ ਅੰਤਰ-ਰਾਸ਼ਟਰੀ ਸੰਸਥਾਵਾਂ ਸਮੇਤ ਭਾਰਤ ਅਤੇ ਹੋਰ ਦੇਸ਼ਾਂ ਨੂੰ ਇਸ ਦੀ ਪੁਨਰ-ਸੁਰਜੀਤੀ ਵਿਚ ਪੂਰੀ ਮਦਦ ਕਰਨੀ ਹੋਵੇਗੀ ਅਤੇ ਇਸ ਦੇ ਨਾਲ-ਨਾਲ ਅਮਰੀਕਾ, ਭਾਰਤ ਅਤੇ ਹੋਰ ਵੱਡੇ ਦੇਸ਼ਾਂ ਨੂੰ ਇਸ ਗੱਲ ਲਈ ਵੀ ਯਤਨਸ਼ੀਲ ਹੋਣਾ ਪਵੇਗਾ ਕਿ ਫ਼ਲਸਤੀਨ ਲਈ ਵੀ ਇਕ ਵੱਖਰਾ ਪ੍ਰਭੂਸੱਤਾ ਸੰਪੰਨ ਮੁਲਕ ਉੱਥੇ ਬਣਾਇਆ ਜਾਵੇ। ਇਸ ਤਰੀਕੇ ਨਾਲ ਹੀ ਇਸ ਖਿੱਤੇ ਵਿਚ ਦਹਾਕਿਆਂ ਤੋਂ ਛਿੜੀ ਹੋਈ ਲੜਾਈ ਨੂੰ ਪੱਕੇ ਤੌਰ ‘ਤੇ ਖ਼ਤਮ ਕਰਨ ਦੇ ਯਤਨ ਸਫ਼ਲ ਹੋ ਸਕਣਗੇ।
Check Also
ਡੋਨਾਲਡ ਟਰੰਪ ਦੀ ਅਮਰੀਕਾ ‘ਚ ਮੁੜ ਆਮਦ
20 ਜਨਵਰੀ 2025 ਨੂੰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ …